Maruti Suzuki Price Hike: ਹੋਰ ਮਹਿੰਗਾ ਹੋਇਆ ਮਾਰੂਤੀ ਦੀ ਕਾਰ ਖਰੀਦਣਾ, ਕੀਮਤਾਂ 'ਚ 0.31% ਤਕ ਦਾ ਵਾਧਾ
Stock Exchange ਨੂੰ ਦਿੱਤੀ ਜਾਣਕਾਰੀ 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਕਿਹਾ ਕਿ ਲਗਾਤਾਰ ਬਣੀਆਂ ਹੋਈਆਂ ਲਾਗਤ ਸਬੰਧੀ ਚੁਣੌਤੀਆਂ ਅਤੇ ਮਹਿੰਗਾਈ ਦੇ ਦਬਾਅ ਕਾਰਨ ਇਹ ਕਦਮ ਚੁੱਕਣਾ ਪਿਆ ਹੈ। ਕੰਪਨੀ ਨੇ ਕਿਹਾ ਕਿ ਉਹ ਲਾਗਤ ਘਟਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਵਧਦੇ ਖਰਚੇ ਦਾ ਕੁਝ ਹਿੱਸਾ ਗਾਹਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੋ ਗਿਆ ਹੈ।
Publish Date: Sun, 22 Nov 2026 03:17 PM (IST)
Updated Date: Sun, 22 Nov 2026 03:51 PM (IST)
ਏਜੰਸੀ, ਨਵੀਂ ਦਿੱਲੀ : ਲਗਾਤਾਰ ਵਧ ਰਹੇ ਲਾਗਤ ਦੇ ਦਬਾਅ ਦਰਮਿਆਨ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀਆਂ ਚੋਣਵੀਆਂ ਕਾਰਾਂ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਐਤਵਾਰ ਨੂੰ ਦੱਸਿਆ ਕਿ ਨਵੀਆਂ ਕੀਮਤਾਂ 22 ਨਵੰਬਰ 2026 ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਵਾਹਨਾਂ ਦੀਆਂ ਕੀਮਤਾਂ 'ਚ ਔਸਤਨ 0.31 ਫ਼ੀਸਦੀ ਦਾ ਵਾਧਾ ਹੋਵੇਗਾ।
ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਕਿਹਾ ਕਿ ਲਗਾਤਾਰ ਬਣੀਆਂ ਹੋਈਆਂ ਲਾਗਤ ਸਬੰਧੀ ਚੁਣੌਤੀਆਂ ਅਤੇ ਮਹਿੰਗਾਈ ਦੇ ਦਬਾਅ ਕਾਰਨ ਇਹ ਕਦਮ ਚੁੱਕਣਾ ਪਿਆ ਹੈ। ਕੰਪਨੀ ਨੇ ਕਿਹਾ ਕਿ ਉਹ ਲਾਗਤ ਘਟਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਵਧਦੇ ਖਰਚੇ ਦਾ ਕੁਝ ਹਿੱਸਾ ਗਾਹਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੋ ਗਿਆ ਹੈ।
ਕੰਪਨੀ ਮੁਤਾਬਕ, ਕੀਮਤਾਂ 'ਚ ਵਾਧੇ ਨੂੰ ਜਿੰਨਾ ਸੰਭਵ ਹੋ ਸਕੇ ਸੀਮਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਜੋ ਗਾਹਕਾਂ 'ਤੇ ਇਸ ਦਾ ਘੱਟ ਤੋਂ ਘੱਟ ਅਸਰ ਪਵੇ। ਹਾਲਾਂਕਿ, ਕੰਪਨੀ ਨੇ ਉਨ੍ਹਾਂ ਮਾਡਲਾਂ ਦੀ ਵਿਸਤ੍ਰਿਤ ਜਾਣਕਾਰੀ ਜਾਰੀ ਨਹੀਂ ਕੀਤੀ, ਜਿਨ੍ਹਾਂ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।
ਇਸ ਤੋਂ ਪਹਿਲਾਂ ਕੰਪਨੀ ਨੇ ਕਦੋਂ ਵਧਾਏ ਸਨ ਕਾਰਾਂ ਦੇ ਭਾਅ?
