
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਏਆਈ ਟੂਲ ਵਰਗੇ ਚੈਟਜੀਪੀਟੀ ਤੇ ਗੂਗਲ ਦੇ ਏਆਈ ਫੀਚਰ ਵੱਡੀ ਗਿਣਤੀ ’ਚ ਵੈੱਬਸਾਈਟਾਂ ਤੋਂ ਜਾਣਕਾਰੀ ਲੈ ਕੇ ਆਪਣੇ ਜਵਾਬ ਤਿਆਰ ਕਰਦੇ ਹਨ। ਸਮੱਸਿਆ ਇਹ ਹੈ ਕਿ ਜਦੋਂ ਯੂਜ਼ਰ ਨੂੰ ਜਵਾਬ ਸਿੱਧਾ ਏਆਈ ਤੋਂ ਮਿਲ ਜਾਂਦਾ ਹੈ ਤਾਂ ਉਹ ਮੁੱਢਲੀ ਵੈੱਬਸਾਈਟ ’ਤੇ ਕਲਿੱਕ ਨਹੀਂ ਕਰਦਾ। ਇਸ ਨਾਲ ਵੈੱਬਸਾਈਟਾਂ ਦਾ ਟ੍ਰੈਫਿਕ ਘਟਦਾ ਹੈ ਤੇ ਇਸ਼ਤਿਹਾਰ ਨਾਲ ਹੋਣ ਵਾਲੀ ਕਮਾਈ ’ਤੇ ਵੀ ਅਸਰ ਪੈਂਦਾ ਹੈ।

ਮੈਬਬੌਰਨ, ਦਿ ਕਨਵਰਸੇਸ਼ਨ : ਇੰਟਰਨੈੱਟ ’ਤੇ ਕਿਸੇ ਜਾਣਕਾਰੀ ਦੀ ਭਾਲ ’ਚ ਹੁਣ ਲੋਕ ਪਹਿਲਾਂ ਦੀ ਤਰ੍ਹਾਂ ਵੈੱਬਸਾਈਟਾਂ ’ਤੇ ਜਾਣ ਦੀ ਬਜਾਏ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੋਂ ਸਿੱਧਾ ਸਵਾਲ ਪੁੱਛ ਰਹੇ ਹਨ। ਕੁਝ ਸਕਿੰਟਾਂ ’ਚ ਜਵਾਬ ਮਿਲ ਜਾਂਦਾ ਹੈ ਤੇ ਕਈ ਵਾਰ ਵੈੱਬਸਾਈਟ ਖੋਲ੍ਹਣ ਦੀ ਲੋੜ ਵੀ ਨਹੀਂ ਪੈਂਦੀ ਪਰ ਸਹੂਲਤ ਦਾ ਇਹ ਵਧਦਾ ਰੁਝਾਨ ਇੰਟਰਨੈੱਟ ਦੇ ਉਸ ਪ੍ਰਬੰਧ ਲਈ ਪਰੇਸ਼ਾਨੀ ਪੈਦਾ ਕਰ ਰਿਹਾ ਹੈ, ਜਿਸ ’ਤੇ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਵੈੱਬਸਾਈਟਾਂ ਤੇ ਸਰਚ ਇੰਜਣ ਟਿਕੇ ਹੋਏ ਹਨ।
