ਵਿਦੇਸ਼ 'ਚ ਭਾਰਤੀ ਵਿਦਿਆਰਥੀ ਦੇ ਕਤਲ ਦਾ ਮਾਮਲਾ : ਆਸਟ੍ਰੇਲੀਆ ਦੀ ਅਦਾਲਤ ਵੱਲੋਂ ਦੋਸ਼ੀ ਰੌਬਿਨ ਨੂੰ 27 ਸਾਲ ਦੀ ਕੈਦ, ਰਿਹਾਈ ਮਗਰੋਂ ਹੋਵੇਗੀ ਦੇਸ਼ ਨਿਕਾਲੇ ਦੀ ਕਾਰਵਾਈ
ਮੈਲਬੌਰਨ ਵਿੱਚ ਆਪਣੇ ਦੋਸਤ ਨੂੰ ਚਾਕੂ ਹਮਲੇ ਤੋਂ ਬਚਾਉਂਦਿਆਂ ਜਾਨ ਗੁਆਉਣ ਵਾਲੇ 22 ਸਾਲਾ ਨਵਜੀਤ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਦੋਸ਼ੀ ਰੌਬਿਨ ਨੂੰ 27 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਿਕਟੋਰੀਆ ਦੀ ਸੁਪਰੀਮ ਕੋਰਟ ਦੇ ਜੱਜ ਐਂਡਰਿਊ ਟਿੰਨੀ ਨੇ 11 ਸਤੰਬਰ 2026 ਨੂੰ ਫ਼ੈਸਲਾ ਸੁਣਾਉਂਦਿਆਂ 30 ਸਾਲਾ ਰੌਬਿਨ ਲਈ 20 ਸਾਲ ਦੀ ਗੈਰ-ਪੈਰੋਲ ਮਿਆਦ ਤੈਅ ਕੀਤੀ। ਉਸ ਨੂੰ ਨਵਜੀਤ ਦੇ ਕਤਲ ਦੇ ਨਾਲ-ਨਾਲ 30 ਸਾਲਾ ਸ਼ਰਵਣ ਸਿੰਘ ਦੇ ਕਤਲ ਦੀ ਕੋਸ਼ਿਸ਼ ਦਾ ਵੀ ਦੋਸ਼ੀ ਪਾਇਆ ਗਿਆ ਸੀ।
Publish Date: Wed, 16 Sep 2026 03:10 PM (IST)
Updated Date: Wed, 16 Sep 2026 03:12 PM (IST)
ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ - ਮੈਲਬੌਰਨ ਵਿੱਚ ਆਪਣੇ ਦੋਸਤ ਨੂੰ ਚਾਕੂ ਹਮਲੇ ਤੋਂ ਬਚਾਉਂਦਿਆਂ ਜਾਨ ਗੁਆਉਣ ਵਾਲੇ 22 ਸਾਲਾ ਨਵਜੀਤ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਦੋਸ਼ੀ ਰੌਬਿਨ ਨੂੰ 27 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਿਕਟੋਰੀਆ ਦੀ ਸੁਪਰੀਮ ਕੋਰਟ ਦੇ ਜੱਜ ਐਂਡਰਿਊ ਟਿੰਨੀ ਨੇ 11 ਸਤੰਬਰ 2026 ਨੂੰ ਫ਼ੈਸਲਾ ਸੁਣਾਉਂਦਿਆਂ 30 ਸਾਲਾ ਰੌਬਿਨ ਲਈ 20 ਸਾਲ ਦੀ ਗੈਰ-ਪੈਰੋਲ ਮਿਆਦ ਤੈਅ ਕੀਤੀ। ਉਸ ਨੂੰ ਨਵਜੀਤ ਦੇ ਕਤਲ ਦੇ ਨਾਲ-ਨਾਲ 30 ਸਾਲਾ ਸ਼ਰਵਣ ਸਿੰਘ ਦੇ ਕਤਲ ਦੀ ਕੋਸ਼ਿਸ਼ ਦਾ ਵੀ ਦੋਸ਼ੀ ਪਾਇਆ ਗਿਆ ਸੀ।
