ਕੈਨੇਡਾ ਸਰਕਾਰ ਦਾ ਵੱਡਾ ਐਕਸ਼ਨ: ਨਕਲੀ ਇਮੀਗ੍ਰੇਸ਼ਨ ਸਲਾਹਕਾਰਾਂ ’ਤੇ ਕੱਸਿਆ ਸ਼ਿਕੰਜਾ, $1.5 ਮਿਲੀਅਨ ਤੱਕ ਦੇ ਭਾਰੀ ਜੁਰਮਾਨੇ ਲਾਗੂ
ਇਹ ਨਿਯਮ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟਸ, ਵਕੀਲਾਂ ਅਤੇ ਹੋਰ ਅਧਿਕਾਰਤ ਨੁਮਾਇੰਦਿਆਂ ’ਤੇ ਵੀ ਲਾਗੂ ਹੁੰਦੇ ਹਨ, ਨਾਲ ਹੀ ਉਨ੍ਹਾਂ ’ਤੇ ਵੀ ਜੋ ਬਿਨਾਂ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਜਾਂ ਨਾਗਰਿਕਤਾ ਸੇਵਾਵਾਂ ਦੇ ਰਹੇ ਹਨ ਮਤਲਬ ਝੋਲਾਛਾਪ ਫਰਜ਼ੀ ਇਮੀਗ੍ਰੇਸ਼ਨ ਏਜੰਟ ਹਨ।
Publish Date: Fri, 30 Oct 2026 11:22 AM (IST)
Updated Date: Fri, 30 Oct 2026 11:26 AM (IST)
ਨਿਰਮਲ ਮਾਨਸ਼ਾਹੀਆ, ਪੰਜਾਬੀ ਜਾਗਰਣ, ਕੈਨੇਡਾ। ਫੈਡਰਲ ਲਿਬਰਲ ਸਰਕਾਰ ਨੇ ਉਨ੍ਹਾਂ ਲੋਕਾਂ ਵਿਰੁੱਧ ਨਵੇਂ ਮਾਲੀਆ ਜੁਰਮਾਨੇ ਲਾਗੂ ਕਰ ਦਿੱਤੇ ਹਨ ਜੋ ਬਿਨਾਂ ਮਾਨਤਾ ਪ੍ਰਾਪਤ ਹੋਣ ਦੇ ਬਾਵਜੂਦ ਇਮੀਗ੍ਰੇਸ਼ਨ ਜਾਂ ਨਾਗਰਿਕਤਾ ਲੈਣ ਸਬੰਧੀ ਸਲਾਹਕਾਰ ਬਣੇ ਹੋਏ ਹਨ ਜਾਂ ਅਰਜ਼ੀਕਰਤਾਵਾਂ ਨੂੰ ਜਾਣਬੁੱਝ ਕੇ ਗਲਤ ਜਾਂ ਗੁੰਮਰਾਹਕੁਨ ਜਾਣਕਾਰੀ ਦਿੰਦੇ ਹਨ।
28 ਅਕਤੂਬਰ 2026 ਤੋਂ ਲਾਗੂ, ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਗੈਰ-ਅਧਿਕਾਰਤ ਸਲਾਹਕਾਰਾਂ ਜਾਂ ਨੁਮਾਇੰਦਗੀ ਕਰਨ ਵਾਲੇ ਫਰਜ਼ੀ ਏਜੰਟਾਂ ਲਈ $5,000 ਤੋਂ ਸ਼ੁਰੂ ਹੋਕੇ $1.5 ਮਿਲੀਅਨ ਅਤੇ ਜਾਣਬੁੱਝ ਕੇ ਗਲਤ ਜਾਂ ਗੁੰਮਰਾਹਕੁਨ ਜਾਣਕਾਰੀ ਦੇਣ ਜਾਂ ਦੇਣ ਵਿੱਚ ਮਦਦ ਕਰਨ ਲਈ $15,000 ਤੱਕ ਦੇ ਜੁਰਮਾਨੇ ਲਾਗੂ ਕੀਤੇ ਹਨ।
ਜੇ ਉਸ ਗਲਤ ਜਾਣਕਾਰੀ ਦੇ ਆਧਾਰ ’ਤੇ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਵਾਧੂ ਜੁਰਮਾਨੇ ਲੱਗ ਸਕਦੇ ਹਨ ਅਤੇ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਲਈ ਰਕਮ ਵਧਦੀ ਜਾਵੇਗੀ, ਜਿਸਦੀ ਕੁੱਲ ਵੱਧ ਤੋਂ ਵੱਧ ਹੱਦ $1.5 ਮਿਲੀਅਨ ਹੈ।
ਇਹ ਨਿਯਮ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟਸ, ਵਕੀਲਾਂ ਅਤੇ ਹੋਰ ਅਧਿਕਾਰਤ ਨੁਮਾਇੰਦਿਆਂ ’ਤੇ ਵੀ ਲਾਗੂ ਹੁੰਦੇ ਹਨ, ਨਾਲ ਹੀ ਉਨ੍ਹਾਂ ’ਤੇ ਵੀ ਜੋ ਬਿਨਾਂ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਜਾਂ ਨਾਗਰਿਕਤਾ ਸੇਵਾਵਾਂ ਦੇ ਰਹੇ ਹਨ ਮਤਲਬ ਝੋਲਾਛਾਪ ਫਰਜ਼ੀ ਇਮੀਗ੍ਰੇਸ਼ਨ ਏਜੰਟ ਹਨ।
ਇਹ ਜੁਰਮਾਨੇ ਕੈਨੇਡਾ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ ’ਤੇ ਕੰਮ ਕਰਨ ਵਾਲਿਆਂ ’ਤੇ ਲਾਗੂ ਹਨ। ਨਵੀਂ ਵਿਵਸਥਾ ’ਚ ਜਾਂਚ ਦੌਰਾਨ ਲੋੜੀਂਦੇ ਦਸਤਾਵੇਜ਼ ਨਾ ਦੇਣ ’ਤੇ $10,000 ਦਾ ਬੁਨਿਆਦੀ ਜੁਰਮਾਨਾ ਵੀ ਸ਼ਾਮਲ ਹੈ। ਜੁਰਮਾਨੇ ਖਾਸ ਉਲੰਘਣਾ, ਅਰਜ਼ੀ ’ਤੇ ਹੋਣ ਵਾਲੇ ਪ੍ਰਭਾਵ, ਮਿਲੇ ਵਿੱਤੀ ਫਾਇਦੇ ਅਤੇ ਪਿਛਲੀਆਂ ਉਲੰਘਣਾਵਾਂ ਦੇ ਆਧਾਰ ’ਤੇ ਗਿਣੇ ਜਾਂਦੇ ਹਨ।
ਉਲੰਘਣਾ ਦਾ ਨੋਟਿਸ ਮਿਲਣ ਵਾਲਿਆਂ ਕੋਲ 30 ਦਿਨਾਂ ਦਾ ਸਮਾਂ ਹੁੰਦਾ ਹੈ ਭੁਗਤਾਨ ਕਰਨ ਜਾਂ ਸਮੀਖਿਆ ਦੀ ਮੰਗ ਵਾਸਤੇ ਬੇਨਤੀ ਕਰਨੀ ਹੈ ਉਸ ਲਈ। ਇੰਨਾ ਤਬਦੀਲੀਆਂ ਨਾਲ ਫ਼ਰਜ਼ੀਵਾੜੇ ਤੇ ਕਿੰਨਾ ਅਸਰ ਪਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ।