- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਕਿਸੇ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਸੰਵਿਧਾਨ ਦੇ ਚਾਰਟਰ ਵਿੱਚ ਦਿੱਤੇ ਅਧਿਕਾਰਾਂ ਨੂੰ ਪਾਸੇ ਕਰਨ ਵਾਲੀ ‘ਨੌਟਵਿਦਸਟੈਂਡਿੰਗ ਕਲੌਜ਼’ ਦੀ ਵਰਤੋਂ ਕਰਨਾ ਕਾਨੂੰਨੀ ਤੌਰ ’ਤੇ ਜਾਇਜ਼ ਹੈ। ਪਰ ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਇਸ ਧਾਰਾ ਦੀ ਵਰਤੋਂ ਦੇ ਬਾਵਜੂਦ ਅਦਾਲਤਾਂ ਇਹ ਫ਼ੈਸਲਾ ਕਰ ਸਕਦੀਆਂ ਹਨ ਕਿ ਕਿਸੇ ਕਾਨੂੰਨ ਨਾਲ ਚਾਰਟਰ ਦੇ ਕਿਹੜੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ।

ਨਿਰਮਲ ਸਿੰਘ ਮਾਨਸ਼ਾਹੀਆ, ਕਿਊਬੈਕ (ਕੈਨੇਡਾ) : ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫ਼ੈਸਲੇ ਵਿੱਚ ਕਿਊਬੈਕ ਦੇ ਧਰਮ ਨਿਰਪੱਖਤਾ ਕਾਨੂੰਨ, ਬਿੱਲ 21, ਨੂੰ ਬਰਕਰਾਰ ਰੱਖਿਆ ਹੈ। ਇਸ ਕਾਨੂੰਨ ਤਹਿਤ ਸਰਕਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਕੁਝ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਪਹਿਨਣ ਦੀ ਮਨਾਹੀ ਹੈ।
ਹਾਲਾਂਕਿ, ਅਦਾਲਤ ਨੇ ਕਾਨੂੰਨ ਦੇ ਉਸ ਹਿੱਸੇ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜਿਸ ਤਹਿਤ ਕਿਊਬੈਕ ਦੀ ਨੈਸ਼ਨਲ ਅਸੈਂਬਲੀ (ਵਿਧਾਨ ਸਭਾ) ਲਈ ਚੁਣੇ ਗਏ ਮੈਂਬਰਾਂ ਨੂੰ ਧਾਰਮਿਕ ਕਾਰਨਾਂ ਕਰਕੇ ਚਿਹਰਾ ਢੱਕਣ ਤੋਂ ਰੋਕਿਆ ਗਿਆ ਸੀ। ਅਦਾਲਤ ਨੇ ਕਿਹਾ ਕਿ ਇਹ ਪਾਬੰਦੀ ਲੋਕਾਂ ਦੇ ਲੋਕਤੰਤਰੀ ਹੱਕਾਂ ਦੀ ਉਲੰਘਣਾ ਕਰਦੀ ਹੈ।
ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਕਿਸੇ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਸੰਵਿਧਾਨ ਦੇ ਚਾਰਟਰ ਵਿੱਚ ਦਿੱਤੇ ਅਧਿਕਾਰਾਂ ਨੂੰ ਪਾਸੇ ਕਰਨ ਵਾਲੀ ‘ਨੌਟਵਿਦਸਟੈਂਡਿੰਗ ਕਲੌਜ਼’ ਦੀ ਵਰਤੋਂ ਕਰਨਾ ਕਾਨੂੰਨੀ ਤੌਰ ’ਤੇ ਜਾਇਜ਼ ਹੈ। ਪਰ ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਇਸ ਧਾਰਾ ਦੀ ਵਰਤੋਂ ਦੇ ਬਾਵਜੂਦ ਅਦਾਲਤਾਂ ਇਹ ਫ਼ੈਸਲਾ ਕਰ ਸਕਦੀਆਂ ਹਨ ਕਿ ਕਿਸੇ ਕਾਨੂੰਨ ਨਾਲ ਚਾਰਟਰ ਦੇ ਕਿਹੜੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਅਜਿਹੇ ਫ਼ੈਸਲੇ ਕਾਨੂੰਨ ਨੂੰ ਰੱਦ ਨਹੀਂ ਕਰਦੇ, ਸਗੋਂ ਗੈਰ-ਬੰਧਨਕਾਰੀ (ਨੌਨ-ਬਾਇੰਡਿੰਗ) ਐਲਾਨ ਹੁੰਦੇ ਹਨ, ਪਰ, ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ।
