ਕੈਨੇਡਾ ਸਟੱਡੀ ਵੀਜ਼ਾ ਨੂੰ ਲੱਗੀ ਵੱਡੀ ਬ੍ਰੇਕ, ਸਖ਼ਤ ਇਮੀਗ੍ਰੇਸ਼ਨ ਨਿਯਮਾਂ ਤੇ ਰੁਜ਼ਗਾਰ ਦੀ ਅਨਿਸ਼ਚਿਤਤਾ ਕਾਰਨ ਘਟੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ, IRCC ਦੇ ਅੰਕੜਿਆਂ ਨੇ ਉਡਾਏ ਹੋਸ਼ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਸਤੰਬਰ 2026 ਦੇ ਅੰਤ ਤੱਕ ਕੈਨੇਡਾ ਵਿੱਚ ਕੁੱਲ 2,63,340 ਸਟੱਡੀ ਪਰਮਿਟ ਧਾਰਕਾਂ ਵਿੱਚੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 51,900 ਰਹਿ ਗਈ ਹੈ। ਜੇਕਰ ਸਾਲ ਦੀ ਆਖਰੀ ਤਿਮਾਹੀ ਵਿੱਚ ਵੀ ਇਹੀ ਰੁਝਾਨ ਜਾਰੀ ਰਹਿੰਦਾ ਹੈ ਤਾਂ 2026 ਦਾ ਅੰਕੜਾ 2017 ਤੋਂ ਬਾਅਦ ਸਭ ਤੋਂ ਘੱਟ ਹੋ ਸਕਦਾ ਹੈ।
Publish Date: Tue, 24 Nov 2026 12:14 PM (IST)
Updated Date: Tue, 24 Nov 2026 12:17 PM (IST)
ਨਿਰਮਲ ਸਿੰਘ ਮਾਨਸ਼ਾਹੀਆ, ਕੈਨੇਡਾ - ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਸਤੰਬਰ 2026 ਦੇ ਅੰਤ ਤੱਕ ਕੈਨੇਡਾ ਵਿੱਚ ਕੁੱਲ 2,63,340 ਸਟੱਡੀ ਪਰਮਿਟ ਧਾਰਕਾਂ ਵਿੱਚੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 51,900 ਰਹਿ ਗਈ ਹੈ। ਜੇਕਰ ਸਾਲ ਦੀ ਆਖਰੀ ਤਿਮਾਹੀ ਵਿੱਚ ਵੀ ਇਹੀ ਰੁਝਾਨ ਜਾਰੀ ਰਹਿੰਦਾ ਹੈ ਤਾਂ 2026 ਦਾ ਅੰਕੜਾ 2017 ਤੋਂ ਬਾਅਦ ਸਭ ਤੋਂ ਘੱਟ ਹੋ ਸਕਦਾ ਹੈ।
ਅੰਕੜਿਆਂ ਦੀ ਤੁਲਨਾ ਕਰੀਏ ਤਾਂ 2016 ਵਿੱਚ ਕੈਨੇਡਾ ਦੇ ਕੁੱਲ 2,64,270 ਸਟੱਡੀ ਪਰਮਿਟ ਧਾਰਕਾਂ ਵਿੱਚੋਂ 52,620 ਭਾਰਤੀ ਵਿਦਿਆਰਥੀ ਸਨ। ਇਸ ਤਰ੍ਹਾਂ ਮੌਜੂਦਾ ਸਥਿਤੀ ਪਿਛਲੇ ਦਸ ਸਾਲਾਂ ਦੇ ਮੁਕਾਬਲੇ ਕਾਫ਼ੀ ਵੱਡੀ ਤਬਦੀਲੀ ਵੱਲ ਇਸ਼ਾਰਾ ਕਰਦੀ ਹੈ।
2023 ਵਿੱਚ ਰਿਕਾਰਡ, ਫਿਰ ਤੇਜ਼ੀ ਨਾਲ ਕਮੀ
ਭਾਰਤੀ ਵਿਦਿਆਰਥੀਆਂ ਦੀ ਕੈਨੇਡਾ ਵਿੱਚ ਆਮਦ ਵਿੱਚ ਸਭ ਤੋਂ ਵੱਡਾ ਉਛਾਲ 2023 ਦੌਰਾਨ ਦੇਖਿਆ ਗਿਆ ਸੀ। ਉਸ ਸਾਲ ਭਾਰਤੀਆਂ ਨੂੰ ਰਿਕਾਰਡ 2,77,135 ਸਟੱਡੀ ਪਰਮਿਟ ਜਾਰੀ ਹੋਏ ਸਨ। ਪਰ ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਨੂੰ ਕੰਟਰੋਲ ਕਰਨ ਲਈ ਕਈ ਸਖ਼ਤ ਕਦਮ ਚੁੱਕੇ, ਜਿਸ ਕਾਰਨ ਪਰਮਿਟਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਕਮੀ ਆਈ। 2017 ਵਿੱਚ ਭਾਰਤੀ ਵਿਦਿਆਰਥੀਆਂ ਨੂੰ 82,935 ਸਟੱਡੀ ਪਰਮਿਟ ਜਾਰੀ ਹੋਏ ਸਨ, ਜਦਕਿ 2026 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਇਹ ਗਿਣਤੀ ਸਿਰਫ਼ 51,900 ਰਹੀ ਹੈ। ਇਹ ਗਿਰਾਵਟ ਕੈਨੇਡਾ ਦੀਆਂ ਬਦਲ ਰਹੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਦੇ ਘਟਦੇ ਮੌਕਿਆਂ ਦੋਵਾਂ ਨੂੰ ਦਰਸਾਉਂਦੀ ਹੈ। ਇਸਤੋਂ ਦੂਜੇ ਪਾਸੇ ਦੀ ਤਸਵੀਰ ਵੱਲ ਵੇਖੀਏ ਤਾਂ ਭਾਰਤ ਅਤੇ ਪਾਕਿਸਤਾਨ ਦੇ ਨਾਗਰਿਕਾਂ ਨੂੰ ਮਿਲ ਰਹੇ ਵਿਜ਼ਟਰ ਵੀਜ਼ਾ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।