'ਏਅਰਲਾਈਨ ਕੰਪਨੀਆਂ ਨੂੰ ਸਾਡੀ ਆਖਰੀ ਚਿਤਾਵਨੀ', ਹੂਤੀ ਵਿਦਰੋਹੀਆਂ ਨੇ ਰਿਆਦ ਏਅਰਪੋਰਟ ’ਤੇ ਕੀਤਾ ਹਮਲਾ ਯਮਨ ਦੇ ਈਰਾਨ-ਸਮਰਥਿਤ ਹੂਤੀ ਗਰੁੱਪ ਨੇ ਸਾਊਦੀ ਏਅਰਸਪੇਸ ’ਚ ਉਡਾਣਾਂ ਭਰਨ ਵਾਲੀਆਂ ਗਲੋਬਲ ਏਅਰਲਾਈਨ ਕੰਪਨੀਆਂ ਨੂੰ ਆਖਰੀ ਚਿਤਾਵਨੀ ਦਿੱਤੀ ਹੈ। ਹੂਤੀਆਂ ਨੇ ਇਸ ਖੇਤਰ ਨੂੰ ਆਪਣੇ ਫੌਜੀ ਆਪਰੇਸ਼ਨਾਂ ਦਾ ਅੱਡਾ ਦੱਸਿਆ ਹੈ।
Publish Date: Thu, 08 Oct 2026 11:29 AM (IST)
Updated Date: Thu, 08 Oct 2026 11:31 AM (IST)
ਡਿਜੀਟਲ ਡੈਸਕ, ਸਨਾ : ਯਮਨ ਦੇ ਈਰਾਨ-ਸਮਰਥਿਤ ਹੂਤੀ ਗਰੁੱਪ ਨੇ ਵੀਰਵਾਰ ਨੂੰ ਸਾਊਦੀ ਏਅਰਸਪੇਸ ’ਚ ਉਡਾਣਾਂ ਭਰਨ ਵਾਲੀਆਂ ਗਲੋਬਲ ਏਅਰਲਾਈਨ ਕੰਪਨੀਆਂ ਨੂੰ ਆਖਰੀ ਚਿਤਾਵਨੀ ਦਿੱਤੀ। ਗਰੁੱਪ ਨੇ ਕਿਹਾ ਕਿ ਇਹ ਇਲਾਕਾ ਹੁਣ ਉਨ੍ਹਾਂ ਦੇ ਫੌਜੀ ਆਪਰੇਸ਼ਨਾਂ ਦਾ ਅਖਾੜਾ ਬਣ ਗਿਆ ਹੈ। ਹੂਤੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਸਥਿਤ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ’ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਹੈ।
ਹੂਤੀ ਫੌਜ ਦੇ ਬੁਲਾਰੇ ਯਾਹਿਆ ਸਰੀ ਨੇ ਕਿਹਾ ਕਿ ਮਿਜ਼ਾਈਲ ਨੇ ਸਹੀ ਨਿਸ਼ਾਨੇ ’ਤੇ ਵਾਰ ਕੀਤਾ ਤੇ ਇਸ ਕਾਰਨ ਏਅਰਪੋਰਟ ਦਾ ਕੰਮਕਾਜ ਪ੍ਰਭਾਵਿਤ ਹੋਇਆ। ਹਾਲਾਂਕਿ, ਇਸ ਨਵੇਂ ਹਮਲੇ ਦੇ ਦਾਅਵੇ ਦੀ ਸਾਊਦੀ ਅਰਬ ਵੱਲੋਂ ਤੁਰੰਤ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਹੂਤੀ ਵਿਦਰੋਹੀਆਂ ਦੀ ਆਖਰੀ ਚਿਤਾਵਨੀ
ਸਰੀ ਨੇ ਕਿਹਾ, "ਅਸੀਂ ਸਾਰੀਆਂ ਗਲੋਬਲ ਏਅਰਲਾਈਨ ਕੰਪਨੀਆਂ ਨੂੰ ਆਖਰੀ ਵਾਰ ਅਪੀਲ ਤੇ ਚਿਤਾਵਨੀ ਦਿੰਦੇ ਹਾਂ ਕਿ ਉਹ ਸਾਊਦੀ ਏਅਰਸਪੇਸ ’ਚ ਉਡਾਣਾਂ ਜਾਰੀ ਰੱਖਣ ਦੇ ਨਤੀਜਿਆਂ ਨੂੰ ਸਮਝਣ, ਕਿਉਂਕਿ ਇਹ ਇਲਾਕਾ ਹੁਣ ਸਾਡੇ ਫੌਜੀ ਆਪਰੇਸ਼ਨਾਂ ਦਾ ਅਖਾੜਾ ਬਣ ਚੁੱਕਾ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਮੱਕਾ ਤੇ ਮਦੀਨਾ ਦੇ ਪਵਿੱਤਰ ਇਲਾਕਿਆਂ ਦੇ ਉੱਪਰਲੇ ਏਅਰਸਪੇਸ ਨੂੰ ਇਸ ਤੋਂ ਵੱਖ ਰੱਖਿਆ ਗਿਆ ਹੈ।
