ਦੁਨੀਆ ਦੀ ਪਹਿਲੀ ਪੈਟਰੋਲ ਕਾਰ: 0.75 ਹਾਰਸ ਪਾਵਰ ਦਾ ਇੰਜਣ ਤੇ 3 ਪਹੀਏ, ਕਾਰਲ ਬੈਂਜ਼ ਨੇ ਕਿਵੇਂ ਬਦਲ ਦਿੱਤੀ ਸਫ਼ਰ ਦੀ ਦੁਨੀਆ?
ਕਾਰਲ ਬੈਂਜ਼ ਕਾਫ਼ੀ ਸਮੇਂ ਤੋਂ ਅਜਿਹਾ ਇੰਜਣ ਤਿਆਰ ਕਰਨ 'ਚ ਜੁਟੇ ਹੋਏ ਸਨ, ਜਿਸ ਦੀ ਵਰਤੋਂ ਕਿਸੇ ਵਾਹਨ ਨੂੰ ਚਲਾਉਣ ਲਈ ਕੀਤੀ ਜਾ ਸਕੇ। ਇਸ ਲਈ ਉਨ੍ਹਾਂ ਨੇ ਲਗਾਤਾਰ ਪ੍ਰਯੋਗ ਕੀਤੇ। ਆਖ਼ਰਕਾਰ 31 ਦਸੰਬਰ 1879 ਦੀ ਰਾਤ ਉਨ੍ਹਾਂ ਦਾ ਦੋ-ਸਟ੍ਰੋਕ ਗੈਸ ਇੰਜਣ ਪਹਿਲੀ ਵਾਰ ਸਫ਼ਲਤਾਪੂਰਵਕ ਚੱਲਿਆ। ਇਹ ਉਨ੍ਹਾਂ ਦੇ ਜੀਵਨ ਦੀਆਂ ਵੱਡੀਆਂ ਪ੍ਰਾਪਤੀਆਂ 'ਚੋਂ ਇਕ ਸੀ।
Publish Date: Mon, 23 Nov 2026 02:08 PM (IST)
Updated Date: Mon, 23 Nov 2026 02:11 PM (IST)
ਆਟੋ ਡੈਸਕ, ਨਵੀਂ ਦਿੱਲੀ : 19ਵੀਂ ਸਦੀ 'ਚ ਜ਼ਿਆਦਾਤਰ ਲੋਕ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਘੋੜਾ-ਗੱਡੀ ਜਾਂ ਸਾਈਕਲ ਦੀ ਵਰਤੋਂ ਕਰਦੇ ਸਨ। ਇਸ ਤੋਂ ਇਲਾਵਾ ਕਈ ਲੋਕ ਸਫ਼ਰ ਲਈ ਬੈਲ-ਗੱਡੀ ਵੀ ਵਰਤਦੇ ਸਨ। ਇਸ ਦੌਰਾਨ ਇਕ ਸ਼ਖ਼ਸ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ, ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਕ ਜਰਮਨ ਇੰਜੀਨੀਅਰ ਨੇ ਅਜਿਹਾ ਵਾਹਨ ਤਿਆਰ ਕੀਤਾ, ਜੋ ਬਿਨਾਂ ਕਿਸੇ ਜਾਨਵਰ ਦੀ ਮਦਦ ਦੇ ਆਪਣੇ ਇੰਜਣ ਨਾਲ ਚੱਲ ਸਕਦਾ ਸੀ। ਇਸ ਵਾਹਨ ਨੂੰ ਬਣਾਉਣ ਵਾਲੇ ਸ਼ਖ਼ਸ ਦਾ ਨਾਂ ਕਾਰਲ ਬੈਂਜ਼ ਸੀ। ਉਨ੍ਹਾਂ ਨੇ ਦੁਨੀਆ ਦੀ ਪਹਿਲੀ ਪੈਟਰੋਲ ਨਾਲ ਚੱਲਣ ਵਾਲੀ ਕਾਰ ਬਣਾਈ। ਇਸ ਤੋਂ ਬਾਅਦ ਪੂਰੀ ਦੁਨੀਆ 'ਚ ਜਿਵੇਂ ਵਾਹਨਾਂ ਦੀ ਕ੍ਰਾਂਤੀ ਆ ਗਈ। ਇੱਥੇ ਅਸੀਂ ਤੁਹਾਨੂੰ ਕਾਰਲ ਬੈਂਜ਼ ਦੇ ਪੈਟਰੋਲ ਇੰਜਣ ਬਣਾਉਣ ਦੇ ਸਫ਼ਰ ਬਾਰੇ ਦੱਸ ਰਹੇ ਹਾਂ। ਆਓ ਜਾਣਦੇ ਹਾਂ ਕਾਰਲ ਬੈਂਜ਼ ਦੀ ਪੂਰੀ ਕਹਾਣੀ ਅਤੇ ਕਿਵੇਂ ਉਨ੍ਹਾਂ ਦੀ ਕਾਢ ਨੇ ਮੋਟਰਕਾਰ ਦੀ ਦੁਨੀਆ ਨੂੰ ਨਵੀਂ ਦਿਸ਼ਾ ਦਿੱਤੀ।
ਕੌਣ ਸਨ ਕਾਰਲ ਬੈਂਜ਼?
