ਆਸਟ੍ਰੇਲੀਆਈ ਮਰਦਮਸ਼ੁਮਾਰੀ 'ਚ ਪੰਜਾਬੀਆਂ ਲਈ ਵੱਡਾ ਮੌਕਾ: ਮਾਂ ਬੋਲੀ 'ਪੰਜਾਬੀ' ਨੂੰ ਨੰਬਰ-1 ਬਣਾਉਣ ਲਈ ਛਿੜੀ ਵਿਸ਼ੇਸ਼ ਮੁਹਿੰਮ ਆਸਟ੍ਰੇਲੀਆ ਵਿੱਚ ਹਰ ਪੰਜ ਸਾਲ ਬਾਅਦ ਹੋਣ ਵਾਲੀ ਰਾਸ਼ਟਰੀ ਮਰਦਮਸ਼ੁਮਾਰੀ ਇਸ ਵਾਰ 11 ਅਗਸਤ 2026 ਨੂੰ ਹੋਣ ਜਾ ਰਹੀ ਹੈ। ਆਸਟ੍ਰੇਲੀਆਈ ਅੰਕੜਾ ਵਿਭਾਗ ਵੱਲੋਂ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ਦੇਸ਼ ਦੀ ਆਬਾਦੀ, ਭਾਸ਼ਾਈ, ਸਮਾਜਿਕ ਅਤੇ ਸੱਭਿਆਚਾਰਕ ਬਣਤਰ ਦੀ ਸਹੀ ਤਸਵੀਰ ਪੇਸ਼ ਕਰਨ ਦੇ ਨਾਲ ਭਵਿੱਖ ਦੀ ਸਰਕਾਰੀ ਯੋਜਨਾਬੰਦੀ ਦਾ ਵੀ ਅਹਿਮ ਆਧਾਰ ਬਣਦੀ ਹੈ।
Publish Date: Fri, 07 Aug 2026 04:04 PM (IST)
Updated Date: Fri, 07 Aug 2026 04:05 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਪੰਜਾਬੀ ਜਾਗਰਣ, ਮੈਲਬੌਰਨ - ਆਸਟ੍ਰੇਲੀਆ ਵਿੱਚ ਹਰ ਪੰਜ ਸਾਲ ਬਾਅਦ ਹੋਣ ਵਾਲੀ ਰਾਸ਼ਟਰੀ ਮਰਦਮਸ਼ੁਮਾਰੀ ਇਸ ਵਾਰ 11 ਅਗਸਤ 2026 ਨੂੰ ਹੋਣ ਜਾ ਰਹੀ ਹੈ। ਆਸਟ੍ਰੇਲੀਆਈ ਅੰਕੜਾ ਵਿਭਾਗ ਵੱਲੋਂ ਕਰਵਾਈ ਜਾਣ ਵਾਲੀ ਮਰਦਮਸ਼ੁਮਾਰੀ ਦੇਸ਼ ਦੀ ਆਬਾਦੀ, ਭਾਸ਼ਾਈ, ਸਮਾਜਿਕ ਅਤੇ ਸੱਭਿਆਚਾਰਕ ਬਣਤਰ ਦੀ ਸਹੀ ਤਸਵੀਰ ਪੇਸ਼ ਕਰਨ ਦੇ ਨਾਲ ਭਵਿੱਖ ਦੀ ਸਰਕਾਰੀ ਯੋਜਨਾਬੰਦੀ ਦਾ ਵੀ ਅਹਿਮ ਆਧਾਰ ਬਣਦੀ ਹੈ।
ਮਰਦਮਸ਼ੁਮਾਰੀ ਲਈ ਘਰਾਂ ਵਿੱਚ ਪੱਤਰ ਰਾਹੀਂ ਆਨਲਾਈਨ ਕੋਡ ਭੇਜੇ ਜਾ ਰਹੇ ਹਨ, ਜਿਸ ਨਾਲ ਲੋਕ ਆਪਣਾ ਫਾਰਮ ਆਨਲਾਈਨ ਭਰ ਸਕਦੇ ਹਨ ਅਤੇ ਲੋੜ ਪੈਣ ’ਤੇ ਕਾਗਜ਼ੀ ਫਾਰਮ ਵੀ ਮੰਗਵਾ ਸਕਦੇ ਹਨ। ਮਰਦਮਸ਼ੁਮਾਰੀ ਦੀ ਰਾਤ ਆਸਟ੍ਰੇਲੀਆ ਵਿੱਚ ਮੌਜੂਦ ਲੋਕਾਂ ਲਈ ਇਸ ਵਿੱਚ ਸ਼ਾਮਲ ਹੋਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ। ਇਸ ਵਿੱਚ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਤੋਂ ਇਲਾਵਾ ਬੱਚੇ, ਵਿਦਿਆਰਥੀ, ਕੰਮਕਾਜੀ ਅਤੇ ਵਿਜ਼ਟਰ ਵੀਜ਼ਿਆਂ ਸਮੇਤ ਬਹੁਤ ਸਾਰੇ ਅਸਥਾਈ ਵੀਜ਼ਾ ਧਾਰਕ ਵੀ ਸ਼ਾਮਲ ਹੁੰਦੇ ਹਨ। ਉਸ ਸਮੇਂ ਦੇਸ਼ ਤੋਂ ਬਾਹਰ ਮੌਜੂਦ ਲੋਕਾਂ ਨੂੰ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ ਆਬਾਦੀ ਵਿੱਚ ਨਹੀਂ ਗਿਣਿਆ ਜਾਂਦਾ।
ਇਸ ਵਾਰ ਦੀ ਮਰਦਮਸ਼ੁਮਾਰੀ ਪੰਜਾਬੀ ਭਾਈਚਾਰੇ ਲਈ ਖਾਸ ਅਹਿਮ ਮੰਨੀ ਜਾ ਰਹੀ ਹੈ। ਫਾਰਮ ਵਿੱਚ ਜਦੋਂ ਪੁੱਛਿਆ ਜਾ ਰਿਹਾ ਹੈ ਕਿ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ, ਤਾਂ ਘਰ ਵਿੱਚ ਪੰਜਾਬੀ ਬੋਲਣ ਵਾਲਿਆਂ ਨੂੰ “ਪੰਜਾਬੀ” ਦਰਜ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬੀ ਕਿਸੇ ਇੱਕ ਧਰਮ ਤੱਕ ਸੀਮਤ ਨਹੀਂ ਹੈ, ਇਸ ਲਈ ਕਿਸੇ ਵੀ ਧਰਮ ਨਾਲ ਸਬੰਧਤ ਵਿਅਕਤੀ ਆਪਣੀ ਰੋਜ਼ਾਨਾ ਬੋਲਚਾਲ ਦੀ ਭਾਸ਼ਾ ਪੰਜਾਬੀ ਹੋਣ ’ਤੇ ਇਸ ਨੂੰ ਦਰਜ ਕਰ ਸਕਦਾ ਹੈ।
ਆਸਟ੍ਰੇਲੀਆ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਵਧੀ ਹੈ। 2011 ਵਿੱਚ 71,230, 2016 ਵਿੱਚ 132,499 ਅਤੇ 2021 ਵਿੱਚ ਇਹ ਗਿਣਤੀ ਵਧ ਕੇ ਲਗਭਗ 2.39 ਲੱਖ ਹੋ ਗਈ। 2016 ਤੋਂ 2021 ਵਿਚਾਲੇ ਕਰੀਬ 80 ਫੀਸਦੀ ਵਾਧੇ ਨਾਲ ਪੰਜਾਬੀ, ਅੰਗਰੇਜ਼ੀ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ। 2021 ਦੀ ਮਰਦਮਸ਼ੁਮਾਰੀ ਵਿੱਚ 2.10 ਲੱਖ ਤੋਂ ਵੱਧ ਲੋਕਾਂ ਨੇ ਸਿੱਖ ਧਰਮ ਨਾਲ ਆਪਣੀ ਪਛਾਣ ਵੀ ਦਰਜ ਕਰਵਾਈ ਸੀ।
