ਸ਼ੈਰੀ ਕਲਸੀ ਦਾ ਆਸਟ੍ਰੇਲੀਆ ਦੌਰਾ: ਬ੍ਰਿਸਬੇਨ 'ਚ ਪੰਜਾਬੀ ਭਾਈਚਾਰੇ ਨਾਲ ਕੀਤੀ ਮੁਲਾਕਾਤ, 2027 'ਚ ਮੁੜ 'ਆਪ' ਸਰਕਾਰ ਬਣਾਉਣ ਦਾ ਦਾਅਵਾ
ਇਹ ਮਿਲਣੀ ਕਮਰ ਬਾਲ ਜ਼ੈਲਦਾਰ, ਦਿਪਾਂਸ਼ੂ ਧੀਰ, ਜਗਤਾਰ ਗੋਰਾਇਆ ਅਤੇ ਮਨਬੀਰ ਮਾਂਗਟ ਵੱਲੋਂ ਆਯੋਜਤ ਕਰਵਾਈ ਗਈ। ਇਸ ਦੌਰਾਨ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਸਮੇਂ ਦੌਰਾਨ ਬਦਲਾਅ ਦੀ ਰਾਜਨੀਤੀ ਨੂੰ ਭਰਪੂਰ ਸਮਰਥਨ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਫ਼ੈਸਲਾ ਕਰਨਗੇ।
Publish Date: Tue, 08 Sep 2026 09:18 AM (IST)
Updated Date: Tue, 08 Sep 2026 09:21 AM (IST)
ਹਰਪ੍ਰੀਤ ਸਿੰਘ ਕੋਹਲੀ, ਪੰਜਾਬੀ ਜਾਗਰਣ, ਬ੍ਰਿਸਬੇਨ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਤੇ ਬਟਾਲਾ ਦੇ ਮੌਜੂਦਾ ਐੱਮ.ਐੱਲ.ਏ ਆਗੂ ਸ਼ੈਰੀ ਕਲਸੀ ਨੇ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਬ੍ਰਿਸਬੇਨ ਵਿਖੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਇਹ ਮਿਲਣੀ ਕਮਰ ਬਾਲ ਜ਼ੈਲਦਾਰ, ਦਿਪਾਂਸ਼ੂ ਧੀਰ, ਜਗਤਾਰ ਗੋਰਾਇਆ ਅਤੇ ਮਨਬੀਰ ਮਾਂਗਟ ਵੱਲੋਂ ਆਯੋਜਤ ਕਰਵਾਈ ਗਈ। ਇਸ ਦੌਰਾਨ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਸਮੇਂ ਦੌਰਾਨ ਬਦਲਾਅ ਦੀ ਰਾਜਨੀਤੀ ਨੂੰ ਭਰਪੂਰ ਸਮਰਥਨ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਫ਼ੈਸਲਾ ਕਰਨਗੇ।
ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਮੁੜ ਪੰਜਾਬ ਵਿੱਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦਾ ਪੰਜਾਬ ਨਾਲ ਡੂੰਘਾ ਜਜ਼ਬਾਤੀ ਅਤੇ ਸੱਭਿਆਚਾਰਕ ਰਿਸ਼ਤਾ ਹੈ। ਭਾਵੇਂ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋਣ, ਪਰ ਪੰਜਾਬ ਦੀ ਖੁਸ਼ਹਾਲੀ, ਨੌਜਵਾਨਾਂ ਦੇ ਭਵਿੱਖ ਅਤੇ ਸੂਬੇ ਦੀ ਆਰਥਿਕ ਤਰੱਕੀ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਬ੍ਰਿਸਬੇਨ ਵਿੱਚ ਹੋਈ ਇਸ ਮਿਲਣੀ ਦੌਰਾਨ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਵੀ ਸ਼ੈਰੀ ਕਲਸੀ ਨਾਲ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਪ੍ਰਵਾਸੀ ਪੰਜਾਬੀਆਂ ਨਾਲ ਜੁੜੇ ਮਸਲਿਆਂ ਅਤੇ ਸੂਬੇ ਦੇ ਭਵਿੱਖ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹਾਜ਼ਰ ਲੋਕਾਂ ਨੇ ਪੰਜਾਬ ਨਾਲ ਜੁੜੇ ਮੁੱਦਿਆਂ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ।
ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ, ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬ ਨੂੰ ਵਿਕਾਸ ਦੀ ਰਾਹ ’ਤੇ ਅੱਗੇ ਲਿਜਾਣਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਨਾਲ ਆਪਣਾ ਨਾਤਾ ਹੋਰ ਮਜ਼ਬੂਤ ਕਰਨ ਅਤੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਰਨਾਰਡ ਮਲਿਕ, ਗੁਰਪ੍ਰੀਤ ਬੱਲ, ਰੌਕੀ ਭੁੱਲਰ, ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਨੀਤ ਸਿੰਘ (ਰਾਜਾ), ਮਲਕੀਤ ਧਾਰੀਵਾਲ, ਲਖਬੀਰ ਬੱਲ, ਪ੍ਰਣਾਮ ਹੇਅਰ, ਅਵਨਿੰਦਰ ਸਿੰਘ ਲਾਲੀ ਤੇ ਬ੍ਰਿਸਬੇਨ ਵੱਸਦੇ ਪੰਜਾਬੀ ਭਾਈਚਾਰੇ ਦੇ ਆਗੂਆਂ, ਸਮਾਜਿਕ ਕਾਰਕੁਨਾਂ ਅਤੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਵੱਲੋਂ ਸ਼ੈਰੀ ਕਲਸੀ ਦਾ ਸਵਾਗਤ ਕੀਤਾ ਗਿਆ। ਮਿਲਣੀ ਦੌਰਾਨ ਪੰਜਾਬ ਅਤੇ ਪ੍ਰਵਾਸੀ ਭਾਈਚਾਰੇ ਨਾਲ ਸਬੰਧਤ ਕਈ ਮੁੱਦਿਆਂ ’ਤੇ ਸਾਰਥਕ ਵਿਚਾਰ-ਵਟਾਂਦਰਾ ਹੋਇਆ।