ਜ਼ਿਕਰਯੋਗ ਹੈ ਕਿ ਸਾਲ 2026 ਦੌਰਾਨ ਮਾਰੂਤੀ ਸੁਜ਼ੂਕੀ ਵੱਲੋਂ ਕੀਮਤਾਂ 'ਚ ਕੀਤੇ ਗਏ ਕਈ ਵਾਧਿਆਂ 'ਚੋਂ ਇਹ ਇਕ ਹੋਰ ਵਾਧਾ ਹੈ। ਸਤੰਬਰ 'ਚ ਕੰਪਨੀ ਨੇ ਵਧਦੀ ਲਾਗਤ ਦਾ ਹਵਾਲਾ ਦਿੰਦੇ ਹੋਏ ਕੁਝ ਮਾਡਲਾਂ ਦੀਆਂ ਕੀਮਤਾਂ 'ਚ 20,000 ਰੁਪਏ ਤੱਕ ਦਾ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ ਅਗਸਤ 'ਚ ਅਰੀਨਾ ਅਤੇ ਨੇਕਸਾ ਰੇਂਜ ਦੇ ਵਾਹਨਾਂ ਦੀਆਂ ਕੀਮਤਾਂ 30,000 ਰੁਪਏ ਤੱਕ ਵਧਾਈਆਂ ਗਈਆਂ ਸਨ। ਜੂਨ 2026 'ਚ ਵੀ ਕੰਪਨੀ ਨੇ ਆਪਣੇ ਪੈਸੰਜਰ ਵਾਹਨ ਪੋਰਟਫੋਲੀਓ ਦੀਆਂ ਕੀਮਤਾਂ 'ਚ 30,000 ਰੁਪਏ ਤੱਕ ਦਾ ਵਾਧਾ ਲਾਗੂ ਕੀਤਾ ਸੀ।
ਕਿਵੇਂ ਰਹੇ ਕੰਪਨੀ ਦੇ ਤਿਮਾਹੀ ਨਤੀਜੇ?
ਕੀਮਤਾਂ 'ਚ ਇਹ ਨਵਾਂ ਵਾਧਾ ਅਜਿਹੇ ਸਮੇਂ ਹੋਇਆ ਹੈ, ਜਦੋਂ ਕੰਪਨੀ ਦੀ ਆਮਦਨ ਤਾਂ ਵਧ ਰਹੀ ਹੈ, ਪਰ ਮੁਨਾਫ਼ੇ 'ਤੇ ਦਬਾਅ ਬਣਿਆ ਹੋਇਆ ਹੈ। ਵਿੱਤੀ ਸਾਲ 2026-27 ਦੀ ਜੁਲਾਈ-ਸਤੰਬਰ ਤਿਮਾਹੀ 'ਚ ਮਾਰੂਤੀ ਸੁਜ਼ੂਕੀ ਇੰਡੀਆ ਦਾ ਸਟੈਂਡਅਲੋਨ ਸ਼ੁੱਧ ਮੁਨਾਫ਼ਾ ਸਾਲਾਨਾ ਆਧਾਰ 'ਤੇ 26.9 ਫ਼ੀਸਦੀ ਘਟ ਕੇ 2,415 ਕਰੋੜ ਰੁਪਏ ਰਹਿ ਗਿਆ। ਇਸ ਦੇ ਉਲਟ, ਕੰਪਨੀ ਦਾ ਕਾਰੋਬਾਰੀ ਮਾਲੀਆ 26 ਫ਼ੀਸਦੀ ਵਧ ਕੇ 53,340 ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 42,332 ਕਰੋੜ ਰੁਪਏ ਸੀ।
ਤਿਮਾਹੀ ਦੌਰਾਨ ਕੰਪਨੀ ਦਾ EBITDA (ਵਿਆਜ, ਟੈਕਸ, ਮੁੱਲ ਘਟਣ ਅਤੇ ਅਮੋਰਟਾਈਜ਼ੇਸ਼ਨ ਤੋਂ ਪਹਿਲਾਂ ਦੀ ਕਮਾਈ) 6.3 ਫ਼ੀਸਦੀ ਘਟ ਕੇ 4,764 ਕਰੋੜ ਰੁਪਏ ਰਹਿ ਗਿਆ। ਉੱਥੇ ਹੀ, ਕੰਪਨੀ ਦਾ ਆਪਰੇਟਿੰਗ ਮਾਰਜਿਨ ਘਟ ਕੇ 8.9 ਫ਼ੀਸਦੀ ਰਹਿ ਗਿਆ, ਜੋ ਇਕ ਸਾਲ ਪਹਿਲਾਂ 12 ਫ਼ੀਸਦੀ ਸੀ। ਕੰਪਨੀ ਦੀ ਹੋਰ ਆਮਦਨ 'ਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ। ਇਹ ਘਟ ਕੇ 430 ਕਰੋੜ ਰੁਪਏ ਰਹਿ ਗਈ, ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ 966 ਕਰੋੜ ਰੁਪਏ ਸੀ। ਹਾਲਾਂਕਿ, ਟੈਕਸ ਖਰਚ 988 ਕਰੋੜ ਰੁਪਏ ਤੋਂ ਘਟ ਕੇ 751 ਕਰੋੜ ਰੁਪਏ ਹੋ ਗਿਆ।