ਇਸ ਵਾਰ ਮਰਦਮਸ਼ੁਮਾਰੀ ਵਿੱਚ ਕੁਝ ਅਹਿਮ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਲਿੰਗ ਅਤੇ ਨਿੱਜੀ ਪਛਾਣ ਨਾਲ ਸਬੰਧਤ ਜਾਣਕਾਰੀ ਵਿੱਚ ਬਦਲਾਅ ਦੇ ਨਾਲ ਲੋਕ ਹੁਣ ਆਪਣੀ ਪਰਿਵਾਰਕ ਜਾਂ ਵੰਸ਼ਕ ਪਿਛੋਕੜ ਹੋਰ ਵਿਸਥਾਰ ਨਾਲ ਦਰਜ ਕਰ ਸਕਣਗੇ। ਪਹਿਲਾਂ ਦੋ ਦੀ ਥਾਂ ਹੁਣ ਚਾਰ ਤੱਕ ਪਿਛੋਕੜ ਦਰਜ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਜਨਮ ਅਤੇ ਪਰਿਵਾਰ ਨਾਲ ਸਬੰਧਤ ਅੰਕੜੇ ਇਕੱਠੇ ਕਰਨ ਦੇ ਤਰੀਕੇ ਵਿੱਚ ਵੀ ਬਦਲਾਅ ਕੀਤੇ ਗਏ ਹਨ।
ਮਰਦਮਸ਼ੁਮਾਰੀ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸਰਕਾਰਾਂ ਵੱਖ-ਵੱਖ ਇਲਾਕਿਆਂ ਅਤੇ ਭਾਈਚਾਰਿਆਂ ਦੀਆਂ ਲੋੜਾਂ ਨੂੰ ਸਮਝ ਕੇ ਸਕੂਲਾਂ, ਹਸਪਤਾਲਾਂ, ਸੜਕਾਂ, ਘਰਾਂ, ਆਵਾਜਾਈ, ਕਮਿਊਨਿਟੀ ਸੈਂਟਰਾਂ, ਸਰਕਾਰੀ ਗ੍ਰਾਂਟਾਂ ਅਤੇ ਭਾਸ਼ਾਈ ਸੇਵਾਵਾਂ ਦੀ ਯੋਜਨਾਬੰਦੀ ਕਰਦੀਆਂ ਹਨ। ਅੰਕੜਾ ਵਿਭਾਗ ਵੱਲੋਂ ਸਿਰਫ਼ ਅੰਕੜੇ ਜਨਤਕ ਕੀਤੇ ਜਾਂਦੇ ਹਨ, ਜਦਕਿ ਲੋਕਾਂ ਵੱਲੋਂ ਦਿੱਤੀ ਗਈ ਨਿੱਜੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।
ਮਰਦਮਸ਼ੁਮਾਰੀ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਅਤੇ ਪੰਜਾਬੀ ਪ੍ਰੇਮੀਆਂ ਵੱਲੋਂ ਗੁਰੂਘਰਾਂ, ਸੋਸ਼ਲ ਮੀਡੀਆ, ਮੀਟਿੰਗਾਂ ਅਤੇ ਹੋਰ ਸਾਧਨਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਭਾਈਚਾਰੇ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 11 ਅਗਸਤ ਦੀ ਮਰਦਮਸ਼ੁਮਾਰੀ ਵਿੱਚ ਜ਼ਰੂਰ ਹਿੱਸਾ ਲਿਆ ਜਾਵੇ ਅਤੇ ਘਰ ਵਿੱਚ ਪੰਜਾਬੀ ਬੋਲਣ ਵਾਲੇ ਆਪਣੀ ਭਾਸ਼ਾ “ਪੰਜਾਬੀ” ਜ਼ਰੂਰ ਦਰਜ ਕਰਨ, ਤਾਂ ਜੋ ਭਾਈਚਾਰੇ ਦੀ ਸਹੀ ਤਸਵੀਰ ਅੰਕੜਿਆਂ ਵਿੱਚ ਸਾਹਮਣੇ ਆ ਸਕੇ।