ਪੰਜਾਬ ਸਪੋਰਟਸ ਕਲੱਬ ਡਿਊਸਬਰਗ ਜਰਮਨੀ ਵੱਲੋਂ ਯੂਨਾਈਟਡ ਕਬੱਡੀ ਫੈਡਰੇਸ਼ੇਨ ਯੂਰਪ ਦੇ ਸਹਿਯੋਗ ਨਾਲ 25 ਵਾਂ ਕਬੱਡੀ ਕੱਪ ਤੇ ਤੀਆਂ ਦਾ ਮੇਲਾ 7 ਸਤੰਬਰ 2025 ਦਿਨ ਐਤਵਾਰ ਨੂੰ ਕਰਵਾਇਆ ਗਿਆ। ਤਕਰੀਬਨ ਗਿਆਰਾਂ ਵਜੇ ਤੋਂ ਹੀ ਕਬੱਡੀ ਪ੍ਰੇਮੀ ਸਮੇਤ ਪਰਿਵਾਰਾਂ ਪਹੁੰਚਣੇ ਸੁਰੂ ਹੋ ਗਏ ਸਨ।

ਮਨਮੋਹਣ ਸਿੰਘ ਜਰਮਨੀ, ਡਿਉਸਬਰਗ (ਜਰਮਨੀ) : ਪੰਜਾਬ ਸਪੋਰਟਸ ਕਲੱਬ ਡਿਊਸਬਰਗ ਜਰਮਨੀ ਵੱਲੋਂ ਯੂਨਾਈਟਡ ਕਬੱਡੀ ਫੈਡਰੇਸ਼ੇਨ ਯੂਰਪ ਦੇ ਸਹਿਯੋਗ ਨਾਲ 25 ਵਾਂ ਕਬੱਡੀ ਕੱਪ ਤੇ ਤੀਆਂ ਦਾ ਮੇਲਾ 7 ਸਤੰਬਰ 2025 ਦਿਨ ਐਤਵਾਰ ਨੂੰ ਕਰਵਾਇਆ ਗਿਆ। ਤਕਰੀਬਨ ਗਿਆਰਾਂ ਵਜੇ ਤੋਂ ਹੀ ਕਬੱਡੀ ਪ੍ਰੇਮੀ ਸਮੇਤ ਪਰਿਵਾਰਾਂ ਪਹੁੰਚਣੇ ਸੁਰੂ ਹੋ ਗਏ ਸਨ।
ਮੇਲੇ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਲਈ ਚਾਹ ਪਾਣੀ ਪਕੌੜੇ ਤੇ ਮਠਿਆਈ ਅਤੇ ਲੰਗਰ ਲਗਾਇਆ ਗਿਆ ਸੀ। ਆਉਣ ਵਾਲੇ ਸਾਰੇ ਦਰਸ਼ਕ ਚਾਹ ਪਾਣੀ ਛੱਕ ਕੇ ਅੱਗੇ ਗਰਾਉਂਡ ਵਿੱਚ ਦਾਖਲ ਹੋ ਰਹੇ ਸਨ ਤੇ ਬੀਬੀਆਂ ਤੀਆਂ ਲਈ ਲਾਏ ਗਏ ਵੱਖਰੇ ਟੈਂਟਾਂ ਵਿੱਚ ਜਾ ਰਹੀਆਂ ਸਨ। ਜਿੱਥੇ ਡੀਜੇ ਅਤੇ ਭਾਰਤੀ ਸੂਟ, ਆਰਟੀਫਿਸ਼ਲ ਜਿਊਲਰੀ ਤੇ ਜੁੱਤੀਆਂ ਆਦਿ ਦੇ ਵੱਖ ਵੱਖ ਸਟਾਲ ਲੱਗੇ ਹੋਏ ਸਨ। ਮੇਲੇ ਵਾਲੇ ਮੈਦਾਨ ਵਿੱਚ ਦਾਖਲ ਹੋਣ ਤੇ ਜਿਥੇ ਪ੍ਰਬੰਧਕਾਂ ਵੱਲੋਂ ਲੰਗਰ ਲਗਾਇਆ ਗਿਆ ਸੀ ਤੇ ਉੱਥੇ ਵੱਖ ਵੱਖ ਤਰ੍ਹਾਂ ਦੇ ਖਾਣਿਆਂ, ਮਠਿਆਈ, ਜਲੇਬੀਆਂ, ਗੋਲ ਗੱਪੇ ਤੇ ਕੁਲਫੀਆਂ ਆਦਿ ਦੀਆਂ ਸਟਾਲਾਂ ਵੀ ਲਗਵਾਈਆਂ ਸਨ।
ਖੇਡ ਗਰਾਉਂਡ ਵਿੱਚ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਭਾਈ।
ਪਹਿਲਾ ਮੈਚ ਤਕਰੀਬਨ ਦੋ ਵਜੇ ਸੁਰੂ ਹੋਇਆ। ਅੱਜ ਦੇ ਮੈਚਾਂ ਦੀ ਕਵਰੇਜ਼ ਕਰਨ ਲਈ ਲਾਈਵ ਮੈਚ ਵਿਖਾਉਣ ਲਈ ਕਬੱਡੀ 365 ਡੌਟ ਕੌਮ ਵਾਲੀ ਟੀਮ ਹਾਜ਼ਰ ਸੀ। ਇਸ ਮੇਲੇ ਦੇ ਸਾਰੇ ਮੈਚ ਬਹੁਤ ਹੀ ਸ਼ਾਨਦਾਰ ਸਨ। ਮੈਚ ਵੇਖਣ ਲਈ ਜਿੱਥੇ ਕਲੱਬਾਂ ਦੇ ਨਾਲ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ ਉਥੇ ਜਰਮਨੀ ਦੇ ਵੱਖ ਵੱਖ ਸਾਰੇ ਹੀ ਸ਼ਹਿਰਾਂ ਤੋਂ ਦਰਸ਼ਕ ਪਹੁੰਚੇ ਹੋਏ ਸਨ।
ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਤੇ ਦਰਸ਼ਕ ਨਕਦ ਇਨਾਮ ਦੇ ਨਾਲ ਤਾੜੀਆਂ ਮਾਰ ਕੇ ਖਿਡਾਰੀਆਂ ਦੀ ਹੋਸਲਾ ਅਫਜਾਈ ਕਰ ਰਹੇ ਸਨ।
ਫਾਈਨਲ ਮੈਚ ਵਿਚ ਹਾਲੈਂਡ ਅਤੇ ਬੈਲਜੀਅਮ ਦੀਆਂ ਟੀਮਾਂ ਪਹੁੰਚੀਆਂ। ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਯੂਨਾਈਟਡ ਕਬੱਡੀ ਫੈਡਰੇਸ਼ੇਨ ਯੂਰਪ ਦੇ ਨੁਮਾਇੰਦਿਆਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਹੇਠ ਆਏ ਹਜ਼ਾਰਾਂ ਪਰਿਵਾਰਾਂ ਦੀ ਮਦਦ ਕਰਨ ਲਈ ਮਾਇਆ ਇਕੱਠੀ ਕਰਨ ਲਈ ਦਰਸ਼ਕਾਂ ਨੂੰ ਬੇਨਤੀ ਕਰਦਿਆਂ ਸੇਵਾ ਇਕੱਤਰ ਕੀਤੀ। ਦਰਸ਼ਕਾਂ ਨੇ ਦਿਲ ਖੋਲ ਕੇ ਸੇਵਾ ਕੀਤੀ। ਮੌਕੇ ਤੇ 6108€ ਇਕੱਤਰ ਹੋਏ। ਬਹੁਤ ਸਾਰੇ ਦਾਨੀ ਸੱਜਣਾਂ ਮਾਇਆ ਲਿਖਵਾਈ।
ਜੋ ਆਉਣ ਵਾਲੇ ਦਿਨਾਂ ਵਿੱਚ ਪ੍ਰਬੰਧਕਾਂ ਨੂੰ ਪਹੁੰਚਾ ਦੇਣਗੇ। ਫਾਈਨਲ ਮੈਚ ਸ਼ੁਰੂ ਹੋਇਆ। ਬਹੁਤ ਫਸਵਾਂ ਮੁਕਾਬਲਾ ਹੋ ਰਿਹਾ ਸੀ। ਅੱਧੇ ਸਮੇ ਤੱਕ ਦੋਵਾਂ ਟੀਮਾਂ ਦੇ ਨੰਬਰ ਬਰਾਬਰ ਸਨ ਪਰ ਆਖਰੀ ਸਮੇਂ ਤੱਕ ਬੈਲਜ਼ੀਅਮ ਦੀ ਟੀਮ 38 ਅੰਕ ਲੈਕੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋ ਕੇ ਪਹਿਲਾ ਇਨਾਮ ਤੇ ਕੱਪ 'ਤੇ ਕਾਬਜ਼ ਹੋ ਗਈ। ਬੈਲਜ਼ੀਅਮ ਦੀ ਟੀਮ ਨੂੰ ਪਹਿਲਾਂ ਇਨਾਮ 3100 ਯੂਰੋ ਸੋਢੀ ਸਿੰਘ ਢੇਸੀ ਵੱਲੋਂ ਤੇ ਦੂਸਰਾ ਇਨਾਮ 2500 ਯੂਰੋ ਬੀਰਬਰਜਿੰਦਰ ਸਿੰਘ ਢਿੱਲੋਂ ਵੱਲੋਂ ਦਿੱਤਾ ਗਿਆ। ਦੋਹਾਂ ਟੀਮਾਂ ਨੂੰ ਕੱਪ ਦੇ ਕੇ ਸਨਮਾਨਿਤ ਕੀਤਾ।
ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਤੇ ਕਲੱਬਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲਾ ਕਮੇਟੀ ਦੇ ਸਾਰੇ ਪ੍ਰਬੰਧਕਾਂ ਬਲਵਿੰਦਰ ਸਿੰਘ ਗੁਰਦਾਸਪੁਰੀ, ਭੁਪਿੰਦਰ ਸਿੰਘ, ਮਲਕੀਤ ਸਿੰਘ ਲੰਬੜ, ਦਲਜੀਤ ਸਿੰਘ ਢਿੱਲੋਂ, ਬੀਰਬਰਜਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਡੋਲਮੈਚਰ, ਸਰਵਨ ਸਿੰਘ, ਸੁਖਦੇਵ ਸਿੰਘ ਗਾੜਾ, ਗੁਰਜੀਤ ਸਿੰਘ ਰੂਬੀ ਅਤੇ ਬਾਕੀ ਮੈਂਬਰਾਂ ਵੱਲੋਂ ਆਏ ਸਮੂਹ ਦਰਸ਼ਕਾਂ, ਖਿਡਾਰੀਆਂ ਤੇ ਮਾਇਕ ਸਹਾਇਤਾ ਕਰਨ ਵਾਲੇ ਸਾਰੇ ਵੀਰਾਂ, ਬੀਬੀਆਂ ਦਾ ਧੰਨਵਾਦ ਕੀਤਾ ਗਿਆ ਤੇ ਅਗਲੇ ਸਾਲ ਫਿਰ ਮੇਲੇ ਵਿੱਚ ਮਿਲਣ ਦਾ ਵਾਅਦਾ ਕਰਦਿਆਂ ਸਭ ਦਾ ਧੰਨਵਾਦ ਕੀਤਾ।