
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

NASA ਦੇ ਪ੍ਰਯੋਗ ਤੋਂ ਇਹ ਵੀ ਪਤਾ ਲੱਗਾ ਕਿ ਪੁਲਾੜ 'ਚ ਰਹਿਣ ਦੌਰਾਨ ਰਾਣੀ ਮਧੂਮੱਖੀ ਨੇ ਲਗਪਗ 35 ਆਂਡੇ ਦਿੱਤੇ। ਹਾਲਾਂਕਿ, ਜਦੋਂ ਇਨ੍ਹਾਂ ਨੂੰ ਵਾਪਸ ਧਰਤੀ 'ਤੇ ਲਿਆਂਦਾ ਗਿਆ ਤਾਂ ਇਨ੍ਹਾਂ ਵਿੱਚੋਂ ਕਿਸੇ ਵੀ ਅੰਡੇ ਤੋਂ ਮਧੂਮੱਖੀ ਦਾ ਜਨਮ ਨਹੀਂ ਹੋਇਆ। ਇਸ ਦੇ ਕੀ ਕਾਰਨ ਰਹੇ, ਇਹ ਸਾਹਮਣੇ ਨਹੀਂ ਆ ਸਕਿਆ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਧਰਤੀ 'ਤੇ ਫੁੱਲ-ਫੁੱਲ 'ਤੇ ਮੰਡਰਾਉਣ ਵਾਲੀ ਮਧੂਮੱਖੀ ਕੀ ਪੁਲਾੜ 'ਚ ਰਹਿ ਸਕਦੀ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਸਾਲ 1984 ਵਿਚ ਇਕ ਦਿਲਚਸਪ ਪ੍ਰਯੋਗ ਕੀਤਾ। ਉਨ੍ਹਾਂ ਨੇ ਆਪਣੇ STS-41-C ਮਿਸ਼ਨ ਦੌਰਾਨ 3301 ਮਧੂਮੱਖੀਆਂ ਨੂੰ ਸਪੇਸ ਸ਼ਟਲ Discovery ਰਾਹੀਂ ਪੁਲਾੜ ਭੇਜਿਆ। ਇਸ ਪ੍ਰਯੋਗ ਦਾ ਮਕਸਦ ਸਿਰਫ਼ ਇਹ ਪਤਾ ਲਗਾਉਣਾ ਨਹੀਂ ਸੀ ਕਿ ਮਧੂਮੱਖੀਆਂ ਪੁਲਾੜ 'ਚ ਜ਼ਿੰਦਾ ਰਹਿ ਸਕਦੀਆਂ ਹਨ ਜਾਂ ਨਹੀਂ। ਸਗੋਂ ਵਿਗਿਆਨੀ ਇਹ ਸਮਝਣਾ ਚਾਹੁੰਦੇ ਸਨ ਕਿ ਬਿਨਾਂ ਗੁਰੂਤਾ ਆਕਰਸ਼ਣ ਦੇ ਮਧੂਮੱਖੀਆਂ ਦਾ ਵਿਵਹਾਰ ਕਿਹੋ ਜਿਹਾ ਹੋਵੇਗਾ ਅਤੇ ਕੀ ਉਹ ਉੱਥੇ ਆਪਣਾ ਛੱਤਾ ਬਣਾ ਸਕਦੀਆਂ ਹਨ।
ਪੁਲਾੜ ਪਹੁੰਚਣ 'ਤੇ ਸ਼ੁਰੂਆਤ 'ਚ ਮਧੂਮੱਖੀਆਂ ਨੂੰ ਪਰੇਸ਼ਾਨੀ ਹੋਈ। ਪੁਲਾੜ ਦੀ ਮਾਈਕ੍ਰੋਗ੍ਰੈਵਿਟੀ 'ਚ ਉਨ੍ਹਾਂ ਨੂੰ ਉੱਡਣ 'ਚ ਕਾਫ਼ੀ ਦਿੱਕਤ ਆਈ। ਸ਼ੁਰੂ ਵਿਚ ਜਦੋਂ ਉਹ ਉੱਡਣ ਦੀ ਕੋਸ਼ਿਸ਼ ਕਰਦੀਆਂ ਤਾਂ ਆਪਣੇ ਕੇਜ ਦੀਆਂ ਕੰਧਾਂ ਨਾਲ ਟਕਰਾ ਜਾਂਦੀਆਂ। ਹਾਲਾਂਕਿ, ਕੁਝ ਹੀ ਦਿਨਾਂ 'ਚ ਉਨ੍ਹਾਂ ਪੁਲਾੜ ਦੇ ਮਾਹੌਲ ਨਾਲ ਤਾਲਮੇਲ ਬਿਠਾ ਲਿਆ। ਲਗਪਗ ਸੱਤਵੇਂ ਦਿਨ ਉਹ ਪੁਲਾੜ ਦੇ ਘੱਟ ਗੁਰੂਤਾ ਆਕਰਸ਼ਣ ਵਾਲੇ ਮਾਹੌਲ 'ਚ ਢਲ ਗਈਆਂ ਤੇ ਕੰਧਾਂ ਨਾਲ ਟਕਰਾਉਣ ਦੀ ਬਜਾਏ ਇਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਉੱਡਣ ਲੱਗੀਆਂ।
