ਵਿਕਟੋਰੀਆ ਦੀ ਪਾਰਲੀਮੈਂਟ 'ਚ ਪੰਮੀ ਬਾਈ ਦਾ ਵਿਸ਼ੇਸ਼ ਸਨਮਾਨ, ਆਈਪੀਐੱਲ ਦੀ ਤਰਜ਼ ’ਤੇ ਭੰਗੜਾ ਲੀਗ ਸ਼ੁਰੂ ਕਰਨ ਦੀ ਤਿਆਰੀ
ਉਨ੍ਹਾਂ ਮੁਤਾਬਕ ਇਸ ਉਪਰਾਲੇ ਲਈ ‘ਨੈਸ਼ਨਲ ਸਪੋਰਟਸ ਭੰਗੜਾ ਫੈਡਰੇਸ਼ਨ’ ਬਣਾਈ ਗਈ ਹੈ, ਜਿਸ ਰਾਹੀਂ ਭੰਗੜੇ ਦੇ ਖੇਡ ਵਾਲੇ ਸਰੂਪ ਨੂੰ ਮੁੜ ਸੁਰਜੀਤ ਕਰਨ ਅਤੇ ਨਵੀਂ ਪੀੜ੍ਹੀ ਲਈ ਇਸ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਪੈਦਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
Publish Date: Mon, 05 Oct 2026 10:47 AM (IST)
Updated Date: Mon, 05 Oct 2026 10:53 AM (IST)
ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ : ਆਸਟ੍ਰੇਲੀਆ ਦੇ ਦੌਰੇ ’ਤੇ ਆਏ ਪ੍ਰਸਿੱਧ ਪੰਜਾਬੀ ਲੋਕ ਗਾਇਕ ਅਤੇ ਭੰਗੜਾ ਕਲਾਕਾਰ ਪੰਮੀ ਬਾਈ ‘ਭੰਗੜਾ ਡਾਊਨ ਅੰਡਰ’ ਦੇ ਭੰਗੜਾ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰੇ ਦੌਰਾਨ ਮੈਲਬੌਰਨ ਸਥਿਤ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪੰਜਾਬੀ ਲੋਕ ਗਾਇਕੀ, ਲੋਕ ਕਲਾ ਅਤੇ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਲਈ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਸੰਸਦ ਮੈਂਬਰ ਲੀ ਟਾਰਲਾਮਿਸ ਓਏਐੱਮ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤਾ ਗਿਆ।
ਇਸ ਮੌਕੇ ਪੰਮੀ ਬਾਈ ਨੂੰ ਪਾਰਲੀਮੈਂਟ ਦਾ ਦੌਰਾ ਵੀ ਕਰਵਾਇਆ ਗਿਆ। ਸੰਸਦ ਮੈਂਬਰ ਲੀ ਟਾਰਲਾਮਿਸ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ, ਗਾਇਕੀ ਅਤੇ ਪੰਜਾਬੀ ਲੋਕ ਕਲਾ ਨਾਲ ਜੁੜੇ ਤਜਰਬੇ ਸਾਂਝੇ ਕੀਤੇ। ਪੰਮੀ ਬਾਈ ਨੇ ਇਸ ਸਨਮਾਨ ਲਈ ਸੰਸਦ ਮੈਂਬਰ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ, ਲੋਕ ਕਲਾ ਅਤੇ ਵਿਰਸੇ ਦੀ ਸੇਵਾ ਕਰਨਾ ਉਨ੍ਹਾਂ ਲਈ ਹਮੇਸ਼ਾ ਮਾਣ ਵਾਲੀ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਪੰਜਾਬੀ ਸੱਭਿਆਚਾਰ ਨੂੰ ਮਿਲਦਾ ਸਨਮਾਨ ਸਮੁੱਚੇ ਪੰਜਾਬੀ ਭਾਈਚਾਰੇ ਲਈ ਖੁਸ਼ੀ ਅਤੇ ਮਾਣ ਦਾ ਪਲ ਹੈ।
ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੰਮੀ ਬਾਈ ਨੇ ਦੱਸਿਆ ਕਿ ਉਹ ਜਲਦੀ ਹੀ ਆਈਪੀਐੱਲ ਦੀ ਤਰਜ਼ ’ਤੇ ਭੰਗੜਾ ਲੀਗ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਸ ਉਪਰਾਲੇ ਲਈ ‘ਨੈਸ਼ਨਲ ਸਪੋਰਟਸ ਭੰਗੜਾ ਫੈਡਰੇਸ਼ਨ’ ਬਣਾਈ ਗਈ ਹੈ, ਜਿਸ ਰਾਹੀਂ ਭੰਗੜੇ ਦੇ ਖੇਡ ਵਾਲੇ ਸਰੂਪ ਨੂੰ ਮੁੜ ਸੁਰਜੀਤ ਕਰਨ ਅਤੇ ਨਵੀਂ ਪੀੜ੍ਹੀ ਲਈ ਇਸ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਪੈਦਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਪੰਮੀ ਬਾਈ ਨੇ ਕਿਹਾ ਕਿ ਭੰਗੜਾ ਸਰੀਰਕ ਤੰਦਰੁਸਤੀ, ਫੁਰਤੀ, ਅਨੁਸ਼ਾਸਨ ਅਤੇ ਟੀਮ ਭਾਵਨਾ ਨਾਲ ਜੁੜੀ ਵਿਧਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ, 1953 ਵਿੱਚ ਭਾਜੀ ਮਨੋਹਰ, ਦੀਪਕ, ਉਸਤਾਦ ਭਾਨਾ ਰਾਮ ਸੁਨਾਮੀ, ਮੰਗਲ ਸੁਨਾਮੀ, ਦੀਪਕ ਬਰਦਰਜ਼, ਚਮਨ ਲਾਲ ਰਾਣਾ ਅਤੇ ਬਾਜ਼ੀਗਰ ਭਾਈਚਾਰੇ ਨੇ ਇਸ ਵਿਧਾ ਨੂੰ ਅੱਗੇ ਤੋਰਿਆ ਸੀ, ਜਿਸ ਵਿੱਚ ਖੇਡ ਅਤੇ ਭੰਗੜੇ ਦਾ ਸੁਮੇਲ ਸੀ। ਸਮੇਂ ਦੇ ਨਾਲ ਇਸ ਦਾ ਖੇਡ ਵਾਲਾ ਪੱਖ ਪਿੱਛੇ ਰਹਿ ਗਿਆ ਅਤੇ ਇਹ ਮੁੱਖ ਤੌਰ ’ਤੇ ਨਾਚ ਦੀ ਪੇਸ਼ਕਾਰੀ ਤੱਕ ਸੀਮਤ ਹੋ ਗਿਆ। ਹੁਣ ਉਨ੍ਹਾਂ ਦੀ ਕੋਸ਼ਿਸ਼ ਭੰਗੜੇ ਦੇ ਇਸ ਖੇਡ ਵਾਲੇ ਸਰੂਪ ਨੂੰ ਮੁੜ ਸੁਰਜੀਤ ਕਰਨ ਦੀ ਹੈ।
ਉਨ੍ਹਾਂ ਦੱਸਿਆ ਕਿ ਅਗਲੇ ਦੋ ਤੋਂ ਚਾਰ ਸਾਲਾਂ ਵਿੱਚ ਭਾਰਤ ਸਰਕਾਰ ਅੱਗੇ ਭੰਗੜੇ ਦੀ ਇਸ ਵਿਧਾ ਨੂੰ ਖੇਡ ਵਜੋਂ ਮਾਨਤਾ ਦੇਣ ਦੀ ਮੰਗ ਰੱਖਣ ਦਾ ਟੀਚਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਮਾਨਤਾ ਨਾਲ ਨੌਜਵਾਨਾਂ ਲਈ ਰੁਜ਼ਗਾਰ ਅਤੇ ਆਪਣੇ ਹੁਨਰ ਦੇ ਆਧਾਰ ’ਤੇ ਭਵਿੱਖ ਬਣਾਉਣ ਦੇ ਨਵੇਂ ਰਾਹ ਖੁੱਲ੍ਹ ਸਕਦੇ ਹਨ।