ਇਹ ਦਰਦਨਾਕ ਘਟਨਾ 5 ਮਈ 2024 ਨੂੰ ਤੜਕੇ ਮੈਲਬੌਰਨ ਦੇ ਓਰਮੰਡ ਇਲਾਕੇ ਵਿੱਚ ਵਾਪਰੀ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਘਟਨਾ ਤੋਂ ਪਹਿਲਾਂ ਰੌਬਿਨ ਦੇ ਘਰ ਉਸ ਦੇ ਭਰਾ ਵੱਲੋਂ ਨਵੀਂ ਕਾਰ ਖ਼ਰੀਦਣ ਦੀ ਖ਼ੁਸ਼ੀ ਵਿੱਚ ਪਾਰਟੀ ਰੱਖੀ ਗਈ ਸੀ। ਰੌਬਿਨ ਨਾਲ ਉਸੇ ਘਰ ਵਿੱਚ ਰਹਿਣ ਵਾਲਾ ਸ਼ਰਵਣ ਪਾਰਟੀ ਛੱਡ ਕੇ ਆਪਣੇ ਦੋਸਤ ਨਵਜੀਤ ਦੇ ਘਰ ਤਾਸ਼ ਖੇਡਣ ਚਲਾ ਗਿਆ। ਸ਼ਰਵਣ ਵੱਲੋਂ ਬਿਨਾਂ ਕੁਝ ਕਹੇ ਪਾਰਟੀ ਛੱਡ ਕੇ ਚਲੇ ਜਾਣ ਕਾਰਨ ਨਾਰਾਜ਼ ਹੋਏ ਰੌਬਿਨ ਨੇ ਉਸ ਨੂੰ ਵਾਰ-ਵਾਰ ਫ਼ੋਨ ਕਰਕੇ ਬੁਰਾ ਭਲਾ ਕਿਹਾ ਅਤੇ ਆਪਣਾ ਸਾਮਾਨ ਘਰੋਂ ਲੈ ਜਾਣ ਲਈ ਆਖ ਦਿੱਤਾ।
ਸਾਮਾਨ ਸੜਕ ’ਤੇ ਸੁੱਟਣ ਦੀ ਧਮਕੀ ਮਿਲਣ ਮਗਰੋਂ ਸ਼ਰਵਣ ਆਪਣੀਆਂ ਚੀਜ਼ਾਂ ਲੈਣ ਵਾਪਸ ਜਾਣ ਲੱਗਾ ਤਾਂ ਨਵਜੀਤ ਵੀ ਉਸ ਦੀ ਮਦਦ ਲਈ ਨਾਲ ਚਲਾ ਗਿਆ। ਦੋਵੇਂ ਤੜਕੇ ਕਰੀਬ ਸਾਢੇ ਬਾਰਾਂ ਵਜੇ ਉੱਥੇ ਪਹੁੰਚੇ। ਜਦੋਂ ਸ਼ਰਵਣ ਆਪਣਾ ਸਾਮਾਨ ਗੱਡੀ ਵਿੱਚ ਰੱਖ ਰਿਹਾ ਸੀ ਤਾਂ ਰੌਬਿਨ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਨਵਜੀਤ ਨੇ ਵਿਚਕਾਰ ਆ ਕੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਰੌਬਿਨ ਨੇ ਉਸ ਦਾ ਕਾਲਰ ਫੜ ਕੇ ਉਸ ’ਤੇ ਵੀ ਚਾਕੂ ਦੇ ਕਈ ਵਾਰ ਕਰ ਦਿੱਤੇ।
