ਚੀਨ ਫਿਰ ਦਿਖਾ ਰਿਹਾ ਗੁੰਡਾਗਰਦੀ! ਭਾਰਤੀ ਕਾਰੋਬਾਰੀਆਂ ਦੇ ਬਿਜ਼ਨੈੱਸ ਵੀਜ਼ਾ ਹੋ ਰਹੇ ਵੱਡੇ ਪੱਧਰ 'ਤੇ ਰੱਦ, ਭਾਰਤੀ ਮੈਨੂਫੈਕਚਰਿੰਗ ਸੈਕਟਰ ਨੂੰ ਪ੍ਰਭਾਵਿਤ ਕਰਨ ਲਈ ਚੀਨ ਨੇ ਖੇਡੀ ਨਵੀਂ ਖੇਡ
ਉਦਯੋਗ ਜਗਤ ਨਾਲ ਜੁੜੇ ਅਧਿਕਾਰੀਆਂ ਅਨੁਸਾਰ, ਚੀਨ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤੀ ਨਾਗਰਿਕਾਂ ਲਈ ਬਿਜ਼ਨੈੱਸ ਵੀਜ਼ਾ ਮਨਜ਼ੂਰ ਕਰਨ ਦੀ ਪ੍ਰਕਿਰਿਆ ਨੂੰ ਸਖ਼ਤ ਕਰ ਦਿੱਤਾ ਹੈ, ਜਿਸ ਨਾਲ ਕਈ ਮੈਨੂਫੈਕਚਰਿੰਗ ਸੈਕਟਰ ਦੇ ਪ੍ਰੋਜੈਕਟਾਂ ਅਤੇ ਕਾਰੋਬਾਰੀ ਗਤੀਵਿਧੀਆਂ 'ਤੇ ਅਸਰ ਪੈ ਰਿਹਾ ਹੈ।
Publish Date: Fri, 07 Aug 2026 04:08 PM (IST)
Updated Date: Fri, 07 Aug 2026 04:11 PM (IST)
ਨਵੀਂ ਦਿੱਲੀ। ਭਾਰਤ ਦੇ ਲੋਕ ਵਿਦੇਸ਼ਾਂ ਵਿੱਚ ਕੰਮ ਕਰਨ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ। ਪਿਛਲੇ ਕੁਝ ਸਾਲਾਂ ਤੋਂ ਅਮਰੀਕਾ, ਕੈਨੇਡਾ, ਯੂਕੇ ਅਤੇ ਚੀਨ ਵੱਲ ਵੱਡੇ ਪੱਧਰ 'ਤੇ ਭਾਰਤੀਆਂ ਨੇ ਰੁਖ ਕੀਤਾ ਹੈ ਪਰ ਹੁਣ ਕਾਰੋਬਾਰ ਦੇ ਸਿਲਸਿਲੇ ਵਿੱਚ ਚੀਨ (China) ਜਾਣ ਵਾਲੇ ਭਾਰਤੀ ਅਧਿਕਾਰੀਆਂ ਅਤੇ ਉਦਯੋਗਿਕ ਪ੍ਰਤੀਨਿਧੀਆਂ ਲਈ ਵੀਜ਼ਾ ਪ੍ਰਾਪਤ ਕਰਨਾ ਪਹਿਲਾਂ ਨਾਲੋਂ ਕਾਫੀ ਮੁਸ਼ਕਲ ਹੋ ਗਿਆ ਹੈ।
ਉਦਯੋਗ ਜਗਤ ਨਾਲ ਜੁੜੇ ਅਧਿਕਾਰੀਆਂ ਅਨੁਸਾਰ, ਚੀਨ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤੀ ਨਾਗਰਿਕਾਂ ਲਈ ਬਿਜ਼ਨੈੱਸ ਵੀਜ਼ਾ ਮਨਜ਼ੂਰ ਕਰਨ ਦੀ ਪ੍ਰਕਿਰਿਆ ਨੂੰ ਸਖ਼ਤ ਕਰ ਦਿੱਤਾ ਹੈ, ਜਿਸ ਨਾਲ ਕਈ ਮੈਨੂਫੈਕਚਰਿੰਗ ਸੈਕਟਰ ਦੇ ਪ੍ਰੋਜੈਕਟਾਂ ਅਤੇ ਕਾਰੋਬਾਰੀ ਗਤੀਵਿਧੀਆਂ 'ਤੇ ਅਸਰ ਪੈ ਰਿਹਾ ਹੈ।
ਵੀਜ਼ਾ ਅਰਜ਼ੀਆਂ ਹੋ ਰਹੀਆਂ ਹਨ ਰੱਦ
ਇਲੈਕਟ੍ਰਾਨਿਕਸ ਅਤੇ ਆਟੋਮੋਬਾਈਲ ਕੰਟਰੈਕਟ ਮੈਨੂਫੈਕਚਰਿੰਗ ਖੇਤਰ ਨਾਲ ਜੁੜੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਪਹਿਲਾਂ ਜਿੱਥੇ ਲਗਪਗ ਸਾਰੀਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਮਿਲ ਜਾਂਦੀ ਸੀ ਪਰ ਹੁਣ ਬਹੁਤ ਹੀ ਘੱਟ ਅਰਜ਼ੀਆਂ ਨੂੰ ਮਨਜ਼ੂਰੀ ਮਿਲ ਰਹੀ ਹੈ। ਕਈ ਮਾਮਲਿਆਂ ਵਿੱਚ ਵੀਜ਼ਾ ਅਰਜ਼ੀ ਖਾਰਜ ਹੋਣ 'ਤੇ ਕੰਪਨੀਆਂ ਨੂੰ ਦੁਬਾਰਾ ਅਰਜ਼ੀ ਦੇਣੀ ਪੈ ਰਹੀ ਹੈ, ਜਿਸ ਨਾਲ ਪ੍ਰਕਿਰਿਆ ਹੋਰ ਲੰਬੀ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਵੀ ਬਿਜ਼ਨੈੱਸ ਵੀਜ਼ਾ ਦੀ ਮਨਜ਼ੂਰੀ ਬਹੁਤ ਸੀਮਤ ਹੋ ਗਈ ਹੈ।
ਚੀਨ 'ਤੇ ਸਾਡੀ ਨਿਰਭਰਤਾ ਜ਼ਿਆਦਾ
ਉਦਯੋਗ ਜਗਤ ਦਾ ਕਹਿਣਾ ਹੈ ਕਿ ਇਹ ਸਥਿਤੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤ ਕਈ ਖੇਤਰਾਂ ਵਿੱਚ ਪੁਰਜ਼ਿਆਂ, ਪੂੰਜੀਗਤ ਉਪਕਰਨਾਂ (Capital Equipment) ਅਤੇ ਤਕਨੀਕੀ ਮੁਹਾਰਤ (Technical Expertise) ਲਈ ਅਜੇ ਵੀ ਚੀਨ 'ਤੇ ਕਾਫੀ ਹੱਦ ਤੱਕ ਨਿਰਭਰ ਹੈ। ਉਦਯੋਗ ਦੇ ਅਨੁਸਾਰ, ਵੱਖ-ਵੱਖ ਖੇਤਰਾਂ ਵਿੱਚ 50 ਫੀਸਦੀ ਤੱਕ ਕੰਪੋਨੈਂਟ ਅਤੇ ਕੈਪੀਟਲ ਗੁਡਸ ਚੀਨ ਤੋਂ ਦਰਾਮਦ ਕੀਤੇ ਜਾਂਦੇ ਹਨ।
ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ, ਕਈ ਕੰਪਨੀਆਂ ਨੇ ਗੈਰ-ਰਸਮੀ ਤੌਰ 'ਤੇ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਇਸ ਮੁੱਦੇ ਨੂੰ ਕੂਟਨੀਤਕ ਪੱਧਰ 'ਤੇ ਬੀਜਿੰਗ ਦੇ ਸਾਹਮਣੇ ਉਠਾਉਣ ਦੀ ਅਪੀਲ ਕੀਤੀ ਹੈ। ਭਾਰਤ-ਚੀਨ ਸਬੰਧਾਂ ਤੋਂ ਜਾਣੂ ਇੱਕ ਵਿਅਕਤੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਇਸ ਸਮੱਸਿਆ ਦੀ ਜਾਣਕਾਰੀ ਹੈ।
ਭਾਰਤ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਰਿਹਾ ਚੀਨ
ਮੀਡੀਆ ਦੇ ਸੂਤਰ ਨੇ ਕਿਹਾ ਕਿ ਚੀਨ ਭਾਰਤ ਦੀ ਤਰੱਕੀ ਅਤੇ ਵਿਕਾਸ ਨੂੰ ਰੁਕਾਵਟ ਪਾਉਣ ਲਈ ਹਰ ਸੰਭਵ ਕਦਮ ਚੁੱਕੇਗਾ। ਭਾਰਤੀ ਕਾਰੋਬਾਰੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਖਾਰਜ ਕਰਨਾ ਵੀ ਉਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਸਕਦਾ ਹੈ। "ਇਸ ਨੂੰ ਭਾਰਤੀ ਸਪਲਾਈ ਚੇਨ, ਉਤਪਾਦਾਂ, ਤਕਨੀਕ ਅਤੇ ਮਨੁੱਖੀ ਸਰੋਤ ਦੇ ਪ੍ਰਵਾਹ ਨੂੰ ਘਟਾਉਣ ਜਾਂ ਦਬਾਅ ਬਣਾਉਣ ਦੀ ਨਵੀਂ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।" ਹਾਲਾਂਕਿ, ਨਵੀਂ ਦਿੱਲੀ ਸਥਿਤ ਚੀਨੀ ਦੂਤਾਵਾਸ ਨੇ ਇਸ ਸੰਬੰਧ ਵਿੱਚ ਭੇਜੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਹੈ।
ਚੀਨ ਲਈ ਵੀ ਬਣਾਏ ਗਏ ਸਨ ਸਖ਼ਤ ਨਿਯਮ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਚੀਨ ਦੀ ਯਾਤਰਾ ਕਰਨ ਵਾਲੇ ਕਈ ਭਾਰਤੀ ਕਾਰੋਬਾਰੀ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀਜ਼ਾ ਇਨਕਾਰ ਦੀਆਂ ਵਧਦੀਆਂ ਘਟਨਾਵਾਂ ਦੀ ਰਿਪੋਰਟ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਹੋਣ ਦੇ ਬਾਵਜੂਦ, ਵੀਜ਼ਾ ਪ੍ਰਵਾਨਗੀ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ।
ਦੱਸ ਦੇਈਏ ਕਿ ਸਾਲ 2020 ਵਿੱਚ ਗਲਵਾਨ ਘਾਟੀ ਵਿੱਚ ਹੋਈ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ’ਚ ਤਣਾਅ ਆਇਆ ਹੈ। ਇਸ ਤੋਂ ਬਾਅਦ ਭਾਰਤ ਨੇ ਚੀਨ ਦੀਆਂ ਕੰਪਨੀਆਂ ਦੇ ਨਿਵੇਸ਼ 'ਤੇ ਸਖ਼ਤ ਨਿਯਮ ਲਾਗੂ ਕੀਤੇ ਅਤੇ ਪ੍ਰੈੱਸ ਨੋਟ-3 ਤਹਿਤ ਬਹੁ-ਮੰਤਰਾਲੀ ਮਨਜ਼ੂਰੀ ਨੂੰ ਲਾਜ਼ਮੀ ਕੀਤਾ ਸੀ। ਇਸ ਦੇ ਨਾਲ ਹੀ ਚੀਨੀ ਨਾਗਰਿਕਾਂ ਲਈ ਵੀਜ਼ਾ ਨਿਯਮ ਵੀ ਸਖ਼ਤ ਕੀਤੇ ਗਏ ਸਨ। ਹਾਲਾਂਕਿ, ਉਤਪਾਦਨ-ਲਿੰਕਡ ਇੰਸੈਂਟਿਵ (PLI) ਸਕੀਮ ਦੇ ਤਹਿਤ ਭਾਰਤੀ ਕੰਪਨੀਆਂ ਨਾਲ ਕੰਮ ਕਰਨ ਵਾਲੇ ਕੁਝ ਤਕਨੀਕੀ ਮਾਹਰਾਂ ਨੂੰ ਸੀਮਤ ਛੋਟਾਂ ਦਿੱਤੀਆਂ ਗਈਆਂ ਸਨ।