- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
12 ਸਤੰਬਰ 1897 ਨੂੰ ਲੜੀ ਗਈ ਸਾਰਾਗੜ੍ਹੀ ਦੀ ਜੰਗ ਦੁਨੀਆ ਦੇ ਸੈਨਿਕ ਇਤਿਹਾਸ ’ਚ ਬਹਾਦਰੀ, ਦ੍ਰਿੜ੍ਹਤਾ ਤੇ ਕੁਰਬਾਨੀ ਦੀ ਵਿਲੱਖਣ ਮਿਸਾਲ ਵਜੋਂ ਦਰਜ ਹੈ। 21 ਸਿੱਖ ਸੈਨਿਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਖ਼ਰੀ ਸਾਹ ਤੱਕ ਮੋਰਚਾ ਸੰਭਾਲਿਆ।

ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ/ਸਿਡਨੀ : ਸਾਰਾਗੜ੍ਹੀ ਦੀ ਇਤਿਹਾਸਕ ਜੰਗ ’ਚ ਹਜ਼ਾਰਾਂ ਅਫ਼ਗਾਨ ਹਮਲਾਵਰਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ 21 ਸਿੱਖ ਸੈਨਿਕਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਿਡਨੀ ਦੇ ਗਲੈਨਵੁਡ ਸਥਿਤ ਐਨਜ਼ੈਕ ਸਿੱਖ ਵਾਰ ਮੈਮੋਰੀਅਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਸੈਂਕੜੇ ਲੋਕਾਂ ਨੇ ਇਕੱਤਰ ਹੋ ਕੇ ਮਹਾਨ ਸਿੱਖ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
12 ਸਤੰਬਰ 1897 ਨੂੰ ਲੜੀ ਗਈ ਸਾਰਾਗੜ੍ਹੀ ਦੀ ਜੰਗ ਦੁਨੀਆ ਦੇ ਸੈਨਿਕ ਇਤਿਹਾਸ ’ਚ ਬਹਾਦਰੀ, ਦ੍ਰਿੜ੍ਹਤਾ ਤੇ ਕੁਰਬਾਨੀ ਦੀ ਵਿਲੱਖਣ ਮਿਸਾਲ ਵਜੋਂ ਦਰਜ ਹੈ। 21 ਸਿੱਖ ਸੈਨਿਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਖ਼ਰੀ ਸਾਹ ਤੱਕ ਮੋਰਚਾ ਸੰਭਾਲਿਆ। ਉਨ੍ਹਾਂ ਦੀ ਅਦੁੱਤੀ ਬਹਾਦਰੀ ਅੱਜ ਵੀ ਦੁਨੀਆ ਭਰ ’ਚ ਸਤਿਕਾਰ ਨਾਲ ਯਾਦ ਕੀਤੀ ਜਾਂਦੀ ਹੈ।
ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਹਸਰਤ ਸੰਧਰ ਨੇ ਆਸਟ੍ਰੇਲੀਆ ਦੇ ਮੂਲ ਵਸਨੀਕਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕੀਤੀ। ਇਸ ਉਪਰੰਤ ਬੱਚਿਆਂ ਵੱਲੋਂ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ ਤੇ ਦਵਿੰਦਰ ਸਿੰਘ ਧਾਰੀਆ ਨੇ ‘ਦੇਹ ਸਿਵਾ ਬਰ ਮੋਹਿ ਇਹੈ’ ਸ਼ਬਦ ਗਾਇਨ ਕੀਤਾ ਪ੍ਰਬੰਧਕ ਹਰਕੀਰਤ ਸਿੰਘ ਸੰਧਰ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਹੀਦਾਂ ਦੀ ਯਾਦ ਰੀਥ ਸਰਵਿਸ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ, ਪਰਿਵਾਰਾਂ ਤੇ ਭਾਈਚਾਰੇ ਦੇ ਲੋਕਾਂ ਨੇ ਮੈਮੋਰੀਅਲ ਵਿਖੇ ਫੁੱਲ ਭੇਟ ਕਰਕੇ ਸ਼ਹੀਦ ਸਿੱਖ ਸੈਨਿਕਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕੀਤਾ।
