- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਦੇ ਸੂਬੇ ਕਿਊਬੈਕ ਵਿੱਚ ਧਾਰਮਿਕ ਆਜ਼ਾਦੀ ਅਤੇ ਧਰਮ ਨਿਰਪੱਖਤਾ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸੂਬੇ ਦੀ ਪਾਰਟੀ ਕਿਊਬੇਕੋਆ (Parti Québécois) ਦੀ ਸਰਕਾਰ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਧਾਰਮਿਕ ਚਿੰਨ੍ਹ ਪਹਿਨਣ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ।

ਬਲਜਿੰਦਰ ਸੇਖਾ, ਟੋਰਾਂਟੋ: ਕੈਨੇਡਾ ਦੇ ਸੂਬੇ ਕਿਊਬੈਕ ਵਿੱਚ ਧਾਰਮਿਕ ਆਜ਼ਾਦੀ ਅਤੇ ਧਰਮ ਨਿਰਪੱਖਤਾ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸੂਬੇ ਦੀ ਪਾਰਟੀ ਕਿਊਬੇਕੋਆ (Parti Québécois) ਦੀ ਸਰਕਾਰ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਧਾਰਮਿਕ ਚਿੰਨ੍ਹ ਪਹਿਨਣ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ।
ਕਿਊਬੈਕ ਦੇ ਨਵੇਂ ਸਿੱਖਿਆ ਮੰਤਰੀ ਜੋਏਲ ਆਰਸੇਨੋ (Joël Arseneau) ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਇਸ ਪ੍ਰਸਤਾਵ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਇਸ ਨੂੰ ਚੋਣਾਂ ਦੌਰਾਨ ਕੀਤਾ ਗਿਆ ਵਾਅਦਾ ਦੱਸਦਿਆਂ ਕਿਹਾ ਕਿ ਇਹ ਫ਼ੈਸਲਾ ‘ਗੈਰ-ਸਮਝੌਤਾਯੋਗ’ ਹੈ ਅਤੇ ਸਰਕਾਰ ਇਸ ਨੂੰ ਲਾਗੂ ਕਰਨ ਲਈ ਕੰਮ ਕਰੇਗੀ।
ਪ੍ਰਸਤਾਵਿਤ ਕਾਨੂੰਨ ਤਹਿਤ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਹਿਜਾਬ, ਸਿੱਖ ਪੱਗ, ਕਿੱਪਾ, ਕਰਾਸ ਅਤੇ ਕਰੂਸੀਫਿਕਸ ਵਰਗੇ ਧਾਰਮਿਕ ਚਿੰਨ੍ਹ ਪਹਿਨ ਕੇ ਸਕੂਲ ਨਹੀਂ ਆ ਸਕਣਗੇ।
ਸੂਬੇ ਦੇ ਪ੍ਰੀਮੀਅਰ ਪੌਲ ਸੇਂਟ-ਪੀਅਰ ਪਲਾਮੋਂਦੋਂ (Paul St-Pierre Plamondon) ਨੇ ਪਹਿਲਾਂ ਦਲੀਲ ਦਿੱਤੀ ਸੀ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਧਾਰਮਿਕ ਵਖਰੇਵਿਆਂ ਤੋਂ ਦੂਰ ਰੱਖ ਕੇ ਇਕੱਠੇ ਪੜ੍ਹਨ ਅਤੇ ਖੇਡਣ ਦਾ ਮਾਹੌਲ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਪਾਬੰਦੀ ਦੀ ਤੁਲਨਾ ਸਕੂਲਾਂ ਦੀ ਵਰਦੀ ਨਾਲ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਕਿਊਬੈਕ ਵਿੱਚ ਪਹਿਲਾਂ ਹੀ ਬਿੱਲ-21 ਤਹਿਤ ਅਧਿਆਪਕਾਂ ਅਤੇ ਕੁਝ ਸਰਕਾਰੀ ਅਹੁਦਿਆਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਧਾਰਮਿਕ ਚਿੰਨ੍ਹ ਪਹਿਨਣ ’ਤੇ ਪਾਬੰਦੀ ਲਾਗੂ ਹੈ। ਇਹ ਕਾਨੂੰਨ ਇਸ ਸਮੇਂ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਸਬੰਧੀ ਫ਼ੈਸਲਾ ਆਉਣ ਦੀ ਉਮੀਦ ਹੈ।
ਇਸ ਨਵੇਂ ਪ੍ਰਸਤਾਵ ਨੇ ਧਾਰਮਿਕ ਆਜ਼ਾਦੀ, ਬੱਚਿਆਂ ਦੇ ਅਧਿਕਾਰਾਂ ਅਤੇ ਬਹੁ-ਸੱਭਿਆਚਾਰਕ ਸਮਾਜ ਵਿੱਚ ਧਾਰਮਿਕ ਪਛਾਣ ਦੀ ਅਹਿਮੀਅਤ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਹੈ। ਵੱਖ-ਵੱਖ ਧਾਰਮਿਕ ਸੰਗਠਨਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਕਿਊਬੈਕ ਦੀ ਵਿਧਾਨ ਸਭਾ ਦਾ ਅਗਲਾ ਸੈਸ਼ਨ 17 ਨਵੰਬਰ ਤੋਂ ਸ਼ੁਰੂ ਹੋਣਾ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਪ੍ਰਸਤਾਵ ਨੂੰ ਕਾਨੂੰਨ ਬਣਾਉਣ ਲਈ ਅਜੇ ਕੋਈ ਨਿਸ਼ਚਿਤ ਸਮਾਂ-ਸਾਰਣੀ ਜਾਰੀ ਨਹੀਂ ਕੀਤੀ ਗਈ।
ਹੁਣ ਸਵਾਲ ਇਹ ਹੈ ਕਿ ਧਰਮ ਨਿਰਪੱਖਤਾ ਦੇ ਨਾਮ ’ਤੇ ਬੱਚਿਆਂ ਦੀ ਧਾਰਮਿਕ ਪਛਾਣ ਅਤੇ ਆਪਣੇ ਧਰਮ ਅਨੁਸਾਰ ਪਹਿਰਾਵਾ ਪਹਿਨਣ ਦੇ ਅਧਿਕਾਰ ਨੂੰ ਕਿੱਥੋਂ ਤੱਕ ਸੀਮਤ ਕੀਤਾ ਜਾ ਸਕਦਾ ਹੈ?