ਐਫਿਲ ਟਾਵਰ ਦੇ ਮੁਖੀ ਛੱਡਣਗੇ ਆਪਣਾ ਅਹੁਦਾ, BAPS ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਹਟਾਉਣ 'ਤੇ ਹੋਇਆ ਸੀ ਵਿਵਾਦ ਪੈਰਿਸ ਦੇ ਐਫਿਲ ਟਾਵਰ ਦਾ ਸੰਚਾਲਨ ਕਰਨ ਵਾਲੀ ਕੰਪਨੀ ਦੇ ਮੁਖੀ ਪੈਟ੍ਰਿਕ ਬ੍ਰਾਂਕੋ ਰੁਈਵੋ ਸਾਲ ਦੇ ਅੰਤ ਤੱਕ ਆਪਣਾ ਅਹੁਦਾ ਛੱਡ ਦੇਣਗੇ। ਇਹ ਫੈਸਲਾ BAPS ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਹਟਾਏ ਜਾਣ ਦੇ ਵਿਵਾਦ ਤੋਂ ਬਾਅਦ ਸਾਹਮਣੇ ਆਇਆ ਹੈ।
Publish Date: Wed, 30 Sep 2026 11:05 AM (IST)
Updated Date: Wed, 30 Sep 2026 11:07 AM (IST)
ਡਿਜੀਟਲ ਡੈਸਕ, ਪੈਰਿਸ : ਪੈਰਿਸ ਦੇ ਮਸ਼ਹੂਰ ਐਫਿਲ ਟਾਵਰ ਦਾ ਸੰਚਾਲਨ ਕਰਨ ਵਾਲੀ ਕੰਪਨੀ ਦੇ ਮੁਖੀ ਸਾਲ ਦੇ ਅੰਤ ਤੱਕ ਆਪਣਾ ਅਹੁਦਾ ਛੱਡ ਦੇਣਗੇ। ਕੰਪਨੀ ਨੇ ਇਹ ਜਾਣਕਾਰੀ ਉਸ ਸਮੇਂ ਦਿੱਤੀ ਜਦੋਂ ਇਸ ਮਹੀਨੇ ਦੀ ਸ਼ੁਰੂਆਤ ’ਚ ਹਿੰਦੂ ਧਾਰਮਿਕ ਸੰਗਠਨ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (BAPS) ਦੇ ਦੌਰੇ ਦੌਰਾਨ ਉੱਥੇ ਮਹਿਲਾ ਕਰਮਚਾਰੀਆਂ ਨੂੰ ਹਟਾਏ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਨਿਊਜ਼ ਏਜੰਸੀ AFP ਦੀ ਰਿਪੋਰਟ ਮੁਤਾਬਕ, ਸੋਸਿਏਤੇ ਡੀ'ਐਕਸਪਲੋਇਟੇਸ਼ਨ ਡੇ ਲਾ ਟੂਰ ਐਫਿਲ (SETE) ਨਾਮ ਦੀ ਕੰਪਨੀ ਨੇ ਕਿਹਾ ਕਿ ਉਸ ਦੇ ਡਾਇਰੈਕਟਰ ਜਨਰਲ ਪੈਟ੍ਰਿਕ ਬ੍ਰਾਂਕੋ ਰੁਈਵੋ ਆਪਣਾ ਅਹੁਦਾ ਛੱਡ ਦੇਣਗੇ। ਇੱਕ ਅੰਦਰੂਨੀ ਜਾਂਚ ’ਚ ਸਾਹਮਣੇ ਆਇਆ ਕਿ ਦੌਰੇ ਦੇ ਪ੍ਰਬੰਧ ’ਚ ਕਾਰਜਕਾਰੀ ਪੱਧਰ 'ਤੇ ਕਮੀਆਂ ਤੇ ਖਾਮੀਆਂ ਕਾਰਨ ਮਹਿਲਾ ਕਰਮਚਾਰੀਆਂ ਨੂੰ ਹਟਾਇਆ ਗਿਆ ਸੀ।
2018 ਤੋਂ ਅਹੁਦੇ 'ਤੇ ਹਨ ਰੁਈਵੋ
SETE ਨੇ ਇੱਕ ਬਿਆਨ ’ਚ ਕਿਹਾ ਕਿ ਇਨ੍ਹਾਂ ਕਮੀਆਂ ਕਾਰਨ ਉਸ ਦਿਨ ਮਹਿਲਾ ਕਰਮਚਾਰੀਆਂ ਨੂੰ ਦੌਰੇ ਤੋਂ ਬਾਹਰ ਰੱਖਿਆ ਗਿਆ ਸੀ। ਰੁਈਵੋ 2018 ਦੇ ਅੰਤ ਤੋਂ SETE ਦੇ ਡਾਇਰੈਕਟਰ ਜਨਰਲ ਵਜੋਂ ਕੰਮ ਕਰ ਰਹੇ ਹਨ। ਪੈਰਿਸ ਦੀ ਮੇਅਰ ਐਨ ਹਿਡਾਲਗੋ ਨੇ ਵੀ ਮਹਿਲਾ ਕਰਮਚਾਰੀਆਂ ਨੂੰ ਹਟਾਏ ਜਾਣ ਨਾਲ ਜੁੜੇ ਹਾਲਾਤ ਦੀ ਵੱਖ-ਵੱਖ ਜਾਂਚ ਦੇ ਹੁਕਮ ਦਿੱਤੇ ਹਨ।
