Royal Enfield ਲਿਆ ਰਹੀ ਹੈ 250cc ਦੀ ਸਸਤੀ ਹਾਈਬ੍ਰਿਡ ਬਾਈਕ, 50kmpl ਤੋਂ ਵੱਧ ਮਿਲੇਗੀ ਮਾਈਲੇਜ; ਜਾਣੋ ਕਿੰਨੀ ਹੋਵੇਗੀ ਕੀਮਤ?
Royal Enfield ਦੀ ਨਵੀਂ 250cc ਹਾਈਬ੍ਰਿਡ ਬਾਈਕ FY28 'ਚ ਲਾਂਚ ਹੋ ਸਕਦੀ ਹੈ। ਜਾਣੋ ਇਸ ਬਾਈਕ ਦੀ ਸੰਭਾਵੀ ਕੀਮਤ, 50kmpl ਤੋਂ ਵੱਧ ਮਾਈਲੇਜ ਤੇ ਇੰਜਣ ਦੀਆਂ ਖਾਸ ਗੱਲਾਂ ਬਾਰੇ ਵਿਸਥਾਰ ਨਾਲ...
Publish Date: Fri, 20 Nov 2026 12:55 PM (IST)
Updated Date: Fri, 20 Nov 2026 12:59 PM (IST)
ਆਟੋ ਡੈਸਕ, ਨਵੀਂ ਦਿੱਲੀ : Royal Enfield ਭਾਰਤ 'ਚ ਐਂਟਰੀ-ਲੈਵਲ 250cc ਹਾਈਬ੍ਰਿਡ ਮੋਟਰਸਾਈਕਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਅਜਿਹੀ ਵੀ ਉਮੀਦ ਹੈ ਕਿ ਕੰਪਨੀ ਚੀਨ ਦੀ ਕੰਪਨੀ CFMoto ਤੋਂ 250cc ਇੰਜਣ ਲਵੇਗੀ ਅਤੇ ਇਸ ਹਾਈਬ੍ਰਿਡ ਬਾਈਕ ਨੂੰ Hunter 350 ਤੋਂ ਘੱਟ ਕੀਮਤ 'ਤੇ ਲਗਭਗ 1.20 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਲਾਂਚ ਕਰ ਸਕਦੀ ਹੈ। ਇਸ ਬਾਈਕ ਦੇ ਭਾਰਤ 'ਚ FY28 ਦੌਰਾਨ ਲਾਂਚ ਹੋਣ ਦੀ ਸੰਭਾਵਨਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, Royal Enfield ਆਪਣੀ ਨਵੀਂ 250cc ਬਾਈਕ ਰਾਹੀਂ ਨੌਜਵਾਨ ਖਰੀਦਦਾਰਾਂ ਨੂੰ ਨਿਸ਼ਾਨਾ ਬਣਾਉਣ 'ਤੇ ਖਾਸ ਧਿਆਨ ਦੇ ਰਹੀ ਹੈ। ਕੰਪਨੀ ਅਜਿਹੇ ਗਾਹਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ, ਜੋ ਐਂਟਰੀ-ਲੈਵਲ ਕਮਿਊਟਰ ਬਾਈਕਸ ਤੋਂ ਅਪਗ੍ਰੇਡ ਕਰਨਾ ਚਾਹੁੰਦੇ ਹਨ।
ਕੰਪਨੀ ਦਾ ਕੀ ਹੈ ਰਿਐਕਸ਼ਨ?
