- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰਾਸਤ ਇੰਟਰਟੇਨਮੈਂਟ ਵੱਲੋਂ ਲੀਡਰ ਇੰਸਟੀਚਿਊਟ ਅਤੇ ਗ੍ਰਿਫਿਥ ਲੀਗਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਮੁੱਖ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ ਅਤੇ ਫ਼ਤਿਹ ਪ੍ਰਤਾਪ ਸਿੰਘ ਸਨ। ਲੀਡਰ ਇੰਸਟੀਚਿਊਟ ਵੱਲੋਂ ਡਾ. ਬਰਨਾਰਡ ਮਲਿਕ ਨੇ ਮੁੱਖ ਸਪਾਂਸਰ ਵਜੋਂ ਸਹਿਯੋਗ ਦਿੱਤਾ।

ਹਰਪ੍ਰੀਤ ਸਿੰਘ ਕੋਹਲੀ, ਪੰਜਾਬੀ ਜਾਗਰਣ, ਬ੍ਰਿਸਬੇਨ। ਮਾਂ-ਬੋਲੀ, ਪੰਜਾਬੀ ਸੱਭਿਆਚਾਰ, ਪਰਿਵਾਰਕ ਸਾਂਝ ਅਤੇ ਵਿਰਸੇ ਦੀ ਮਹਿਕ ਨੂੰ ਪਰਦੇਸਾਂ ਵਿੱਚ ਵੀ ਜਿਊਂਦਾ ਰੱਖਣ ਦੇ ਉਦੇਸ਼ ਨਾਲ ਕਰਵਾਇਆ ਗਿਆ ‘ਪੰਜਾਬੀ ਵਿਰਸਾ 2026’ ਸ਼ੋਅ ਬ੍ਰਿਸਬੇਨ ਦੇ ਸਲੀਮਨ ਸਪੋਰਟਸ ਕੰਪਲੈਕਸ ਵਿਖੇ ਯਾਦਗਾਰੀ ਸੱਭਿਆਚਾਰਕ ਸਮਾਗਮ ਹੋ ਨਿੱਬੜਿਆ।
ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਰਿਵਾਰਕ, ਸੱਭਿਆਚਾਰਕ ਅਤੇ ਉਸਾਰੂ ਗਾਇਕੀ ਰਾਹੀਂ ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਸਰੋਤਿਆਂ ਨੂੰ ਪੰਜਾਬ ਦੀ ਮਿੱਟੀ, ਪਿੰਡਾਂ ਦੀਆਂ ਗਲੀਆਂ, ਘਰਾਂ ਦੇ ਵਿਹੜਿਆਂ ਅਤੇ ਬਚਪਨ ਦੀਆਂ ਯਾਦਾਂ ਨਾਲ ਜੋੜ ਦਿੱਤਾ।
ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਨੇ ਪੰਜਾਬੀਅਤ ਦੀ ਰੂਹ ਨਾਲ ਜੁੜੀਆਂ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਚਾਰ ਚੰਨ ਲਾਏ। ‘ਇੱਕੋ ਘਰ ਨਹੀਂ ਜੰਮਣਾ ਮੁੜ ਟੱਬਰ ਦੇ ਜੀਆਂ ਨੇ’ ਵਰਗੇ ਗੀਤਾਂ ਨੇ ਪਰਿਵਾਰਕ ਰਿਸ਼ਤਿਆਂ ਅਤੇ ਭਰਾਵਾਂ ਦੇ ਪਿਆਰ ਦੀ ਮਹੱਤਤਾ ਉਜਾਗਰ ਕੀਤੀ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਸਮਰਪਿਤ ਗੀਤ ਨੇ ਸਰੋਤਿਆਂ ਵਿੱਚ ਦੇਸ਼-ਭਗਤੀ ਦਾ ਜਜ਼ਬਾ ਪੈਦਾ ਕੀਤਾ, ਜਦਕਿ ‘ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ’ ਨੇ ਸੰਘਰਸ਼ ਦੇ ਰਾਹ ’ਤੇ ਹੌਸਲੇ ਅਤੇ ਉਮੀਦ ਦਾ ਸੁਨੇਹਾ ਦਿੱਤਾ।

