ਮੈਲਬੌਰਨ ਤੋਂ ਵੱਡਾ ਐਲਾਨ : ਆਸਟ੍ਰੇਲੀਆ 'ਚ ਭਾਰਤੀ ਰਵਾਇਤੀ ਕੁਸ਼ਤੀ ਫੈਡਰੇਸ਼ਨ ਸਥਾਪਿਤ, 2026-27 'ਚ ਹੋਵੇਗੀ ਰਾਸ਼ਟਰੀ ਚੈਂਪੀਅਨਸ਼ਿਪ
ਫੈਡਰੇਸ਼ਨ ਵੱਲੋਂ ਹੁਣ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਟੇਟ ਇਕਾਈਆਂ ਸਥਾਪਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਇਕਾਈਆਂ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਦਾ ਆਯੋਜਨ ਕਰਨਗੀਆਂ, ਜਦਕਿ ਸਾਲ 2026-27 ਦੌਰਾਨ ਰਾਸ਼ਟਰੀ ਪੱਧਰ ਦੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਉਣ ਦੀ ਵੀ ਯੋਜਨਾ ਹੈ।
Publish Date: Sun, 22 Nov 2026 01:20 PM (IST)
Updated Date: Sun, 22 Nov 2026 01:27 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ-ਃ ਆਸਟ੍ਰੇਲੀਆ ਵਿੱਚ ਭਾਰਤੀ ਰਵਾਇਤੀ ਕੁਸ਼ਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਇੰਡੀਅਨ ਸਟਾਈਲ ਰੈਸਲਿੰਗ ਫੈਡਰੇਸ਼ਨ ਆਫ਼ ਆਸਟ੍ਰੇਲੀਆ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਇਸ ਨਵੀਂ ਸੰਸਥਾ ਦੇ ਪ੍ਰਧਾਨ ਵਿਨੋਦ ਕੁਮਾਰ ਅਤੇ ਜਨਰਲ ਸਕੱਤਰ ਮਨਜੀਤ ਢਿੱਲੋਂ ਨੂੰ ਨਿਯੁਕਤ ਕੀਤਾ ਗਿਆ ਹੈ।
ਫੈਡਰੇਸ਼ਨ ਦੀ ਅਗਵਾਈ ਹੇਠ ਪਹਿਲਾ ਕੁਸ਼ਤੀ ਮੁਕਾਬਲਾ ਵੀ ਸਫਲਤਾਪੂਰਵਕ ਕਰਵਾਇਆ ਜਾ ਚੁੱਕਾ ਹੈ, ਜਿਸ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 40 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ।
ਫੈਡਰੇਸ਼ਨ ਵੱਲੋਂ ਹੁਣ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਟੇਟ ਇਕਾਈਆਂ ਸਥਾਪਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਇਕਾਈਆਂ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਦਾ ਆਯੋਜਨ ਕਰਨਗੀਆਂ, ਜਦਕਿ ਸਾਲ 2026-27 ਦੌਰਾਨ ਰਾਸ਼ਟਰੀ ਪੱਧਰ ਦੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਉਣ ਦੀ ਵੀ ਯੋਜਨਾ ਹੈ। ਰਾਸ਼ਟਰੀ ਸੰਸਥਾ ਵੱਲੋਂ ਜਲਦ ਹੀ ਵੱਖ-ਵੱਖ ਸੂਬਿਆਂ ਦੇ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਜਾਵੇਗਾ। ਜੇਤੂ ਪਹਿਲਵਾਨਾਂ ਨੂੰ ਆਸਟ੍ਰੇਲੀਆ ਕੇਸਰੀ (ਮਹਿਲਾ ਅਤੇ ਪੁਰਸ਼ ਵਰਗ) ਦੇ ਨਾਮ ਨਾਲ ਨਵਾਜ਼ਿਆ ਜਾਵੇਗਾ |
ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਇੰਡੀਅਨ ਸਟਾਈਲ ਰੈਸਲਿੰਗ ਐਸੋਸੀਏਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਗੌਰਵ ਸਚਦੇਵਾ ਅਤੇ ਕਾਰਲੋਸ ਰੋਏ ਯੂਨਾਈਟਡ ਵਰਲਡ ਰੈਸਲਿੰਗ ਦੇ ਜਨਰਲ ਸਕੱਤਰ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਆਸਟ੍ਰੇਲੀਆ ਵਿੱਚ ਇਸ ਖੇਡ ਨੂੰ ਅੱਗੇ ਵਧਾਉਣ ਦਾ ਮੌਕਾ ਦਿੱਤਾ ਗਿਆ ਹੈ।
ਵਿਨੋਦ ਕੁਮਾਰ ਨੇ ਕਿਹਾ ਕਿ ਭਾਰਤੀ ਰਵਾਇਤੀ ਕੁਸ਼ਤੀ ਨੂੰ ਆਸਟ੍ਰੇਲੀਆ ਅਤੇ ਵਿਸ਼ਵ ਪੱਧਰ ’ਤੇ ਪਛਾਣ ਦਿਵਾਉਣ ਵੱਲ ਇਹ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ਼ ਭਾਰਤੀ ਕੁਸ਼ਤੀ ਨੂੰ ਨਵਾਂ ਹੁਲਾਰਾ ਮਿਲੇਗਾ, ਸਗੋਂ ਆਸਟ੍ਰੇਲੀਆ ਵਿੱਚ ਰਹਿੰਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਵੀ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਇੱਕ ਨਵਾਂ ਮੰਚ ਮਿਲੇਗਾ।