ਏਆਈ ਟੂਲ ਵਰਗੇ ਚੈਟਜੀਪੀਟੀ ਤੇ ਗੂਗਲ ਦੇ ਏਆਈ ਫੀਚਰ ਵੱਡੀ ਗਿਣਤੀ ’ਚ ਵੈੱਬਸਾਈਟਾਂ ਤੋਂ ਜਾਣਕਾਰੀ ਲੈ ਕੇ ਆਪਣੇ ਜਵਾਬ ਤਿਆਰ ਕਰਦੇ ਹਨ। ਸਮੱਸਿਆ ਇਹ ਹੈ ਕਿ ਜਦੋਂ ਯੂਜ਼ਰ ਨੂੰ ਜਵਾਬ ਸਿੱਧਾ ਏਆਈ ਤੋਂ ਮਿਲ ਜਾਂਦਾ ਹੈ ਤਾਂ ਉਹ ਮੁੱਢਲੀ ਵੈੱਬਸਾਈਟ ’ਤੇ ਕਲਿੱਕ ਨਹੀਂ ਕਰਦਾ। ਇਸ ਨਾਲ ਵੈੱਬਸਾਈਟਾਂ ਦਾ ਟ੍ਰੈਫਿਕ ਘਟਦਾ ਹੈ ਤੇ ਇਸ਼ਤਿਹਾਰ ਨਾਲ ਹੋਣ ਵਾਲੀ ਕਮਾਈ ’ਤੇ ਵੀ ਅਸਰ ਪੈਂਦਾ ਹੈ।
ਨਤੀਜਾ ਇਹ ਹੈ ਕਿ ਕਈ ਵੈੱਬਸਾਈਟ ਸੰਚਾਲਕ ਹੁਣ ਏਆਈ ਕੰਪਨੀਆਂ ਦੇ ਕ੍ਰਾਲਰ ਨੂੰ ਆਪਣੀ ਸਾਈਟ ਤੋਂ ਜਾਣਕਾਰੀ ਲੈਣ ਤੋਂ ਰੋਕ ਰਹੇ ਹਨ। ਭਾਵ ਜਿਸ ਵੈੱਬਸਾਈਟ ਦੀ ਜਾਣਕਾਰੀ ਨਾਲ ਏਆਈ ਬਿਹਤਰ ਜਵਾਬ ਦੇਣਾ ਸਿੱਖਦਾ ਹੈ, ਉਹੀ ਵੈੱਬਸਾਈਟ ਹੁਣ ਏਆਈ ਤੋਂ ਦੂਰੀ ਬਣਾਉਣ ਲੱਗੀ ਹੈ।
ਟੁੱਟ ਰਿਹੈ ਇੰਟਰਨੈੱਟ ਦਾ ਪੁਰਾਣਾ ਸਮਝੌਤਾ
ਇੰਟਰਨੈੱਟ ਦੇ ਸ਼ੁਰੂਆਤੀ ਦੌਰ ’ਚ ਸਰਚ ਇੰਜਣ ਤੇ ਵੈੱਬਸਾਈਟਾਂ ਵਿਚਾਲੇ ਇਕ ਤਰ੍ਹਾਂ ਦਾ ਅਣਕਿਹਾ ਸਮਝੌਤਾ ਸੀ। ਸਰਚ ਇੰਜਣ ਵੈੱਬਸਾਈਟਾਂ ਦੀ ਜਾਣਕਾਰੀ ਨੂੰ ਲੱਭ ਕੇ ਆਪਣੇ ਨਤੀਜਿਆਂ ’ਚ ਦਿਖਾਉਂਦਾ ਸੀ ਤੇ ਬਦਲੇ ’ਚ ਯੂਜ਼ਰ ਨੂੰ ਉਸ ਵੈੱਬਸਾਈਟ ਦਾ ਲਿੰਕ ਦਿੰਦੇ ਸੀ। ਇਸ ਨਾਲ ਵੈੱਬਸਾਈਟ ਨੂੰ ਪਾਠਕ ਤੇ ਇਸ਼ਤਿਹਾਰ ਰਾਹੀਂ ਕਮਾਈ ਮਿਲਦੀ ਸੀ। ਏਆਈ ਦੇ ਆਉਣ ਨਾਲ ਇਹ ਪ੍ਰਬੰਧ ਬਦਲ ਰਿਹਾ ਹੈ। ਏਆਈ ਕਿਸੇ ਵੈੱਬਸਾਈਟ ਦੀ ਜਾਣਕਾਰੀ ਪੜ੍ਹ ਕੇ ਉਸਦਾ ਸਾਰ ਸਿੱਧਾ ਯੂਜ਼ਰ ਨੂੰ ਦੱਸ ਦਿੰਦਾ ਹੈ। ਯੂਜ਼ਰ ਨੂੰ ਜਾਣਕਾਰੀ ਤਾਂ ਮਿਲ ਜਾਂਦੀ ਹੈ ਪਰ ਮੁੱਢਲੀ ਵੈੱਬਸਾਈਟ ਤੱਕ ਪਹੁੰਚਣ ਦੀ ਲੋੜ ਘੱਟ ਹੋ ਜਾਂਦੀ ਹੈ। ਵੈੱਬਸਾਈਟਾਂ ਦੇ ਸੰਚਾਲਕਾਂ ਲਈ ਇਹੀ ਸਭ ਤੋਂ ਵੱਡੀ ਚਿੰਤਾ ਹੈ। ਉਨ੍ਹਾਂ ਦਾ ਤਰਕਾ ਹੈ ਕਿ ਜੇ ਲੋਕ ਵੈੱਬਸਾਈਟ ’ਤੇ ਆਉਣਗੇ ਹੀ ਨਹੀਂ ਤਾਂ ਚੰਗੀ ਤੇ ਭਰੋਸੇਮੰਦ ਸਮੱਗਰੀ ਤਿਆਰ ਕਰਨ ਦਾ ਖ਼ਰਚ ਕਿਵੇਂ ਨਿਕਲੇਗਾ।
ਏਆਈ ਦੀ ਵਧਦੀ ਵਰਤੋਂ ਨਾਲ ਵਧੀ ਚਿੰਤਾ
ਇੰਟਰਨੈੱਟ ’ਤੇ ਏਆਈ ਨਾਲ ਜੁੜੇ ਬੋਟ ਤੇ ਕ੍ਰਾਲਰ ਇਸ ਸਮੇਂ ਵੱਡੀ ਮਾਤਰਾ ’ਚ ਵੈੱਬਸਾਈਟਾਂ ਦੀ ਜਾਣਕਾਰੀ ਖੰਗਾਲ ਰਹੇ ਹਨ। ਕਲਾਊਡਫਲੇਅਰ ਦੇ ਅੰਦਾਜ਼ੇ ਅਨੁਸਾਰ, ਵੈੱਬ ਟ੍ਰੈਫਿਕ ’ਚ ਏਆਈ ਬੋਟਸ ਦੀ ਹਿੱਸੇਦਾਰੀ ਹੁਣ ਕਾਫੀ ਵਧ ਚੁੱਕੀ ਹੈ। ਇਸਦਾ ਇਕ ਦੂਜਾ ਅਸਰ ਵੀ ਸਾਹਮਣੇ ਆ ਰਿਹਾ ਹੈ। ਜਦੋਂ ਚੰਗੀਆਂ ਵੈੱਬਸਾਈਟਾਂ ਏਆਈ ਕ੍ਰਾਲਰ ਨੂੰ ਰੋਕਣਗੀਆਂ ਤੇ ਘੱਟ ਭਰੋਸੇਮੰਦ ਵੈੱਬਸਾਈਟਾਂ ਉਨ੍ਹਾਂ ਨੂੰ ਖੁੱਲ੍ਹਾ ਛੱਡ ਦੇਣਗੀਆਂ ਤਾਂ ਏਆਈ ਨੂੰ ਮਿਲਣ ਵਾਲੀ ਜਾਣਕਾਰੀ ਦਾ ਸੰਤੁਲਨ ਵਿਗੜ ਸਕਦਾ ਹੈ। ਅਜਿਹੇ ’ਚ ਏਆਈ ਦੇ ਜਵਾਬਾਂ ’ਚ ਬਿਹਤਰ ਸੋਮਿਆਂ ਦੀ ਥਾਂ ਘੱਟ ਗੁਣਵੱਤਾ ਵਾਲੀਆਂ ਵੈੱਬਸਾਈਟਾਂ ਦੀ ਜਾਣਕਾਰੀ ਵਧਣ ਦਾ ਖ਼ਤਰਾ ਹੈ।
‘ਗੂਗਲ ਜ਼ੀਰੋ’ ਦਾ ਖ਼ਦਸ਼ਾ
