- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟ ਮੁਤਾਬਕ, ਇਸ ਦਾ ਇਹ ਮਤਲਬ ਨਹੀਂ ਕਿ ਏਆਈ ਦਾ ਰੋਜ਼ਗਾਰ ’ਤੇ ਕੋਈ ਨਕਾਰਾਤਮਕ ਅਸਰ ਨਹੀਂ ਪੈ ਰਿਹਾ। ਕੰਪਨੀਆਂ ਵਾਰ-ਵਾਰ ਕੀਤੇ ਜਾਣ ਵਾਲੇ ਅਤੇ ਨਿਯਮਤ ਕੰਮਾਂ ਨੂੰ ਆਟੋਮੇਟ ਕਰ ਰਹੀਆਂ ਹਨ, ਜਿਸ ਕਾਰਨ ਕੁਝ ਅਸਾਮੀਆਂ ਦੀ ਲੋੜ ਘੱਟ ਰਹੀ ਹੈ।

ਜੇਐੱਨਐੱਨ, ਨਵੀਂ ਦਿੱਲੀ : ਮਸ਼ੀਨੀ ਬੁੱਧੀਮਾਨੀ (ਏਆਈ) ਨੂੰ ਲੈ ਕੇ ਦੁਨੀਆ ਭਰ ਵਿਚ ਨੌਕਰੀਆਂ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਪਰ ਭਾਰਤ ਦੀ ਤਸਵੀਰ ਫ਼ਿਲਹਾਲ ਕੁਝ ਵੱਖਰੀ ਨਜ਼ਰ ਆ ਰਹੀ ਹੈ। ਆਲਮੀ ਪੱਧਰ ਦੀ ਵਿੱਤੀ ਕੰਪਨੀ ਨੋਮੁਰਾ ਦੀ ਨਵੀਂ ਰਿਪੋਰਟ ਮੁਤਾਬਕ, ਭਾਰਤ ਵਿਚ ਏਆਈ ਨਾਲ ਜੁੜੀਆਂ 83,100 ਨੌਕਰੀਆਂ ਪੈਦਾ ਹੋਈਆਂ ਜਦਕਿ ਏਆਈ ਕਾਰਨ 31,921 ਨੌਕਰੀਆਂ ਵਿਚ ਕਟੌਤੀ ਜਾਂ ਛਾਂਟੀ ਹੋਈ। ਇਸ ਦਾ ਮਤਲਬ ਹੈ ਕਿ ਜਿੰਨੀਆਂ ਨੌਕਰੀਆਂ ਪ੍ਰਭਾਵਤ ਹੋਈਆਂ, ਉਨ੍ਹਾਂ ਦੇ ਮੁਕਾਬਲੇ ਲਗਭਗ 51,000 ਵੱਧ ਨੌਕਰੀਆਂ ਏਆਈ ਸਦਕਾ ਜਾਂ ਇਸ ਨਾਲ ਜੁੜੇ ਖੇਤਰਾਂ ਵਿਚ ਪੈਦਾ ਹੋਈਆਂ।
ਰਿਪੋਰਟ ਮੁਤਾਬਕ, ਇਸ ਦਾ ਇਹ ਮਤਲਬ ਨਹੀਂ ਕਿ ਏਆਈ ਦਾ ਰੋਜ਼ਗਾਰ ’ਤੇ ਕੋਈ ਨਕਾਰਾਤਮਕ ਅਸਰ ਨਹੀਂ ਪੈ ਰਿਹਾ। ਕੰਪਨੀਆਂ ਵਾਰ-ਵਾਰ ਕੀਤੇ ਜਾਣ ਵਾਲੇ ਅਤੇ ਨਿਯਮਤ ਕੰਮਾਂ ਨੂੰ ਆਟੋਮੇਟ ਕਰ ਰਹੀਆਂ ਹਨ, ਜਿਸ ਕਾਰਨ ਕੁਝ ਅਸਾਮੀਆਂ ਦੀ ਲੋੜ ਘੱਟ ਰਹੀ ਹੈ। ਦੂਜੇ ਪਾਸੇ, ਏਆਈ ਨਾਲ ਜੁੜੀਆਂ ਨਵੇਂ ਹੁਨਰ ਅਤੇ ਭੂਮਿਕਾਵਾਂ ਦੀ ਮੰਗ ਵਧ ਰਹੀ ਹੈ। ਏਆਈ ਵਿਚ ਨਿਵੇਸ਼ ਨਾਲ ਤਕਨਾਲੋਜੀ ਤੋਂ ਇਲਾਵਾ ਸੇਵਾਵਾਂ, ਉਤਪਾਦਕਤਾ ਤੇ ਬੁਨਿਆਦੀ ਢਾਂਚੇ ਨਾਲ ਜੁੜੇ ਖੇਤਰਾਂ ਨੂੰ ਵੀ ਲਾਭ ਹੋ ਸਕਦਾ ਹੈ।