ਕਾਰਲ ਬੈਂਜ਼ ਦਾ ਜਨਮ 25 ਨਵੰਬਰ 1844 ਨੂੰ ਜਰਮਨੀ ਦੇ ਸ਼ਹਿਰ ਕਾਰਲਸਰੂਹੇ (Karlsruhe) 'ਚ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਤਕਨਾਲੋਜੀ ਅਤੇ ਇੰਜੀਨੀਅਰਿੰਗ 'ਚ ਸੀ। ਉਨ੍ਹਾਂ ਨੇ ਮਹਿਜ਼ 15 ਸਾਲ ਦੀ ਉਮਰ 'ਚ ਕਾਰਲਸਰੂਹੇ ਦੇ ਪੌਲੀਟੈਕਨਿਕ ਸੰਸਥਾਨ 'ਚ ਦਾਖ਼ਲਾ ਲੈ ਲਿਆ ਸੀ। ਸਾਲ 1864 'ਚ ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਇੰਜੀਨੀਅਰਿੰਗ ਕੰਪਨੀਆਂ 'ਚ ਕੰਮ ਕੀਤਾ ਅਤੇ ਤਜਰਬਾ ਹਾਸਲ ਕੀਤਾ। ਇਹੀ ਤਜਰਬਾ ਅੱਗੇ ਚੱਲ ਕੇ ਉਨ੍ਹਾਂ ਦੀ ਆਟੋਮੋਬਾਈਲ ਕਾਢ ਦੀ ਨੀਂਹ ਬਣਿਆ।
ਵੱਡੇ ਆਰਥਿਕ ਸੰਕਟ 'ਚੋਂ ਲੰਘੇ ਕਾਰਲ ਬੈਂਜ਼
ਇੰਜੀਨੀਅਰਿੰਗ ਦੇ ਖੇਤਰ 'ਚ ਤਜਰਬਾ ਹਾਸਲ ਕਰਨ ਤੋਂ ਬਾਅਦ ਕਾਰਲ ਬੈਂਜ਼ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਅਗਸਤ 1871 'ਚ ਉਨ੍ਹਾਂ ਨੇ ਅਗਸਤ ਰਿਟਰ ਨਾਲ ਮਿਲ ਕੇ ਪਹਿਲੀ ਵਰਕਸ਼ਾਪ ਸਥਾਪਿਤ ਕੀਤੀ। ਹਾਲਾਂਕਿ, ਕਾਰੋਬਾਰ ਉਮੀਦ ਮੁਤਾਬਕ ਨਹੀਂ ਚੱਲਿਆ ਅਤੇ ਛੇਤੀ ਹੀ ਉਨ੍ਹਾਂ ਦੀ ਆਰਥਿਕ ਸਥਿਤੀ ਖ਼ਰਾਬ ਹੋਣ ਲੱਗੀ।
ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀ ਪਤਨੀ ਬਰਥਾ ਬੈਂਜ਼ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਵਿਰਾਸਤ 'ਚ ਮਿਲੀ ਰਕਮ ਦੀ ਵਰਤੋਂ ਆਪਣੇ ਪਤੀ ਦੇ ਕਾਰੋਬਾਰ ਨੂੰ ਬਚਾਉਣ ਲਈ ਕੀਤੀ। ਬਰਥਾ ਦੀ ਇਸ ਆਰਥਿਕ ਮਦਦ ਨੇ ਕਾਰਲ ਬੈਂਜ਼ ਨੂੰ ਆਪਣਾ ਕੰਮ ਅੱਗੇ ਵਧਾਉਣ ਦਾ ਮੌਕਾ ਦਿੱਤਾ।