ਸਰਚ ਦੀ ਦੁਨੀਆ ’ਚ ਹੁਣ ਨਵੇਂ ਖ਼ਤਰੇ ਦੀ ਚਰਚਾ ਹੋ ਰਹੀ ਹੈ, ਜਿਸ ਨੂੰ ‘ਗੂਗਲ ਜ਼ੀਰੋ’ ਕਿਹਾ ਜਾ ਰਿਹਾ ਹੈ। ਇਸਦਾ ਮਤਲਬ ਹੈ ਅਜਿਹੀ ਹਾਲਤ, ਜਦੋਂ ਲੋਕ ਗੂਗਲ ’ਤੇ ਖੋਜ ਕਰਨ ਤੋਂ ਬਾਅਦ ਵੈੱਬਸਾਈਟ ਖੋਲ੍ਹਣ ਦੀ ਬਜਾਏ ਗੂਗਲ ਦੇ ਏਆਈ ਤੋਂ ਮਿਲੇ ਜਵਾਬ ਨੂੰ ਹੀ ਲੁੜੀਂਦਾ ਮੰਨ ਲੈਣ•। ਏਆਈ ਤੋਂ ਸਿੱਧਾ ਜਵਾਬ ਮਿਲਣਾ ਯੂਜ਼ਰ ਲਈ ਯਕੀਨੀ ਤੌਰ ’ਤੇ ਸਹੂਲਤਮਈ ਹੈ ਪਰ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਵਿਕੀਪੀਡੀਆ ’ਤੇ ਹੋਏ ਇਕ ਅਧਿਐਨ ’ਚ ਵੀ ਏਆਈ ਆਧਾਰਿਤ ਸਾਰਅੰਸ਼ ਸ਼ੁਰੂ ਹੋਣ ਤੋਂ ਬਾਅਦ ਕੁਝ ਭਾਸ਼ਾਵਾਂ ’ਚ ਉਸਦੇ ਟ੍ਰੈਫਿਕ ’ਚ ਗਿਰਾਵਟ ਦੇਖੀ ਗਈ। ਜੇ ਇਹੀ ਰੁਝਾਨ ਵਧਦਾ ਹੈ ਤਾਂ ਖ਼ਬਰਾਂ, ਅਧਿਐਨ, ਮਾਹਿਰਾਂ ਤੇ ਆਜ਼ਾਦ ਵੈੱਬਸਾਈਟਾਂ ਲਈ ਲੋਕਾਂ ਤੱਕ ਪਹੁੰਚਣਾ ਤੇ ਉਸ ਤੋਂ ਕਮਾਈ ਕਰਨਾ ਮੁਸ਼ਕਲ ਹੋ ਸਕਦਾ ਹੈ।
ਆਮ ਯੂਜ਼ਰ ਲਈ ਕੀ ਬਦਲੇਗਾ
ਇਸ ਪੂਰੀ ਬਹਿਸ ਦਾ ਸਭ ਤੋਂ ਅਹਿਮ ਸਵਾਲ ਇਹੀ ਹੈ ਕਿ ਇਸਦਾ ਅਸਰ ਆਮ ਇੰਟਰਨੈੱਟ ਯੂਜ਼ਰ ’ਤੇ ਕੀ ਪਵੇਗਾ। ਏਆਈ ਤੋਂ ਮਿਲਣ ਵਾਲੇ ਜਵਾਬ ਤੇਜ਼ ਤੇ ਸਹੂਲਤਮਈ ਹਨ ਪਰ ਹਰ ਜਵਾਬ ਸਹੀ ਹੋਵੇ, ਇਹ ਜ਼ਰੂਰੀ ਨਹੀਂ। ਜੇ ਏਆਈ ਨੂੰ ਬਿਹਤਰ ਵੈੱਬਸਾਈਟਾਂ ਦੀ ਜਾਣਕਾਰੀ ਮਿਲਣੀ ਘੱਟ ਹੋ ਗਈ ਤਾਂ ਉਸਦੇ ਜਵਾਬਾਂ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਸਕਦੀ ਹੈ।