ਆਸਟ੍ਰੇਲੀਆ ਦੌਰੇ 'ਤੇ ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ, ਸ਼ੈਪਰਟਨ 'ਚ ਪਰਵਾਸੀ ਪੰਜਾਬੀਆਂ ਨਾਲ ਕੀਤੀ ਰੂਬਰੂ ਮੀਟਿੰਗ
ਸਮਾਗਮ ਦੌਰਾਨ ਅਕਾਲੀ ਆਗੂਆਂ ਨੇ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੇ ਮੁਤਾਬਕ ਕਾਨੂੰਨ-ਵਿਵਸਥਾ, ਰੋਜ਼ਗਾਰ, ਕਿਸਾਨੀ ਅਤੇ ਨੌਜਵਾਨਾਂ ਨਾਲ ਸੰਬੰਧਿਤ ਮੁੱਦੇ ਗੰਭੀਰ ਰੂਪ ਧਾਰ ਚੁੱਕੇ ਹਨ
Publish Date: Tue, 05 May 2026 01:10 PM (IST)
Updated Date: Tue, 05 May 2026 01:15 PM (IST)
ਮੈਲਬੌਰਨ / ਖੁਸ਼ਪ੍ਰੀਤ ਸਿੰਘ ਸੁਨਾਮ : ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵਿਦੇਸ਼ਾਂ ਵਿੱਚ ਵੀ ਆਪਣੀ ਰਾਜਨੀਤਿਕ ਸਰਗਰਮੀ ਨੂੰ ਤੇਜ਼ ਕਰ ਦਿੱਤਾ ਗਿਆ ਹੈ। “ਗੱਲ ਪੰਜਾਬ ਦੀ” ਮੁਹਿੰਮ ਅਧੀਨ ਪਰਵਾਸੀ ਪੰਜਾਬੀਆਂ ਨਾਲ ਸਿੱਧਾ ਸੰਪਰਕ ਬਣਾਉਣ ਲਈ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਅਤੇ ਰੁਬਰੂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਮੁਹਿੰਮ ਤਹਿਤ ਪਾਰਟੀ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ (ਸੀਨੀਅਰ ਮੀਤ ਪ੍ਰਧਾਨ), ਗੁਰਪ੍ਰੀਤ ਸਿੰਘ ਝੱਬਰ (ਜਨਰਲ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ,ਸਰਬਜੀਤ ਸਿੰਘ ਝਿੰਜਰ (ਪ੍ਰਧਾਨ, ਯੂਥ ਅਕਾਲੀ ਦਲ) ਅਤੇ ਜਸਵੀਰ ਸਿੰਘ ਮੰਨਵੀ (ਹਲਕਾ ਇੰਚਾਰਜ ਅਮਰਗੜ) ਇਨ੍ਹੀ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ। ਇਹ ਆਗੂ ਵੱਖ-ਵੱਖ ਸ਼ਹਿਰਾਂ ਵਿੱਚ ਸਮਾਗਮਾਂ ਰਾਹੀਂ ਪਾਰਟੀ ਦੀਆਂ ਨੀਤੀਆਂ ਅਤੇ ਭਵਿੱਖੀ ਯੋਜਨਾਵਾਂ ਨੂੰ ਪਰਵਾਸੀ ਭਾਈਚਾਰੇ ਅੱਗੇ ਰੱਖ ਰਹੇ ਹਨ ਅਤੇ ਚੋਣਾਂ ਲਈ ਸਹਿਯੋਗ ਦੀ ਅਪੀਲ ਕਰ ਰਹੇ ਹਨ।
ਇਸ ਸਿਲਸਿਲੇ ਵਿੱਚ ਮੈਲਬੌਰਨ ਨੇੜਲੇ ਸ਼ਹਿਰ ਸ਼ੈਪਰਟਨ ਵਿੱਚ ਗੈਰੀ ਸਿੱਧੂ ਡੱਲਾ ਅਤੇ ਕਨੇਡਾ ਵਸਦੇ ਹਰਵਿੰਦਰ ਸਿੱਧੂ ਵੱਲੋਂ ਇੱਕ ਵਿਸ਼ੇਸ਼ ਰੂਬਰੂ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੀ ਵੱਡੀ ਹਾਜ਼ਰੀ ਰਹੀ। ਸਮਾਗਮ ਦੌਰਾਨ ਆਗੂਆਂ ਨੇ ਭਾਈਚਾਰੇ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਸਥਾਨਕ ਪੰਜਾਬੀਆਂ ਵਲੋਂ ਦੋਵੇ ਆਗੂਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਮਾਗਮ ਵਿੱਚ ਫੈਡਰਲ ਮੈਂਬਰ ਪਾਰਲੀਮੈਂਟ ਸੈਮ ਬਿਰ੍ਰੇਲ ਅਤੇ ਸਟੇਟ ਮੈਂਬਰ ਪਾਰਲੀਮੈਂਟ ਕਿਮ ਓ’ਕੀਫ਼ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਆਗੂਆਂ ਵੱਲੋਂ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੋਵੇਂ ਸੰਸਦੀ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਜਿਨ੍ਹਾਂ ਨੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਸਮਾਗਮ ਦੌਰਾਨ ਅਕਾਲੀ ਆਗੂਆਂ ਨੇ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੇ ਮੁਤਾਬਕ ਕਾਨੂੰਨ-ਵਿਵਸਥਾ, ਰੋਜ਼ਗਾਰ, ਕਿਸਾਨੀ ਅਤੇ ਨੌਜਵਾਨਾਂ ਨਾਲ ਸੰਬੰਧਿਤ ਮੁੱਦੇ ਗੰਭੀਰ ਰੂਪ ਧਾਰ ਚੁੱਕੇ ਹਨ ਪਰੰਤੂ ਸਰਕਾਰ ਅਵੇਸਲੀ ਨਜ਼ਰ ਆ ਰਹੀ ਹੈ ਤੇ ਕਿਸੇ ਵੀ ਮੁੱਦੇ ਦੇ ਹੱਲ ਲਈ ਕੋਈ ਵੀ ਪ੍ਰਭਾਵਸ਼ਾਲੀ ਕਦਮ ਚੁੱਕਣ ਵਿੱਚ ਨਾਕਾਮ ਸਾਬਤ ਹੋਈ ਹੈ।
ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਆਉਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਮਿਲਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਨੂੰ ਤਰਜੀਹ ਦੇ ਅਧਾਰ ‘ਤੇ ਅੱਗੇ ਵਧਾਇਆ ਜਾਵੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ। ਨਾਲ ਹੀ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਵੀ ਤਰਜੀਹੀ ਅਧਾਰ ‘ਤੇ ਹੱਲ ਕੀਤਾ ਜਾਵੇਗਾ।
ਸਮਾਗਮ ਦੇ ਅੰਤ ‘ਤੇ ਨੌਜਵਾਨ ਵਰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮਜ਼ਬੂਤ ਅਤੇ ਸਥਿਰ ਸਰਕਾਰ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ। ਪ੍ਰੋਗਰਾਮ ਦਾ ਸੰਚਾਲਨ ਨੌਜਵਾਨ ਆਗੂ ਰਾਜਦੀਪ ਰੰਧਾਵਾ ਵੱਲੋਂ ਸੁਚਾਰੂ ਢੰਗ ਨਾਲ ਕੀਤਾ ਗਿਆ।
ਇਸ ਮੌਕੇ ਯੂਥ ਆਗੂ ਹੈਪੀ ਗਿੱਲ, ਸੋਨਾ ਬਰਾੜ, ਜਸਤੇਜ ਚੌਹਾਨ, ਕਵਨਦੀਪ ਬੱਲ, ਲਵਪ੍ਰੀਤ ਸਿੰਘ ਅਤੇ ਦਿਲਬਾਗ ਸਿੰਘ ਵੀ ਮੌਜੂਦ ਸਨ।