- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੱਬਤ ਵਿਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਲੋਕਾਂ ਨੂੰ ਦੁਬਾਰਾ ਵਸਾਉਣ ਲਈ ਤਬਾਹ ਹੋਏ ਇਲਾਕਿਆਂ ਵਿਚ ਲਗਪਗ 20 ਹਜ਼ਾਰ ਘਰ ਦੁਬਾਰਾ ਬਣਾਉਣੇ ਪੈਣਗੇ।

ਕਾਠਮੰਡੂ, (ਰਾਇਟਰ) : ਤਿੱਬਤ ਵਿਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਨੇਪਾਲ ਵਿਚ ਆਏ ਹੜ੍ਹ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਲੋਕਾਂ ਨੂੰ ਦੁਬਾਰਾ ਵਸਾਉਣ ਲਈ ਤਬਾਹ ਹੋਏ ਇਲਾਕਿਆਂ ਵਿਚ ਲਗਪਗ 20 ਹਜ਼ਾਰ ਘਰ ਦੁਬਾਰਾ ਬਣਾਉਣੇ ਪੈਣਗੇ। ਹੜ੍ਹ ਕਾਰਨ ਨੇਪਾਲ ਵਿਚ ਹੁਣ ਤੱਕ ਲਗਪਗ 1259 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 5000 ਤੋਂ ਵੱਧ ਲੋਕ ਲਾਪਤਾ ਹਨ। ਪਣ-ਬਿਜਲੀ ਪ੍ਰਾਜੈਕਟਾਂ ਨਾਲ ਜੁੜੀਆਂ ਸੁਰੰਗਾਂ ਵਿਚ ਫਸੇ ਮਜ਼ਦੂਰਾਂ ਦੀ ਭਾਲ ਲਈ ਬਚਾਅ ਦਲ ਜੁਟੇ ਹੋਏ ਹਨ।
7500 ਘਰ ਹੋਏ ਪੂਰੀ ਤਰ੍ਹਾਂ ਤਬਾਹ
ਨੇਪਾਲ ਦੇ ਰਾਸ਼ਟਰੀ ਆਫ਼ਤ ਜੋਖ਼ਮ ਨਿਊਨੀਕਰਨ ਅਤੇ ਮੈਨੇਜਮੈਂਟ ਅਥਾਰਟੀ (ਐੱਨਡੀਆਰਆਰਐੱਮਏ) ਦੇ ਮੁਖੀ ਧਰਮਰਾਜ ਉਪਰੇਤੀ ਨੇ ਕਿਹਾ ਕਿ ਸਾਡਾ ਸ਼ੁਰੂਆਤੀ ਅੰਦਾਜ਼ਾ ਹੈ ਕਿ 7500 ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਜਾਂ ਰੁੜ੍ਹ ਗਏ ਹਨ ਜਾਂ ਮਲਬੇ ਅਤੇ ਚਿੱਕੜ ਵਿਚ ਦੱਬੇ ਗਏ ਹਨ। ਜੋ ਘਰ ਹੁਣ ਵੀ ਖੜ੍ਹੇ ਹਨ, ਉਹ ਵੀ ਰਹਿਣ ਦੇ ਯੋਗ ਨਹੀਂ ਹਨ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਲਗਪਗ 20,000 ਘਰਾਂ ਨੂੰ ਵੱਖ-ਵੱਖ ਸੁਰੱਖਿਅਤ ਥਾਵਾਂ ’ਤੇ ਦੁਬਾਰਾ ਬਣਾਉਣਾ ਪਵੇਗਾ। ਵਿਦੇਸ਼ ਮੰਤਰੀ ਸ਼ਿਸਿਰ ਖਨਲ ਨੇ ਕਾਠਮੰਡੂ ਵਿਚ ਵਿਦੇਸ਼ੀ ਰਾਜਦੂਤਾਂ ਨੂੰ ਦੱਸਿਆ, ‘ਸਾਨੂੰ ਉਮੀਦ ਹੈ ਕਿ ਫਿਰ ਤੋਂ ਬਣਾਉਣ ਲਈ ਕਾਫ਼ੀ ਸੋਮਿਆਂ ਦੀ ਲੋੜ ਹੋਵੇਗੀ।’