ਸਮਾਗਮ ਦੌਰਾਨ ਮਹਿੰਗਾ ਸਿੰਘ ਖੱਖ, ਹਰਮੀਕ ਸਿੰਘ, ਸੁਖਮਨਦੀਪ ਕੌਰ, ਖਾਹਿਸ਼ ਕਾਹਲੋਂ, ਸੁਰਿੰਦਰ ਸਿੰਘ ਸੋਹੀ, ਜੀਵਨ ਸਿੰਘ ਦੁਸਾਂਝ, ਅਧਿਆਪਕ ਕਰਮਜੀਤ ਕੌਰ, ਗੋਬਿੰਦ ਸਿੰਘ ਢਿੱਲੋਂ, ਕੁਲਵਿੰਦਰ ਜਗਰਾਓਂ, ਗਿਆਨੀ ਸੰਤੋਖ ਸਿੰਘ, ਗੁਰਜੰਟ ਸਿੰਘ ਖਹਿਰਾ, ਕਲਵੰਤ ਕੌਰ, ਚਰਨਜੀਤ ਸਿੰਘ ਅਟਵਾਲ ਤੇ ਬਲਵਿੰਦਰ ਸਿੰਘ ਰੂਬੀ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਸਿਰਫ਼ ਇੱਕ ਇਤਿਹਾਸਕ ਲੜਾਈ ਨਹੀਂ, ਸਗੋਂ ਹੌਸਲੇ, ਵਫ਼ਾਦਾਰੀ, ਫ਼ਰਜ਼ ਤੇ ਕੁਰਬਾਨੀ ਦੀ ਅਜਿਹੀ ਅਮਰ ਗਾਥਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ’ਚ ਵਸਦੀ ਨਵੀਂ ਪੀੜ੍ਹੀ ਨੂੰ ਸਿੱਖ ਸੈਨਿਕਾਂ ਦੇ ਇਤਿਹਾਸ ਤੇ ਵਿਸ਼ਵ ਯੁੱਧਾਂ ਦੌਰਾਨ ਪਾਏ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।
ਸਮਾਗਮ ’ਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਤੇ ਭਾਈਚਾਰਕ ਸੰਸਥਾਵਾਂ ਦੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੀ। ਸਾਰਿਆਂ ਨੇ ਇਕਜੁੱਟ ਹੋ ਕੇ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਲਾਸਾਨੀ ਬਹਾਦਰੀ ਨੂੰ ਸਿਜਦਾ ਕੀਤਾ। ਇਸ ਮੌਕੇ ਸਨੀ ਸਿੰਘ, ਹਰਮੋਹਨ ਬਾਲੀਆ, ਰਾਜਵੰਤ ਸਿੰਘ, ਹਰਿੰਦਰ ਸਿੰਘ ਤੇ ਸੁਰਿੰਦਰ ਮਾਣਕੂ ਸਮੇਤ ਹੋਰਨਾਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ’ਚ ਇਹ ਸਮਾਗਮ ਕਰਵਾਉਣ ਲਈ ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਨਰਿੰਦਰ ਸਿੰਘ ਚਾਰਲੀ ਤੇ ਪ੍ਰਿਤਪਾਲ ਸਿੰਘ ਨੇ ਵੀ ਸਮਾਗਮ ਦੌਰਾਨ ਆਪਣੀਆਂ ਸੇਵਾਵਾਂ ਨਿਭਾਈਆਂ।
ਪ੍ਰਬੰਧਕ ਦਵਿੰਦਰ ਸਿੰਘ ਧਾਰੀਆ ਤੇ ਹਰਕੀਰਤ ਸਿੰਘ ਸੰਧਰ ਨੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਮੁੱਖ ਉਦੇਸ਼ ਸਿੱਖ ਇਤਿਹਾਸ ਦੇ ਮਹਾਨ ਪੰਨਿਆਂ ਨੂੰ ਸੰਭਾਲਣਾ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ, ਤਾਂ ਜੋ ਬੱਚੇ ਆਪਣੇ ਵਿਰਸੇ, ਕੌਮ ਦੀਆਂ ਕੁਰਬਾਨੀਆਂ ਤੇ ਮਹਾਨ ਯੋਧਿਆਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਹੋ ਸਕਣ।