- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰਨੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਵੱਲੋਂ ਪੇਸ਼ ਕੀਤੀਆਂ ਕਿਸੇ ਵੀ ਸ਼ਰਤਾਂ ਨੂੰ ਬਿਨਾਂ ਸੋਚੇ-ਸਮਝੇ ਸਵੀਕਾਰ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਈ ਲੋਕਾਂ ਦਾ ਵਿਚਾਰ ਹੈ ਕਿ ਕੈਨੇਡਾ ਨੂੰ ਜੋ ਵੀ ਸਮਝੌਤਾ ਮਿਲ ਰਿਹਾ ਹੈ, ਉਹ ਮੰਨ ਲੈਣਾ ਚਾਹੀਦਾ ਹੈ, ਪਰ ਉਨ੍ਹਾਂ ਦੀ ਸਰਕਾਰ ਅਜਿਹਾ ਨਹੀਂ ਕਰੇਗੀ।

ਬਲਜਿੰਦਰ ਸੇਖਾ, ਟੋਰਾਂਟੋ : ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਵਿੱਚ ਤਰੱਕੀ ਹੋ ਰਹੀ ਹੈ, ਪਰ ਕੈਨੇਡਾ ਅਜਿਹਾ ਕੋਈ ਸਮਝੌਤਾ ਸਵੀਕਾਰ ਨਹੀਂ ਕਰੇਗਾ ਜੋ ਦੇਸ਼ ਦੇ ਆਟੋਮੋਬਾਈਲ ਉਦਯੋਗ ਦੇ ਭਵਿੱਖ ਨੂੰ ਖਤਰੇ ਵਿੱਚ ਪਾਵੇ। ਇਹ ਗੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨੀਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਹੀ।
ਕਾਰਨੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਵੱਲੋਂ ਪੇਸ਼ ਕੀਤੀਆਂ ਕਿਸੇ ਵੀ ਸ਼ਰਤਾਂ ਨੂੰ ਬਿਨਾਂ ਸੋਚੇ-ਸਮਝੇ ਸਵੀਕਾਰ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਈ ਲੋਕਾਂ ਦਾ ਵਿਚਾਰ ਹੈ ਕਿ ਕੈਨੇਡਾ ਨੂੰ ਜੋ ਵੀ ਸਮਝੌਤਾ ਮਿਲ ਰਿਹਾ ਹੈ, ਉਹ ਮੰਨ ਲੈਣਾ ਚਾਹੀਦਾ ਹੈ, ਪਰ ਉਨ੍ਹਾਂ ਦੀ ਸਰਕਾਰ ਅਜਿਹਾ ਨਹੀਂ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੇ ਆਟੋ ਉਦਯੋਗ ਲਈ ਲੰਬੇ ਸਮੇਂ ਤੱਕ ਟਿਕਾਊ ਅਤੇ ਮਜ਼ਬੂਤ ਭਵਿੱਖ ਯਕੀਨੀ ਬਣਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ।
ਉਨ੍ਹਾਂ ਦੱਸਿਆ ਕਿ ਵਪਾਰਕ ਗੱਲਬਾਤ ਵਿੱਚ ਆਟੋ ਉਦਯੋਗ ਸਭ ਤੋਂ ਮੁਸ਼ਕਲ ਮੁੱਦਿਆਂ ਵਿੱਚੋਂ ਇੱਕ ਹੈ, ਪਰ ਇਸ ਮਾਮਲੇ ਵਿੱਚ ਵੀ ਤਰੱਕੀ ਹੋ ਰਹੀ ਹੈ। ਕਾਰਨੀ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਹਫ਼ਤੇ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਲੰਬੀ ਅਤੇ ਮਹੱਤਵਪੂਰਨ ਗੱਲਬਾਤ ਹੋਈ ਹੈ। ਇਸ ਗੱਲਬਾਤ ਵਿੱਚ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਅਤੇ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਸਟੀਫਨ ਮਿਲਰ ਵੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਵਿੱਚ ਅਮਰੀਕਾ ਵੱਲੋਂ ਆਖਰੀ ਸਮੇਂ ਰੱਖੀਆਂ ਗਈਆਂ ਨਵੀਆਂ ਮੰਗਾਂ ਕਾਰਨ ਕੈਨੇਡਾ ਨੇ ਰਸਮੀ ਵਪਾਰਕ ਗੱਲਬਾਤ ਮੁਅੱਤਲ ਕਰ ਦਿੱਤੀ ਸੀ। ਕੈਨੇਡਾ ਦਾ ਕਹਿਣਾ ਸੀ ਕਿ ਇਹ ਮੰਗਾਂ ਦੇਸ਼ ਦੇ ਆਟੋ, ਸਟੀਲ ਅਤੇ ਐਲੂਮੀਨੀਅਮ ਉਦਯੋਗਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਸਨ।
ਕਾਰਨੀ ਨੇ ਕਿਹਾ ਕਿ ਉੱਤਰੀ ਅਮਰੀਕਾ ਦਾ ਆਟੋ ਉਦਯੋਗ ਦੋਵਾਂ ਦੇਸ਼ਾਂ ਨਾਲ ਡੂੰਘੇ ਤੌਰ ’ਤੇ ਜੁੜਿਆ ਹੋਇਆ ਹੈ। ਇਸ ਲਈ ਇੱਕ ਸਥਿਰ ਵਪਾਰਕ ਸਬੰਧ ਕੈਨੇਡਾ ਅਤੇ ਅਮਰੀਕਾ ਦੋਵਾਂ ਦੇ ਮਜ਼ਦੂਰਾਂ, ਕੰਪਨੀਆਂ ਅਤੇ ਵਾਹਨ ਨਿਰਮਾਤਾਵਾਂ ਦੇ ਹਿੱਤ ਵਿੱਚ ਹੋਵੇਗਾ।
ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਕੈਨੇਡਾ ਵਪਾਰਕ ਸਮਝੌਤੇ ਲਈ ਗੱਲਬਾਤ ਜਾਰੀ ਰੱਖਣਾ ਚਾਹੁੰਦਾ ਹੈ, ਪਰ ਆਪਣੇ ਉਦਯੋਗਾਂ ਅਤੇ ਕਾਮਿਆਂ ਦੇ ਹਿੱਤਾਂ ਦੀ ਕੀਮਤ ’ਤੇ ਕੋਈ ਸਮਝੌਤਾ ਨਹੀਂ ਕਰੇਗਾ।