ਛੇੜਛਾੜ ਤੋਂ ਬਚਣ ਲਈ ਲੜਨਾ ਸਿੱਖਿਆ, ਹੁਣ ਵਧਾਇਆ ਦੇਸ਼ ਦਾ ਮਾਣ; ਜਾਣੋ ਕੌਣ ਹੈ ਏਸ਼ੀਅਨ ਗੇਮਜ਼ 'ਚ ਮੈਡਲ ਪੱਕਾ ਕਰਨ ਵਾਲੀ ਸੁਚਿਕਾ ਤਾਰਿਆਲ
ਸੁਚਿਕਾ ਨੇ ਮਹਿਜ਼ 12 ਸਾਲ ਦੀ ਉਮਰ 'ਚ ਛੇੜਛਾੜ ਦਾ ਸਾਹਮਣਾ ਕੀਤਾ ਅਤੇ ਉਸੇ ਸਮੇਂ ਮਨ ਬਣਾ ਲਿਆ ਸੀ ਕਿ ਉਹ ਸੈਲਫ ਡਿਫੈਂਸ ਲਈ ਜੂਡੋ ਸਿੱਖੇਗੀ। ਸਭ ਤੋਂ ਪਹਿਲਾਂ ਉਹ ਜਵਾਹਰਲਾਲ ਨਹਿਰੂ ਸਟੇਡੀਅਮ ਅਤੇ ਬਾਅਦ 'ਚ ਪਾਲਮ ਦੇ ਦਾਦਾ ਦੇਵ ਮੰਦਰ ਸੈਂਟਰ 'ਚ ਟ੍ਰੇਨਿੰਗ ਕਰਦੀ ਸੀ। ਇਸ ਤੋਂ ਬਾਅਦ ਭਾਰਤੀ ਖੇਡ ਅਥਾਰਟੀ ਦੇ ਭੋਪਾਲ ਸੈਂਟਰ 'ਚ ਉਨ੍ਹਾਂ ਨੇ ਆਪਣੀ ਖੇਡ ਨੂੰ ਨਿਖਾਰਿਆ।
Publish Date: Sun, 20 Sep 2026 03:51 PM (IST)
Updated Date: Sun, 20 Sep 2026 03:55 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਇਚੀ-ਨਾਗੋਯਾ-2026 'ਚ ਖੇਡੀਆਂ ਜਾ ਰਹੀਆਂ ਏਸ਼ੀਅਨ ਗੇਮਜ਼-2026 'ਚ ਭਾਰਤ ਲਈ ਪਹਿਲਾ ਮੈਡਲ ਪੱਕਾ ਕਰਨ ਵਾਲੀ ਸੁਚਿਕਾ ਤਾਰਿਆਲ ਦੀ ਕਹਾਣੀ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਕਹਾਣੀ ਲੜਨ ਦੀ ਹਿੰਮਤ ਬਿਆਨ ਕਰਦੀ ਹੈ ਅਤੇ ਗਲਤ ਦੇ ਖ਼ਿਲਾਫ਼ ਆਵਾਜ਼ ਉਠਾਉਣ ਲਈ ਖ਼ੁਦ ਨੂੰ ਤਿਆਰ ਕਰਨ ਦੀ ਤਸਵੀਰ ਵੀ ਦਿਖਾਉਂਦੀ ਹੈ। ਗੱਲ ਉੱਥੋਂ ਸ਼ੁਰੂ ਹੁੰਦੀ ਹੈ, ਜੋ ਕੁੜੀਆਂ ਦੀ ਜ਼ਿੰਦਗੀ 'ਚ ਆਮ ਗੱਲ ਬਣ ਗਈ ਹੈ, ਯਾਨੀ ਛੇੜਛਾੜ ਤੋਂ।
ਸੁਚਿਕਾ ਨੇ ਇਸੇ ਛੇੜਛਾੜ ਨਾਲ ਨਜਿੱਠਣ ਲਈ ਲੜਨਾ ਸਿੱਖਿਆ ਅਤੇ ਅਜਿਹਾ ਸਿੱਖਿਆ ਕਿ ਜਾਪਾਨ 'ਚ ਪੋਡੀਅਮ ਤੱਕ ਪਹੁੰਚ ਗਈ। 12 ਸਾਲ ਦੀ ਉਮਰ 'ਚ ਜਦੋਂ ਉਨ੍ਹਾਂ ਨਾਲ ਛੇੜਛਾੜ ਹੋਈ ਸੀ ਤਾਂ ਉਨ੍ਹਾਂ ਦੀ ਜ਼ੁਬਾਨ ਤੋਂ ਇੱਕ ਹੀ ਗੱਲ ਨਿਕਲੀ ਸੀ, 'ਮੈ ਲੜਨਾ ਸਿੱਖਣਾ ਹੈ।"