ਹਮਲੇ ਵਿੱਚ ਸ਼ਰਵਣ ਦੀ ਜਾਨ ਬਚ ਗਈ, ਪਰ ਨਵਜੀਤ ਦੇ ਦਿਲ ਅਤੇ ਫੇਫੜੇ ’ਤੇ ਲੱਗੀਆਂ ਸੱਟਾਂ ਜਾਨਲੇਵਾ ਸਾਬਤ ਹੋਈਆਂ। ਵਾਰਦਾਤ ਮਗਰੋਂ ਰੌਬਿਨ ਆਪਣੇ ਭਰਾ ਨਾਲ ਨਿਊ ਸਾਊਥ ਵੇਲਜ਼ ਭੱਜ ਗਿਆ ਜਿੱਥੇ ਦੋ ਦਿਨ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਕੱਦਮੇ ਦੌਰਾਨ ਬਚਾਅ ਪੱਖ ਨੇ ਰੌਬਿਨ ਦੇ ਨਸ਼ੇ ਵਿੱਚ ਹੋਣ ਅਤੇ ਆਤਮ ਰੱਖਿਆ ਵਿੱਚ ਕਾਰਵਾਈ ਕਰਨ ਦੀ ਦਲੀਲ ਦਿੱਤੀ ਸੀ। ਜਿਊਰੀ ਨੇ ਇਹ ਦਲੀਲ ਸਵੀਕਾਰ ਨਹੀਂ ਕੀਤੀ ਅਤੇ 28 ਅਪ੍ਰੈਲ 2026 ਨੂੰ ਉਸ ਨੂੰ ਦੋਵਾਂ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ। ਸਜ਼ਾ ਸੁਣਾਉਂਦਿਆਂ ਜੱਜ ਨੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਬੇਕਸੂਰ ਲੋਕਾਂ ਵਿਰੁੱਧ ਜਨਤਕ ਥਾਂ ’ਤੇ ਕੀਤੀ ਗਈ ਇਸ ਹਿੰਸਾ ਨੇ ਭਾਈਚਾਰੇ ਵਿੱਚ ਡਰ ਪੈਦਾ ਕੀਤਾ। ਉਨ੍ਹਾਂ ਨੇ ਰੌਬਿਨ ਦੇ ਪਛਤਾਵੇ ਦੇ ਦਾਅਵੇ ਨੂੰ ਵੀ ਸਵੀਕਾਰ ਨਹੀਂ ਕੀਤਾ।
ਰੌਬਿਨ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਦੋ ਸਾਲ ਤੋਂ ਵੱਧ ਸਮਾਂ ਹਿਰਾਸਤ ਵਿੱਚ ਬਿਤਾ ਚੁੱਕਾ ਹੈ। ਰਿਹਾਈ ਮਗਰੋਂ ਉਸ ਨੂੰ ਭਾਰਤ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ। ਨਵਜੀਤ ਦੇ ਪਿਤਾ ਜਤਿੰਦਰ ਸੰਧੂ ਵੀਡੀਓ ਲਿੰਕ ਰਾਹੀਂ ਅਦਾਲਤੀ ਕਾਰਵਾਈ ਨਾਲ ਜੁੜੇ। ਉਨ੍ਹਾਂ ਕਿਹਾ ਕਿ ਪੁੱਤਰ ਦੀ ਮੌਤ ਨੇ ਪੂਰੇ ਪਰਿਵਾਰ ਦੀਆਂ ਆਸਾਂ ਅਤੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਨਵਜੀਤ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਗਗਸੀਨਾ ਨਾਲ ਸਬੰਧਤ ਸੀ ਤੇ ਐੱਮਟੈੱਕ ਦਾ ਵਿਦਿਆਰਥੀ ਸੀ ਤੇ ਉਹ ਨਵੰਬਰ 2022 ਵਿੱਚ ਹੀ ਆਸਟ੍ਰੇਲੀਆ ਆਇਆ ਸੀ ਤੇ ਦੋਸ਼ੀ ਰੌਬਿਨ ਅਤੇ ਉਸ ਦਾ ਭਰਾ ਅਭਿਜੀਤ ਵੀ ਕਰਨਾਲ ਜ਼ਿਲ੍ਹੇ ਦੇ ਪਿੰਡ ਬਸਤਾਰਾ ਨਾਲ ਸਬੰਧਤ ਹਨ।