ਸੱਤ ਸਤੰਬਰ ਨੂੰ ਰਾਸ਼ਟਰੀ ਸੋਗ ਮਨਾਉਣ ਦਾ ਐਲਾਨ
ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੀ ਕੈਬਨਿਟ ਨੇ ਆਫ਼ਤ ਦੇ 13ਵੇਂ ਦਿਨ, ਯਾਨੀ 7 ਸਤੰਬਰ ਨੂੰ ਨੇਪਾਲ ਵਿਚ ਰਾਸ਼ਟਰੀ ਸੋਗ ਮਨਾਉਣ ਦਾ ਫ਼ੈਸਲਾ ਕੀਤਾ ਹੈ। ਹਿੰਦੂ ਪਰੰਪਰਾਵਾਂ ਮੁਤਾਬਕ 13ਵਾਂ ਦਿਨ ਰਵਾਇਤੀ ਤੌਰ ’ਤੇ ਸ਼ੋਗ ਦੀ ਮਿਆਦ ਦੇ ਅੰਤ ਦਾ ਪ੍ਰਤੀਕ ਹੁੰਦਾ ਹੈ। ਨੇਪਾਲ ਸਰਕਾਰ ਨੇ ਇਹ ਵੀ ਦੱਸਿਆ ਕਿ ਤਿੱਬਤ ਵਿਚ ਫਸੇ 114 ਨੇਪਾਲੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ, ਤਿੱਬਤ ਦੇ ਕੇਰੁੰਗ ਬਾਰਡਰ ਪੁਆਇੰਟ ’ਤੇ ਹਾਲੇ ਵੀ ਲਗਪਗ 1400 ਨੇਪਾਲੀ ਨਾਗਰਿਕ ਫਸੇ ਹੋਏ ਹਨ। ਜਦਕਿ ਨੇਪਾਲ ਵਿਚ ਲਗਪਗ 583 ਵਿਦੇਸ਼ੀ ਨਾਗਰਿਕ ਲਾਪਤਾ ਹਨ।
ਇਕ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਭਾਰਤ, ਦੱਖਣੀ ਕੋਰੀਆ ਅਤੇ ਚੀਨ ਦੇ ਮਾਹਰਾਂ ਦੇ ਨਾਲ ਮਿਲ ਕੇ ਪਣ-ਬਿਜਲੀ ਪ੍ਰਾਜੈਕਟਾਂ ਨਾਲ ਜੁੜੀਆਂ ਸੁਰੰਗਾਂ ਵਿਚ ਫਸੇ ਲਗਪਗ 900 ਲੋਕਾਂ ਦੀ ਭਾਲ ਜਾਰੀ ਹੈ। ਫ਼ੌਜ ਦੇ ਬੁਲਾਰੇ ਰਾਜਾ ਰਾਮ ਬਸਨੇਟ ਨੇ ਕਿਹਾ ਕਿ ਲਾਂਗਟਾਂਗ ਖੋਲਾ ਪਣ-ਬਿਜਲੀ ਪਲਾਂਟ ਦੀ ਸੁਰੰਗ ਤੋਂ ਦੋ ਲਾਸ਼ਾਂ ਮਿਲੀਆਂ ਹਨ। ਇਸ ਦੌਰਾਨ ਨੇਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਵੀਰਵਾਰ ਨੂੰ ਸਿਆਬਰੂਬੇਸੀ ਦਾ ਦੌਰਾ ਕੀਤਾ ਅਤੇ ਸੁਰੰਗ ਵਿਚ ਭਾਰਤ-ਨੇਪਾਲ ਦੀ ਟੀਮ ਦੁਆਰਾ ਕੀਤੇ ਜਾ ਰਹੇ ਬਚਾਅ ਕਾਰਜਾਂ ਦਾ ਨਿਰੀਖਣ ਕੀਤਾ।