
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੈਲਬੌਰਨ ਦੇ ਕੈਰੋਲਾਈਨ ਸਪ੍ਰਿੰਗਜ਼ ਦੀ ਲਾਇਬ੍ਰੇਰੀ ’ਚ ਮੈਲਟਨ ਸਿਟੀ ਕੌਂਸਲ ਵੱਲੋਂ ਕਰਵਾਈ ਗਈ ਕਾਮਨ ਕਲਾ ਪ੍ਰਦਰਸ਼ਨੀ ’ਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਨਾਲ ਸਬੰਧਤ ਸਥਾਨਕ ਕਲਾਕਾਰਾਂ ਦੀਆਂ ਕਲਾਵਾਂ ਦੇ ਨਾਲ-ਨਾਲ ਪੰਜਾਬੀ ਸਾਹਿਤਕ ਵਿਰਾਸਤ ਦੀ ਵੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ।

ਖ਼ੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਮੈਲਬੌਰਨ ਦੇ ਕੈਰੋਲਾਈਨ ਸਪ੍ਰਿੰਗਜ਼ ਦੀ ਲਾਇਬ੍ਰੇਰੀ ’ਚ ਮੈਲਟਨ ਸਿਟੀ ਕੌਂਸਲ ਵੱਲੋਂ ਕਰਵਾਈ ਗਈ ਕਾਮਨ ਕਲਾ ਪ੍ਰਦਰਸ਼ਨੀ ’ਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਨਾਲ ਸਬੰਧਤ ਸਥਾਨਕ ਕਲਾਕਾਰਾਂ ਦੀਆਂ ਕਲਾਵਾਂ ਦੇ ਨਾਲ-ਨਾਲ ਪੰਜਾਬੀ ਸਾਹਿਤਕ ਵਿਰਾਸਤ ਦੀ ਵੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੀ।
ਪ੍ਰਦਰਸ਼ਨੀ ’ਚ ਮੈਲਬੌਰਨ ਵਸਦੇ ਪੰਜਾਬੀ ਕਲਾਕਾਰ ਤੇ ਗੁਰਮੁਖੀ ਕੈਲੀਗ੍ਰਾਫਰ ਸਿਮਰਨਜੀਤ ਸਿੰਘ ਸਦਿਓਰਾ ਵੱਲੋਂ ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਚਿੱਤਰ ਖ਼ਾਸ ਖਿੱਚ ਦਾ ਕੇਂਦਰ ਰਿਹਾ। ਮੈਲਟਨ ਸਿਟੀ ਕੌਂਸਲ ਦੇ 2026 ਆਰਟਸ ਪ੍ਰੋਗਰਾਮ ਤਹਿਤ ਕਰਵਾਈ ਗਈ ਇਹ ਪਹਿਲੀ ਸਮੂਹਿਕ ਕਲਾ ਪ੍ਰਦਰਸ਼ਨੀ ਸੀ, ਜਿਸ ’ਚ ਵੱਖ-ਵੱਖ ਫਿਰਕਿਆਂ ਨਾਲ ਜੁੜੇ ਉੱਭਰਦੇ ਤੇ ਸਥਾਪਿਤ ਕਲਾਕਾਰਾਂ ਨੂੰ ਪੇਂਟਿੰਗ, ਡਰਾਇੰਗ ਤੇ ਫੋਟੋਗ੍ਰਾਫੀ ਸਮੇਤ ਵੱਖ-ਵੱਖ ਕਲਾ ਵਿਧਾਵਾਂ ਰਾਹੀਂ ਆਪਣੀ ਕਲਾ ਪੇਸ਼ ਕਰਨ ਲਈ ਸਾਂਝਾ ਮੰਚ ਦਿੱਤਾ ਗਿਆ ਸੀ।