ਭਾਰਤ ’ਤੇ ਏਆਈ ਦਾ ਅਸਰ ਸਭ ਤੋਂ ਵੱਧ
ਨੋਮੁਰਾ ਮੁਤਾਬਕ ਏਸ਼ੀਆਈ ਅਰਥਚਾਰੇ ਵਿਚ ਏਆਈ ਨਾਲ ਜੁੜੀਆਂ ਕੁੱਲ 1.31 ਲੱਖ ਨੌਕਰੀਆਂ ਪੈਦਾ ਹੋਈਆਂ ਹਨ। ਇਸ ਵਿਚ ਭਾਰਤ ਦੀ ਹਿੱਸੇਦਾਰੀ ਲਗਭਗ 83,100, ਯਾਨੀ 63 ਫੀਸਦੀ ਤੋਂ ਵੱਧ ਹੈ। ਦੂਜੇ ਪਾਸੇ, ਭਾਰਤ ਵਿਚ ਏਆਈ ਨਾਲ ਜੁੜੀਆਂ 31,921 ਨੌਕਰੀਆਂ ਵਿਚ ਕਮੀ ਦਰਜ ਕੀਤੀ ਗਈ, ਜੋ ਅਧਿਐਨ ਵਿਚ ਸ਼ਾਮਲ ਅਰਥਚਾਰੇ ਵਿਚ ਸਭ ਤੋਂ ਵੱਧ ਹੈ। ਭਾਰਤ ਨੂੰ ਏਆਈ ਦੇ ਰੋਜ਼ਗਾਰ ’ਤੇ ਪੈਣ ਵਾਲੇ ਅਸਰ ਦਾ ਅਹਿਮ ਪਰਖ-ਸਥਾਨ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਦੇਸ਼ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਹਨ ਅਤੇ ਭਾਰਤ ਆਲਮੀ ਪੱਧਰ ’ਤੇ ਆਈਟੀ ਤੇ ਬੈਕ-ਆਫਿਸ ਸੇਵਾਵਾਂ ਦਾ ਅਹਿਮ ਕੇਂਦਰ ਹੈ।
ਬਣ ਰਿਹੈ ਦੋ-ਪੱਧਰੀ ਰੋਜ਼ਗਾਰ ਬਾਜ਼ਾਰ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਰੋਜ਼ਗਾਰ ਬਾਜ਼ਾਰ ਵਿਚ ਦੋ ਵੱਖਰੇ ਰੁਝਾਨ ਸਾਹਮਣੇ ਆ ਰਹੇ ਹਨ। ਇਕ ਪਾਸੇ ਸ਼ੁਰੂਆਤੀ ਪੱਧਰ ਦੇ ਕਰਮਚਾਰੀਆਂ ਦੀ ਮੰਗ ਘੱਟ ਰਹੀ ਹੈ ਜਦਕਿ ਦੂਜੇ ਪਾਸੇ ਤਜਰਬੇਕਾਰ ਅਤੇ ਸੀਨੀਅਰ ਕਰਮਚਾਰੀਆਂ ਦੀ ਮੰਗ ਮੁਕਾਬਲਤਨ ਮਜ਼ਬੂਤ ਹੈ। ਭਾਰਤ ਦੀਆਂ 651 ਆਈਟੀ ਕੰਪਨੀਆਂ ਦੇ ਸਰਵੇਖਣ ਵਿਚ 55 ਫ਼ੀਸਦ ਕੰਪਨੀਆਂ ਨੇ ਸ਼ੁਰੂਆਤੀ ਪੱਧਰ ਦੀ ਭਰਤੀ ਵਿਚ ਕਮੀ ਬਾਰੇ ਜਾਣਕਾਰੀ ਦਿੱਤੀ।