1879 'ਚ ਪਹਿਲੀ ਵਾਰ ਬਣਾਇਆ ਪੈਟਰੋਲ ਇੰਜਣ
ਕਾਰਲ ਬੈਂਜ਼ ਕਾਫ਼ੀ ਸਮੇਂ ਤੋਂ ਅਜਿਹਾ ਇੰਜਣ ਤਿਆਰ ਕਰਨ 'ਚ ਜੁਟੇ ਹੋਏ ਸਨ, ਜਿਸ ਦੀ ਵਰਤੋਂ ਕਿਸੇ ਵਾਹਨ ਨੂੰ ਚਲਾਉਣ ਲਈ ਕੀਤੀ ਜਾ ਸਕੇ। ਇਸ ਲਈ ਉਨ੍ਹਾਂ ਨੇ ਲਗਾਤਾਰ ਪ੍ਰਯੋਗ ਕੀਤੇ। ਆਖ਼ਰਕਾਰ 31 ਦਸੰਬਰ 1879 ਦੀ ਰਾਤ ਉਨ੍ਹਾਂ ਦਾ ਦੋ-ਸਟ੍ਰੋਕ ਗੈਸ ਇੰਜਣ ਪਹਿਲੀ ਵਾਰ ਸਫ਼ਲਤਾਪੂਰਵਕ ਚੱਲਿਆ। ਇਹ ਉਨ੍ਹਾਂ ਦੇ ਜੀਵਨ ਦੀਆਂ ਵੱਡੀਆਂ ਪ੍ਰਾਪਤੀਆਂ 'ਚੋਂ ਇਕ ਸੀ।
ਇੰਜਣ ਦੀ ਇਸ ਸਫ਼ਲਤਾ ਨੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਅੱਗੇ ਵਧਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ 1883 'ਚ ਉਨ੍ਹਾਂ ਨੇ ਕੁਝ ਕਾਰੋਬਾਰੀ ਭਾਈਵਾਲਾਂ ਨਾਲ ਮਿਲ ਕੇ ਬੈਂਜ਼ ਐਂਡ ਕੰਪਨੀ ਦੀ ਸਥਾਪਨਾ ਕੀਤੀ ਅਤੇ ਮੋਟਰਕਾਰ ਬਣਾਉਣ ਦਾ ਕੰਮ ਤੇਜ਼ ਕਰ ਦਿੱਤਾ।
1885 'ਚ ਬਣਾਈ ਪਹਿਲੀ ਪੈਟਰੋਲ ਕਾਰ
ਕਾਰਲ ਬੈਂਜ਼ ਨੇ ਚਾਰ ਪਹੀਆਂ ਵਾਲੀ ਗੱਡੀ ਬਣਾਉਣ ਦੀ ਬਜਾਏ ਤਿੰਨ ਪਹੀਆਂ ਵਾਲੀ ਮੋਟਰਕਾਰ ਤਿਆਰ ਕਰਨ 'ਤੇ ਧਿਆਨ ਦਿੱਤਾ। ਸਾਲ 1885 'ਚ ਉਨ੍ਹਾਂ ਨੇ ਆਪਣੀ ਮੋਟਰਕਾਰ ਬਣਾਈ। ਇਸ 'ਚ ਇਕ ਸਿਲੰਡਰ ਵਾਲਾ ਪੈਟਰੋਲ ਇੰਜਣ ਲਗਾਇਆ ਗਿਆ ਸੀ। ਇਹ ਇੰਜਣ 0.75 ਹਾਰਸ ਪਾਵਰ ਪੈਦਾ ਕਰਦਾ ਸੀ। ਇਸ ਗੱਡੀ 'ਚ ਦੋ ਲੋਕਾਂ ਦੇ ਬੈਠਣ ਦੀ ਜਗ੍ਹਾ ਸੀ।
ਕਾਰਲ ਬੈਂਜ਼ ਨੇ ਇੰਜਣ ਦੇ ਨਾਲ-ਨਾਲ ਸਟੀਅਰਿੰਗ ਅਤੇ ਇਗਨੀਸ਼ਨ ਵਰਗੇ ਜ਼ਰੂਰੀ ਹਿੱਸਿਆਂ 'ਤੇ ਵੀ ਕੰਮ ਕੀਤਾ। ਉਹ ਅਜਿਹਾ ਵਾਹਨ ਬਣਾਉਣਾ ਚਾਹੁੰਦੇ ਸਨ, ਜੋ ਪੈਟਰੋਲ ਇੰਜਣ ਦੀ ਮਦਦ ਨਾਲ ਆਪਣੇ ਆਪ ਚੱਲ ਸਕੇ।