ਹਾਲਾਂਕਿ, Royal Enfield ਨੇ ਭਵਿੱਖ ਦੀਆਂ ਉਤਪਾਦ ਯੋਜਨਾਵਾਂ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫਿਰ ਵੀ, ਮੀਡੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ 250cc ਹਾਈਬ੍ਰਿਡ ਮਾਡਲ ਰਾਹੀਂ ਕੰਪਨੀ ਘਰੇਲੂ ਮੋਟਰਸਾਈਕਲ ਬਾਜ਼ਾਰ 'ਚ ਆਪਣੀ ਪਹੁੰਚ ਤਿੰਨ ਗੁਣਾ ਕਰਨ ਦੀ ਲੰਬੇ ਸਮੇਂ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ Royal Enfield ਦੀ ਇਹ 250cc ਬਾਈਕ 50kmpl ਤੋਂ ਵੱਧ ਦੀ ਮਾਈਲੇਜ ਦੇਵੇਗੀ ਅਤੇ ਇਸ ਦਾ ਇੰਜਣ ਆਉਣ ਵਾਲੇ BS7 ਐਮੀਸ਼ਨ ਮਾਪਦੰਡਾਂ ਦੇ ਅਨੁਕੂਲ ਹੋਵੇਗਾ।
ਇੰਜਣ ਅਤੇ ਹਾਈਬ੍ਰਿਡ ਤਕਨੀਕ
ਪਿਛਲੇ ਸਾਲ ਆਈਆਂ ਕਈ ਰਿਪੋਰਟਾਂ 'ਚ ਜ਼ਿਕਰ ਕੀਤਾ ਗਿਆ ਸੀ ਕਿ ਕੰਪਨੀ 250cc ਇੰਜਣ ਪਲੇਟਫਾਰਮ 'ਤੇ ਕੰਮ ਕਰ ਰਹੀ ਹੈ, ਜਿਸ ਨੂੰ V ਪਲੇਟਫਾਰਮ ਦੱਸਿਆ ਗਿਆ ਸੀ। ਇਸ ਦੇ ਨਾਲ ਹੀ ਚੀਨੀ ਕੰਪਨੀ CFMoto ਨਾਲ ਇੰਜਣ ਤਕਨੀਕ ਦੇ ਲਾਇਸੈਂਸ ਨੂੰ ਲੈ ਕੇ ਗੱਲਬਾਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਦੱਸ ਦੇਈਏ ਕਿ Royal Enfield ਵੱਲੋਂ ਅਜੇ ਤਕ ਇਸ ਦੇ ਇੰਜਣ, ਡਿਜ਼ਾਈਨ ਅਤੇ ਪਾਵਰ ਆਉਟਪੁੱਟ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਰਿਪੋਰਟਾਂ 'ਚ 250cc ਹਾਈਬ੍ਰਿਡ ਇੰਜਣ ਦੀ ਗੱਲ ਸਾਹਮਣੇ ਆ ਰਹੀ ਹੈ, ਜੋ ਮਾਈਲਡ-ਹਾਈਬ੍ਰਿਡ ਜਾਂ ਸਟ੍ਰਾਂਗ-ਹਾਈਬ੍ਰਿਡ ਹੋ ਸਕਦਾ ਹੈ। ਹਾਲਾਂਕਿ, ਇਸ ਬਾਰੇ ਵੀ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਕ ਬਾਈਕ ਜਾਂ ਪੂਰੀ ਸੀਰੀਜ਼?
ਦੱਸ ਦੇਈਏ ਕਿ Royal Enfield ਸਿਰਫ਼ ਇਕ 250cc ਬਾਈਕ ਪੇਸ਼ ਕਰੇਗੀ ਜਾਂ ਫਿਰ ਪੂਰੀ ਰੇਂਜ 'ਤੇ ਕੰਮ ਕਰੇਗੀ, ਇਹ ਅਜੇ ਵੀ ਸਵਾਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਸੰਭਾਵਿਤ 250cc ਪਲੇਟਫਾਰਮ ਦੀ ਵਰਤੋਂ ਕਈ ਮੋਟਰਸਾਈਕਲਾਂ ਬਣਾਉਣ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ, ਅਜੇ ਤੱਕ ਇਨ੍ਹਾਂ ਬਾਈਕਸ ਦੇ ਨਾਂ ਜਾਂ ਡਿਜ਼ਾਈਨ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਡਿਜ਼ਾਈਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ ਕਿ ਕੰਪਨੀ ਆਪਣੇ ਪੁਰਾਣੇ ਰੈਟਰੋ ਸਟਾਈਲ ਨੂੰ ਹੀ ਜਾਰੀ ਰੱਖੇਗੀ ਜਾਂ ਫਿਰ ਕੋਈ ਬਿਲਕੁਲ ਨਵਾਂ ਡਿਜ਼ਾਈਨ ਲੈ ਕੇ ਆਵੇਗੀ।