ਹੁਣ ਚੀਨ ਵਾਂਗ ਭਾਰਤ ’ਚ ਦੌੜਨਗੀਆਂ Self Driving Car, ਸਰਕਾਰ ਦੇ ਨਵੇਂ ਫ਼ੈਸਲੇ ਨਾਲ ਰਸਤਾ ਹੋਇਆ ਆਸਾਨ
ਦੂਰਸੰਚਾਰ ਵਿਭਾਗ (Department of Telecommunications) ਨੇ ਕਾਰਾਂ ਦੀ ਸੁਰੱਖਿਆ ਨਾਲ ਜੁੜੀ ਟੈਕਨਾਲੋਜੀ ਲਈ ਸਪੈਕਟ੍ਰਮ ਦਾ ਲਾਇਸੈਂਸ ਖ਼ਤਮ ਕਰ ਦਿੱਤਾ ਹੈ। ਇਸ ਨਾਲ ਕਾਰਾਂ ਵਿੱਚ ਰਡਾਰ ਸੈਂਸਰ ਅਤੇ ਆਪਸੀ ਸੰਵਾਦ ਵਾਲੀ V2X ਤਕਨਾਲੋਜੀ ਲਗਾਉਣਾ ਆਸਾਨ ਹੋ ਜਾਵੇਗਾ। ਇਸ ਨਾਲ ਸੜਕ ਹਾਦਸਿਆਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਵਿਭਾਗ ਨੇ ਸ਼ੁੱਕਰਵਾਰ ਨੂੰ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਹਨ।
Publish Date: Sat, 13 Jun 2026 02:54 PM (IST)
Updated Date: Sat, 13 Jun 2026 03:00 PM (IST)

ਆਟੋ ਡੈਸਕ, ਨਵੀਂ ਦਿੱਲੀ। ਦੂਰਸੰਚਾਰ ਵਿਭਾਗ (Department of Telecommunications) ਨੇ ਕਾਰਾਂ ਦੀ ਸੁਰੱਖਿਆ ਨਾਲ ਜੁੜੀ ਟੈਕਨਾਲੋਜੀ ਲਈ ਸਪੈਕਟ੍ਰਮ ਦਾ ਲਾਇਸੈਂਸ ਖ਼ਤਮ ਕਰ ਦਿੱਤਾ ਹੈ। ਇਸ ਨਾਲ ਕਾਰਾਂ ਵਿੱਚ ਰਡਾਰ ਸੈਂਸਰ ਅਤੇ ਆਪਸੀ ਸੰਵਾਦ ਵਾਲੀ V2X ਤਕਨਾਲੋਜੀ ਲਗਾਉਣਾ ਆਸਾਨ ਹੋ ਜਾਵੇਗਾ। ਇਸ ਨਾਲ ਸੜਕ ਹਾਦਸਿਆਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਵਿਭਾਗ ਨੇ ਸ਼ੁੱਕਰਵਾਰ ਨੂੰ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਹਨ।