1886 'ਚ ਮਿਲਿਆ ਇਤਿਹਾਸਕ ਪੇਟੈਂਟ
ਕਾਰਲ ਬੈਂਜ਼ ਵੱਲੋਂ ਬਣਾਈ ਗਈ ਮੋਟਰਕਾਰ ਨੂੰ ਆਟੋਮੋਬਾਈਲ ਇਤਿਹਾਸ ਦੀ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 29 ਜਨਵਰੀ 1886 ਨੂੰ ਆਪਣੀ ਤਿੰਨ ਪਹੀਆਂ ਵਾਲੀ ਮੋਟਰਕਾਰ ਲਈ ਪੇਟੈਂਟ ਦੀ ਅਰਜ਼ੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ 37435 ਨੰਬਰ ਦਾ ਪੇਟੈਂਟ ਮਿਲਿਆ। ਇਹ ਪੇਟੈਂਟ ਆਟੋਮੋਬਾਈਲ ਦੇ ਇਤਿਹਾਸ 'ਚ ਇਕ ਅਹਿਮ ਪੜਾਅ ਸਾਬਤ ਹੋਇਆ। ਉਨ੍ਹਾਂ ਦੀ ਇਸ ਕਾਢ ਨੇ ਸਾਬਤ ਕੀਤਾ ਕਿ ਪੈਟਰੋਲ ਇੰਜਣ ਦੀ ਮਦਦ ਨਾਲ ਚੱਲਣ ਵਾਲਾ ਵਾਹਨ ਤਿਆਰ ਕੀਤਾ ਜਾ ਸਕਦਾ ਹੈ।
ਪਤਨੀ ਨੇ 106 ਕਿਲੋਮੀਟਰ ਤੱਕ ਚਲਾਈ ਕਾਰ
ਕਾਰਲ ਬੈਂਜ਼ ਦੀ ਮੋਟਰਕਾਰ ਤਿਆਰ ਤਾਂ ਹੋ ਗਈ ਸੀ, ਪਰ ਸ਼ੁਰੂਆਤ 'ਚ ਲੋਕਾਂ ਨੂੰ ਇਸ 'ਤੇ ਭਰੋਸਾ ਨਹੀਂ ਸੀ। ਅਜਿਹੇ 'ਚ ਉਨ੍ਹਾਂ ਦੀ ਪਤਨੀ ਬਰਥਾ ਬੈਂਜ਼ ਨੇ ਇਕ ਅਜਿਹਾ ਕਦਮ ਚੁੱਕਿਆ, ਜਿਸ ਨੇ ਇਸ ਵਾਹਨ ਨੂੰ ਚਰਚਾ 'ਚ ਲਿਆ ਦਿੱਤਾ।
5 ਅਗਸਤ 1888 ਨੂੰ ਉਹ ਆਪਣੇ ਦੋ ਪੁੱਤਰਾਂ ਨਾਲ ਕਾਰਲ ਨੂੰ ਦੱਸੇ ਬਿਨਾਂ ਮੋਟਰਕਾਰ ਰਾਹੀਂ 106 ਕਿਲੋਮੀਟਰ ਦੇ ਸਫ਼ਰ 'ਤੇ ਨਿਕਲ ਪਈ। ਸਫ਼ਰ ਦੌਰਾਨ ਜਦੋਂ ਇੰਜਣ ਦਾ ਈਂਧਨ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਇਕ ਦਵਾਈਆਂ ਦੀ ਦੁਕਾਨ ਤੋਂ ਲਿਗਰੋਇਨ ਖ਼ਰੀਦਿਆ। ਬਰਥਾ ਦੇ ਇਸ ਸਫ਼ਰ ਨੇ ਮੋਟਰਕਾਰ ਦੀ ਲੰਬੀ ਦੂਰੀ ਤੈਅ ਕਰਨ ਦੀ ਸਮਰੱਥਾ ਨੂੰ ਸਾਬਤ ਕੀਤਾ।