ਅਦਾਲਤ ਨੇ ਕਿਹਾ ਕਿ ਬਿੱਲ 21 ਲਾਗੂ ਕਰਦਿਆਂ ਕਿਊਬੈਕ ਦੀ ਵਿਧਾਨ ਸਭਾ ਨੇ ਕੈਨੇਡੀਅਨ ਚਾਰਟਰ ਔਫ਼ ਰਾਈਟਸ ਐਂਡ ਫਰੀਡਮਜ਼ ਦੀ ਧਾਰਾ 33 ਅਤੇ ਕਿਊਬੈਕ ਦੇ ਚਾਰਟਰ ਔਫ਼ ਹਿਊਮਨ ਰਾਈਟਸ ਐਂਡ ਫਰੀਡਮਜ਼ ਦੀ ਧਾਰਾ 52 ਤਹਿਤ ਮਿਲੀਆਂ ਵਿਸ਼ੇਸ਼ ਸ਼ਕਤੀਆਂ ਦੀ ਕਾਨੂੰਨੀ ਤੌਰ ’ਤੇ ਸਹੀ ਵਰਤੋਂ ਕੀਤੀ ਸੀ।
ਬਿੱਲ 21 ਨੂੰ ਅਦਾਲਤ ਵਿੱਚ ਚੁਣੌਤੀ ਦੇਣ ਵਾਲੇ ਸਮੂਹਾਂ ਨੇ ਦਲੀਲ ਦਿੱਤੀ ਸੀ ਕਿ ਇਹ ਕਾਨੂੰਨ ਮੁਸਲਿਮ ਔਰਤਾਂ ’ਤੇ ਵਧੇਰੇ ਅਸਰ ਪਾਉਂਦਾ ਹੈ ਅਤੇ ਇਸ ਤਰ੍ਹਾਂ ਮਰਦਾਂ ਤੇ ਔਰਤਾਂ ਵਿਚਾਲੇ ਬਰਾਬਰੀ ਦੇ ਉਸ ਅਧਿਕਾਰ ਦੀ ਉਲੰਘਣਾ ਕਰਦਾ ਹੈ, ਜਿਸ ਨੂੰ ‘ਨੌਟਵਿਦਸਟੈਂਡਿੰਗ ਕਲੌਜ਼’ ਰਾਹੀਂ ਪਾਸੇ ਨਹੀਂ ਕੀਤਾ ਜਾ ਸਕਦਾ।
ਹੇਠਲੀਆਂ ਅਦਾਲਤਾਂ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਸੀ ਅਤੇ ਹੁਣ ਸੁਪਰੀਮ ਕੋਰਟ ਨੇ ਵੀ ਇਸ ਨੂੰ ਸਵੀਕਾਰ ਨਹੀਂ ਕੀਤਾ।
ਸੁਪਰੀਮ ਕੋਰਟ ਨੇ ਕਿਹਾ ਕਿ ਚਾਰਟਰ ਦੀ ਧਾਰਾ 28, ਜੋ ਲਿੰਗਕ ਬਰਾਬਰੀ ਦੇ ਅਧਿਕਾਰ ਨਾਲ ਸਬੰਧਤ ਹੈ, ਦੀ ਭੂਮਿਕਾ ਦੂਜੇ ਅਧਿਕਾਰਾਂ ਦੀ ਵਿਆਖਿਆ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਨ ਤੱਕ ਸੀਮਤ ਹੈ। ਅਦਾਲਤ ਮੁਤਾਬਕ ਇਹ ਧਾਰਾ ਆਪਣੇ ਆਪ ਵਿੱਚ ਬਰਾਬਰੀ ਦਾ ਕੋਈ ਵੱਖਰਾ ਅਤੇ ਸੁਤੰਤਰ ਅਧਿਕਾਰ ਨਹੀਂ ਦਿੰਦੀ।
ਫ਼ੈਸਲੇ ਵਿੱਚ ਕਿਹਾ ਗਿਆ ਹੈ, ਧਾਰਾ 28 ਨੂੰ ਆਪਣੇ ਆਪ ਵਿੱਚ ਆਧਾਰ ਬਣਾ ਕੇ ਉਸ ਮਾਮਲੇ ਵਿੱਚ ਦਾਅਵਾ ਨਹੀਂ ਕੀਤਾ ਜਾ ਸਕਦਾ, ਜਿੱਥੇ ਕੋਈ ਕਾਨੂੰਨ ਜਾਂ ਸਰਕਾਰੀ ਕਾਰਵਾਈ ਔਰਤਾਂ ਜਾਂ ਮਰਦਾਂ ਨਾਲ ਵਿਤਕਰਾ ਕਰਦੀ ਦਿਖਾਈ ਦਿੰਦੀ ਹੋਵੇ।
ਭਾਵੇਂ ਸੁਪਰੀਮ ਕੋਰਟ ਨੇ ਬਿੱਲ 21 ਦੇ ਜ਼ਿਆਦਾਤਰ ਹਿੱਸੇ ਬਰਕਰਾਰ ਰੱਖੇ ਹਨ, ਪਰ ਇਸ ਨੇ ਕਿਊਬੈਕ ਵਿਧਾਨ ਸਭਾ ਦੇ ਮੈਂਬਰਾਂ ’ਤੇ ਲਾਗੂ ਹੋਣ ਵਾਲੇ ਕਾਨੂੰਨ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਹੈ।