ਪ੍ਰਸਤਾਵਿਤ ‘ਸਪੋਰਟਸ ਭੰਗੜਾ ਲੀਗ’ ਬਾਰੇ ਗੱਲ ਕਰਦਿਆਂ ਪੰਮੀ ਬਾਈ ਨੇ ਕਿਹਾ ਕਿ ਜਿਵੇਂ ਕ੍ਰਿਕਟ, ਹਾਕੀ, ਕਬੱਡੀ ਅਤੇ ਹੋਰ ਖੇਡ ਲੀਗਾਂ ਵਿੱਚ ਖਿਡਾਰੀਆਂ ਨੂੰ ਮਿਹਨਤਾਨਾ ਮਿਲਦਾ ਹੈ, ਉਸੇ ਤਰ੍ਹਾਂ ਇਸ ਲੀਗ ਵਿੱਚ ਭੰਗੜਾ ਖਿਡਾਰੀਆਂ, ਕੋਚਾਂ ਅਤੇ ਜੱਜਾਂ ਨੂੰ ਵੀ ਉਨ੍ਹਾਂ ਦੀ ਭੂਮਿਕਾ ਅਨੁਸਾਰ ਮਿਹਨਤਾਨਾ ਦੇਣ ਦੀ ਯੋਜਨਾ ਹੈ। ਇਸ ਉਪਰਾਲੇ ਰਾਹੀਂ ਭੰਗੜੇ ਨਾਲ ਜੁੜੀ ਪ੍ਰਤਿਭਾ ਨੂੰ ਅਜਿਹਾ ਮੰਚ ਦੇਣ ਦੀ ਕੋਸ਼ਿਸ਼ ਹੋਵੇਗੀ, ਜਿੱਥੇ ਕਲਾ ਦੇ ਸਨਮਾਨ ਦੇ ਨਾਲ ਆਰਥਿਕ ਮੌਕੇ ਵੀ ਮਿਲਣ।
ਪੰਮੀ ਬਾਈ ਨੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਅਤੇ ਭੰਗੜਾ ਪ੍ਰੇਮੀਆਂ ਨੂੰ ਇਸ ਉਪਰਾਲੇ ਨਾਲ ਜੁੜਨ ਦਾ ਸੱਦਾ ਦਿੰਦਿਆਂ ਦੱਸਿਆ ਕਿ ਫੈਡਰੇਸ਼ਨ ਦੇ ਵੈੱਬ ਪੋਰਟਲ ’ਤੇ ਰਜਿਸਟ੍ਰੇਸ਼ਨ ਫਾਰਮ ਜਲਦੀ ਉਪਲਬਧ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਸ ਯਤਨ ਦਾ ਇੱਕ ਅਹਿਮ ਮਕਸਦ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਸਰੀਰਕ ਤੌਰ ’ਤੇ ਤੰਦਰੁਸਤ ਬਣਾਉਣਾ ਅਤੇ ਆਪਣੇ ਪੰਜਾਬੀ ਵਿਰਸੇ ਨਾਲ ਜੋੜਨਾ ਵੀ ਹੈ।
ਪੰਮੀ ਬਾਈ ਨੇ ਇਸ ਉਪਰਾਲੇ ਨੂੰ ਭੰਗੜੇ ਦੀ ਨੀਂਹ ਰੱਖਣ ਅਤੇ ਇਸ ਨੂੰ ਅੱਗੇ ਤੋਰਨ ਵਾਲੇ ਪੁਰਖਿਆਂ ਪ੍ਰਤੀ ਸਤਿਕਾਰ ਦੱਸਦਿਆਂ ਕਿਹਾ ਕਿ ਸੁਨਾਮ ਦੀ ਧਰਤੀ ’ਤੇ ਵੀ ਉਨ੍ਹਾਂ ਨੂੰ ਸਿਜਦਾ ਕੀਤਾ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਦੁਨੀਆ ਭਰ ਦੇ ਭੰਗੜਾ ਪ੍ਰੇਮੀ ਇਸ ਯਤਨ ਨਾਲ ਜੁੜਨਗੇ ਅਤੇ ਰਲ ਮਿਲ ਕੇ ਇਸ ਵਿਧਾ ਨੂੰ ਅੱਗੇ ਲਿਜਾਣ ਵਿੱਚ ਸਾਥ ਦੇਣਗੇ।
ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਹੋਏ ਇਸ ਸਨਮਾਨ ਮੌਕੇ ਕੁਲਬੀਰ ਕੈਮ, ਹਰਮਨਦੀਪ ਸਿੰਘ, ਤਨਵੀਰ ਬੇਦੀ ਅਤੇ ਪਰਮਸ਼ਿਵਰਾਜ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।