ਸੰਗਤਾਰ ਨੇ ਆਪਣੀ ਮਿੱਠੀ ਆਵਾਜ਼, ਸ਼ਾਇਰੀ ਅਤੇ ਵਿਲੱਖਣ ਸੰਗੀਤਕ ਅੰਦਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ‘ਮੈਥੋਂ ਈ-ਮੇਲਾ ਤੇਰੀਆਂ ਡੀਲੀਟ ਹੋ ਗਈਆਂ’ ਅਤੇ ‘ਗੱਲਾਂ ਕਰਿਆ ਕਰੂਗੀ ਚੈਟ ਜੀਪੀਟੀ ਦੇ ਨਾਲ’ ਵਰਗੀਆਂ ਪੇਸ਼ਕਾਰੀਆਂ ਰਾਹੀਂ ਉਨ੍ਹਾਂ ਨੇ ਆਧੁਨਿਕ ਤਕਨਾਲੋਜੀ ਅਤੇ ਬਦਲਦੇ ਸਮੇਂ ਦੀਆਂ ਭਾਵਨਾਵਾਂ ਨੂੰ ਪੰਜਾਬੀ ਅਹਿਸਾਸ ਨਾਲ ਜੋੜਿਆ।
ਕਮਲ ਹੀਰ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਪੰਜਾਬੀ ਨੌਜਵਾਨੀ, ਪੇਂਡੂ ਜੀਵਨ ਅਤੇ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗ ਪੇਸ਼ ਕੀਤੇ। ‘ਚਰਖਾ ਕੱਤਦੀ ਕੱਤਦੀ ਕੁੜੀਏ’, ‘ਪੇਂਡੂ ਜੱਟ ਪਾਉਣ ਭੰਗੜੇ’, ‘ਜਿੰਦੇ ਨੀ ਜਿੰਦੇ’, ‘ਟੌਪ ਦਾ ਸ਼ੌਕੀਨ ਮੁੰਡਾ’ ਅਤੇ ‘ਛੜਿਆਂ ਦੀ ਭਜਨ ਕੌਰੇ’ ਸਮੇਤ ਕਈ ਗੀਤਾਂ ਨੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਦਰਸ਼ਕਾਂ ਨੇ ਤਾੜੀਆਂ ਅਤੇ ਭੰਗੜੇ ਨਾਲ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਸੁਰਤਾਲ ਭੰਗੜਾ ਅਕੈਡਮੀ ਦੇ ਬੱਚਿਆਂ ਵੱਲੋਂ ਕੀਤੀ ਗਈ ਜੋਸ਼ੀਲੀ ਭੰਗੜਾ ਪੇਸ਼ਕਾਰੀ ਵੀ ਸਮਾਗਮ ਦਾ ਖਿੱਚ ਦਾ ਕੇਂਦਰ ਰਹੀ। ਬੱਚਿਆਂ ਨੇ ਆਪਣੀ ਕਲਾ ਰਾਹੀਂ ਪੰਜਾਬੀ ਲੋਕ-ਨਾਚ ਅਤੇ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਵਾਰਿਸ ਭਰਾਵਾਂ ਅਤੇ ਹਾਜ਼ਰ ਦਰਸ਼ਕਾਂ ਵੱਲੋਂ ਬੱਚਿਆਂ ਦੀ ਭਰਵੀਂ ਹੌਸਲਾ-ਅਫ਼ਜ਼ਾਈ ਕੀਤੀ ਗਈ। ਇਸ ਪੇਸ਼ਕਾਰੀ ਨੇ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਅਤੇ ਵਿਰਸੇ ਨਾਲ ਜੋੜਨ ਦਾ ਸੁਨੇਹਾ ਵੀ ਦਿੱਤਾ।
