- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵ੍ਹਟਸਐਪ ਦੁਨੀਆ ਭਰ ’ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਹੈ, ਜਿਸ ਦੀ ਵਰਤੋਂ ਹਰ ਉਮਰ ਦੇ ਲੋਕ ਰੋਜ਼ਾਨਾ ਗੱਲਬਾਤ ਲਈ ਕਰਦੇ ਹਨ। ਸਮੇਂ-ਸਮੇਂ ’ਤੇ ਵ੍ਹਟਸਐਪ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਤੇ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਨਵੇਂ ਬਦਲਾਅ ਕਰਦਾ ਰਹਿੰਦਾ ਹੈ। ਇਸੇ ਤਹਿਤ ਹੁਣ ਕੰਪਨੀ ਨਵਾਂ ਯੂਜ਼ਰਨੇਮ ਫੀਚਰ ਲੈ ਕੇ ਆ ਰਹੀ ਹੈ।

ਵ੍ਹਟਸਐਪ ਦੁਨੀਆ ਭਰ ’ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਹੈ, ਜਿਸ ਦੀ ਵਰਤੋਂ ਹਰ ਉਮਰ ਦੇ ਲੋਕ ਰੋਜ਼ਾਨਾ ਗੱਲਬਾਤ ਲਈ ਕਰਦੇ ਹਨ। ਸਮੇਂ-ਸਮੇਂ ’ਤੇ ਵ੍ਹਟਸਐਪ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਤੇ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਨਵੇਂ ਬਦਲਾਅ ਕਰਦਾ ਰਹਿੰਦਾ ਹੈ। ਇਸੇ ਤਹਿਤ ਹੁਣ ਕੰਪਨੀ ਨਵਾਂ ਯੂਜ਼ਰਨੇਮ ਫੀਚਰ ਲੈ ਕੇ ਆ ਰਹੀ ਹੈ। ਇਸ ਨਵੇਂ ਫੀਚਰ ਦੇ ਆਉਣ ਨਾਲ ਲੋਕਾਂ ਨੂੰ ਇਕ-ਦੂਜੇ ਨਾਲ ਗੱਲਬਾਤ ਕਰਨ ਲਈ ਆਪਣਾ ਨਿੱਜੀ ਮੋਬਾਈਲ ਨੰਬਰ ਸਾਂਝਾ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੀ ਬਜਾਏ ਲੋਕ ਸਿਰਫ਼ ਇਕ ਨਾਂ ਜਾਂ ਯੂਜ਼ਰਨੇਮ ਦੀ ਵਰਤੋਂ ਕਰ ਕੇ ਹੀ ਆਪਸ ’ਚ ਜੁੜ ਸਕਣਗੇ। ਦੇਖਣ ਨੂੰ ਇਹ ਫੀਚਰ ਬਹੁਤ ਵਧੀਆ ਤੇ ਸੁਵਿਧਾਜਨਕ ਲੱਗਦਾ ਹੈ ਕਿਉਂਕਿ ਇਸ ਨਾਲ ਸਾਡਾ ਫੋਨ ਨੰਬਰ ਅਣਪਛਾਤੇ ਲੋਕਾਂ ਕੋਲ ਜਾਣ ਤੋਂ ਬਚ ਜਾਵੇਗਾ ਪਰ ਇਸ ਦੇ ਨਾਲ ਹੀ ਵੱਡੀ ਚਿੰਤਾ ਵੀ ਖੜ੍ਹੀ ਹੋ ਗਈ ਹੈ ਕਿ ਇਹ ਫੀਚਰ ਆਨਲਾਈਨ ਧੋਖਾਧੜੀ ਕਰਨ ਵਾਲੇ ਠੱਗਾਂ ਲਈ ਲੋਕਾਂ ਨੂੰ ਮੂਰਖ ਬਣਾਉਣਾ ਹੋਰ ਵੀ ਆਸਾਨ ਕਰ ਸਕਦਾ ਹੈ।
ਅਸਲ ਪਛਾਣ ਲੱਭਣੀ ਹੋ ਜਾਵੇਗੀ ਔਖੀ