ਪਹਿਲਾ ਨੋਟੀਫਿਕੇਸ਼ਨ: 77-81 ਗੀਗਾਹਰਟਜ਼ (GHz) ਬੈਂਡ ਵਿੱਚ ਚੱਲਣ ਵਾਲੇ 'ਸ਼ਾਰਟ-ਰੇਂਜ ਰਡਾਰ ਸਿਸਟਮ' ਨੂੰ ਲਾਇਸੈਂਸ ਤੋਂ ਮੁਕਤ ਕਰਦਾ ਹੈ। ਇਹ ਰਡਾਰ ਕੋਲੀਜ਼ਨ ਅਲਰਟ, ਬਲਾਈਂਡ-ਸਪਾਟ ਮਾਨੀਟਰਿੰਗ, ਅਡੈਪਟਿਵ ਕਰੂਜ਼ ਕੰਟਰੋਲ ਅਤੇ ਆਟੋਮੈਟਿਕ ਪਾਰਕਿੰਗ ਵਰਗੇ ਫੀਚਰਸ ਨੂੰ ਸੰਭਵ ਬਣਾਉਂਦਾ ਹੈ। 'Adaptive Cruise Control' ਅਜਿਹੀ ਸਮਾਰਟ ਡ੍ਰਾਈਵਰ-ਅਸਿਸਟ ਟੈਕਨਾਲੋਜੀ ਹੈ ਜੋ ਗੱਡੀ ਦੀ ਰਫ਼ਤਾਰ ਆਪਣੇ ਆਪ ਸਹੀ ਲੈਵਲ 'ਤੇ ਬਣਾਈ ਰੱਖਦੀ ਹੈ।
ਦੂਜਾ ਨੋਟੀਫਿਕੇਸ਼ਨ: 5875-5905 ਮੈਗਾਹਰਟਜ਼ (MHz) ਬੈਂਡ ਵਿੱਚ 'ਕਾਰ-ਟੂ-ਐਵਰੀਥਿੰਗ' (V2X) ਯੂਨਿਟਾਂ ਲਈ ਹੈ। ਇਸ ਨਾਲ ਗੱਡੀਆਂ ਆਪਸ ਵਿੱਚ ਅਤੇ ਟ੍ਰੈਫਿਕ ਸਿਗਨਲ ਵਰਗੇ ਇੰਫਰਾਸਟਰਕਚਰ ਨਾਲ ਰੀਅਲ-ਟਾਈਮ ਡੇਟਾ ਸ਼ੇਅਰ ਕਰ ਸਕਣਗੀਆਂ।
ਰਡਾਰ ਸੈਂਸਰ ਦੇ ਫਾਇਦੇ
ਇਸ ਸੈਂਸਰ ਦੇ ਕਈ ਸਾਰੇ ਫਾਇਦੇ ਹਨ ਜਿਵੇਂ ਕਿ ਟੱਕਰ ਤੋਂ ਬਚਾਅ, ਆਟੋਮੇਟਿਡ ਪਾਰਕਿੰਗ, ਬਲਾਈਂਡ-ਸਪਾਟ ਮਾਨੀਟਰਿੰਗ ਅਤੇ ਅਡੈਪਟਿਵ ਕਰੂਜ਼ ਕੰਟਰੋਲ। ਜੇਕਰ ਅੱਗੇ ਕੋਈ ਗੱਡੀ ਆ ਰਹੀ ਹੋਵੇ, ਤਾਂ ਪਲਕ ਝਪਕਦਿਆਂ ਹੀ ਅਲਰਟ ਮਿਲ ਜਾਂਦਾ ਹੈ।
V2X ਤੋਂ ਮਿਲਣ ਵਾਲੀਆਂ ਸਹੂਲਤਾਂ
ਸਪੀਡ ਕੰਟਰੋਲ: ਦਿਸ਼ਾ, ਲੋਕੇਸ਼ਨ ਅਤੇ ਦੂਜੀਆਂ ਗੱਡੀਆਂ ਦੇ ਹਿਸਾਬ ਨਾਲ ਕਾਰ ਖ਼ੁਦ ਆਪਣੀ ਸਪੀਡ ਨੂੰ ਕੰਟਰੋਲ ਕਰੇਗੀ।
ਸਿੱਧਾ ਸੰਪਰਕ: ਟ੍ਰੈਫਿਕ ਸਿਗਨਲ ਅਤੇ ਰੋਡ ਇੰਫਰਾਸਟਰਕਚਰ ਨਾਲ ਸਿੱਧਾ ਸੰਪਰਕ ਰਹੇਗਾ।
ਅਲਰਟ ਦੀ ਸਹੂਲਤ: ਅੱਗੇ ਸੜਕ 'ਤੇ ਟੋਏ, ਜਾਮ ਜਾਂ ਹਾਦਸੇ ਦਾ ਅਲਰਟ ਪਹਿਲਾਂ ਹੀ ਮਿਲ ਜਾਵੇਗਾ।
ਸਰਕਾਰ ਤੋਂ ਪ੍ਰਵਾਨਗੀ
