ਹੁਣ ਮਾਪਿਆਂ ਦੀ ਨਜ਼ਰ ਤੋਂ ਨਹੀਂ ਬਚ ਸਕਣਗੇ ਬੱਚੇ! X ਅਕਾਊਂਟ 'ਤੇ ਲੱਗੇਗਾ ਪੇਰੈਂਟਲ ਕੰਟਰੋਲ, ਸਕ੍ਰੀਨ ਟਾਈਮ ਵੀ ਕਰ ਸਕਣਗੇ ਤੈਅ
ਐਕਸ ਨੇ ਬੱਚਿਆਂ ਦੀ ਨਿੱਜਤਾ ਦਾ ਧਿਆਨ ਰੱਖਿਆ ਹੈ। ਮਾਪੇ ਇਹ ਦੇਖ ਸਕਣਗੇ ਕਿ ਉਨ੍ਹਾਂ ਦੇ ਬੱਚੇ ਨੇ ਕਿਹੜੇ ਅਕਾਊਂਟਾਂ ਨਾਲ ਨਿੱਜੀ ਚੈਟ ਕੀਤੀ ਹੈ ਪਰ ਉਹ ਸੁਨੇਹੇ ਨਹੀਂ ਪੜ੍ਹ ਸਕਣਗੇ। ਇਸ ਤੋਂ ਇਲਾਵਾ, ਉਹ ਬੱਚੇ ਦੀ ਸਰਚ ਹਿਸਟਰੀ ਵੀ ਨਹੀਂ ਦੇਖ ਸਕਣਗੇ। ਮਾਪੇ ਜਾਂ ਸਰਪ੍ਰਸਤ ਨਾਬਾਲਗਾਂ ਦੇ ਅਕਾਊਂਟ ਨੂੰ ਆਪਣੇ ਅਕਾਊਂਟ ਨਾਲ ਜੋੜ ਸਕਣਗੇ।
Publish Date: Sat, 28 Nov 2026 10:05 AM (IST)
Updated Date: Sat, 28 Nov 2026 10:07 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਇੰਟਰਨੈੱਟ ਮੀਡੀਆ ’ਤੇ ਬੱਚੇ ਕੀ ਦੇਖ ਰਹੇ ਹਨ? ਕਿੰਨਾ ਸਮਾਂ ਆਨਲਾਈਨ ਰਹਿੰਦੇ ਹਨ ਅਤੇ ਕਿਤੇ ਅਣਜਾਣ ਲੋਕਾਂ ਨਾਲ ਗੱਲਬਾਤ ਤਾਂ ਨਹੀਂ ਕਰ ਰਹੇ, ਇਹ ਮਾਪਿਆਂ ਦੀਆਂ ਆਮ ਚਿੰਤਾਵਾਂ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ਨੇ ਨਵੇਂ ਪੇਰੈਂਟਲ ਕੰਟਰੋਲ ਫੀਚਰ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਤਹਿਤ 13 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦੇ ਮਾਪੇ ਉਨ੍ਹਾਂ ਦੇ ਅਕਾਊਂਟ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਸਕਣਗੇ।
ਹਾਲਾਂਕਿ, ਐਕਸ ਨੇ ਬੱਚਿਆਂ ਦੀ ਨਿੱਜਤਾ ਦਾ ਧਿਆਨ ਰੱਖਿਆ ਹੈ। ਮਾਪੇ ਇਹ ਦੇਖ ਸਕਣਗੇ ਕਿ ਉਨ੍ਹਾਂ ਦੇ ਬੱਚੇ ਨੇ ਕਿਹੜੇ ਅਕਾਊਂਟਾਂ ਨਾਲ ਨਿੱਜੀ ਚੈਟ ਕੀਤੀ ਹੈ ਪਰ ਉਹ ਸੁਨੇਹੇ ਨਹੀਂ ਪੜ੍ਹ ਸਕਣਗੇ। ਇਸ ਤੋਂ ਇਲਾਵਾ, ਉਹ ਬੱਚੇ ਦੀ ਸਰਚ ਹਿਸਟਰੀ ਵੀ ਨਹੀਂ ਦੇਖ ਸਕਣਗੇ। ਮਾਪੇ ਜਾਂ ਸਰਪ੍ਰਸਤ ਨਾਬਾਲਗਾਂ ਦੇ ਅਕਾਊਂਟ ਨੂੰ ਆਪਣੇ ਅਕਾਊਂਟ ਨਾਲ ਜੋੜ ਸਕਣਗੇ। ਇਸ ਤੋਂ ਬਾਅਦ ਉਹ ਦੇਖ ਸਕਣਗੇ ਕਿ ਬੱਚਾ ਰੋਜ਼ਾਨਾ ਕਿੰਨਾ ਸਮਾਂ ਐਕਸ ਪਲੇਟਫਾਰਮ ਦੀ ਵਰਤੋਂ ਕਰਦਾ ਹੈ ਅਤੇ ਉਸ ਲਈ ਵਰਤੋਂ ਦੀ ਸਮਾਂ-ਸੀਮਾ ਵੀ ਤੈਅ ਕਰ ਸਕਣਗੇ। ਮਾਪੇ ਸੰਵੇਦਨਸ਼ੀਲ ਸਮੱਗਰੀ, ਵੀਡੀਓ ਅਤੇ ਕੁਝ ਖ਼ਾਸ ਸ਼ਬਦਾਂ ਨੂੰ ਫਿਲਟਰ ਕਰ ਸਕਣਗੇ। ਨਾਲ ਹੀ, ਉਹ ਇਹ ਵੀ ਤੈਅ ਕਰ ਸਕਣਗੇ ਕਿ ਬੱਚੇ ਨੂੰ ਕੌਣ ਸਿੱਧੇ ਸੁਨੇਹੇ ਭੇਜ ਸਕਦਾ ਹੈ।
ਮਾਪੇ ਜਾਂ ਸਰਪ੍ਰਸਤ ਪੰਜ ਨਾਬਾਲਿਗਾਂ ਦੇ ਅਕਾਊਂਟਾਂ ਤੱਕ ਦੀ ਨਿਗਰਾਨੀ ਕਰ ਸਕਣਗੇ। ਜਦਕਿ ਹਰ ਨਾਬਾਲਗ ਦਾ ਅਕਾਊਂਟ ਇਕ ਸਮੇਂ ’ਤੇ ਸਿਰਫ਼ ਇਕ ਬਾਲਗ ਯਾਨੀ ਨਿਗਰਾਨੀ ਕਰਨ ਵਾਲੇ ਨਾਲ ਹੀ ਜੋੜਿਆ ਜਾ ਸਕੇਗਾ। ਪੇਰੈਂਟਲ ਕੰਟਰੋਲ ਰਾਹੀਂ ਕੀਤੀਆਂ ਤਬਦੀਲੀਆਂ ਨਾਬਾਲਿਗ ਨੂੰ ਦਿਖਾਈ ਦਿੰਦੀਆਂ ਰਹਿਣਗੀਆਂ।
ਐਕਸ ਦੇ ਸੁਰੱਖਿਆ ਮੁਖੀ ਮਾਈਕਲ ਓ’ਹਰਲਿਹੀ ਮੁਤਾਬਕ ਇਸ ਫੀਚਰ ਦਾ ਮਕਸਦ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਸਤਿਕਾਰ ਕਰਨਾ ਹੈ। ਨਾਬਾਲਿਗ ਦੇ ਬਾਲਿਗ ਹੋਣ ’ਤੇ ਨਿਗਰਾਨੀ ਆਪਣੇ ਆਪ ਖ਼ਤਮ ਹੋ ਜਾਵੇਗੀ।