ਆਸਟ੍ਰੇਲੀਆ: ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਵਿਖੇ ਨਤਮਸਤਕ ਹੋਏ ਵਿਕਟੋਰੀਆ ਦੇ ਪ੍ਰੀਮੀਅਰ ਜੈਸਿੰਟਾ ਐਲਨ ਮੈਲਬੌਰਨ ਦੇ ਪੱਛਮੀ ਇਲਾਕੇ ਪਲੰਪਟਨ ਵਿੱਚ ਸਥਿਤ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਵਿਖੇ ਵਿਕਟੋਰੀਆ ਦੀ ਪ੍ਰੀਮੀਅਰ( ਮੁੱਖ ਮੰਤਰੀ) ਜੈਸਿੰਟਾ ਐਲਨ ਅੱਜ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਿੱਖ ਇਤਿਹਾਸ, ਸਿੱਖ ਪਰੰਪਰਾਵਾਂ ਅਤੇ ਦਲ ਬਾਬਾ ਬਿਧੀ ਚੰਦ ਜੀ ਦੀ ਸੰਪਰਦਾ ਬਾਰੇ ਜਾਣਕਾਰੀ ਹਾਸਲ ਕੀਤੀ।
Publish Date: Thu, 16 Jul 2026 03:30 PM (IST)
Updated Date: Thu, 16 Jul 2026 03:32 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਪੰਜਾਬੀ ਜਾਗਰਣ, ਮੈਲਬੌਰਨ – ਮੈਲਬੌਰਨ ਦੇ ਪੱਛਮੀ ਇਲਾਕੇ ਪਲੰਪਟਨ ਵਿੱਚ ਸਥਿਤ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਵਿਖੇ ਵਿਕਟੋਰੀਆ ਦੀ ਪ੍ਰੀਮੀਅਰ( ਮੁੱਖ ਮੰਤਰੀ) ਜੈਸਿੰਟਾ ਐਲਨ ਅੱਜ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਿੱਖ ਇਤਿਹਾਸ, ਸਿੱਖ ਪਰੰਪਰਾਵਾਂ ਅਤੇ ਦਲ ਬਾਬਾ ਬਿਧੀ ਚੰਦ ਜੀ ਦੀ ਸੰਪਰਦਾ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਸੰਸਥਾ ਵਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਸਿੱਖਿਆ, ਖੇਡਾਂ, ਭਾਈਚਾਰਕ ਸਾਂਝ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੁਸ਼ਫਾਇਰ, ਕੋਰੋਨਾ ਮਹਾਂਮਾਰੀ ਅਤੇ ਹੋਰ ਸੰਕਟ ਦੀਆਂ ਘੜੀਆਂ ਦੌਰਾਨ ਸੰਸਥਾ ਨੇ ਲੋੜਵੰਦਾਂ ਦੀ ਬਾਂਹ ਫੜਦਿਆਂ ਭਾਈਚਾਰੇ ਦੀ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਮੌਕੇ ਲੇਬਰ ਪਾਰਟੀ ਦੇ ਵਿਕਟੋਰੀਆ ਦੇ ਪ੍ਰਧਾਨ ਅਤੇ ਆਉਣ ਵਾਲੀਆਂ ਸੂਬਾਈ ਚੋਣਾਂ ਵਿੱਚ ਸਿਡਨਹੈਮ ਹਲਕੇ ਤੋਂ ਉਮੀਦਵਾਰ ਯੂਰਸ ਰੈਸਕ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਨੇ ਵੀ ਸੰਗਤ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।ਇਸ ਉਪਰੰਤ ਸੰਸਥਾ ਦੇ ਸੇਵਾਦਾਰਾਂ ਵੱਲੋਂ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਯੂਰਸ ਰੈਸਕ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕਰਕੇ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ।
ਇਸ ਦੌਰਾਨ ਪ੍ਰੀਮੀਅਰ ਨੇ ਲੰਗਰ ਦੀ ਸੇਵਾ ਵਿੱਚ ਸ਼ਿਰਕਤ ਕੀਤੀ ਅਤੇ ਮੌਜੂਦਾ ਲੰਗਰ ਹਾਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਉਸਾਰੇ ਜਾ ਰਹੇ ਨਵੇਂ ਲੰਗਰ ਹਾਲ ਅਤੇ ਆਧੁਨਿਕ ਰਸੋਈ ਘਰ ਦੇ ਨਿਰਮਾਣ ਕਾਰਜਾਂ ਦਾ ਵੀ ਜਾਇਜ਼ਾ ਲਿਆ ਅਤੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਪ੍ਰੀਮੀਅਰ ਨੇ ਗੁਰਦੁਆਰਾ ਸਾਹਿਬ ਵਿਖੇ ਸਥਾਪਤ ਖਾਲਸਾ ਛਾਉਣੀ ਖੇਡ ਕਲੱਬ ਦੇ ਘਰੇਲੂ ਖੇਡ ਮੈਦਾਨ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕਲੱਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਪ੍ਰੀਮੀਅਰ ਨੇ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਇਸ ਦੌਰਾਨ ਵਿਕਟੋਰੀਆ ਵਿੱਚ ਵੱਸਦੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਮਹੱਤਵਪੂਰਨ ਮੁੱਦੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਗਏ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੀ ਕਈ ਸੁਝਾਅ ਸਾਂਝੇ ਕੀਤੇ। ਪ੍ਰੀਮੀਅਰ ਨੇ ਸੰਗਤ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆਂ ਉਨ੍ਹਾਂ ਦੇ ਸੁਝਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਅਤੇ ਸਥਾਨਕ ਮਾਪਿਆਂ ਵੱਲੋਂ ਸਥਾਪਤ ਸੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਪ੍ਰੀਮੀਅਰ ਜੈਸਿੰਟਾ ਐਲਨ ਨਾਲ ਵਿਸ਼ੇਸ਼ ਤੋਰ ਤੇ ਮੁਲਾਕਾਤ ਕੀਤੀ। ਇਸ ਸਮਾਗਮ ਨੂੰ ਸਫਲ ਕਰਨ ਵਿੱਚ ਬਲਵਿੰਦਰ ਸਿੰਘ ਲਾਲੀ, ਅਵਤਾਰ ਸਿੰਘ ਕਰੇਗੀਬਰਨ, ਕੈਪਟਨ ਦਰਬਾਰਾ ਸਿੰਘ ਅਤੇ ਸ੍ਰ. ਗੁਰਦੇਵ ਸਿੰਘ ਸਮੇਤ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।