ਈਰਾਨ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਰੁੱਧ ਕੀਤੀ ਗਈ ਜਾਨਲੇਵਾ ਕਾਰਵਾਈ ਦੇ 40 ਦਿਨਾਂ ਬਾਅਦ ਇੱਕ ਵਾਰ ਫਿਰ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀਆਂ ਵੀਡੀਓ ਫੁਟੇਜ ਵੀ ਆਨਲਾਈਨ ਵਾਇਰਲ ਹੋ ਰਹੀਆਂ ਹਨ। ਸ਼ਨੀਵਾਰ ਨੂੰ ਤੇਹਰਾਨ ਅਤੇ ਮਸ਼ਹਦ ਦੀਆਂ ਯੂਨੀਵਰਸਿਟੀ ਕੈਂਪਸਾਂ ਵਿੱਚ ਸੈਂਕੜੇ ਵਿਦਿਆਰਥੀ ਮਾਰਚ ਕਰਦੇ ਦਿਖਾਈ ਦਿੱਤੇ।

ਉੱਥੇ ਹੀ, ਤੇਹਰਾਨ ਦੀ ਸ਼ਾਹਿਦ ਬੇਹੇਸ਼ਟੀ ਯੂਨੀਵਰਸਿਟੀ ਵਿੱਚ ਸ਼ਾਂਤੀਪੂਰਨ ਧਰਨਾ ਦਿੱਤਾ ਗਿਆ, ਜਦੋਂ ਕਿ ਅਮੀਰਕਬੀਰ ਯੂਨੀਵਰਸਿਟੀ ਦੀ ਫੁਟੇਜ ਵਿੱਚ ਵਿਦਿਆਰਥੀ ਅਧਿਕਾਰੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ। ਈਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ਵਿੱਚ, ਵਿਦਿਆਰਥੀਆਂ ਨੂੰ “ਆਜ਼ਾਦੀ, ਆਜ਼ਾਦੀ” ਦੇ ਨਾਅਰੇ ਲਗਾਉਂਦੇ ਅਤੇ ਆਪਣੇ ਸਾਥੀਆਂ ਨੂੰ “ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੋ” ਦੀ ਅਪੀਲ ਕਰਦੇ ਸੁਣਿਆ ਗਿਆ।
ਦਸੰਬਰ ਵਿੱਚ ਵੀ ਹੋਏ ਸਨ ਵਿਰੋਧ ਪ੍ਰਦਰਸ਼ਨ
ਬਾਅਦ ਵਿੱਚ ਹੋਰ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਵੀ ਆਈਆਂ। ਨਾਲ ਹੀ ਐਤਵਾਰ ਨੂੰ ਹੋਰ ਰੈਲੀਆਂ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਤਾਜ਼ਾ ਹਲਚਲ ਦਸੰਬਰ ਦੇ ਅਖੀਰ ਵਿੱਚ ਵੱਡੇ ਪੱਧਰ 'ਤੇ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ੁਰੂ ਹੋਈ ਹੈ। ਉਹ ਪ੍ਰਦਰਸ਼ਨ ਆਰਥਿਕ ਸ਼ਿਕਾਇਤਾਂ (ਮਹਿੰਗਾਈ ਆਦਿ) ਨੂੰ ਲੈ ਕੇ ਹੋਏ ਸਨ ਅਤੇ ਫਿਰ ਪੂਰੇ ਦੇਸ਼ ਵਿੱਚ ਫੈਲ ਗਏ ਸਨ।