ਪਹਿਲਾਂ ਜਦੋਂ ਵੀ ਕੋਈ ਅਣਪਛਾਤਾ ਵਿਅਕਤੀ ਜਾਂ ਠੱਗ ਕਿਸੇ ਨੂੰ ਵ੍ਹਟਸਐਪ ’ਤੇ ਮੈਸੇਜ ਕਰਦਾ ਸੀ ਤਾਂ ਉਸ ਦਾ ਮੋਬਾਈਲ ਨੰਬਰ ਸਾਫ਼ ਦਿਖਾਈ ਦਿੰਦਾ ਸੀ। ਨੰਬਰ ਦਿਖਣ ਕਾਰਨ ਲੋਕਾਂ ਨੂੰ ਇਹ ਸਮਝਣਾ ਸੌਖਾ ਹੁੰਦਾ ਸੀ ਕਿ ਇਹ ਨੰਬਰ ਭਾਰਤ ਦਾ ਹੈ ਜਾਂ ਕਿਸੇ ਬਾਹਰਲੇ ਦੇਸ਼ ਦਾ। ਇਸ ਤੋਂ ਇਲਾਵਾ ਜੇ ਕੋਈ ਠੱਗੀ ਹੁੰਦੀ ਸੀ ਤਾਂ ਪੁਲਿਸ ਉਸ ਮੋਬਾਈਲ ਨੰਬਰ ਦੇ ਜ਼ਰੀਏ ਅਪਰਾਧੀ ਤੱਕ ਪਹੁੰਚ ਸਕਦੀ ਸੀ ਪਰ ਯੂਜ਼ਰਨੇਮ ਫੀਚਰ ਆਉਣ ਤੋਂ ਬਾਅਦ ਠੱਗ ਆਪਣਾ ਅਸਲ ਮੋਬਾਈਲ ਨੰਬਰ ਪੂਰੀ ਤਰ੍ਹਾਂ ਛੁਪਾ ਸਕਣਗੇ। ਉਹ ਕੋਈ ਵੀ ਫ਼ਰਜ਼ੀ ਨਾਂ ਰੱਖ ਕੇ ਕਿਸੇ ਨੂੰ ਵੀ ਮੈਸੇਜ ਭੇਜ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਅਸਲ ਪਛਾਣ ਲੱਭਣੀ ਬਹੁਤ ਮੁਸ਼ਕਲ ਹੋ ਜਾਵੇਗੀ।
ਮੈਸੇਜ ਭੇਜ ਕੇ ਪਰੇਸ਼ਾਨ ਕਰ ਸਕਦੇ ਠੱਗ
ਇਸ ਫੀਚਰ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਵੇਗਾ ਕਿ ਠੱਗ ਕਿਸੇ ਮਸ਼ਹੂਰ ਬੈਂਕ, ਵੱਡੀ ਕੰਪਨੀ ਜਾਂ ਫਿਰ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਨਾਂ ਵਰਗਾ ਫ਼ਰਜ਼ੀ ਯੂਜ਼ਰਨੇਮ ਬਣਾ ਕੇ ਤੁਹਾਨੂੰ ਧੋਖਾ ਦੇ ਸਕਦੇ ਹਨ। ਆਮ ਤੌਰ ’ਤੇ ਸਾਧਾਰਨ ਲੋਕ ਬਿਨਾਂ ਜ਼ਿਆਦਾ ਸੋਚੇ-ਸਮਝੇ ਨਾਂ ਦੇਖ ਕੇ ਭਰੋਸਾ ਕਰ ਲੈਂਦੇ ਹਨ ਤੇ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਜਾਂ ਪੈਸੇ ਟ੍ਰਾਂਸਫਰ ਕਰ ਦਿੰਦੇ ਹਨ। ਇਸ ਤੋਂ ਇਲਾਵਾ ਠੱਗਾਂ ਨੂੰ ਹੁਣ ਲੋਕਾਂ ਦੇ ਫੋਨ ਨੰਬਰ ਲੱਭਣ ਦੀ ਵੀ ਲੋੜ ਨਹੀਂ ਪਵੇਗੀ। ਉਹ ਵੱਖ-ਵੱਖ ਨਾਵਾਂ ਦੇ ਅੰਦਾਜ਼ੇ ਲਗਾ ਕੇ ਕਿਸੇ ਨੂੰ ਵੀ ਆਸਾਨੀ ਨਾਲ ਲੱਭ ਸਕਣਗੇ ਤੇ ਮੈਸੇਜ ਭੇਜ ਕੇ ਪਰੇਸ਼ਾਨ ਕਰ ਸਕਣਗੇ।
ਸੁਰੱਖਿਆ ਨੂੰ ਕਰ ਸਕਦਾ ਕਮਜ਼ੋਰ
