5G ਫੋਨ 'ਚ 5G ਬੰਦ ਕਰਨ ਨਾਲ ਕਿੰਨੀ ਬਚਦੀ ਹੈ ਬੈਟਰੀ? ਜ਼ਿਆਦਾਤਰ ਲੋਕ ਨਹੀਂ ਜਾਣਦੇ ਇਹ ਗੱਲ!
5G ਨੂੰ ਆਫ਼ ਕਰਨ ਨਾਲ ਬੈਟਰੀ ਦੀ ਬਚਤ ਹੋ ਸਕਦੀ ਹੈ, ਪਰ ਇਹ ਹਰ ਫੋਨ ਅਤੇ ਹਰ ਨੈੱਟਵਰਕ 'ਤੇ ਇੱਕੋ ਜਿਹੀ ਨਹੀਂ ਹੁੰਦੀ। ਜੇ ਤੁਹਾਡੇ ਇਲਾਕੇ 'ਚ 5G ਸਿਗਨਲ ਕਮਜ਼ੋਰ ਹੈ ਜਾਂ ਫੋਨ ਲਗਾਤਾਰ 5G ਨੈੱਟਵਰਕ ਸਰਚ ਕਰਦਾ ਰਹਿੰਦਾ ਹੈ ਤਾਂ ਬੈਟਰੀ 'ਤੇ ਜ਼ਿਆਦਾ ਦਬਾਅ ਪੈ ਸਕਦਾ ਹੈ।
Publish Date: Mon, 05 Oct 2026 12:59 PM (IST)
Updated Date: Mon, 05 Oct 2026 01:04 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : 5G ਨੈੱਟਵਰਕ 'ਚ ਮਿਲਣ ਵਾਲੇ ਹਾਈ-ਸਪੀਡ ਇੰਟਰਨੈੱਟ ਨੇ ਸਮਾਰਟਫੋਨ ਦੀ ਵਰਤੋਂ ਕਰਨ ਦਾ ਤਰੀਕਾ ਕਾਫ਼ੀ ਬਦਲ ਦਿੱਤਾ ਹੈ। ਫਾਸਟ ਡਾਊਨਲੋਡਿੰਗ, ਘੱਟ ਲੇਟੈਂਸੀ ਅਤੇ ਬਿਹਤਰ ਕਨੈਕਟੀਵਿਟੀ ਕਾਰਨ ਅੱਜ ਵੱਡੀ ਗਿਣਤੀ 'ਚ ਲੋਕ 5G ਫੋਨ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ, ਕਈ ਯੂਜ਼ਰਜ਼ ਦੀ ਸ਼ਿਕਾਇਤ ਰਹਿੰਦੀ ਹੈ ਕਿ 5G ਆਨ ਰੱਖਣ 'ਤੇ ਮੋਬਾਈਲ ਦੀ ਬੈਟਰੀ ਤੇਜ਼ੀ ਨਾਲ ਖ਼ਤਮ ਹੁੰਦੀ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜੇ 5G ਨੂੰ ਆਫ਼ ਕਰਕੇ ਸਿਰਫ਼ 4G LTE ਦੀ ਵਰਤੋਂ ਕੀਤੀ ਜਾਵੇ ਤਾਂ ਕੀ ਬੈਟਰੀ ਦੀ ਖਪਤ ਘੱਟ ਹੋ ਸਕਦੀ ਹੈ?
ਦਰਅਸਲ, 5G ਨੂੰ ਆਫ਼ ਕਰਨ ਨਾਲ ਬੈਟਰੀ ਦੀ ਬਚਤ ਹੋ ਸਕਦੀ ਹੈ, ਪਰ ਇਹ ਹਰ ਫੋਨ ਅਤੇ ਹਰ ਨੈੱਟਵਰਕ 'ਤੇ ਇੱਕੋ ਜਿਹੀ ਨਹੀਂ ਹੁੰਦੀ। ਜੇ ਤੁਹਾਡੇ ਇਲਾਕੇ 'ਚ 5G ਸਿਗਨਲ ਕਮਜ਼ੋਰ ਹੈ ਜਾਂ ਫੋਨ ਲਗਾਤਾਰ 5G ਨੈੱਟਵਰਕ ਸਰਚ ਕਰਦਾ ਰਹਿੰਦਾ ਹੈ ਤਾਂ ਬੈਟਰੀ 'ਤੇ ਜ਼ਿਆਦਾ ਦਬਾਅ ਪੈ ਸਕਦਾ ਹੈ। ਅਜਿਹੀ ਸਥਿਤੀ 'ਚ 4G 'ਤੇ ਸਵਿੱਚ ਕਰਨ ਨਾਲ ਫੋਨ ਨੂੰ ਨੈੱਟਵਰਕ ਬਣਾਈ ਰੱਖਣ ਲਈ ਘੱਟ ਮਿਹਨਤ ਕਰਨੀ ਪੈਂਦੀ ਹੈ, ਜਦਕਿ 5G 'ਤੇ ਇਹ ਖਪਤ ਵੱਧ ਸਕਦੀ ਹੈ।
ਕਿੰਨੀ ਬਚ ਸਕਦੀ ਹੈ ਬੈਟਰੀ?
