- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਵਿੱਚ ਰੋਜ਼ਗਾਰ ਹੋਣ ਦੇ ਬਾਵਜੂਦ ਆਮ ਲੋਕਾਂ ਦੀ ਆਰਥਿਕ ਸਥਿਤੀ ਸੁਧਰਨ ਦੀ ਬਜਾਏ ਹੋਰ ਮੁਸ਼ਕਿਲ ਹੁੰਦੀ ਜਾ ਰਹੀ ਹੈ। ਘਰਾਂ ਦੇ ਕਿਰਾਏ, ਕਰਿਆਨੇ ਦਾ ਸਮਾਨ, ਬਿਜਲੀ ਦੇ ਬਿੱਲ, ਆਵਾਜਾਈ ਅਤੇ ਹੋਰ ਰੋਜ਼ਾਨਾ ਲੋੜਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਮਿਹਨਤਕਸ਼ ਵਰਗ ਦੀ ਕਮਰ ਤੋੜ ਦਿੱਤੀ ਹੈ। ਹੁ

ਬਲਜਿੰਦਰ ਸੇਖਾ, ਟੋਰਾਂਟੋ : ਕੈਨੇਡਾ ਵਿੱਚ ਰੋਜ਼ਗਾਰ ਹੋਣ ਦੇ ਬਾਵਜੂਦ ਆਮ ਲੋਕਾਂ ਦੀ ਆਰਥਿਕ ਸਥਿਤੀ ਸੁਧਰਨ ਦੀ ਬਜਾਏ ਹੋਰ ਮੁਸ਼ਕਿਲ ਹੁੰਦੀ ਜਾ ਰਹੀ ਹੈ। ਘਰਾਂ ਦੇ ਕਿਰਾਏ, ਕਰਿਆਨੇ ਦਾ ਸਮਾਨ, ਬਿਜਲੀ ਦੇ ਬਿੱਲ, ਆਵਾਜਾਈ ਅਤੇ ਹੋਰ ਰੋਜ਼ਾਨਾ ਲੋੜਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਮਿਹਨਤਕਸ਼ ਵਰਗ ਦੀ ਕਮਰ ਤੋੜ ਦਿੱਤੀ ਹੈ। ਹੁਣ ਹਾਲਾਤ ਇਹ ਹਨ ਕਿ ਪੂਰਾ ਹਫ਼ਤਾ ਕੰਮ ਕਰਨ ਵਾਲੇ ਲੋਕਾਂ ਲਈ ਵੀ ਮਹੀਨੇ ਦਾ ਬਜਟ ਸੰਭਾਲਣਾ ਔਖਾ ਹੋ ਗਿਆ ਹੈ।
ਕੈਨੇਡਾ ਵਿੱਚ ਘੱਟੋ-ਘੱਟ ਘੰਟਾਵਾਰੀ ਤਨਖ਼ਾਹ (Minimum Wage) ਅਤੇ ਇੱਕ ਇੱਜ਼ਤਦਾਰ ਜੀਵਨ ਜਿਉਣ ਲਈ ਲੋੜੀਂਦੀ ਕਮਾਈ (Living Wage) ਵਿਚਕਾਰਲਾ ਅੰਤਰ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਸੀਬੀਸੀ ਵੱਲੋਂ 59 ਵੱਡੇ ਸ਼ਹਿਰਾਂ ਅਤੇ ਖੇਤਰਾਂ ਨਾਲ ਸਬੰਧਤ ਰਿਪੋਰਟਾਂ ਦੀ ਸਮੀਖਿਆ ਵਿੱਚ ਸਾਹਮਣੇ ਆਇਆ ਹੈ ਕਿ ਕਿਸੇ ਵੀ ਖੇਤਰ ਵਿੱਚ ਘੱਟੋ-ਘੱਟ ਤਨਖ਼ਾਹ ਜੀਵਨ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੀ ਆਮਦਨ ਦੇ ਬਰਾਬਰ ਨਹੀਂ ਹੈ।
ਵੱਖ-ਵੱਖ ਸੂਬਿਆਂ ਵਿੱਚ ਘੱਟੋ-ਘੱਟ ਤਨਖ਼ਾਹ
ਨਵੰਬਰ 2026 ਦੇ ਦਿੱਤੇ ਅੰਕੜਿਆਂ ਅਨੁਸਾਰ:
* ਅਲਬਰਟਾ: $15.00 ਪ੍ਰਤੀ ਘੰਟਾ
* ਸਸਕੈਚਵਨ: $15.70
* ਮੈਨੀਟੋਬਾ: $16.40
* ਓਨਟਾਰੀਓ: $17.95
* ਬ੍ਰਿਟਿਸ਼ ਕੋਲੰਬੀਆ: $18.25
* ਫੈਡਰਲ ਘੱਟੋ-ਘੱਟ ਦਰ: $18.15
* ਨੂਨਾਵੁਟ: $20.17
ਜੀਵਨ ਦੇ ਖ਼ਰਚਿਆਂ ਨਾਲ ਤਨਖ਼ਾਹਾਂ ਦਾ ਮੇਲ ਨਹੀਂ