ਇਸ ਪ੍ਰਯੋਗ ਦਾ ਦੂਜਾ ਸਭ ਤੋਂ ਮਹੱਤਵਪੂਰਨ ਹਿੱਸਾ ਇਹ ਸੀ ਕਿ ਕੀ ਬਿਨਾਂ ਗੁਰੂਤਾ ਆਕਰਸ਼ਣ ਦੇ ਮਧੂਮੱਖੀਆਂ ਆਪਣਾ ਛੱਤਾ ਬਣਾ ਸਕਣਗੀਆਂ। ਨਾਸਾ ਨੇ ਮਧੂਮੱਖੀਆਂ ਨੂੰ ਖਾਸ ਤੌਰ 'ਤੇ ਡਿਜ਼ਾਈਨ ਕੀਤੇ ਕੇਜ ਵਿੱਚ ਰੱਖਿਆ ਸੀ, ਜਿੱਥੇ ਰਾਣੀ ਮਧੂਮੱਖੀ ਦੇ ਨਾਲ ਉਨ੍ਹਾਂ ਦਾ ਭੋਜਨ ਅਤੇ ਕੁਝ ਲੱਕੜ ਦੇ ਫਰੇਮ ਵੀ ਮੌਜੂਦ ਸਨ। ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਮਧੂਮੱਖੀਆਂ ਨੇ ਪੁਲਾੜ ਦੀ ਮਾਈਕ੍ਰੋਗ੍ਰੈਵਿਟੀ 'ਚ ਆਪਣਾ ਛੱਤਾ ਬਣਾ ਲਿਆ। ਇਹ ਛੱਤਾ ਧਰਤੀ 'ਤੇ ਬਣਨ ਵਾਲੇ ਛੱਤਿਆਂ ਤੋਂ ਕਾਫ਼ੀ ਵੱਖਰਾ ਸੀ। ਵਿਗਿਆਨੀਆਂ ਨੇ ਪਾਇਆ ਕਿ ਛੱਤਾ ਛੋਟੇ-ਛੋਟੇ ਸੈੱਲਾਂ ਨਾਲ ਬਣਿਆ ਸੀ ਅਤੇ ਛੱਤੇ ਦੀਆਂ ਕੰਧਾਂ ਵੀ ਥੋੜ੍ਹੀਆਂ ਮੋਟੀਆਂ ਸਨ। ਇਸ ਦੇ ਨਾਲ ਹੀ ਮਧੂਮੱਖੀਆਂ ਨੇ ਇਸ ਵਿੱਚ ਸ਼ਹਿਦ ਵੀ ਸਟੋਰ ਕੀਤਾ ਸੀ।
ਨਾਸਾ ਦੇ ਪ੍ਰਯੋਗ ਤੋਂ ਇਹ ਵੀ ਪਤਾ ਲੱਗਾ ਕਿ ਪੁਲਾੜ 'ਚ ਰਹਿਣ ਦੌਰਾਨ ਰਾਣੀ ਮਧੂਮੱਖੀ ਨੇ ਲਗਪਗ 35 ਆਂਡੇ ਦਿੱਤੇ। ਹਾਲਾਂਕਿ, ਜਦੋਂ ਇਨ੍ਹਾਂ ਨੂੰ ਵਾਪਸ ਧਰਤੀ 'ਤੇ ਲਿਆਂਦਾ ਗਿਆ ਤਾਂ ਇਨ੍ਹਾਂ ਵਿੱਚੋਂ ਕਿਸੇ ਵੀ ਅੰਡੇ ਤੋਂ ਮਧੂਮੱਖੀ ਦਾ ਜਨਮ ਨਹੀਂ ਹੋਇਆ। ਇਸ ਦੇ ਕੀ ਕਾਰਨ ਰਹੇ, ਇਹ ਸਾਹਮਣੇ ਨਹੀਂ ਆ ਸਕਿਆ। ਇਸ ਪ੍ਰਯੋਗ ਦੌਰਾਨ ਪੁਲਾੜ 'ਚ ਮਧੂਮੱਖੀਆਂ ਦੀ ਮੌਤ ਦਰ ਵੀ ਉਮੀਦ ਨਾਲੋਂ ਘੱਟ ਰਹੀ। ਸ਼ੁਰੂਆਤੀ ਪਰੇਸ਼ਾਨੀ ਤੋਂ ਬਾਅਦ ਮਧੂਮੱਖੀਆਂ ਪੁਲਾੜ ਦੇ ਮਾਹੌਲ ਨਾਲ ਢਲ ਗਈਆਂ ਸਨ।