ਆਟੋ ਕੰਪਨੀਆਂ ਨੂੰ ਇੱਕ ਵਾਰ ਦੂਰਸੰਚਾਰ ਵਿਭਾਗ ਦੇ ਪੋਰਟਲ ਤੋਂ 'ਟਾਈਪ ਅਪ੍ਰੂਵਲ' ਲੈਣਾ ਹੋਵੇਗਾ। ਹਰ ਇਕੁਇਪਮੈਂਟ ਮਾਡਲ ਲਈ ਇਹ ਲਾਜ਼ਮੀ ਹੋਵੇਗਾ। ਪਰ ਜੇਕਰ ਕਿਸੇ ਕੰਪਨੀ ਦਾ ਕੋਈ ਇੱਕੋ ਜਿਹਾ ਮਾਡਲ ਪਹਿਲਾਂ ਹੀ ਅਪ੍ਰੂਵਡ ਅਤੇ ਪਬਲਿਸ਼ਡ ਹੈ, ਤਾਂ ਵੱਖਰੇ ਤੌਰ 'ਤੇ ਅਪ੍ਰੂਵਲ ਦੀ ਲੋੜ ਨਹੀਂ ਹੋਵੇਗੀ। ਪਹਿਲਾਂ Reliance Jio, Airtel ਅਤੇ VI ਜਿਹੀਆਂ ਕੰਪਨੀਆਂ ਇਨ੍ਹਾਂ ਸੇਵਾਵਾਂ ਲਈ ਵੱਖਰੀ ਲਾਇਸੈਂਸ ਦੀ ਸ਼ਰਤ ਦਾ ਵਿਰੋਧ ਕਰ ਰਹੀਆਂ ਸਨ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ।
ਹਰ ਸਾਲ 5 ਲੱਖ ਹਾਦਸੇ
ਦੇਸ਼ ਵਿੱਚ ਹਰ ਸਾਲ ਲਗਪਗ 5 ਲੱਖ ਦੇ ਕਰੀਬ ਸੜਕ ਹਾਦਸੇ ਹੁੰਦੇ ਹਨ, ਜੋ ਇਸ ਟੈਕਨਾਲੋਜੀ ਦੀ ਮਦਦ ਨਾਲ ਘੱਟ ਹੋ ਸਕਦੇ ਹਨ। ਸਾਲ 2024 ਵਿੱਚ ਹਾਦਸਿਆਂ ਵਿੱਚ ਹਰ ਰੋਜ਼ ਔਸਤਨ 485 ਲੋਕਾਂ ਦੀ ਮੌਤ ਹੋਈ। ਇਸ ਤਕਨਾਲੋਜੀ ਦੇ ਚੱਲਦਿਆਂ ਡ੍ਰਾਈਵਰ ਨੂੰ ਵਾਰ-ਵਾਰ ਗੱਡੀ ਰੋਕਣ ਅਤੇ ਸਟਾਰਟ ਕਰਨ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਗੱਡੀਆਂ ਦੀ ਮਾਈਲੇਜ ਸੁਧਰਦੀ ਹੈ ਅਤੇ ਫਿਊਲ ਦੀ ਬੱਚਤ ਹੁੰਦੀ ਹੈ।
ਇਸ ਦੇ ਨਾਲ ਹੀ, ਇਸ ਨਾਲ ਦੇਸ਼ ਵਿੱਚ 'ਸੈਲਫ਼ ਡ੍ਰਾਈਵਿੰਗ' (ਬਿਨਾਂ ਡ੍ਰਾਈਵਰ ਦੇ ਗੱਡੀ ਚੱਲਣਾ) ਦਾ ਰਾਹ ਆਸਾਨ ਹੋਵੇਗਾ। ਚੀਨ ਦਾ ਪਾਇਲਟ ਪ੍ਰੋਜੈਕਟ ਇਸ ਦੀ ਉਦਾਹਰਨ ਹੈ ਜਿੱਥੇ ਗੱਡੀ, ਸੜਕ ਅਤੇ ਕਲਾਊਡ ਨੈੱਟਵਰਕ ਮਿਲ ਕੇ ਕਾਰ ਨੂੰ ਬਿਨਾਂ ਡ੍ਰਾਈਵਰ ਦੇ ਚਲਾਉਂਦੇ ਹਨ। ਗਲੋਬਲ ਪੱਧਰ 'ਤੇ ਇੱਕੋ ਜਿਹੀ ਟੈਕਨਾਲੋਜੀ ਹੋਣ ਕਾਰਨ ਪੁਰਜ਼ੇ (ਕੰਪੋਨੈਂਟਸ) ਸਸਤੇ ਹੁੰਦੇ ਹਨ, ਜਿਸ ਨਾਲ ਭਾਰਤ ਵਿੱਚ ਵੀ ਆਮ ਜਨਤਾ ਲਈ ਸੁਰੱਖਿਅਤ ਕਾਰਾਂ ਖ਼ਰੀਦਣਾ ਬਜਟ ਵਿੱਚ ਆ ਜਾਵੇਗਾ।
ਬਾਕੀ ਦੇਸ਼ਾਂ ਵਿੱਚ ਕੀ ਨੇ ਨਿਯਮ?
