ਹੁਣ ਕਾਰ ਖਰੀਦਣਾ ਹੋਵੇਗਾ ਹੋਰ ਵੀ ਸੁਰੱਖਿਅਤ! BNCAP 2.0 'ਚ ਹੋਣਗੇ 5 ਕ੍ਰੈਸ਼ ਟੈਸਟ, ਇੰਝ ਤੈਅ ਹੋਵੇਗੀ 5-ਸਟਾਰ ਰੇਟਿੰਗ
ਕ੍ਰੈਸ਼ ਟੈਸਟ ਰਾਹੀਂ ਦਿੱਤੀ ਜਾਣ ਵਾਲੀ ਰੇਟਿੰਗ ਦੇ ਟੈਸਟ ਕਾਨੂੰਨੀ ਮਾਪਦੰਡਾਂ ਨਾਲੋਂ ਵਧੇਰੇ ਸਖ਼ਤ ਹੁੰਦੇ ਹਨ। ਫਰੰਟਲ ਕ੍ਰੈਸ਼ ਟੈਸਟ 'ਚ ਕਾਰ ਨੂੰ ਸੰਯੁਕਤ ਰਾਸ਼ਟਰ ਦੇ ਨਿਯਮਾਂ ਤਹਿਤ ਤੈਅ ਬੈਰੀਅਰ ਨਾਲ 64 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟਕਰਾਇਆ ਜਾਂਦਾ ਹੈ। ਇਹ ਕਾਨੂੰਨੀ ਟੈਸਟ ਦੀ ਰਫ਼ਤਾਰ ਨਾਲੋਂ 8 ਕਿਲੋਮੀਟਰ ਪ੍ਰਤੀ ਘੰਟਾ ਵੱਧ ਹੈ।
Publish Date: Sat, 24 Oct 2026 11:12 AM (IST)
Updated Date: Sat, 24 Oct 2026 11:33 AM (IST)
ਆਟੋ ਡੈਸਕ, ਨਵੀਂ ਦਿੱਲੀ : ਕਾਰਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਨੇ ਇਸ ਮਹੀਨੇ ਸਖ਼ਤ ਨਿਯਮ ਨੋਟੀਫਾਈ ਕੀਤੇ ਹਨ, ਜਿਨ੍ਹਾਂ ਨੂੰ ਭਾਰਤ 'ਚ ਵਿਕਣ ਵਾਲੀ ਹਰ ਨਵੀਂ ਕਾਰ ਨੂੰ ਪੂਰਾ ਕਰਨਾ ਹੋਵੇਗਾ। ਇਨ੍ਹਾਂ ਨੂੰ ਅਕਤੂਬਰ 2027 ਤੋਂ 2032 ਦਰਮਿਆਨ ਵੱਖ-ਵੱਖ ਪੜਾਵਾਂ 'ਚ ਲਾਗੂ ਕੀਤਾ ਜਾਵੇਗਾ। ਇਨ੍ਹਾਂ ਨਿਯਮਾਂ ਤਹਿਤ ਜਾਂਚ ਕੀਤੀ ਜਾਵੇਗੀ ਕਿ ਕਾਰ ਦੇ ਅੰਦਰ ਬੈਠੇ ਲੋਕਾਂ ਦੀ ਅੱਗੇ, ਪਾਸੇ ਅਤੇ ਪਿੱਛੇ ਤੋਂ ਟੱਕਰ ਹੋਣ ਦੀ ਸਥਿਤੀ 'ਚ ਕਿੰਨੀ ਸੁਰੱਖਿਆ ਹੁੰਦੀ ਹੈ। ਇਸ ਦੇ ਨਾਲ ਇਹ ਵੀ ਪਰਖਿਆ ਜਾਵੇਗਾ ਕਿ ਕਾਰ ਨਾਲ ਟੱਕਰ ਹੋਣ 'ਤੇ ਪੈਦਲ ਚੱਲਣ ਵਾਲੇ ਵਿਅਕਤੀ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ। ਇਹ ਕਾਨੂੰਨੀ ਨਿਯਮ ਹਨ, ਜਿਨ੍ਹਾਂ ਨੂੰ ਬਾਜ਼ਾਰ 'ਚ ਕਾਰ ਵੇਚਣ ਤੋਂ ਪਹਿਲਾਂ ਹਰ ਨਿਰਮਾਤਾ ਕੰਪਨੀ ਲਈ ਪੂਰਾ ਕਰਨਾ ਲਾਜ਼ਮੀ ਹੋਵੇਗਾ।