ਪ੍ਰਦਰਸ਼ਨੀ ਦਾ ਉਦਘਾਟਨ ਮੈਲਟਨ ਸਿਟੀ ਕੌਂਸਲ ਦੀ ਮੇਅਰ ਲਾਰਾ ਕਾਰਲੀ ਵੱਲੋਂ ਕੀਤਾ ਗਿਆ, ਜਦਕਿ ਕੌਂਸਲ ਦੇ ਹੋਰ ਨੁਮਾਇੰਦੇ ਵੀ ਮੌਜੂਦ ਰਹੇ। ਫੈਡਰਲ ਮੈਂਬਰ ਪਾਰਲੀਮੈਂਟ ਐਲਿਸ ਜੌਰਡਨ ਬੇਅਰਡ ਨੇ ਵੀ ਦੌਰਾ ਕੀਤਾ ਤੇ ਸਿਮਰਨਜੀਤ ਦੀ ਕਲਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਮਹਿਮਾਨਾਂ ਤੇ ਦਰਸ਼ਕਾ ਵੱਲੋਂ ਵੀ ਸਿਮਰਨਜੀਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਕਲਾ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਿਆਹੀ ਨਾਲ ਤਿਆਰ ਕੀਤੀ ਉਨ੍ਹਾਂ ਦੀ ਕਲਾਕ੍ਰਿਤੀ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਹੈ।
ਇਹ ਸਿਰਫ਼ ਇੱਕ ਚਿੱਤਰ ਨਹੀਂ ਸਗੋਂ ਉਸ ਮਹਾਨ ਸਾਹਿਤਕ ਸ਼ਖ਼ਸੀਅਤ ਨੂੰ ਯਾਦ ਕਰਨ ਤੇ ਸਤਿਕਾਰ ਦੇਣ ਦਾ ਕਲਾਤਮਕ ਜ਼ਰੀਆ ਹੈ, ਜਿਨ੍ਹਾਂ ਦੇ ਸਾਹਿਤ ਤੇ ਕਵਿਤਾਵਾਂ ਨੇ ਪੰਜਾਬੀਅਤ ਨੂੰ ਆਪਣੇ ਨਾਲ ਜੋੜਿਆ ਹੈ। ਮਨੁੱਖੀ ਭਾਵਨਾਵਾਂ, ਸਮਾਜਿਕ ਸਰੋਕਾਰਾਂ ਤੇ ਪੰਜਾਬੀ ਜੀਵਨ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਡੂੰਘਾਈ ਨਾਲ ਪੇਸ਼ ਕਰਨ ਵਾਲੇ ਸੁਰਜੀਤ ਪਾਤਰ ਦਾ ਇਹ ਚਿੱਤਰ ਇਸ ਬਹੁ-ਸੱਭਿਆਚਾਰਕ ਪ੍ਰਦਰਸ਼ਨੀ ’ਚ ਪੰਜਾਬੀ ਸਾਹਿਤ ਤੇ ਸੱਭਿਆਚਾਰਕ ਵਿਰਾਸਤ ਦੀ ਪ੍ਰਭਾਵਸ਼ਾਲੀ ਨੁਮਾਇੰਦਗੀ ਵੀ ਕਰਦਾ ਹੈ। ਮੂਲ ਰੂਪ ’ਚ ਮੋਗਾ ਨਾਲ ਸਬੰਧਤ ਸਿਮਰਨਜੀਤ ਇਸ ਤੋਂ ਪਹਿਲਾਂ ਵੀ ਫੈਡਰਲ ਪਾਰਲੀਮੈਂਟ ਕੈਨਬਰਾ, ਪਾਰਲੀਮੈਂਟ ਆਫ ਵਿਕਟੋਰੀਆ ਤੇ ਮੈਲਬੌਰਨ ’ਚ ਹੋਈਆਂ ਆਸਟ੍ਰੇਲੀਅਨ ਸਿੱਖ ਖੇਡਾਂ ਸਮੇਤ ਕਈ ਪ੍ਰਮੁੱਖ ਭਾਈਚਾਰਕ ਤੇ ਸੱਭਿਆਚਾਰਕ ਸਮਾਗਮਾਂ ਵਿੱਚ ਆਪਣੀ ਕਲਾ ਦਾ ਪਰਦਰਸ਼ਨ ਕਰ ਚੁੱਕੇ ਹਨ।