Royal Enfield UK ਨੇ ਲਾਂਚ ਕੀਤੀ 10 ਸਾਲ ਦੀ ਸਰਵਿਸ ਐਕਟੀਵੇਟਿਡ ਵਾਰੰਟੀ, ਵੱਖਰੇ ਤੌਰ 'ਤੇ ਨਹੀਂ ਦੇਣਾ ਪਵੇਗਾ ਇਕ ਵੀ ਰੁਪਇਆ
20 ਨਵੰਬਰ 2026 ਨੂੰ ਸ਼ੁਰੂ ਕੀਤੀ ਗਈ ਇਹ ਪਹਿਲ Royal Enfield ਨੂੰ ਦੁਨੀਆ ਦੀਆਂ ਉਨ੍ਹਾਂ ਚੋਣਵੀਆਂ ਮੋਟਰਸਾਈਕਲ ਕੰਪਨੀਆਂ 'ਚ ਸ਼ਾਮਲ ਕਰਦੀ ਹੈ, ਜੋ ਬਿਨਾਂ ਕਿਸੇ ਸ਼ੁਰੂਆਤੀ ਐਕਸਟੈਂਡਡ ਵਾਰੰਟੀ ਫੀਸ ਦੇ ਦਸ ਸਾਲਾਂ ਤੱਕ ਫੈਕਟਰੀ ਵੱਲੋਂ ਸਮਰਥਿਤ ਸੁਰੱਖਿਆ ਦਿੰਦੀਆਂ ਹਨ।
Publish Date: Sat, 21 Nov 2026 03:20 PM (IST)
Updated Date: Sat, 21 Nov 2026 03:22 PM (IST)
ਆਟੋ ਡੈਸਕ, ਨਵੀਂ ਦਿੱਲੀ : ਲੰਬੇ ਸਮੇਂ ਤੱਕ ਗਾਹਕਾਂ ਦਾ ਭਰੋਸਾ ਵਧਾਉਣ ਅਤੇ ਡੀਲਰਸ਼ਿਪ ਨਾਲ ਗਾਹਕਾਂ ਨੂੰ ਜੋੜੀ ਰੱਖਣ ਦੇ ਮਕਸਦ ਨਾਲ Royal Enfield UK ਨੇ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ 'ਚ 10 ਸਾਲ ਦੀ Service Activated Warranty ਸ਼ੁਰੂ ਕੀਤੀ ਹੈ। 20 ਨਵੰਬਰ 2026 ਨੂੰ ਸ਼ੁਰੂ ਕੀਤੀ ਗਈ ਇਹ ਪਹਿਲ Royal Enfield ਨੂੰ ਦੁਨੀਆ ਦੀਆਂ ਉਨ੍ਹਾਂ ਚੋਣਵੀਆਂ ਮੋਟਰਸਾਈਕਲ ਕੰਪਨੀਆਂ 'ਚ ਸ਼ਾਮਲ ਕਰਦੀ ਹੈ, ਜੋ ਬਿਨਾਂ ਕਿਸੇ ਸ਼ੁਰੂਆਤੀ ਐਕਸਟੈਂਡਡ ਵਾਰੰਟੀ ਫੀਸ ਦੇ ਦਸ ਸਾਲਾਂ ਤੱਕ ਫੈਕਟਰੀ ਵੱਲੋਂ ਸਮਰਥਿਤ ਸੁਰੱਖਿਆ ਦਿੰਦੀਆਂ ਹਨ।
ਸਰਵਿਸ-ਐਕਟੀਵੇਟਿਡ ਮਾਡਲ
ਰਵਾਇਤੀ ਐਕਸਟੈਂਡਡ ਵਾਰੰਟੀ ਪੈਕੇਜ ਦੇ ਉਲਟ, ਜਿਸ 'ਚ ਖਰੀਦਦਾਰਾਂ ਨੂੰ ਵਾਧੂ ਪੈਸੇ ਦੇਣੇ ਪੈਂਦੇ ਹਨ, Royal Enfield ਦੀ ਨਵੀਂ UK ਸਕੀਮ ਸਰਵਿਸ-ਐਕਟੀਵੇਟਿਡ ਮਾਡਲ 'ਤੇ ਕੰਮ ਕਰਦੀ ਹੈ। ਇਹ ਕਾਰ ਸੈਗਮੈਂਟ 'ਚ ਭਾਰਤ 'ਚ ਨਵੀਂ Duster ਦੇ ਨਾਲ Renault ਵਰਗੇ ਬ੍ਰਾਂਡਾਂ ਵੱਲੋਂ ਦਿੱਤੇ ਜਾਣ ਵਾਲੇ ਆਫ਼ਰ ਵਰਗੀ ਹੈ। ਇਕ ਵਾਰ ਜਦੋਂ ਸਟੈਂਡਰਡ 3 ਸਾਲ ਦੀ ਵਾਰੰਟੀ ਖ਼ਤਮ ਹੋ ਜਾਂਦੀ ਹੈ ਤਾਂ ਮਾਲਕਾਂ ਨੂੰ ਸਿਰਫ਼ ਆਪਣੀ ਬਾਈਕ ਦੀ ਸਾਲਾਨਾ ਸਰਵਿਸ ਕਿਸੇ ਅਧਿਕਾਰਤ Royal Enfield UK ਡੀਲਰਸ਼ਿਪ ਤੋਂ ਕਰਵਾਉਣੀ ਪਵੇਗੀ।
ਹਰ ਨਿਰਧਾਰਤ ਸਰਵਿਸ ਆਪਣੇ ਆਪ 12 ਮਹੀਨਿਆਂ ਦੀ ਵਾਧੂ ਵਾਰੰਟੀ ਸੁਰੱਖਿਆ ਸ਼ੁਰੂ ਕਰ ਦੇਵੇਗੀ। ਰਾਈਡਰ ਹਰ ਸਾਲ ਇਸ ਪ੍ਰਕਿਰਿਆ ਨੂੰ ਦੁਹਰਾ ਸਕਦੇ ਹਨ, ਜਦੋਂ ਤੱਕ ਮੋਟਰਸਾਈਕਲ 10 ਸਾਲ ਜਾਂ 70,000 ਮੀਲ ਦੀ ਹੱਦ ਤੱਕ ਨਹੀਂ ਪਹੁੰਚ ਜਾਂਦੀ। ਇਨ੍ਹਾਂ 'ਚੋਂ ਜੋ ਵੀ ਹੱਦ ਪਹਿਲਾਂ ਪੂਰੀ ਹੋਵੇਗੀ, ਉਸ ਤੋਂ ਬਾਅਦ ਵਾਰੰਟੀ ਖ਼ਤਮ ਹੋ ਜਾਵੇਗੀ।
ਕੀ ਹਨ ਇਸ ਦੀਆਂ ਸ਼ਰਤਾਂ?
ਇਹ ਨਵਾਂ ਵਾਰੰਟੀ ਪ੍ਰੋਗਰਾਮ ਸਿਰਫ਼ ਨਵੇਂ ਖਰੀਦਦਾਰਾਂ ਤੱਕ ਸੀਮਤ ਨਹੀਂ ਹੈ, ਸਗੋਂ UK 'ਚ ਪਹਿਲਾਂ ਤੋਂ Royal Enfield ਦੀਆਂ ਬਾਈਕਾਂ ਰੱਖਣ ਵਾਲੇ ਪੁਰਾਣੇ ਗਾਹਕ ਵੀ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਹਨ। ਪਰ ਇਸ ਲਈ ਸ਼ਰਤ ਹੈ ਕਿ ਬਾਈਕ 10 ਸਾਲ ਜਾਂ 70,000 ਮੀਲ ਦੀ ਨਿਰਧਾਰਤ ਹੱਦ ਦੇ ਅੰਦਰ ਹੋਣੀ ਚਾਹੀਦੀ ਹੈ। ਇਹ ਯੋਜਨਾ 350cc J-Series, 450cc Sherpa, 650cc Twin ਅਤੇ ਨਵੇਂ 750cc ਮਾਡਲਾਂ ਦੀਆਂ ਮੋਟਰਸਾਈਕਲਾਂ ਨੂੰ ਕਵਰ ਕਰਦੀ ਹੈ। ਪੁਰਾਣੀ UCE 500cc ਲਾਈਨਅੱਪ, Himalayan 411 ਅਤੇ Scram 411 ਵਰਗੇ ਪੁਰਾਣੇ ਮਾਡਲਾਂ ਨੂੰ ਇਸ ਪ੍ਰੋਗਰਾਮ ਤੋਂ ਬਾਹਰ ਰੱਖਿਆ ਗਿਆ ਹੈ।
ਸਰਵਿਸ ਹਿਸਟਰੀ ਟੁੱਟਣ 'ਤੇ ਕੀ ਹੋਵੇਗਾ?