BNCAP ਅਤੇ ਨਵੇਂ ਨਿਯਮ
ਸਰਕਾਰ ਭਾਰਤ ਐੱਨਸੀਏਪੀ (Bharat NCAP) ਨਾਂ ਦਾ ਪ੍ਰੋਗਰਾਮ ਚਲਾਉਂਦੀ ਹੈ, ਜਿਸ ਤਹਿਤ ਕਾਰਾਂ ਨੂੰ ਸੁਰੱਖਿਆ ਦੇ ਆਧਾਰ 'ਤੇ 1 ਤੋਂ 5 ਸਟਾਰ ਰੇਟਿੰਗ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਅਕਤੂਬਰ 2027 ਤੋਂ ਹੋਰ ਸਖ਼ਤ ਨਿਯਮਾਂ ਵਾਲਾ BNCAP 2.0 ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ਨਵੇਂ ਨਿਯਮਾਂ ਅਤੇ ਭਾਰਤ ਐੱਨਸੀਏਪੀ 2.0 ਨੂੰ ਲਾਗੂ ਕਰਨ ਦਾ ਮਕਸਦ ਦੇਸ਼ 'ਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ।
ਸੜਕ ਹਾਦਸਿਆਂ ਦੇ ਅੰਕੜੇ
ਸੜਕ ਆਵਾਜਾਈ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਸਾਲ 2023 'ਚ ਦੇਸ਼ ਭਰ 'ਚ ਕੁੱਲ 4,80,583 ਸੜਕ ਹਾਦਸੇ ਹੋਏ, ਜਿਨ੍ਹਾਂ 'ਚ 1,72,890 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚੋਂ 44.8 ਫ਼ੀਸਦੀ ਲੋਕ ਦੋਪਹੀਆ ਵਾਹਨ, ਜਿਵੇਂ ਮੋਟਰਸਾਈਕਲ ਜਾਂ ਸਕੂਟਰ ਚਲਾਉਣ ਵਾਲੇ ਸਨ, ਜਦਕਿ 20.4 ਫ਼ੀਸਦੀ ਪੈਦਲ ਚੱਲਣ ਵਾਲੇ ਲੋਕ ਸਨ।ਇਸ ਦਾ ਮਤਲਬ ਹੈ ਕਿ ਸੜਕ ਹਾਦਸਿਆਂ 'ਚ ਜਾਨ ਗੁਆਉਣ ਵਾਲੇ ਹਰ ਤਿੰਨ ਵਿਅਕਤੀਆਂ 'ਚੋਂ ਲਗਭਗ ਦੋ ਲੋਕ ਕਾਰ ਤੋਂ ਬਾਹਰ ਸਨ।
ਟਾਈਪ ਅਪਰੂਵਲ ਪ੍ਰਕਿਰਿਆ
ਭਾਰਤ 'ਚ ਕੋਈ ਵੀ ਨਵੀਂ ਕਾਰ ਵਿਕਰੀ ਲਈ ਲਿਆਉਣ ਤੋਂ ਪਹਿਲਾਂ ਨਿਰਮਾਤਾ ਕੰਪਨੀ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਕਾਰ ਕੇਂਦਰੀ ਮੋਟਰ ਵਾਹਨ ਨਿਯਮਾਂ ਤਹਿਤ ਤੈਅ ਕੀਤੇ ਕ੍ਰੈਸ਼ ਟੈਸਟਾਂ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੀ ਹੈ। ਇਸ ਲਾਜ਼ਮੀ ਪ੍ਰਕਿਰਿਆ ਨੂੰ ਟਾਈਪ ਅਪਰੂਵਲ ਕਿਹਾ ਜਾਂਦਾ ਹੈ। ਸੜਕ ਆਵਾਜਾਈ ਮੰਤਰਾਲੇ ਵੱਲੋਂ ਲੋਕ ਸਭਾ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ, ਅਕਤੂਬਰ 2019 ਤੋਂ ਸਾਰੇ ਕਾਰ ਮਾਡਲਾਂ ਲਈ ਦੋ ਮੁੱਖ ਕ੍ਰੈਸ਼ ਟੈਸਟ ਲਾਜ਼ਮੀ ਕਰ ਦਿੱਤੇ ਗਏ ਹਨ।
ਫਰੰਟਲ ਟੈਸਟ 'ਚ ਭਾਰਤ ਸੰਯੁਕਤ ਰਾਸ਼ਟਰ (UN) ਦੇ ਨਿਯਮਾਂ ਦੀ ਪਾਲਣਾ ਕਰਦਾ ਹੈ। ਇਸ ਟੈਸਟ 'ਚ ਕਾਰ ਨੂੰ 56 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇਕ ਬੈਰੀਅਰ ਨਾਲ ਟਕਰਾਇਆ ਜਾਂਦਾ ਹੈ।
ਫਰੰਟਲ ਅਤੇ ਸਾਈਡ ਕ੍ਰੈਸ਼ ਟੈਸਟ
ਕਾਰ ਦੇ ਅਗਲੇ ਹਿੱਸੇ ਦੇ ਇਕ ਪਾਸੇ ਹੋਣ ਵਾਲੀ ਟੱਕਰ ਅਤੇ ਸਾਈਡ ਤੋਂ ਹੋਣ ਵਾਲੀ ਟੱਕਰ ਦੌਰਾਨ ਅੰਦਰ ਬੈਠੇ ਲੋਕਾਂ ਦੀ ਸੁਰੱਖਿਆ ਲਈ ਸੋਧੇ ਹੋਏ ਮਾਪਦੰਡ ਲਾਗੂ ਕੀਤੇ ਗਏ ਹਨ। ਇਹ ਨਵੇਂ ਮਾਡਲਾਂ 'ਤੇ ਅਕਤੂਬਰ 2027 ਤੋਂ ਅਤੇ ਸਾਰੇ ਮਾਡਲਾਂ 'ਤੇ ਅਕਤੂਬਰ 2028 ਤੋਂ ਲਾਗੂ ਹੋਣਗੇ।
ਭਾਰਤ ਦਾ ਸੋਧਿਆ ਹੋਇਆ ਫਰੰਟਲ ਸੁਰੱਖਿਆ ਮਾਪਦੰਡ ਸੰਯੁਕਤ ਰਾਸ਼ਟਰ ਦੇ ਨਵੇਂ ਨਿਯਮਾਂ 'ਤੇ ਆਧਾਰਿਤ ਹੈ। ਇਹ ਟੈਸਟ ਕਾਰ ਦੇ ਸੁਰੱਖਿਆ ਅਤੇ ਰੋਕਥਾਮ ਸਿਸਟਮ (Restraint System) 'ਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਲਈ ਸੋਧਿਆ ਹੋਇਆ ਇਕ ਹੋਰ ਮਾਪਦੰਡ ਨਵੇਂ ਮਾਡਲਾਂ 'ਤੇ ਅਕਤੂਬਰ 2029 ਤੋਂ ਅਤੇ ਸਾਰੇ ਮਾਡਲਾਂ 'ਤੇ ਅਕਤੂਬਰ 2031 ਤੋਂ ਲਾਗੂ ਹੋਵੇਗਾ।
ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ
ਪੈਦਲ ਯਾਤਰੀਆਂ ਅਤੇ ਸੜਕ 'ਤੇ ਚੱਲਣ ਵਾਲੇ ਹੋਰ ਲੋਕਾਂ ਦੀ ਸੁਰੱਖਿਆ ਲਈ ਸੋਧਿਆ ਹੋਇਆ ਮਾਪਦੰਡ ਅਕਤੂਬਰ 2028 ਤੋਂ ਨਵੇਂ ਮਾਡਲਾਂ 'ਤੇ ਲਾਗੂ ਹੋਵੇਗਾ।
ਅਕਤੂਬਰ 2032 ਤੋਂ ਇਨ੍ਹਾਂ ਟੈਸਟਾਂ 'ਚ ਫਲੈਕਸੀਬਲ ਪੈਦਲ ਯਾਤਰੀ ਲੈੱਗ ਇੰਪੈਕਟਰ (FlexPLI) ਦੀ ਵਰਤੋਂ ਲਾਜ਼ਮੀ ਹੋਵੇਗੀ। ਇਹ ਇਕ ਟੈਸਟਿੰਗ ਉਪਕਰਣ ਹੈ, ਜੋ ਮਾਪਦਾ ਹੈ ਕਿ ਕਾਰ ਦੇ ਅਗਲੇ ਹਿੱਸੇ ਨਾਲ ਟੱਕਰ ਹੋਣ 'ਤੇ ਪੈਦਲ ਚੱਲਣ ਵਾਲੇ ਵਿਅਕਤੀ ਦੀਆਂ ਲੱਤਾਂ ਨੂੰ ਕਿੰਨੀ ਸੱਟ ਲੱਗ ਸਕਦੀ ਹੈ।
ਰੀਅਰ ਕ੍ਰੈਸ਼ ਅਤੇ ਇਲੈਕਟ੍ਰਿਕ ਕਾਰਾਂ
ਅਪ੍ਰੈਲ 2029 ਤੋਂ ਸਾਰੇ ਕਾਰ ਮਾਡਲਾਂ ਨੂੰ ਪਿੱਛੇ ਤੋਂ ਟੱਕਰ ਨਾਲ ਸਬੰਧਤ ਨਿਯਮ ਪੂਰੇ ਕਰਨੇ ਪੈਣਗੇ। ਇਨ੍ਹਾਂ 'ਚ ਫਿਊਲ ਸਿਸਟਮ ਅਤੇ ਇਲੈਕਟ੍ਰਿਕ ਪਾਵਰਟ੍ਰੇਨ ਦੀ ਸੁਰੱਖਿਆ ਵੀ ਸ਼ਾਮਲ ਹੋਵੇਗੀ।
ਪਿੱਛੇ ਤੋਂ ਟੱਕਰ ਹੋਣ 'ਤੇ ਪੈਟਰੋਲ ਜਾਂ ਡੀਜ਼ਲ ਕਾਰ 'ਚੋਂ ਤੇਲ ਲੀਕ ਹੋਣ ਦਾ ਖ਼ਤਰਾ ਹੁੰਦਾ ਹੈ, ਜਦਕਿ ਇਲੈਕਟ੍ਰਿਕ ਕਾਰ 'ਚ ਬਿਜਲੀ ਦਾ ਕਰੰਟ ਲੱਗਣ ਜਾਂ ਬੈਟਰੀ ਸਿਸਟਮ ਨੂੰ ਨੁਕਸਾਨ ਪਹੁੰਚਣ ਦਾ ਜੋਖ਼ਮ ਹੋ ਸਕਦਾ ਹੈ।
ਇਵੈਂਟ ਡਾਟਾ ਰਿਕਾਰਡਰ
ਅਕਤੂਬਰ 2029 ਤੋਂ ਕਾਰਾਂ 'ਚ ਇਵੈਂਟ ਡਾਟਾ ਰਿਕਾਰਡਰ (Event Data Recorder) ਲਗਾਉਣਾ ਲਾਜ਼ਮੀ ਹੋ ਜਾਵੇਗਾ। ਇਹ ਇਕ ਅਜਿਹਾ ਉਪਕਰਣ ਹੈ, ਜੋ ਹਾਦਸੇ ਤੋਂ ਠੀਕ ਪਹਿਲਾਂ ਅਤੇ ਹਾਦਸੇ ਦੌਰਾਨ ਵਾਹਨ ਨਾਲ ਸਬੰਧਤ ਡਾਟਾ ਰਿਕਾਰਡ ਕਰਦਾ ਹੈ।
ਇਸ 'ਚ ਆਡੀਓ, ਵੀਡੀਓ, ਲੋਕੇਸ਼ਨ ਡਾਟਾ ਅਤੇ ਡਰਾਈਵਰ ਦੀ ਨਿੱਜੀ ਜਾਣਕਾਰੀ ਸ਼ਾਮਲ ਨਹੀਂ ਹੁੰਦੀ। ਭਾਰਤ ਦੇ ਕਾਨੂੰਨੀ ਫਰੰਟਲ ਅਤੇ ਰੀਅਰ ਇੰਪੈਕਟ ਮਾਪਦੰਡਾਂ ਤੋਂ ਇਲਾਵਾ, ਨਵੇਂ ਨਿਯਮਾਂ 'ਚ ਫਿਊਲ ਲੀਕੇਜ ਅਤੇ ਬਿਜਲੀ ਦੇ ਕਰੰਟ ਤੋਂ ਸੁਰੱਖਿਆ ਨਾਲ ਸਬੰਧਤ ਪ੍ਰਬੰਧ ਵੀ ਸ਼ਾਮਲ ਹਨ।