ਬਿੱਲ 21 ਦੀ ਧਾਰਾ 8 ਮੁਤਾਬਕ, ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਲਈ ਆਪਣਾ ਚਿਹਰਾ ਖੁੱਲ੍ਹਾ ਰੱਖਣਾ ਲਾਜ਼ਮੀ ਸੀ।
ਅਦਾਲਤ ਦੇ ਫ਼ੈਸਲੇ ਵਿੱਚ ਕਿਹਾ ਗਿਆ ਹੈ, ਧਾਰਾ 8 ਉਨ੍ਹਾਂ ਲੋਕਾਂ ਨੂੰ, ਜੋ ਨੈਸ਼ਨਲ ਅਸੈਂਬਲੀ ਲਈ ਚੁਣੇ ਗਏ ਹਨ ਅਤੇ ਜਿਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਕਾਰਨ ਉਨ੍ਹਾਂ ਲਈ ਚਿਹਰਾ ਢੱਕਣਾ ਲਾਜ਼ਮੀ ਹੈ, ਨੈਸ਼ਨਲ ਅਸੈਂਬਲੀ ਵਿੱਚ ਬੈਠਣ ਅਤੇ ਵਿਧਾਨਕ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਅਧਿਕਾਰ ਤੋਂ ਵਾਂਝਾ ਕਰਦੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਇਹ ਪਾਬੰਦੀ ਚਾਰਟਰ ਦੀ ਧਾਰਾ 3 ਦੀ ਉਲੰਘਣਾ ਕਰਦੀ ਹੈ। ਇਸ ਲਈ ਬਿੱਲ 21 ਦੀ ਇਹ ਧਾਰਾ ਕਾਨੂੰਨੀ ਤੌਰ ’ਤੇ ਬੇਅਸਰ ਹੈ ਅਤੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ।
ਚਾਰਟਰ ਦੀ ਧਾਰਾ 3 ਮੁਤਾਬਕ, ਹਰ ਕੈਨੇਡੀਅਨ ਨਾਗਰਿਕ ਨੂੰ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਯੋਗ ਹੋਣ ਦਾ ਅਧਿਕਾਰ ਹੈ। ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ ਉਨ੍ਹਾਂ ਸੰਗਠਨਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਇਸ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ। ਉੱਧਰ, ਇੰਗਲਿਸ਼ ਮੌਂਟਰੀਅਲ ਸਕੂਲ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਉਹ ਇਸ ਫ਼ੈਸਲੇ ਤੋਂ ਬਹੁਤ ਨਿਰਾਸ਼ ਹਨ।
ਕਈ ਸਿਆਸਤਦਾਨਾਂ ਨੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿੱਚ ਬਲੌਕ ਕਿਊਬੈਕਵਾ ਦੇ ਲੀਡਰ ਈਵ-ਫ਼੍ਰੈਂਸੁਆ ਬਲੌਂਸ਼ੇ ਅਤੇ ਕੰਜ਼ਰਵੇਟਿਵ ਪਾਰਟੀ ਔਫ਼ ਕਿਊਬੈਕ ਦੇ ਲੀਡਰ ਐਰਿਕ ਡੁਹੀਮ ਵੀ ਸ਼ਾਮਲ ਹਨ। ਕਿਊਬੈਕ ਦੇ ਸਾਬਕਾ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਔਨਲਾਈਨ ਪੋਸਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਵਿਰਾਸਤ ’ਤੇ ਬਹੁਤ ਮਾਣ ਹੈ।