1894 'ਚ ਪੇਸ਼ ਕੀਤੀ ਵੇਲੋ ਕਾਰ
ਮੋਟਰਕਾਰ ਨੂੰ ਆਮ ਲੋਕਾਂ ਲਈ ਵਧੇਰੇ ਲਾਭਦਾਇਕ ਬਣਾਉਣ ਦੀ ਦਿਸ਼ਾ 'ਚ ਕਾਰਲ ਬੈਂਜ਼ ਨੇ 1894 'ਚ ਵੇਲੋ ਨਾਂ ਦੀ ਕਾਰ ਦਾ ਉਤਪਾਦਨ ਸ਼ੁਰੂ ਕੀਤਾ। ਇਹ ਹਲਕੀ ਅਤੇ ਮੁਕਾਬਲਤਨ ਘੱਟ ਕੀਮਤ ਵਾਲੀ ਮੋਟਰਕਾਰ ਸੀ। ਇਸ 'ਚ ਦੋ ਲੋਕਾਂ ਦੇ ਬੈਠਣ ਦੀ ਜਗ੍ਹਾ ਦਿੱਤੀ ਗਈ ਸੀ।
ਇਸ ਮਾਡਲ ਦਾ ਮਕਸਦ ਸਿਰਫ਼ ਪ੍ਰਯੋਗਾਤਮਕ ਵਾਹਨ ਬਣਾਉਣਾ ਹੀ ਨਹੀਂ ਸੀ, ਸਗੋਂ ਇਸ ਨੂੰ ਵਪਾਰਕ ਤੌਰ 'ਤੇ ਗਾਹਕਾਂ ਤੱਕ ਪਹੁੰਚਾਉਣਾ ਵੀ ਸੀ। ਸਾਲ 1894 ਤੋਂ 1901 ਦਰਮਿਆਨ ਵੇਲੋ ਮਾਡਲ ਦੀਆਂ ਲਗਪਗ 1,200 ਕਾਰਾਂ ਬਣਾਈਆਂ ਗਈਆਂ। ਇਸ ਤਰ੍ਹਾਂ ਮੋਟਰਕਾਰ ਦੀ ਵਰਤੋਂ ਨੇ ਕਾਰੋਬਾਰ ਨੂੰ ਅੱਗੇ ਵਧਾਉਣ 'ਚ ਵੀ ਮਦਦ ਕੀਤੀ।
1926 'ਚ ਹੋਇਆ ਕੰਪਨੀਆਂ ਦਾ ਰਲੇਵਾਂ
ਕਾਰਲ ਬੈਂਜ਼ ਦਾ ਯੋਗਦਾਨ ਸਿਰਫ਼ ਪਹਿਲੀ ਪੈਟਰੋਲ ਕਾਰ ਬਣਾਉਣ ਤੱਕ ਸੀਮਤ ਨਹੀਂ ਰਿਹਾ। ਉਨ੍ਹਾਂ ਨੇ ਇੰਜਣ, ਸਟੀਅਰਿੰਗ ਅਤੇ ਇਗਨੀਸ਼ਨ ਵਰਗੇ ਮਹੱਤਵਪੂਰਨ ਹਿੱਸਿਆਂ ਦੇ ਵਿਕਾਸ 'ਚ ਵੀ ਕੰਮ ਕੀਤਾ।
ਸਾਲ 1926 'ਚ ਬੈਂਜ਼ ਦੀ ਕੰਪਨੀ ਅਤੇ ਗੌਟਲੀਬ ਡੈਮਲਰ ਦੀ ਕੰਪਨੀ ਦਾ ਰਲੇਵਾਂ ਹੋਇਆ, ਜਿਸ ਤੋਂ ਬਾਅਦ ਡੈਮਲਰ-ਬੈਂਜ਼ ਕੰਪਨੀ ਬਣੀ। ਕਾਰਲ ਬੈਂਜ਼ ਦਾ ਦੇਹਾਂਤ 4 ਅਪ੍ਰੈਲ 1929 ਨੂੰ ਹੋਇਆ। ਹਾਲਾਂਕਿ, ਉਨ੍ਹਾਂ ਦੀਆਂ ਕਾਢਾਂ ਅਤੇ ਇੰਜੀਨੀਅਰਿੰਗ ਦੇ ਖੇਤਰ 'ਚ ਕੀਤੇ ਕੰਮ ਨੇ ਉਨ੍ਹਾਂ ਨੂੰ ਆਟੋਮੋਬਾਈਲ ਇਤਿਹਾਸ ਦੀਆਂ ਸਭ ਤੋਂ ਅਹਿਮ ਸ਼ਖ਼ਸੀਅਤਾਂ 'ਚ ਸ਼ਾਮਲ ਕਰ ਦਿੱਤਾ।