ਸਮਾਗਮ ਦੀ ਆਖ਼ਰੀ ਪੇਸ਼ਕਾਰੀ ਮਨਮੋਹਨ ਵਾਰਿਸ ਦੇ ਨਾਮ ਰਹੀ। ਉਨ੍ਹਾਂ ਨੇ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ‘ਖੁੱਲ੍ਹੇ ਖਾਤੇ ਰੱਖ ਯਾਰੀਆ ਲਾਉਣ ਨੂੰ’ ਅਤੇ ‘ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ’ ਵਰਗੇ ਗੀਤਾਂ ਨੇ ਪਰਦੇਸਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੇ ਘਰਾਂ ਦੇ ਵਿਹੜਿਆਂ, ਪਿੰਡਾਂ ਦੀਆਂ ਗਲੀਆਂ ਅਤੇ ਬਚਪਨ ਦੀਆਂ ਯਾਦਾਂ ਨਾਲ ਭਾਵੁਕ ਤੌਰ ’ਤੇ ਜੋੜ ਦਿੱਤਾ।
ਇਸ ਤੋਂ ਇਲਾਵਾ ‘ਮਿੱਤਰਾਂ ਨੂੰ ਮਾਰ ਗਿਆ ਨੀ ਸੱਤ ਰੰਗਾਂ ਲਿਸ਼ਕਾਰਾ’, ‘ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ’, ‘ਕੋਕਾ ਕਰਕੇ ਧੋਖਾ’, ‘ਲੋਕਲ ਚਲਾ ਲੈ ਟਰੱਕ ਸੋਹਣਿਆ’ ਅਤੇ ‘ਦੋ ਤਾਰਾ ਵੱਜਦਾ’ ਸਮੇਤ ਕਈ ਗੀਤਾਂ ਨੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ। ਸਰੋਤੇ ਦੇਰ ਰਾਤ ਤੱਕ ਤਾੜੀਆਂ, ਭੰਗੜੇ ਅਤੇ ਨੱਚਣ-ਟੱਪਣ ਰਾਹੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਰਹੇ।
‘ਪੰਜਾਬੀ ਵਿਰਸਾ 2026’ ਦਾ ਇਹ ਸੋਲਡ-ਆਊਟ ਸਮਾਗਮ ਸਿਰਫ਼ ਇੱਕ ਸੰਗੀਤਕ ਸ਼ਾਮ ਨਹੀਂ ਸੀ, ਸਗੋਂ ਪਰਦੇਸ ਵਿੱਚ ਪੰਜਾਬੀ ਬੋਲੀ, ਸੱਭਿਆਚਾਰ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਵੀ ਸੀ। ਵਾਰਿਸ ਭਰਾਵਾਂ ਦੀ ਗਾਇਕੀ ਦੀ ਵਿਸ਼ੇਸ਼ਤਾ ਰਹੀ ਹੈ ਕਿ ਉਹ ਮਨੋਰੰਜਨ ਦੇ ਨਾਲ-ਨਾਲ ਆਪਣੀ ਕਲਾ ਰਾਹੀਂ ਪਰਿਵਾਰਕ ਸਾਂਝ, ਸਮਾਜਿਕ ਸਰੋਕਾਰਾਂ ਅਤੇ ਪੰਜਾਬੀਅਤ ਨਾਲ ਜੁੜੇ ਜਜ਼ਬਾਤਾਂ ਨੂੰ ਵੀ ਉਭਾਰਦੇ ਹਨ।
ਬ੍ਰਿਸਬੇਨ ਦੀ ਧਰਤੀ ’ਤੇ ਹੋਇਆ ਇਹ ਯਾਦਗਾਰੀ ਸਮਾਗਮ ਇਸ ਗੱਲ ਦੀ ਗਵਾਹੀ ਬਣਿਆ ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਣ, ਉਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਹਮੇਸ਼ਾ ਵੱਸਦਾ ਰਹਿੰਦਾ ਹੈ। ਧਰਤੀ ਅਤੇ ਦੇਸ਼ ਬਦਲ ਸਕਦੇ ਹਨ, ਪਰ ਪੰਜਾਬੀ ਬੋਲੀ, ਪੰਜਾਬੀਅਤ ਅਤੇ ਵਿਰਸੇ ਦੀ ਮਹਿਕ ਪੀੜ੍ਹੀ ਦਰ ਪੀੜ੍ਹੀ ਆਪਣੀ ਪਛਾਣ ਕਾਇਮ ਰੱਖਦੀ ਰਹੇਗੀ।