- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਹੈ ਪੰਜਾਬ ਦਾ ਖੇਡ ਇਤਿਹਾਸ। ਪੰਜਾਬ ਅਤੇ ਖੇਡਾਂ ਦਾ ਗੂੜ੍ਹਾ ਰਿਸ਼ਤਾ ਹੈ। ਪੰਜਾਬੀਆ ਵੱਲੋਂ ਖੇਡਾਂ ਵਿੱਚ ਮਾਰੀਆਂ ਮੱਲਾਂ ਨੇ ਭਾਰਤੀ ਖੇਡਾਂ ਦਾ ਸੁਨਹਿਰੀ ਇਤਿਹਾਸ ਲਿਖਿਆ ਹੈ। 1924 ਪੈਰਿਸ ਓਲੰਪਿਕਸ ਦੇ ਪਹਿਲੇ ਪੰਜਾਬੀ ਅਥਲੀਟ ਦਲੀਪ ਸਿੰਘ ਤੋਂ ਲੈ ਕੇ 2024 ਪੈਰਿਸ ਓਲੰਪਿਕਸ ਦੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੱਕ ਓਲੰਪਿਕਸ ਦੇ 100 ਸਾਲਾਂ ਇਤਿਹਾਸ ਵਿੱਚ ਪੰਜਾਬ ਦੀ ਧਰਤੀ ਤੋਂ ਅਨੇਕਾਂ ਅਥਲੀਟ ਪੈਦਾ ਹੋਏ ਹਨ

ਬਰਮਿੰਘਮ ਵਿਖੇ 2022 ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ 120 ਕਿਲੋ ਤੋਂ ਵੱਧ ਕੁਸ਼ਤੀ ਮੁਕਾਬਲੇ ਵਿੱਚ ਤਮਗ਼ਾ ਜਿੱਤਣ ਵਾਲੇ ਭਾਵੇਂ ਚਾਰ ਵੱਖ-ਵੱਖ ਮੁਲਕ ਭਾਰਤ, ਪਾਕਿਸਤਾਨ, ਇੰਗਲੈਂਡ ਤੇ ਕੈਨੇਡਾ ਸਨ ਪਰ ਚਾਰੋਂ ਪਹਿਲਵਾਨ ਪੰਜਾਬੀ ਮੂਲ ਦੇ ਸਨ। ਕੈਨੇਡਾ ਤੇ ਇੰਗਲੈਂਡ ਵਾਲੇ ਪਹਿਲਵਾਨਾਂ ਦਾ ਪਿਛੋਕੜ ਪੰਜਾਬ ਸੀ ਜਦੋਂ ਕਿ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਅਤੇ ਭਾਰਤ ਵਾਲਾ ਪਹਿਲਵਾਨ ਸਾਂਝੇ ਪੰਜਾਬ ਦੇ ਪਿਛੋਕੜ ਵਾਲਾ ਸੀ। 1966 ਵਿੱਚ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਗੋਲਕੀਪਰ ਸ਼ੰਕਰ ਲਕਸ਼ਮਣ ਨੂੰ ਛੱਡ ਕੇ ਬਾਕੀ 10 ਖਿਡਾਰੀ ਸਿਰ ਉੱਪਰ ਜੂੜਿਆਂ ਉੱਤੇ ਰੁਮਾਲ ਵਾਲੇ ਸਨ।
2008 ਵਿੱਚ ਬੀਜਿੰਗ ਓਲੰਪਿਕ ਖੇਡਾਂ ਵਿੱਚ ਭਾਰਤ ਨੇ 112 ਸਾਲਾਂ ਓਲੰਪਿਕਸ ਇਤਿਹਾਸ ਵਿੱਚ ਪਹਿਲੀ ਵਾਰ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਅਤੇ ਭਾਰਤ ਨੂੰ ਇਹ ਮਾਣ ਦਿਵਾਉਣ ਵਾਲਾ ਖਿਡਾਰੀ ਵੀ ਪੰਜਾਬ ਦਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਸੀ। ਦੋ ਸਾਲ ਪਹਿਲਾਂ ਜਦੋਂ ਪੈਰਿਸ ਵਿਖੇ ਓਲੰਪਿਕ ਖੇਡਾਂ ਹੋਈਆਂ ਤਾਂ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਤੋਂ ਸਨ। ਭਾਰਤੀ ਟੀਮ ਨੇ ਕੁੱਲ 15 ਗੋਲ ਕੀਤੇ ਜਿਸ ਵਿੱਚੋਂ 10 ਗੋਲ ਇਕੱਲੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਜੋ ਪੰਜਾਬ ਦਾ ਖਿਡਾਰੀ ਹੈ। ਬੀਤੇ ਮਹੀਨੇ ਰਾਂਚੀ ਵਿਖੇ ਅਥਲੈਟਿਕਸ ਦਾ ਫੈਡਰੇਸ਼ਨ ਕੱਪ ਹੋਇਆਂ ਜਿਸ ਵਿੱਚ ਪੰਜਾਬ ਦੇ ਗੁਰਿੰਦਰਵੀਰ ਸਿੰਘ ਨੇ ਭਾਰਤੀ ਅਥਲੈਟਿਕਸ ਦਾ ਇਤਿਹਾਸ ਰਚਦਿਆਂ 10.09 ਸਕਿੰਟ ਦੇ ਸਮੇਂ ਨਾਲ 100 ਮੀਟਰ ਦਾ ਨਵਾਂ ਨੈਸ਼ਨਲ ਰਿਕਾਰਡ ਬਣਾਇਆ। ਪਹਿਲੀ ਵਾਰ ਕੋਈ ਭਾਰਤੀ ਅਥਲੀਟ 10.10 ਸਕਿੰਟ ਤੋਂ ਹੇਠਾਂ ਦੌੜਿਆ।
ਇਹ ਹੈ ਪੰਜਾਬ ਦਾ ਖੇਡ ਇਤਿਹਾਸ। ਪੰਜਾਬ ਅਤੇ ਖੇਡਾਂ ਦਾ ਗੂੜ੍ਹਾ ਰਿਸ਼ਤਾ ਹੈ। ਪੰਜਾਬੀਆ ਵੱਲੋਂ ਖੇਡਾਂ ਵਿੱਚ ਮਾਰੀਆਂ ਮੱਲਾਂ ਨੇ ਭਾਰਤੀ ਖੇਡਾਂ ਦਾ ਸੁਨਹਿਰੀ ਇਤਿਹਾਸ ਲਿਖਿਆ ਹੈ। 1924 ਪੈਰਿਸ ਓਲੰਪਿਕਸ ਦੇ ਪਹਿਲੇ ਪੰਜਾਬੀ ਅਥਲੀਟ ਦਲੀਪ ਸਿੰਘ ਤੋਂ ਲੈ ਕੇ 2024 ਪੈਰਿਸ ਓਲੰਪਿਕਸ ਦੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੱਕ ਓਲੰਪਿਕਸ ਦੇ 100 ਸਾਲਾਂ ਇਤਿਹਾਸ ਵਿੱਚ ਪੰਜਾਬ ਦੀ ਧਰਤੀ ਤੋਂ ਅਨੇਕਾਂ ਅਥਲੀਟ ਪੈਦਾ ਹੋਏ ਹਨ। ਅਥਲੈਟਿਕਸ ਤੇ ਹਾਕੀ ਵਿੱਚ ਤਾਂ ਪੰਜਾਬੀਆਂ ਦੀ ਇੰਨੀ ਤੂਤੀ ਬੋਲਦੀ ਸੀ ਕਿ ਪੰਜਾਬੀ ਖਿਡਾਰੀਆਂ ਬਿਨਾਂ ਭਾਰਤੀ ਟੀਮਾਂ ਦੀ ਕਲਪਨਾ ਕਰਨੀ ਵੀ ਮੁਸ਼ਕਲ ਸੀ। ਪੰਜਾਬ ਦੇ ਖਿਡਾਰੀਆਂ ਨੇ ਨਾ ਸਿਰਫ ਭਾਰਤ ਬਲਕਿ ਦੂਜੇ ਮੁਲਕਾਂ ਦੀਆਂ ਟੀਮਾਂ ਵੱਲੋਂ ਖੇਡ ਕੇ ਨਾਮ ਚਮਕਾਇਆ ਹੈ। ਕੈਨੇਡਾ, ਇੰਗਲੈਂਡ, ਆਸਟਰੇਲੀਆ, ਮਲੇਸ਼ੀਆ ਤੋਂ ਇਲਾਵਾ ਅਫਰੀਕੀ ਮੁਲਕਾਂ ਕੀਨੀਆ, ਯੁਗਾਂਡਾ ਆਦਿ ਵੱਲੋਂ ਵੀ ਪੰਜਾਬੀ ਖਿਡਾਰੀਆਂ ਨੇ ਕੌਮਾਂਤਰੀ ਖੇਡ ਮੰਚ ਉੱਤੇ ਹਾਜ਼ਰੀ ਲਗਾਈ ਹੈ।
ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਹਰਚਰਨ ਸਿੰਘ, ਅਜੀਤ ਪਾਲ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਰੂਪਾ ਸੈਣੀ, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਜਿਹੇ ਜੱਗ ਜੇਤੂ ਹਾਕੀ ਖਿਡਾਰੀ ਪੰਜਾਬ ਦੀ ਹੀ ਦੇਣ ਹੈ। ਅਥਲੈਟਿਕਸ ਵਿੱਚ ਪ੍ਰਦੁੱਮਣ ਸਿੰਘ, ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਮਹਿੰਦਰ ਸਿੰਘ ਗਿੱਲ, ਕਮਲਜੀਤ ਸੰਧੂ, ਸੁਨੀਤਾ ਰਾਣੀ, ਮਨਜੀਤ ਕੌਰ ਨੇ ਨਾਮ ਕਮਾਇਆ। ਫੁਟਬਾਲ ਵਿੱਚ ਜਰਨੈਲ ਸਿੰਘ ਤੇ ਇੰਦਰ ਸਿੰਘ, ਕੁਸ਼ਤੀ ਵਿੱਚ ਕਰਤਾਰ ਸਿੰਘ, ਮੁੱਕੇਬਾਜ਼ੀ ਵਿੱਚ ਕੌਰ ਸਿੰਘ ਤੇ ਗੁਰਚਰਨ ਸਿੰਘ, ਨਿਸ਼ਾਨੇਬਾਜ਼ੀ ਵਿੱਚ ਰਾਜਾ ਰਣਧੀਰ ਸਿੰਘ, ਅਭਿਨਵ ਬਿੰਦਰਾ, ਰੰਜਨ ਸੋਢੀ, ਮਾਨਵਜੀਤ ਸੰਧੂ, ਅਵਨੀਤ ਸਿੱਧੂ, ਹਿਨਾ ਸਿੱਧੂ ਤੇ ਸਿਫ਼ਤ ਸਮਰਾ, ਕ੍ਰਿਕਟ ਵਿੱਚ ਲਾਲਾ ਅਮਰਨਾਥ, ਯਸ਼ਪਾਲ ਸ਼ਰਮਾ, ਮਹਿੰਦਰ ਅਮਰਨਾਥ, ਯੁਵਰਾਜ ਸਿੰਘ, ਹਰਮਨਪ੍ਰੀਤ ਕੌਰ ਤੇ ਸ਼ੁਭਮਨ ਗਿੱਲ, ਵੇਟਲਿਫਟਿੰਗ ਵਿੱਚ ਤਾਰਾ ਸਿੰਘ, ਬਾਡੀ ਬਿਲਡਿੰਗ ਵਿੱਚ ਪ੍ਰੇਮ ਚੰਦ ਢੀਗਰਾ, ਰੋਇੰਗ ਵਿੱਚ ਸਵਰਨ ਸਿੰਘ ਵਿਰਕ, ਬਾਸਕਟਬਾਲ ਵਿੱਚ ਸੱਜਣ ਸਿੰਘ ਚੀਮਾ, ਵਾਲੀਬਾਲ ਵਿੱਚ ਨ੍ਰਿਪਜੀਤ ਸਿੰਘ ਬੇਦੀ ਤੇ ਸੁਖਪਾਲ ਸਿੰਘ ਪਾਲੀ, ਕਬੱਡੀ ਵਿੱਚ ਬਲਵਿੰਦਰ ਸਿੰਘ ਫਿੱਡੂ, ਦੇਵੀ ਦਿਆਲ, ਹਰਜੀਤ ਸਿੰਘ ਬਾਜਾਖਾਨਾ, ਮਨਪ੍ਰੀਤ ਸਿੰਘ ਮਾਨਾ, ਗੁਰਪ੍ਰੀਤ ਸਿੰਘ, ਤੀਰਅੰਦਾਜ਼ੀ ਵਿੱਚ ਪ੍ਰਨੀਤ ਕੌਰ ਆਦਿ ਪੰਜਾਬ ਦੇ ਖਿਡਾਰੀਆਂ ਦੀ ਵੱਡੀ ਗਿਣਤੀ ਹੈ ਜਿਨ੍ਹਾਂ ਖੇਡਾਂ ਵਿੱਚ ਪੰਜਾਬ ਦਾ ਖੂਬ ਨਾਮ ਰੌਸ਼ਨ ਕੀਤਾ ਹੈ।