ਬੈਂਕਿੰਗ, ਬੈਕ-ਦਫ਼ਤਰ ਸੰਚਾਲਨ, ਗਾਹਕ ਸੇਵਾ ਅਤੇ ਗੁਣਵੱਤਾ ਜਾਂਚ ਵਰਗੇ ਖੇਤਰਾਂ ਵਿਚ ਏਆਈ ਤੇ ਆਟੋਮੇਸ਼ਨ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਹਾਲਾਂਕਿ, ਇਸ ਦਾ ਅਸਰ ਹਰ ਥਾਂ ਸਿੱਧੇ ਤੌਰ ’ਤੇ ਛਾਂਟੀ ਦੇ ਰੂਪ ਵਿਚ ਨਹੀਂ ਦਿਸਦਾ। ਕਈ ਕੰਪਨੀਆਂ ਨਵੀਂ ਭਰਤੀ ਦੀ ਰਫ਼ਤਾਰ ਹੌਲੀ ਕਰ ਰਹੀਆਂ ਹਨ, ਖਾਲੀ ਅਸਾਮੀਆਂ ਨੂੰ ਨਹੀਂ ਭਰ ਰਹੀਆਂ ਜਾਂ ਘੱਟ ਮੁਲਾਜ਼ਮਾਂ ਨਾਲ ਵੱਧ ਕੰਮ ਕਰਵਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਏਆਈ ਇੰਜੀਨੀਅਰਿੰਗ, ਮਾਡਲ ਸੰਚਾਲਨ, ਡਾਟਾ ਪ੍ਰਬੰਧ, ਏਆਈ ਇੰਟੀਗ੍ਰੇਸ਼ਨ ਅਤੇ ਏਆਈ ਅਧਾਰਤ ਕਾਰੋਬਾਰੀ ਸੇਵਾਵਾਂ ਵਰਗੇ ਖੇਤਰਾਂ ਵਿਚ ਮੰਗ ਵਧ ਰਹੀ ਹੈ।
ਆਈਟੀ ਕੰਪਨੀਆਂ ’ਚ ਭਰਤੀ ਦਾ ਤਰੀਕਾ ਬਦਲਿਆ
ਸਟਾਫਿੰਗ ਕੰਪਨੀ ਐਕਸਫੇਨੋ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਨੋਮੁਰਾ ਨੇ ਕਿਹਾ ਕਿ ਭਾਰਤੀ ਆਈਟੀ ਕੰਪਨੀਆਂ ਵਿਚ ਵਿੱਤੀ ਸਾਲ 2021-22 ਦੌਰਾਨ ਲਗਭਗ 6 ਲੱਖ ਲੋਕਾਂ ਦੀ ਭਰਤੀ ਹੋਈ ਸੀ। ਵਿੱਤੀ ਸਾਲ 2025-26 ਵਿਚ ਇਹ ਗਿਣਤੀ ਘੱਟ ਕੇ ਲਗਭਗ 1.40 ਲੱਖ ਰਹਿ ਗਈ। ਇਸ ਦਾ ਮਤਲਬ ਹੈ ਕਿ ਕੰਪਨੀਆਂ ਹੁਣ ਏਆਈ ਦੀ ਵਰਤੋਂ ਕਰਨ ਵਿਚ ਸਮਰੱਥ ਕਾਮਿਆਂ ਨੂੰ ਤਰਜੀਹ ਦੇ ਰਹੀਆਂ ਹਨ।
ਏਆਈ ਕਾਰਨ ਨੌਕਰੀਆਂ ਦੀ ਸਥਿਤੀ (ਅੰਕੜੇ ਹਜ਼ਾਰਾਂ ’ਚ)
ਦੇਸ਼ — ਨੌਕਰੀਆਂ ਖਤਮ — ਨਵੀਆਂ ਨੌਕਰੀਆਂ ਮਿਲੀਆਂ
ਭਾਰਤ — 31.9 — 83.1
ਦੱਖਣੀ ਕੋਰੀਆ — 10.4 — 2.6
ਚੀਨ — 9.8 — 28.9
ਸਿੰਗਾਪੁਰ — 4.1 — 11.1
ਥਾਈਲੈਂਡ — 1.8 — 0.6
ਮਲੇਸ਼ੀਆ — 1.3 — 1.4
ਇੰਡੋਨੇਸ਼ੀਆ — 1 — 0
ਤਾਇਵਾਨ — 0.2 — 3.1
ਫਿਲੀਪੀਨਜ਼ — 0.1 — 10.1
ਹਾਂਗਕਾਂਗ — 0.1 — 0
(ਸਰੋਤ : ਨੋਮੁਰਾ ਦੀ ਰਿਪੋਰਟ)