ਯੂਰਪੀਅਨ ਦੇਸ਼ਾਂ ਵਿੱਚ 5855-5875 ਅਤੇ 5875-5925 ਮੈਗਾਹਰਟਜ਼ ਬੈਂਡ ਵਿੱਚ 'ਇੰਟੈਲੀਜੈਂਸ ਟ੍ਰਾਂਸਪੋਰਟ ਸਿਸਟਮ' ਲਾਗੂ ਹੈ। ਇਹ ਕੰਪਨੀਆਂ ਦੀ ਮਰਜ਼ੀ 'ਤੇ ਹੈ ਕਿ ਉਹ ਕਿਹੜੀ ਤਕਨੀਕ ਚੁਣਦੀਆਂ ਹਨ। ਚੀਨ ਨੇ 5905-5925 ਮੈਗਾਹਰਟਜ਼ ਬੈਂਡ C-V2X ਲਈ ਰਾਖਵਾਂ ਕੀਤਾ ਹੈ। ਸਾਲ 2024 ਵਿੱਚ ਚੀਨ ਨੇ 20 ਸ਼ਹਿਰਾਂ ਵਿੱਚ 'ਵ੍ਹੀਕਲ ਰੋਡ-ਕਲਾਊਡ ਇੰਟੀਗ੍ਰੇਸ਼ਨ' ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ, ਜੋ ਸਾਲ 2026 ਤੱਕ ਚੱਲੇਗਾ।
ਇਸ ਤੋਂ ਇਲਾਵਾ, ਦੱਖਣੀ ਕੋਰੀਆ ਵਿੱਚ 5.9 ਗੀਗਾਹਰਟਜ਼ ਆਈਟੀਐੱਸ ਬੈਂਡ ਵਿੱਚ 70 ਮੈਗਾਹਰਟਜ਼ ਸਪੈਕਟ੍ਰਮ ਤੈਅ ਹੈ। ਇੱਥੇ ਦਸੰਬਰ 2023 ਵਿੱਚ C-V2X ਨੂੰ ਮੁੱਖ ਟੈਕਨਾਲੋਜੀ ਚੁਣਿਆ ਗਿਆ ਸੀ।
ਭਾਰਤੀ ਤਕਨਾਲੋਜੀ ਕਿੰਨੀ ਸੁਰੱਖਿਅਤ?
ਭਾਰਤ ਨੇ 5875-5905 ਮੈਗਾਹਰਟਜ਼ ਬੈਂਡ ਤੈਅ ਕੀਤਾ ਹੈ। ਇਹ ਲਗਪਗ ਉਨਾ ਹੀ ਹੈ ਜਿੰਨਾ ਯੂਰਪ ਅਤੇ ਜਾਪਾਨ ਦੇ ਰੈਗੂਲੇਟਰਾਂ ਨੇ ਕਾਫ਼ੀ ਸਮਾਂ ਪਹਿਲਾਂ 'ਵ੍ਹੀਕਲ-ਟੂ-ਐਵਰੀਥਿੰਗ' ਸੁਰੱਖਿਆ ਲਈ ਲੋੜੀਂਦਾ ਮੰਨਿਆ ਸੀ। ਮਾਹਰਾਂ ਮੁਤਾਬਕ, ਭਾਰਤੀ ਕਾਰ ਨਿਰਮਾਤਾ ਕੰਪਨੀਆਂ ਹੁਣ ਅਜਿਹੀਆਂ ਗੱਡੀਆਂ ਬਣਾ ਸਕਣਗੀਆਂ ਜੋ ਅੰਤਰਰਾਸ਼ਟਰੀ ਸੁਰੱਖਿਆ ਮਾਪਦੰਡਾਂ 'ਤੇ ਖਰੀਆਂ ਉਤਰਨਗੀਆਂ, ਜਿਸ ਨਾਲ ਐਕਸਪੋਰਟ ਵੀ ਵਧੇਗਾ।