ਪੰਜਾਬ ਦੇ ਇਕੱਲੇ ਸੰਸਾਰਪੁਰ ਪਿੰਡ ਨੇ 14 ਓਲੰਪੀਅਨ ਪੈਦਾ ਕੀਤੇ ਹਨ ਜੋ ਕਿ ਸਾਰੇ ਇੱਕੋ ਗਲੀ ਦੇ ਕੁਲਾਰ ਪਰਿਵਾਰਾਂ ਦੇ ਵਸਨੀਕ ਸਨ। ਇਨ੍ਹਾਂ ਵਿੱਚੋਂ 9 ਭਾਰਤ, ਚਾਰ ਕੀਨੀਆ ਅਤੇ ਇੱਕ ਕੈਨੇਡਾ ਵੱਲੋਂ ਖੇਡਿਆ ਹੈ। ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸੇ ਤਿੰਨ ਪਿੰਡਾਂ ਸੰਸਾਰਪੁਰ, ਮਿੱਠਾਪੁਰ ਤੇ ਖੁਸਰੋਪੁਰ ਨੇ 100 ਤੋਂ ਵੱਧ ਕੌਮਾਂਤਰੀ ਹਾਕੀ ਖਿਡਾਰੀ ਪੈਦਾ ਕੀਤੇ ਹਨ। ਫੁਟਬਾਲ ਵਿੱਚ ਮਾਹਿਲਪੁਰ, ਕੁਸ਼ਤੀ ਵਿੱਚ ਸੁਰ ਸਿੰਘ, ਬਾਸਕਟਬਾਲ ਵਿੱਚ ਦਬੂਲੀਆ, ਅਥਲੈਟਿਕਸ ਵਿੱਚ ਸਭਰਾਵਾਂ, ਨਿਸ਼ਾਨੇਬਾਜ਼ੀ ਵਿੱਚ ਫਿਰੋਜ਼ਪੁਰ, ਨੈਟਬਾਲ ਵਿੱਚ ਬਰਨਾਲਾ, ਜੂਡੋ ਵਿੱਚ ਗੁਰਦਾਸਪੁਰ, ਮੁੱਕੇਬਾਜ਼ੀ ਵਿੱਚ ਸੰਗਰੂਰ ਅਤੇ ਕ੍ਰਿਕਟ ਵਿੱਚ ਫਾਜ਼ਿਲਕਾ ਤੇ ਮੁਕਤਸਰ ਨੇ ਉਹ ਨਾਮ ਕਮਾਇਆ ਹੈ, ਜੋ ਕਈ-ਕਈ ਸੂਬੇ ਮਿਲ ਕੇ ਵੀ ਨਹੀਂ ਕਮਾ ਸਕਦੇ। ਖੇਡਾਂ ਦੇ ਸਮਾਨ ਬਣਾਉਣ ਵਿੱਚ ਜਲੰਧਰ ਸਭ ਤੋਂ ਮੋਹਰੀ ਹੈ
ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਪਿਛਲੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 20 ਸੋਨ ਤਮਗ਼ੇ ਜਿੱਤੇ ਜਿਨ੍ਹਾਂ ਵਿੱਚੋਂ ਸੋਨੇ ਦੇ ਅੱਠ ਅਤੇ ਚਾਂਦੀ ਤੇ ਕਾਂਸੀ ਦੇ ਛੇ-ਛੇ ਤਮਗ਼ੇ ਸਨ। ਭਾਰਤੀ ਹਾਕੀ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਹਨ। ਪਿਛਲੇ ਅਰਸੇ ਵਿੱਚ ਭਾਰਤ ਨੇ ਮਹਿਲਾ ਤੇ ਪੁਰਸ਼ ਵਰਗ ਵਿੱਚ ਕ੍ਰਿਕਟ ਵਿਸ਼ਵ ਕੱਪ ਜਿੱਤੇ। ਵਿਸ਼ਵ ਚੈਂਪੀਅਨ ਭਾਰਤੀ ਪੁਰਸ਼ ਕ੍ਰਿਕਟ ਟੀਮ ਵਿੱਚ ਅਰਸ਼ਦੀਪ ਸਿੰਘ ਤੇ ਅਭਿਸ਼ੇਕ ਸ਼ਰਮਾ, ਵਿਸ਼ਵ ਜੇਤੂ ਮਹਿਲਾ ਕ੍ਰਿਕਟ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਨਜੋਤ ਕੌਰ ਪੰਜਾਬ ਤੋਂ ਸਨ। 