ਅਲਬਰਟਾ ਵਿੱਚ ਘੱਟੋ-ਘੱਟ ਉਜਰਤ ਅਤੇ ਜੀਵਨ ਬਸਰ ਕਰਨ ਲਈ ਲੋੜੀਂਦੀ ਆਮਦਨ ਵਿਚਕਾਰ ਵੱਡਾ ਅੰਤਰ ਦੇਖਣ ਨੂੰ ਮਿਲਦਾ ਹੈ। ਕੈਲਗਰੀ ਵਿੱਚ ਲਿਵਿੰਗ ਵੇਜ $26.90 ਅਤੇ ਬੈਨਫ ਵਿੱਚ $27.45 ਪ੍ਰਤੀ ਘੰਟਾ ਦੱਸੀ ਗਈ ਹੈ, ਜਦਕਿ ਐਡਮੰਟਨ ਵਿੱਚ ਇਹ $22.65 ਹੈ।
ਇਸੇ ਤਰ੍ਹਾਂ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਇੱਕ ਕਾਮੇ ਨੂੰ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਲਗਭਗ $27.60 ਪ੍ਰਤੀ ਘੰਟਾ ਕਮਾਉਣ ਦੀ ਲੋੜ ਦੱਸੀ ਗਈ ਹੈ। ਇਹ ਓਨਟਾਰੀਓ ਦੀ ਘੱਟੋ-ਘੱਟ ਤਨਖ਼ਾਹ ਨਾਲੋਂ ਕਾਫ਼ੀ ਵੱਧ ਹੈ।
ਟਰੱਕਿੰਗ ਖੇਤਰ ਵਿੱਚ ਵੀ ਵਧੀਆਂ ਮੁਸ਼ਕਲਾਂ
ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਸ ਸਾਲਾਂ ਦੌਰਾਨ ਆਮਦਨ ਵਿੱਚ ਉਸ ਅਨੁਪਾਤ ਨਾਲ ਵਾਧਾ ਨਹੀਂ ਹੋਇਆ ਜਿਸ ਰਫ਼ਤਾਰ ਨਾਲ ਡੀਜ਼ਲ, ਬੀਮਾ, ਮੁਰੰਮਤ ਅਤੇ ਹੋਰ ਕਾਰੋਬਾਰੀ ਖ਼ਰਚੇ ਵਧੇ ਹਨ। ਇਸ ਤੋਂ ਇਲਾਵਾ ਘੱਟ ਭੁਗਤਾਨ ਅਤੇ ਤਨਖ਼ਾਹਾਂ ਸਮੇਂ ਸਿਰ ਨਾ ਮਿਲਣ ਵਰਗੀਆਂ ਸਮੱਸਿਆਵਾਂ ਵੀ ਕਾਮਿਆਂ ਲਈ ਚਿੰਤਾ ਦਾ ਕਾਰਨ ਬਣ ਰਹੀਆਂ ਹਨ।
ਇੱਕ ਤਨਖ਼ਾਹ ਨਾਲ ਪਰਿਵਾਰ ਚਲਾਉਣਾ ਹੋਇਆ ਔਖਾ
ਵਧਦੇ ਖ਼ਰਚਿਆਂ ਕਾਰਨ ਕਈ ਪਰਿਵਾਰਾਂ ਨੂੰ ਦੂਜੀ ਨੌਕਰੀ ਜਾਂ ਵਾਧੂ ਕੰਮ ਦੇ ਘੰਟਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਕਈ ਵਾਰ ਲੋਕਾਂ ਨੂੰ ਮਕਾਨ ਦਾ ਕਿਰਾਇਆ, ਬੱਚਿਆਂ ਦੀ ਦੇਖਭਾਲ, ਖਾਣ-ਪੀਣ ਅਤੇ ਹੋਰ ਜ਼ਰੂਰੀ ਖ਼ਰਚਿਆਂ ਵਿੱਚੋਂ ਕਿਸੇ ਇੱਕ ਨੂੰ ਤਰਜੀਹ ਦੇਣੀ ਪੈਂਦੀ ਹੈ।
ਮਾਹਿਰਾਂ ਅਨੁਸਾਰ ਘੱਟੋ-ਘੱਟ ਤਨਖ਼ਾਹ ਨੂੰ ਜੀਵਨ ਦੀ ਅਸਲ ਲਾਗਤ ਦੇ ਅਨੁਕੂਲ ਬਣਾਉਣ ਦੀ ਲੋੜ ਹੈ। ਜੇਕਰ ਤਨਖ਼ਾਹਾਂ ਵਿੱਚ ਮਹਿੰਗਾਈ ਦੇ ਮੁਕਾਬਲੇ ਵਾਧਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਮਿਹਨਤ ਕਰਨ ਵਾਲੇ ਲੋਕਾਂ ਲਈ ਸਿਰਫ਼ ਰੁਜ਼ਗਾਰ ਹੋਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਕਮਾਈ ਇੰਨੀ ਵੀ ਹੋਣੀ ਚਾਹੀਦੀ ਹੈ ਕਿ ਉਹ ਬਿਨਾਂ ਆਰਥਿਕ ਤਣਾਅ ਦੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।