ਨਵੇਂ ਭਾਰਤ ਐੱਨਸੀਏਪੀ ਦੇ ਡਰਾਫਟ 'ਚ ਉਨ੍ਹਾਂ ਜਾਂਚਾਂ ਦੀ ਸੂਚੀ ਵੀ ਦਿੱਤੀ ਗਈ ਹੈ, ਜਿਨ੍ਹਾਂ ਦੀ ਪੁਸ਼ਟੀ ਟੈਸਟਰ ਹਰ ਕ੍ਰੈਸ਼ ਤੋਂ ਬਾਅਦ ਕਰਨਗੇ।
ਟੈਸਟਾਂ ਦੀ ਰਫ਼ਤਾਰ 'ਚ ਅੰਤਰ
ਕ੍ਰੈਸ਼ ਟੈਸਟ ਰਾਹੀਂ ਦਿੱਤੀ ਜਾਣ ਵਾਲੀ ਰੇਟਿੰਗ ਦੇ ਟੈਸਟ ਕਾਨੂੰਨੀ ਮਾਪਦੰਡਾਂ ਨਾਲੋਂ ਵਧੇਰੇ ਸਖ਼ਤ ਹੁੰਦੇ ਹਨ। ਫਰੰਟਲ ਕ੍ਰੈਸ਼ ਟੈਸਟ 'ਚ ਕਾਰ ਨੂੰ ਸੰਯੁਕਤ ਰਾਸ਼ਟਰ ਦੇ ਨਿਯਮਾਂ ਤਹਿਤ ਤੈਅ ਬੈਰੀਅਰ ਨਾਲ 64 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟਕਰਾਇਆ ਜਾਂਦਾ ਹੈ। ਇਹ ਕਾਨੂੰਨੀ ਟੈਸਟ ਦੀ ਰਫ਼ਤਾਰ ਨਾਲੋਂ 8 ਕਿਲੋਮੀਟਰ ਪ੍ਰਤੀ ਘੰਟਾ ਵੱਧ ਹੈ।
ਯੂਰਪ ਦੇ ਕਾਰ ਰੇਟਿੰਗ ਪ੍ਰੋਗਰਾਮ ਯੂਰੋ ਐੱਨਸੀਏਪੀ (Euro NCAP) ਨੇ ਵੀ 1997 ਤੋਂ 2020 ਤੱਕ ਇਸੇ 64 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਟੈਸਟ ਦੀ ਵਰਤੋਂ ਕੀਤੀ ਸੀ।
ਇਸ ਤੋਂ ਬਾਅਦ ਉਸ ਨੇ ਅਜਿਹੇ ਟੈਸਟ ਨੂੰ ਅਪਣਾਇਆ, ਜਿਸ 'ਚ ਕਾਰ ਅਤੇ ਇਕ ਚੱਲਦਾ ਹੋਇਆ ਬੈਰੀਅਰ ਇਕ-ਦੂਜੇ ਵੱਲ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਧਦੇ ਹਨ।
BNCAP ਕ੍ਰੈਸ਼ ਟੈਸਟ
ਮੌਜੂਦਾ ਸਮੇਂ ਭਾਰਤ ਐੱਨਸੀਏਪੀ ਤਹਿਤ ਰੇਟਿੰਗ ਹਾਸਲ ਕਰਨ ਵਾਲੀ ਹਰ ਕਾਰ ਨੂੰ ਤਿੰਨ ਕ੍ਰੈਸ਼ ਟੈਸਟਾਂ 'ਚੋਂ ਲੰਘਣਾ ਪੈਂਦਾ ਹੈ।
- ਫਰੰਟਲ ਕ੍ਰੈਸ਼: 64 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਦੀ ਸਾਹਮਣੇ ਤੋਂ ਟੱਕਰ।
- ਸਾਈਡ ਇੰਪੈਕਟ: 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੇ ਬੈਰੀਅਰ ਦੀ ਕਾਰ ਦੇ ਪਾਸੇ ਨਾਲ ਟੱਕਰ।