ਬਦਲ ਗਈ ਕਹਾਣੀ
24 ਸਾਲ ਬਾਅਦ ਜਦੋਂ ਉਹ 36 ਸਾਲ ਦੀ ਹੋਈ ਤਾਂ ਲੜਨ ਦੇ ਜਜ਼ਬੇ ਨੇ ਉਨ੍ਹਾਂ ਦੇ ਗਲੇ 'ਚ ਮੈਡਲ ਦੀ ਚਮਕ ਪੱਕੀ ਕਰ ਦਿੱਤੀ। ਸੁਚਿਕਾ ਨੇ ਐਤਵਾਰ ਨੂੰ ਮਿਕਸਡ ਮਾਰਸ਼ਲ ਆਰਟਸ 'ਚ ਮੰਗੋਲੀਆ ਦੀ ਐਲਟਾਨਚਿਮੇਗ ਬਾਈਗਾਲਮਾ ਨੂੰ 2-0 ਨਾਲ ਹਰਾ ਕੇ ਘੱਟੋ-ਘੱਟ ਕਾਂਸੀ ਦਾ ਮੈਡਲ ਪੱਕਾ ਕਰ ਲਿਆ। ਸੋਮਵਾਰ ਨੂੰ ਉਹ ਸੈਮੀਫਾਈਨਲ 'ਚ ਉਤਰਨਗੀਆਂ ਅਤੇ ਕੋਸ਼ਿਸ਼ ਕਰਨਗੀਆਂ ਕਿ ਸੋਨੇ ਦਾ ਮੈਡਲ ਜਿੱਤ ਸਕਣ। ਇਸ ਖੇਡ 'ਚ ਸੈਮੀਫਾਈਨਲ 'ਚ ਪਹੁੰਚਣ ਦਾ ਮਤਲਬ ਹੁੰਦਾ ਹੈ ਕਿ ਖਿਡਾਰੀ ਘੱਟੋ-ਘੱਟ ਕਾਂਸੀ ਦਾ ਮੈਡਲ ਜਿੱਤ ਕੇ ਹੀ ਆਵੇਗਾ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਸੁਚਿਕਾ ਨੇ ਜਿੱਤ ਤੋਂ ਬਾਅਦ ਕਿਹਾ, 'ਆਪਣੇ ਦੇਸ਼ ਲਈ ਮੈਡਲ ਪੱਕਾ ਕਰਨਾ ਸ਼ਾਨਦਾਰ ਹੈ। ਇਹ ਸਮਾਂ ਹੈ ਜਦੋਂ ਮੈਂ ਗੋਲਡ ਮੈਡਲ ਲਈ ਆਪਣਾ ਪੂਰਾ ਦਮ ਲਗਾਵਾਂ।'
ਉਨ੍ਹਾਂ ਕਿਹਾ ਕਿ ਬਚਪਨ ਤੋਂ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਲੜਨਾ ਸਿੱਖਣ। ਸੁਚਿਕਾ ਮੁਤਾਬਕ, "ਬਚਪਨ ਤੋਂ ਮੇਰਾ ਇੱਕ ਸੁਪਨਾ ਸੀ ਕਿ ਮੈਨੂੰ ਕਿਸੇ ਤਰ੍ਹਾਂ ਦੀ ਲੜਾਈ ਸਿੱਖਣੀ ਹੈ। ਇਸ ਲਈ ਮੈਂ ਜੂਡੋ ਚੁਣਿਆ। ਉਹ ਸਫ਼ਰ ਮੈਨੂੰ ਇੱਥੋਂ ਤੱਕ ਲੈ ਕੇ ਆਇਆ। ਇਹ ਅਗਲੇ ਪੱਧਰ 'ਤੇ ਜਾਣ ਲਈ ਸਭ ਤੋਂ ਸਹੀ ਬੇਸ ਸੀ ਅਤੇ ਜੂਡੋ ਨੇ ਮੇਰੀ ਕਾਫ਼ੀ ਮਦਦ ਕੀਤੀ ਹੈ।"
ਸੈਲਫ ਡਿਫੈਂਸ ਲਈ ਕੀਤੀ ਤਿਆਰੀ
ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਸੁਚਿਕਾ ਨੇ ਮਹਿਜ਼ 12 ਸਾਲ ਦੀ ਉਮਰ 'ਚ ਛੇੜਛਾੜ ਦਾ ਸਾਹਮਣਾ ਕੀਤਾ ਅਤੇ ਉਸੇ ਸਮੇਂ ਮਨ ਬਣਾ ਲਿਆ ਸੀ ਕਿ ਉਹ ਸੈਲਫ ਡਿਫੈਂਸ ਲਈ ਜੂਡੋ ਸਿੱਖੇਗੀ। ਸਭ ਤੋਂ ਪਹਿਲਾਂ ਉਹ ਜਵਾਹਰਲਾਲ ਨਹਿਰੂ ਸਟੇਡੀਅਮ ਅਤੇ ਬਾਅਦ 'ਚ ਪਾਲਮ ਦੇ ਦਾਦਾ ਦੇਵ ਮੰਦਰ ਸੈਂਟਰ 'ਚ ਟ੍ਰੇਨਿੰਗ ਕਰਦੀ ਸੀ। ਇਸ ਤੋਂ ਬਾਅਦ ਭਾਰਤੀ ਖੇਡ ਅਥਾਰਟੀ ਦੇ ਭੋਪਾਲ ਸੈਂਟਰ 'ਚ ਉਨ੍ਹਾਂ ਨੇ ਆਪਣੀ ਖੇਡ ਨੂੰ ਨਿਖਾਰਿਆ। ਮੁਕਾਬਲੇ ਵਾਲੀ ਖੇਡ 'ਚ ਆਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ, ਕਿਉਂਕਿ ਉਨ੍ਹਾਂ ਦਾ ਪਰਿਵਾਰ ਸ਼ੁਰੂਆਤ 'ਚ ਇਹ ਨਹੀਂ ਚਾਹੁੰਦਾ ਸੀ, ਪਰ ਸੁਚਿਕਾ ਨੇ ਇੱਕ ਸ਼ਾਨਦਾਰ ਕਰੀਅਰ ਬਣਾਇਆ। ਉਨ੍ਹਾਂ ਨੇ 20 ਇੰਟਰਨੈਸ਼ਨਲ ਇਵੈਂਟਸ 'ਚ ਹਿੱਸਾ ਲਿਆ ਹੈ ਅਤੇ ਅੱਠ ਵਾਰ ਦੀ ਨੈਸ਼ਨਲ ਚੈਂਪੀਅਨ ਰਹੀ ਹੈ।
ਜੂਡੋ ਤੋਂ ਜਿਯੂ-ਜਿਤਸੂ ਤੱਕ
ਇਸ ਤੋਂ ਬਾਅਦ ਸੁਚਿਕਾ ਨੇ ਜਿਯੂ-ਜਿਤਸੂ ਨੂੰ ਅਪਣਾਇਆ ਅਤੇ 2024 'ਚ ਇਸ ਖੇਡ ਦੀ ਵਰਲਡ ਚੈਂਪੀਅਨਸ਼ਿਪ 'ਚ 63 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ ਜਿੱਤਿਆ। ਉਨ੍ਹਾਂ ਦਾ ਐੱਮਐੱਮਏ ਕਰੀਅਰ ਕਾਫ਼ੀ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਸਾਲ 2017 'ਚ ਹੀ ਉਨ੍ਹਾਂ ਨੇ ਡੈਬਿਊ ਕਰ ਲਿਆ ਸੀ, ਪਰ ਜੂਡੋ ਅਤੇ ਫਿਰ ਜਿਯੂ-ਜਿਤਸੂ ਕਾਰਨ ਉਨ੍ਹਾਂ ਨੂੰ ਸਫਲ ਹੋਣ 'ਚ ਸਮਾਂ ਲੱਗਾ। 2024 'ਚ ਉਹ ਪ੍ਰੋਫੈਸ਼ਨਲ ਐੱਮਐੱਮਏ 'ਚ ਵਾਪਸ ਆਈ ਅਤੇ ਅੱਜ ਉਨ੍ਹਾਂ ਨੇ ਏਸ਼ੀਅਨ ਗੇਮਜ਼ 'ਚ ਮੈਡਲ ਪੱਕਾ ਕਰਕੇ ਕਮਾਲ ਕਰ ਦਿੱਤਾ।