ਇਸੇ ਖ਼ਤਰੇ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਵੀ ਵੱਡੀ ਚਿੰਤਾ ਪ੍ਰਗਟਾਈ ਹੈ। ਸਰਕਾਰ ਦੇ ਯਤਨਾਂ ਸਦਕਾ ਪਹਿਲਾਂ ਅਜਿਹੀ ਸਹੂਲਤ ਸ਼ੁਰੂ ਹੋਈ ਸੀ ਜਿਸ ਨਾਲ ਫੋਨ ਕਰਨ ਵਾਲੇ ਦਾ ਅਸਲ ਨਾਂ ਸਕ੍ਰੀਨ ’ਤੇ ਆਉਣ ਲੱਗ ਪਿਆ ਸੀ, ਜਿਸ ਨਾਲ ਲੋਕਾਂ ਨੂੰ ਠੱਗਾਂ ਤੋਂ ਵੱਡੀ ਰਾਹਤ ਮਿਲੀ ਸੀ। ਪਰ ਹੁਣ ਵ੍ਹਟਸਐਪ ਦਾ ਇਹ ਨਵਾਂ ਕਦਮ ਉਸ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ। ਸਰਕਾਰ ਨੂੰ ਡਰ ਹੈ ਕਿ ਇਸ ਫੀਚਰ ਨਾਲ ਇੰਟਰਨੈੱਟ ’ਤੇ ਧੋਖਾਧੜੀ, ਫ਼ਰਜ਼ੀ ਨੌਕਰੀਆਂ ਦੇ ਝਾਂਸੇ ਤੇ ਨਕਲੀ ਪਛਾਣ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਜਾਣਗੇ। ਇਸੇ ਕਾਰਨ ਸਰਕਾਰ ਨੇ ਵ੍ਹਟਸਐਪ ਕੰਪਨੀ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ ਅਤੇ ਆਈਟੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਇਸ ਬਾਰੇ ਮੀਟਿੰਗ ਵੀ ਹੋਈ ਹੈ। ਚੰਗੀ ਗੱਲ ਇਹ ਹੈ ਕਿ ਵ੍ਹਟਸਐਪ ਨੇ ਸਾਫ਼ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਨਾਲ ਇਸ ਮੁੱਦੇ ’ਤੇ ਪੂਰੀ ਗੱਲਬਾਤ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਫੀਚਰ ਨੂੰ ਭਾਰਤ ’ਚ ਲਾਗੂ ਨਹੀਂ ਕੀਤਾ ਜਾਵੇਗਾ।
ਭਵਿੱਖ ’ਚ ਜਦੋਂ ਵੀ ਇਹ ਫੀਚਰ ਆਉਂਦਾ ਹੈ ਤਾਂ ਸਾਨੂੰ ਖ਼ੁਦ ਬਹੁਤ ਸਾਵਧਾਨ ਰਹਿਣਾ ਪਵੇਗਾ। ਜੇ ਕੋਈ ਅਣਪਛਾਤੇ ਨਾਂ ਵਾਲਾ ਵਿਅਕਤੀ ਤੁਹਾਨੂੰ ਮੈਸੇਜ ਕਰ ਕੇ ਪੈਸੇ ਮੰਗਦਾ ਹੈ ਜਾਂ ਕੋਈ ਲਾਲਚ ਦਿੰਦਾ ਹੈ ਤਾਂ ਉਸ ’ਤੇ ਕਦੇ ਵੀ ਤੁਰੰਤ ਭਰੋਸਾ ਨਾ ਕਰੋ। ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਇਕ ਵਾਰ ਫੋਨ ਕਰ ਕੇ ਪੁਸ਼ਟੀ ਜ਼ਰੂਰ ਕਰੋ। ਕਿਸੇ ਵੀ ਸ਼ੱਕੀ ਖਾਤੇ ਨੂੰ ਤੁਰੰਤ ਬਲੌਕ ਕਰੋ ਤਾਂ ਜੋ ਤੁਸੀਂ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕੋ।
- ਚਾਨਣਦੀਪ ਸਿੰਘ ਔਲਖ