ਅਮਰੀਕਾ ਨੇ ਵੀ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ ਇਹ ਬਿਆਨ ਸਾਊਦੀ ਅਰਬ ਵੱਲੋਂ ਕੀਤੇ ਗਏ ਉਸ ਐਲਾਨ ਤੋਂ ਕੁਝ ਘੰਟਿਆਂ ਬਾਅਦ ਆਇਆ, ਜਿਸ ’ਚ ਕਿਹਾ ਗਿਆ ਸੀ ਕਿ ਇਸੇ ਏਅਰਪੋਰਟ ’ਤੇ ਹੋਏ ਇੱਕ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
ਸਾਊਦੀ ਅਰਬ ’ਚ ਅਮਰੀਕੀ ਮਿਸ਼ਨ ਨੇ ਬੁੱਧਵਾਰ ਨੂੰ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਕਿ ਹਵਾਈ ਅੱਡਿਆਂ ਤੇ ਏਅਰਸਪੇਸ ਖ਼ਿਲਾਫ਼ ਹੂਤੀ ਧਮਕੀਆਂ ਨੂੰ ਦੇਖਦੇ ਹੋਏ ਉਹ ਵਧੇਰੇ ਸਾਵਧਾਨ ਰਹਿਣ। ਇਸ ਕਾਰਨ ਉਡਾਣਾਂ ਰੱਦ ਹੋਣ, ਏਅਰਸਪੇਸ ਬੰਦ ਹੋਣ ਤੇ ਯਾਤਰਾ ’ਚ ਰੁਕਾਵਟ ਆਉਣ ਦੀ ਸੰਭਾਵਨਾ ਹੈ।
ਅਮਰੀਕੀ ਮਿਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ, "ਸਾਊਦੀ ਅਰਬ ’ਚ ਮੌਜੂਦਾ ਸੁਰੱਖਿਆ ਸਥਿਤੀ ਤੇ ਸਾਊਦੀ ਅਰਬ ਦੇ ਹਵਾਈ ਅੱਡਿਆਂ ਤੇ ਏਅਰਸਪੇਸ ਖ਼ਿਲਾਫ਼ ਹੂਤੀ ਗਰੁੱਪ ਦੀਆਂ ਜਨਤਕ ਧਮਕੀਆਂ ਨੂੰ ਦੇਖਦੇ ਹੋਏ ਅਮਰੀਕੀ ਮਿਸ਼ਨ ਸਾਰੇ ਅਮਰੀਕੀ ਨਾਗਰਿਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੰਦਾ ਹੈ।"
ਬਿਆਨ ’ਚ ਅੱਗੇ ਕਿਹਾ ਗਿਆ, "ਹੂਤੀ ਗਰੁੱਪ ਨੇ ਆਮ ਨਾਗਰਿਕਾਂ ਦੇ ਹਵਾਈ ਅੱਡਿਆਂ ਸਮੇਤ ਸਾਊਦੀ ਅਰਬ ’ਤੇ ਹਮਲੇ ਕੀਤੇ ਹਨ ਤੇ ਇਸ ਫੌਜੀ ਸੰਘਰਸ਼ ਦੇ ਹੋਰ ਵਧਣ ਦੀ ਸੰਭਾਵਨਾ ਹੈ। ਅਮਰੀਕੀ ਨਾਗਰਿਕਾਂ ਨੂੰ ਸੰਭਾਵਿਤ ਉਡਾਣਾਂ ਰੱਦ ਹੋਣ, ਏਅਰਸਪੇਸ ਬੰਦ ਹੋਣ ਤੇ ਯਾਤਰਾ ’ਚ ਰੁਕਾਵਟਾਂ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੀ ਉਡਾਣ ਦੇ ਰਵਾਨਾ ਹੋਣ ਦੀ ਸਥਿਤੀ ਬਾਰੇ ਸਿੱਧੇ ਏਅਰਲਾਈਨ ਕੰਪਨੀ ਤੇ ਹਵਾਈ ਅੱਡੇ ਤੋਂ ਜਾਣਕਾਰੀ ਲਓ।"