ਸ਼ਰਾਬ ਪੀ ਕੇ ਗੱਡੀ ਚਲਾਉਣਾ ਆਸਟ੍ਰੇਲੀਆਈ ਕ੍ਰਿਕਟਰ ਨੂੰ ਪਿਆ ਮਹਿੰਗਾ, ਅਦਾਲਤ ਨੇ ਲਗਾਇਆ $1,500 ਦਾ ਜੁਰਮਾਨਾ
ਇਹ ਘਟਨਾ 5 ਅਪ੍ਰੈਲ 2026, ਈਸਟਰ ਐਤਵਾਰ (Easter Sunday) ਦੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਵਾਰਨਰ ਨੇ ਸਿਡਨੀ ਦੇ ਪੂਰਬੀ ਇਲਾਕੇ ਵਿੱਚ ਇੱਕ ਸਮਾਗਮ ਦੌਰਾਨ ਤਿੰਨ ਗਲਾਸ ਵਾਈਨ ਪੀਤੀ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਗੱਡੀ ਰਾਹੀਂ ਘਰ ਲਿਜਾਣ ਦਾ ਫ਼ੈਸਲਾ ਕੀਤਾ।
Publish Date: Wed, 19 Aug 2026 03:19 PM (IST)
Updated Date: Wed, 19 Aug 2026 03:27 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਆ ਦੇ ਸਾਬਕਾ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (David Warner) ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਸਿਡਨੀ ਦੀ ਵੇਵਰਲੀ ਸਥਾਨਕ ਅਦਾਲਤ (Waverley Local Court) ਨੇ ਦੋਸ਼ੀ ਕਰਾਰ ਦਿੰਦਿਆਂ $1,500 ਦਾ ਜੁਰਮਾਨਾ ਲਗਾਇਆ। ਵਾਰਨਰ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਆਪਣਾ ਦੋਸ਼ ਕਬੂਲ ਕਰ ਲਿਆ ਸੀ।
ਇਹ ਘਟਨਾ 5 ਅਪ੍ਰੈਲ 2026, ਈਸਟਰ ਐਤਵਾਰ (Easter Sunday) ਦੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਵਾਰਨਰ ਨੇ ਸਿਡਨੀ ਦੇ ਪੂਰਬੀ ਇਲਾਕੇ ਵਿੱਚ ਇੱਕ ਸਮਾਗਮ ਦੌਰਾਨ ਤਿੰਨ ਗਲਾਸ ਵਾਈਨ ਪੀਤੀ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਗੱਡੀ ਰਾਹੀਂ ਘਰ ਲਿਜਾਣ ਦਾ ਫ਼ੈਸਲਾ ਕੀਤਾ।
ਪੁਲਿਸ ਮੁਤਾਬਕ ਵਾਰਨਰ ਨੇ ਮਾਰੂਬਰਾ (Maroubra) ਵਿੱਚ ਅੱਗੇ ਲੱਗੇ ਅਚਾਨਕ ਜਾਂਚ ਨਾਕੇ (Random Breath Testing Site) ਨੂੰ ਦੇਖ ਕੇ ਆਪਣੀ ਗੱਡੀ ਕੁਝ ਦੂਰੀ ਪਹਿਲਾਂ ਹੀ ਰੋਕ ਲਈ ਸੀ। ਪੁਲਿਸ ਅਨੁਸਾਰ ਉਸ ਨੂੰ ਡਰਾਈਵਰ ਸੀਟ ਤੋਂ ਯਾਤਰੀ ਸੀਟ ਵੱਲ ਜਾਂਦਿਆਂ ਦੇਖਿਆ ਗਿਆ ਸੀ।
ਸ਼ੁਰੂਆਤੀ ਜਾਂਚ ਵਿੱਚ ਸ਼ਰਾਬ ਦੀ ਪੁਸ਼ਟੀ ਹੋਣ ਤੋਂ ਬਾਅਦ ਵਾਰਨਰ ਨੂੰ ਮਾਰੂਬਰਾ ਪੁਲਿਸ ਸਟੇਸ਼ਨ (Maroubra Police Station) ਲਿਜਾਇਆ ਗਿਆ। ਉੱਥੇ ਕੀਤੀ ਗਈ ਦੂਜੀ ਜਾਂਚ ਦੌਰਾਨ ਉਸ ਦੇ ਖ਼ੂਨ ਵਿੱਚ ਸ਼ਰਾਬ ਦੀ ਮਾਤਰਾ (Blood Alcohol Concentration) 0.104 ਦਰਜ ਹੋਈ। ਨਿਊ ਸਾਊਥ ਵੇਲਜ਼ (NSW) ਵਿੱਚ ਆਮ ਡਰਾਈਵਰਾਂ ਲਈ ਕਾਨੂੰਨੀ ਹੱਦ 0.05 ਹੈ। ਇਸ ਤਰ੍ਹਾਂ ਵਾਰਨਰ ਦੇ ਖ਼ੂਨ ਵਿੱਚ ਸ਼ਰਾਬ ਦੀ ਮਾਤਰਾ ਕਾਨੂੰਨੀ ਹੱਦ ਤੋਂ ਦੁੱਗਣੀ ਤੋਂ ਵੀ ਵੱਧ ਸੀ। ਘਟਨਾ ਸਮੇਂ ਉਸ ਦੇ ਪਰਿਵਾਰ ਦੇ ਨਾਲ ਬੱਚੇ ਵੀ ਗੱਡੀ ਵਿੱਚ ਮੌਜੂਦ ਸਨ।
ਵਾਰਨਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਾਬਕਾ ਕ੍ਰਿਕਟਰ ਆਪਣੀ ਗ਼ਲਤੀ ’ਤੇ ਪਛਤਾ ਰਿਹਾ ਹੈ ਅਤੇ ਸੜਕ ਸੁਰੱਖਿਆ ਤੇ ਜ਼ਿੰਮੇਵਾਰ ਡਰਾਈਵਿੰਗ ਸਬੰਧੀ ਪ੍ਰੋਗਰਾਮ ਵੀ ਪੂਰਾ ਕਰ ਚੁੱਕਾ ਹੈ। ਵਕੀਲ ਨੇ ਮੀਡੀਆ ਵਿੱਚ ਹੋਈ ਆਲੋਚਨਾ ਅਤੇ ਸੰਭਾਵਿਤ ਵਪਾਰਕ ਨੁਕਸਾਨ ਦਾ ਹਵਾਲਾ ਦਿੰਦਿਆਂ ਉਸ ਨੂੰ ਬਿਨਾਂ ਦੋਸ਼ ਦਰਜ ਕੀਤੇ ਛੱਡਣ ਦੀ ਅਪੀਲ ਕੀਤੀ ਸੀ।
ਜੱਜ ਕਲੇਅਰ ਫਾਰਨਨ (Judge Clare Farnan) ਨੇ ਮੰਨਿਆ ਕਿ ਵਾਰਨਰ ਵੱਲੋਂ ਦੁਬਾਰਾ ਅਜਿਹਾ ਅਪਰਾਧ ਕਰਨ ਦੀ ਸੰਭਾਵਨਾ ਘੱਟ ਹੈ। ਇਸ ਦੇ ਬਾਵਜੂਦ ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਸਮਾਜ ਲਈ ਗੰਭੀਰ ਖ਼ਤਰਾ ਹੈ ਅਤੇ ਇਸ ਵਿਰੁੱਧ ਸਖ਼ਤ ਸੰਦੇਸ਼ ਦੇਣਾ ਜ਼ਰੂਰੀ ਹੈ।
ਅਦਾਲਤ ਨੇ ਵਾਰਨਰ ਨੂੰ $1,500 ਦਾ ਜੁਰਮਾਨਾ ਲਗਾਉਣ ਦੇ ਨਾਲ ਉਸ ਦੀ ਗੱਡੀ ਵਿੱਚ 12 ਮਹੀਨਿਆਂ ਲਈ ਅਲਕੋਹਲ ਇੰਟਰਲਾਕ ਯੰਤਰ (Alcohol Interlock Device) ਲਗਾਉਣ ਦਾ ਹੁਕਮ ਦਿੱਤਾ ਹੈ।
ਇਹ ਯੰਤਰ ਗੱਡੀ ਚਾਲੂ ਹੋਣ ਤੋਂ ਪਹਿਲਾਂ ਡਰਾਈਵਰ ਦੇ ਸਾਹ ਦੀ ਜਾਂਚ ਕਰਦਾ ਹੈ। ਸਾਹ ਵਿੱਚ ਸ਼ਰਾਬ ਦੀ ਮਾਤਰਾ ਮਿਲਣ ’ਤੇ ਇਹ ਗੱਡੀ ਨੂੰ ਸਟਾਰਟ ਨਹੀਂ ਹੋਣ ਦਿੰਦਾ। ਵਾਰਨਰ ਪਹਿਲਾਂ ਹੀ ਚਾਰ ਮਹੀਨਿਆਂ ਤੋਂ ਗੱਡੀ ਚਲਾਉਣ ਤੋਂ ਵਾਂਝਾ ਹੈ। ਇਸ ਮਿਆਦ ਨੂੰ ਧਿਆਨ ਵਿੱਚ ਰੱਖਦਿਆਂ ਉਹ ਇੰਟਰਲਾਕ ਲਾਇਸੈਂਸ (Interlock Licence) ਲਈ ਤੁਰੰਤ ਅਰਜ਼ੀ ਦੇ ਸਕਦਾ ਹੈ।