- ਪੋਲ ਸਾਈਡ ਇੰਪੈਕਟ: 29 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਦੇ ਪਾਸੇ ਦਾ ਇਕ ਖੰਭੇ ਨਾਲ ਟਕਰਾਉਣਾ।
ਇਨ੍ਹਾਂ ਟੈਸਟਾਂ ਤੋਂ ਬਾਅਦ ਬਾਲਗਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਵੱਖ-ਵੱਖ ਰੇਟਿੰਗਾਂ ਦਿੱਤੀਆਂ ਜਾਂਦੀਆਂ ਹਨ।
ਕ੍ਰੈਸ਼ ਟੈਸਟਾਂ ਦੀ ਗਿਣਤੀ ਵਧੇਗੀ
ਨਵੇਂ ਅਤੇ ਸੋਧੇ ਹੋਏ ਨਿਯਮਾਂ ਤਹਿਤ ਕਾਰਾਂ ਦੇ ਕ੍ਰੈਸ਼ ਟੈਸਟਾਂ ਦੀ ਕੁੱਲ ਗਿਣਤੀ ਤਿੰਨ ਤੋਂ ਵਧਾ ਕੇ ਪੰਜ ਕਰ ਦਿੱਤੀ ਜਾਵੇਗੀ।
- ਫਰੰਟਲ ਕ੍ਰੈਸ਼: ਇਹ ਟੈਸਟ ਪਹਿਲਾਂ ਵਾਂਗ 64 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕੀਤਾ ਜਾਵੇਗਾ।
- ਸਾਈਡ ਟੈਸਟ: ਸਾਈਡ ਤੋਂ ਟੱਕਰ ਦਾ ਟੈਸਟ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹੀ ਹੋਵੇਗਾ, ਪਰ ਕਾਰ ਨਾਲ ਟਕਰਾਉਣ ਵਾਲੇ ਭਾਰੀ ਬੈਰੀਅਰ ਦਾ ਭਾਰ 950 ਕਿਲੋਗ੍ਰਾਮ ਤੋਂ ਵਧਾ ਕੇ 1,300 ਕਿਲੋਗ੍ਰਾਮ ਕਰ ਦਿੱਤਾ ਜਾਵੇਗਾ।
- ਖੰਭੇ ਨਾਲ ਟੱਕਰ: ਕਾਰ ਦੇ ਪਾਸੇ ਨੂੰ ਖੰਭੇ ਨਾਲ ਟਕਰਾਉਣ ਦਾ ਟੈਸਟ ਹੁਣ 29 ਦੀ ਬਜਾਏ 32 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅਤੇ ਇਕ ਖ਼ਾਸ ਕੋਣ 'ਤੇ ਕੀਤਾ ਜਾਵੇਗਾ।
ਦੋ ਨਵੇਂ ਕ੍ਰੈਸ਼ ਟੈਸਟ ਵੀ ਹੋਣਗੇ
ਨਵੇਂ ਨਿਯਮਾਂ 'ਚ ਦੋ ਹੋਰ ਕ੍ਰੈਸ਼ ਟੈਸਟ ਸ਼ਾਮਲ ਕੀਤੇ ਗਏ ਹਨ।
- ਪਹਿਲਾ ਟੈਸਟ: ਕਾਰ ਦੇ ਪੂਰੇ ਅਗਲੇ ਹਿੱਸੇ ਨੂੰ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇਕ ਸਖ਼ਤ ਕੰਧ ਨਾਲ ਟਕਰਾਇਆ ਜਾਵੇਗਾ।
- ਦੂਜਾ ਟੈਸਟ: ਇਕ ਸਖ਼ਤ ਬੈਰੀਅਰ ਨੂੰ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾਇਆ ਜਾਵੇਗਾ।