ਭਾਵੇਂ ਕਿਸੇ ਬਾਈਕ ਦੀ ਸਰਵਿਸ ਪਹਿਲਾਂ ਕਿਸੇ ਬਾਹਰੀ ਲੋਕਲ ਗੈਰਾਜ ਤੋਂ ਕਰਵਾਈ ਗਈ ਹੋਵੇ, ਬਾਈਕ ਮਾਲਕ ਕਿਸੇ ਅਧਿਕਾਰਤ ਡੀਲਰ ਤੋਂ ਇਕ ਪੇਡ ਸ਼ਡਿਊਲ ਸਰਵਿਸ ਕਰਵਾ ਕੇ ਅਤੇ ਇਕ ਮੁਫ਼ਤ ਹੈਲਥ ਚੈੱਕ ਪਾਸ ਕਰਕੇ ਮੁੜ ਅਧਿਕਾਰਤ ਵਾਰੰਟੀ ਦੇ ਦਾਇਰੇ 'ਚ ਆ ਸਕਦਾ ਹੈ। ਇਸ ਪਾਲਿਸੀ ਤਹਿਤ ਬਾਈਕ ਦੇ ਇੰਜਣ ਜਾਂ ਹੋਰ ਮਕੈਨੀਕਲ ਪਾਰਟਸ ਅਤੇ ਇਲੈਕਟ੍ਰਿਕ ਪਾਰਟਸ 'ਚ ਅਚਾਨਕ ਹੋਣ ਵਾਲੀ ਖ਼ਰਾਬੀ ਨੂੰ ਕਵਰ ਕੀਤਾ ਜਾਂਦਾ ਹੈ।
ਦੂਜੇ ਪਾਸੇ, ਵਰਤੋਂ ਨਾਲ ਆਪਣੇ ਆਪ ਘਸਣ ਜਾਂ ਖ਼ਤਮ ਹੋਣ ਵਾਲੀਆਂ ਚੀਜ਼ਾਂ ਜਿਵੇਂ ਬ੍ਰੇਕ ਪੈਡ, ਚੇਨ ਸਪ੍ਰੋਕੇਟ, ਟਾਇਰ, ਫਿਲਟਰ ਅਤੇ ਬਾਡੀਵਰਕ ਇਸ ਵਾਰੰਟੀ 'ਚ ਸ਼ਾਮਲ ਨਹੀਂ ਹਨ।
ਭਾਰਤ 'ਚ ਮੌਜੂਦਾ ਵਾਰੰਟੀ
ਦੱਸ ਦੇਈਏ ਕਿ 10 ਸਾਲ ਦੀ Service Activated Warranty ਸਿਰਫ਼ UK ਤੱਕ ਹੀ ਸੀਮਤ ਹੈ। ਭਾਰਤ 'ਚ, ਜਿੱਥੇ Royal Enfield ਦੀ ਗਲੋਬਲ ਵਿਕਰੀ ਦਾ ਸਭ ਤੋਂ ਵੱਡਾ ਹਿੱਸਾ ਆਉਂਦਾ ਹੈ, ਗਾਹਕਾਂ ਨੂੰ ਪਹਿਲਾਂ ਵਾਂਗ ਸਟੈਂਡਰਡ 3 ਸਾਲ ਦੀ ਵਾਰੰਟੀ ਹੀ ਮਿਲਦੀ ਹੈ। ਇਸ ਦੇ ਨਾਲ ਹੀ ਬ੍ਰਾਂਡ ਦੇ Ride Sure ਪ੍ਰੋਗਰਾਮ ਤਹਿਤ 7 ਸਾਲ ਜਾਂ 70,000 ਕਿਲੋਮੀਟਰ ਤੱਕ ਦੀ ਪੇਡ ਐਕਸਟੈਂਡਡ ਵਾਰੰਟੀ ਖਰੀਦਣ ਦਾ ਵਿਕਲਪ ਵੀ ਮੌਜੂਦ ਹੈ। Royal Enfield ਨੇ ਭਾਰਤ 'ਚ ਇਸ 10 ਸਾਲ ਦੀ ਸਕੀਮ ਨੂੰ ਲਾਂਚ ਕਰਨ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।