ਕੀ ਹੈ ਪੂਰਾ ਮਾਮਲਾ? 7 ਸਤੰਬਰ ਨੂੰ BAPS ਦੇ ਇੱਕ ਵਫ਼ਦ ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਪਰਿਸਰ ਤੋਂ ਹਟਾਏ ਜਾਣ ਤੋਂ ਬਾਅਦ ਐਫਿਲ ਟਾਵਰ ਦੇ ਕਰਮਚਾਰੀਆਂ ਨੇ ਕੰਮ ਬੰਦ ਕਰ ਦਿੱਤਾ। ਇਸ ਕਾਰਨ ਇਸ ਮਸ਼ਹੂਰ ਸੈਰ-ਸਪਾਟਾ ਸਥਾਨ ਨੂੰ ਇੱਕ ਦਿਨ ਲਈ ਬੰਦ ਕਰਨਾ ਪਿਆ। BAPS ਸਵਾਮੀਨਾਰਾਇਣ ਸੰਪਰਦਾ ਨਾਲ ਜੁੜਿਆ ਇੱਕ ਵਿਸ਼ਵ ਪੱਧਰੀ ਧਾਰਮਿਕ ਤੇ ਨਾਗਰਿਕ ਸੰਗਠਨ ਹੈ। ਇਹ ਸੰਗਠਨ ਫਰਾਂਸ ਦੀ ਰਾਜਧਾਨੀ ’ਚ ਪੱਥਰ ਨਾਲ ਬਣੇ ਇੱਕ ਰਵਾਇਤੀ ਮੰਦਰ ਦੇ ਉਦਘਾਟਨ ਮੌਕੇ ਸਮਾਗਮ ਕਰ ਰਿਹਾ ਸੀ। ਉਸ ਸਮੇਂ SETE ਨੇ ਕਿਹਾ ਸੀ ਕਿ BAPS ਦੇ ਵਫ਼ਦ ਨੇ ਮਹਿਲਾਵਾਂ ਨਾਲ ਗੱਲਬਾਤ ਨੂੰ ਸੀਮਤ ਰੱਖਣ ਲਈ ਕਿਹਾ ਸੀ ਤੇ ਇਹ ਵੀ ਕਿਹਾ ਸੀ ਕਿ ਇਸ ਬੇਨਤੀ ਨੂੰ ਸ਼ੁਰੂ ’ਚ ਹੀ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ। SETE ਦੇ ਪ੍ਰਧਾਨ ਏਰੀਅਲ ਵੇਲ ਨੇ ਕਿਹਾ ਸੀ, "ਮੈਂ ਗਣਤੰਤਰਕ ਕਦਰਾਂ-ਕੀਮਤਾਂ ਤੇ ਔਰਤਾਂ-ਮਰਦਾਂ ਦੀ ਬਰਾਬਰੀ ਪ੍ਰਤੀ ਐਫਿਲ ਟਾਵਰ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹਾਂ।"
BAPS ਨੇ ਕੀ ਕਿਹਾ? ਘਟਨਾ ਤੋਂ ਬਾਅਦ BAPS ਨੇ ਕਿਹਾ ਕਿ ਲਗਭਗ 100 ਲੋਕਾਂ ਦੇ ਵਫ਼ਦ ਦੇ ਦੌਰੇ ਤੋਂ ਪਹਿਲਾਂ ਸਟਾਫ ਤੇ ਸੈਲਾਨੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਐਫਿਲ ਟਾਵਰ ਦੇ ਪ੍ਰਬੰਧਨ ਨਾਲ ਤਾਲਮੇਲ ਕੀਤਾ ਗਿਆ ਸੀ। ਇੱਕ ਬਿਆਨ ’ਚ ਕਿਹਾ ਗਿਆ ਕਿ ਇਸ ਤਾਲਮੇਲ ਦਾ ਮਕਸਦ ਕਦੇ ਵੀ ਲਿੰਗ ਦੇ ਆਧਾਰ 'ਤੇ ਕੋਈ ਬੇਨਤੀ ਕਰਨਾ ਨਹੀਂ ਸੀ ਤੇ ਇਸ ਦੇ ਉਲਟ ਕੋਈ ਵੀ ਗੱਲ ਸਾਡੇ ਸੰਗਠਨ ਜਾਂ ਵਫ਼ਦ ਦੀ ਭਾਵਨਾ ਜਾਂ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਨਹੀਂ ਹੈ। BAPS ਨੇ ਅੱਗੇ ਕਿਹਾ ਕਿ ਉਹ ਲਿੰਗ, ਪਿਛੋਕੜ ਜਾਂ ਮਾਨਤਾਵਾਂ ਤੋਂ ਪਰੇ ਸਾਰਿਆਂ ਲਈ ਬਰਾਬਰੀ, ਆਪਸੀ ਸਨਮਾਨ ਤੇ ਸੇਵਾ ਦੇ ਸਿਧਾਂਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਉਹ ਕਦਰਾਂ-ਕੀਮਤਾਂ ਹਨ ਜੋ ਦੁਨੀਆ ਭਰ ’ਚ ਸਾਡੀ ਪਰੰਪਰਾ ਦੀਆਂ ਸਿੱਖਿਆਵਾਂ ਤੇ ਭਾਈਚਾਰਕ ਕੰਮਾਂ ਦੇ ਕੇਂਦਰ ’ਚ ਹਨ।