ਇਸ ਨਵੇਂ ਡਰਾਫਟ 'ਚ ਛੋਟੇ ਕੱਦ ਵਾਲੀ ਬਾਲਗ ਔਰਤ ਅਤੇ ਵੱਡੇ ਬੱਚਿਆਂ ਦੇ ਆਕਾਰ ਵਾਲੇ ਡਮੀ (ਨਕਲੀ ਮਨੁੱਖੀ ਮਾਡਲ) ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਵ੍ਹਿਪਲੇਸ਼ ਟੈਸਟ ਵੀ ਕੀਤਾ ਜਾਵੇਗਾ। ਇਹ ਵੀ ਜਾਂਚਿਆ ਜਾਵੇਗਾ ਕਿ ਹਾਦਸੇ ਤੋਂ ਬਾਅਦ ਬਚਾਅ ਟੀਮਾਂ ਲੋਕਾਂ ਨੂੰ ਕਾਰ 'ਚੋਂ ਕਿੰਨੀ ਆਸਾਨੀ ਨਾਲ ਬਾਹਰ ਕੱਢ ਸਕਦੀਆਂ ਹਨ।
ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸਕੋਰਿੰਗ
ਪੈਦਲ ਯਾਤਰੀਆਂ ਦੀ ਸੁਰੱਖਿਆ, ਜੋ ਹੁਣ ਤੱਕ ਸਿਰਫ਼ ਉੱਚ ਰੇਟਿੰਗ ਹਾਸਲ ਕਰਨ ਦੀ ਇਕ ਸ਼ਰਤ ਸੀ, ਹੁਣ ਅੰਕਾਂ ਦੇ ਆਧਾਰ 'ਤੇ ਮਾਪੀ ਜਾਵੇਗੀ।
ਇਸ ਤਹਿਤ ਟੈਸਟਰ ਕਾਰ ਦੇ ਅਗਲੇ ਹਿੱਸੇ 'ਤੇ ਮਨੁੱਖੀ ਲੱਤ ਜਾਂ ਸਿਰ ਦੇ ਆਕਾਰ ਵਾਲੇ ਇੰਪੈਕਟਰਾਂ ਨਾਲ ਟੱਕਰ ਦੇਣਗੇ। ਇਸ 'ਚ ਬੰਪਰ 'ਤੇ ਲੱਤ, ਬੋਨਟ ਅਤੇ ਵਿੰਡਸ਼ੀਲਡ 'ਤੇ ਬਾਲਗ ਦੇ ਸਿਰ ਅਤੇ ਬੋਨਟ 'ਤੇ ਬੱਚੇ ਦੇ ਸਿਰ ਦੇ ਪ੍ਰਭਾਵ ਦੀ ਜਾਂਚ ਕੀਤੀ ਜਾਵੇਗੀ। ਸਕੋਰਿੰਗ ਦਾ ਤਰੀਕਾ ਵੀ ਬਦਲ ਦਿੱਤਾ ਗਿਆ ਹੈ। ਹੁਣ ਵੱਖ-ਵੱਖ ਰੇਟਿੰਗਾਂ ਦੀ ਬਜਾਏ 100 ਅੰਕਾਂ ਦਾ ਇਕ ਕੁੱਲ ਸਕੋਰ ਹੋਵੇਗਾ।
ਸੁਰੱਖਿਆ ਸ਼੍ਰੇਣੀ | ਅੰਕ |
ਕ੍ਰੈਸ਼ ਟੈਸਟ | 55 |
ਕਾਰ ਤੋਂ ਬਾਹਰਲੇ ਲੋਕਾਂ ਦੀ ਸੁਰੱਖਿਆ | 20 |
ਡਰਾਈਵਰ ਚੇਤਾਵਨੀ ਪ੍ਰਣਾਲੀ | 10 |
ਹਾਦਸਾ ਰੋਕਣ ਵਾਲੀ ਤਕਨੀਕ | 10 |
ਹਾਦਸੇ ਤੋਂ ਬਾਅਦ ਦੀ ਸੁਰੱਖਿਆ | 5 |
ਕੁੱਲ | 100 |
ਹੁਣ 5-ਸਟਾਰ ਰੇਟਿੰਗ ਹਾਸਲ ਕਰਨ ਲਈ ਸਾਲ 2027 ਤੋਂ ਘੱਟੋ-ਘੱਟ 70 ਅੰਕ ਲੈਣੇ ਪੈਣਗੇ। ਸਾਲ 2029 ਤੋਂ ਇਹ ਹੱਦ ਵਧਾ ਕੇ 80 ਅੰਕ ਕਰ ਦਿੱਤੀ ਜਾਵੇਗੀ।