ਨਾਰਮਲ ਯੂਜ਼ 'ਚ 5G ਆਫ਼ ਕਰਨ ਨਾਲ ਬੈਟਰੀ ਦੀ ਬਚਤ ਲਗਪਗ 5 ਤੋਂ 15 ਫ਼ੀਸਦੀ ਤੱਕ ਹੋ ਸਕਦੀ ਹੈ। ਹਾਲਾਂਕਿ, ਇਹ ਕੋਈ ਫਿਕਸ ਨੰਬਰ ਨਹੀਂ ਹੈ। ਕੁਝ ਮਾਮਲਿਆਂ 'ਚ ਫ਼ਰਕ ਬਹੁਤ ਘੱਟ ਹੋ ਸਕਦਾ ਹੈ, ਜਦਕਿ ਖ਼ਰਾਬ 5G ਕਵਰੇਜ ਵਾਲੇ ਇਲਾਕੇ 'ਚ ਬੈਟਰੀ ਦੀ ਬਚਤ ਇਸ ਤੋਂ ਜ਼ਿਆਦਾ ਵੀ ਮਹਿਸੂਸ ਹੋ ਸਕਦੀ ਹੈ।
ਜੇ ਤੁਸੀਂ ਲਗਾਤਾਰ ਵੀਡੀਓ ਸਟ੍ਰੀਮਿੰਗ, ਵੱਡੀਆਂ ਫਾਈਲਾਂ ਡਾਊਨਲੋਡ ਕਰਨ ਜਾਂ ਹੌਟਸਪੌਟ ਵਰਗੇ ਕੰਮਾਂ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਤਾਂ 5G ਜ਼ਿਆਦਾ ਪਾਵਰ ਯੂਜ਼ ਕਰ ਸਕਦਾ ਹੈ। ਜਦਕਿ ਨਾਰਮਲ ਕਾਲਿੰਗ, WhatsApp, ਸੋਸ਼ਲ ਮੀਡੀਆ ਅਤੇ ਬ੍ਰਾਊਜ਼ਿੰਗ ਵਰਗੇ ਕੰਮਾਂ 'ਚ 4G ਅਤੇ 5G ਵਿਚਕਾਰ ਬੈਟਰੀ ਦਾ ਫ਼ਰਕ ਘੱਟ ਦੇਖਣ ਨੂੰ ਮਿਲ ਸਕਦਾ ਹੈ।
5G ਕਦੋਂ ਆਫ਼ ਰੱਖਣਾ ਫਾਇਦੇਮੰਦ?
ਜੇ ਤੁਹਾਡੇ ਘਰ, ਆਫਿਸ ਜਾਂ ਰੋਜ਼ਾਨਾ ਆਉਣ-ਜਾਣ ਵਾਲੇ ਇਲਾਕੇ 'ਚ 5G ਕਵਰੇਜ ਖ਼ਰਾਬ ਹੈ ਤਾਂ 4G LTE 'ਤੇ ਫੋਨ ਚਲਾਉਣਾ ਬਿਹਤਰ ਆਪਸ਼ਨ ਹੋ ਸਕਦਾ ਹੈ। ਖ਼ਾਸ ਕਰਕੇ ਉਸ ਸਮੇਂ ਜਦੋਂ ਮੋਬਾਈਲ ਵਾਰ-ਵਾਰ 5G ਅਤੇ 4G ਨੈੱਟਵਰਕ ਵਿਚਕਾਰ ਸਵਿੱਚ ਕਰ ਰਿਹਾ ਹੋਵੇ। ਇਸ ਨਾਲ ਬੈਟਰੀ ਦੀ ਖਪਤ ਕਾਫ਼ੀ ਜ਼ਿਆਦਾ ਵੱਧ ਸਕਦੀ ਹੈ।
ਫੋਨ 'ਚ 5G ਕਿਵੇਂ ਬੰਦ ਕਰੀਏ?
ਸਭ ਤੋਂ ਪਹਿਲਾਂ ਆਪਣੇ Android ਫੋਨ ਦੀ Settings 'ਚ ਜਾਓ। Mobile Network/SIM 'ਚ ਜਾ ਕੇ Preferred Network Type 'ਚ ਜਾਓ। ਇਸ ਤੋਂ ਬਾਅਦ 5G ਦੀ ਥਾਂ 4G/LTE ਨੂੰ ਸਿਲੈਕਟ ਕਰੋ। iPhone 'ਚ Settings > Mobile Service/Mobile Data > Mobile Data Options > Voice & Data 'ਚ ਜਾ ਕੇ LTE ਸਿਲੈਕਟ ਕਰੋ।