2024 ਪੈਰਿਸ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ 19 ਖਿਡਾਰੀਆਂ ਨੇ ਹਿੱਸਾ ਲਿਆ।
ਟੀਮ ਖੇਡਾਂ ਵਿੱਚ ਪੰਜਾਬ ਦੀ ਸਰਦਾਰੀ ਦੀ ਗੱਲ ਕਰੀਏ ਤਾਂ ਇਸ ਵੇਲੇ ਭਾਰਤ ਦੀਆਂ ਚਾਰ ਟੀਮ ਖੇਡਾਂ ਦੇ ਕਪਤਾਨ ਪੰਜਾਬ ਤੋਂ ਹਨ। ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ, ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਕਪਤਾਨ ਸ਼ੁਭਮਨ ਗਿੱਲ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਭਾਰਤੀ ਬਾਸਕਟਬਾਲ ਟੀਮ ਦਾ ਕਪਤਾਨ ਪਾਲਪ੍ਰੀਤ ਸਿੰਘ ਬਰਾੜ ਹੈ। ਪਿਛਲੇ ਸਮੇਂ ਵਿੱਚ ਭਾਰਤੀ ਫੁਟਬਾਲ ਟੀਮ ਦੀ ਕਪਤਾਨੀ ਵੀ ਪੰਜਾਬੀ ਗੱਭਰੂ ਗੁਰਪ੍ਰੀਤ ਸਿੰਘ ਸੰਧੂ ਕੋਲ ਸੀ। ਭਾਰਤ ਵਿੱਚ ਟੀਮ ਖੇਡਾਂ ਵਿੱਚ ਪ੍ਰਮੁੱਖ ਤੌਰ ਉੱਤੇ ਕ੍ਰਿਕਟ, ਹਾਕੀ, ਫੁਟਬਾਲ ਤੇ ਬਾਸਕਟਬਾਲ ਹੈ ਅਤੇ ਇਨ੍ਹਾਂ ਦੀ ਕਮਾਨ ਪੰਜਾਬੀਆਂ ਕੋਲ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬ ਦੇ 11 ਖਿਡਾਰੀਆਂ ਨੂੰ ਪੰਜਾਬ ਸਰਕਾਰ ਦੀਆਂ ਸਰਵੋਤਮ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਕਲਾਸ ਵਨ ਪੋਸਟਾਂ ਦੇ ਨਿਯੁਕਤੀ ਪੱਤਰ ਵੀ ਸੌਂਪੇ। ਇਹਨਾਂ ਵਿੱਚ 9 ਖਿਡਾਰੀ ਹਾਕੀ, ਇੱਕ ਕ੍ਰਿਕਟ ਤੇ ਇੱਕ ਅਥਲੈਟਿਕਸ ਤੋਂ ਸੀ। 11 ਖਿਡਾਰੀਆਂ ਵਿੱਚੋਂ ਸੱਤ ਡੀ.ਐਸ.ਪੀ. ਅਤੇ ਚਾਰ ਪੀ.ਸੀ.ਐਸ. ਲਗਾਏ ਗਏ। ਪਹਿਲੀ ਵਾਰ ਕਿਸੇ ਸੂਬੇ ਵਿੱਚ ਖਿਡਾਰੀ ਨੂੰ ਸੂਬੇ ਦੀ ਸਰਵੋਤਮ ਸਿਵਲ ਸਰਵਿਸ ਦੀ ਨੌਕਰੀ ਦਿੱਤੀ ਗਈ।
ਪੰਜਾਬੀਆਂ ਨੂੰ ਖੇਡਾਂ ਦੀ ਗੁੜ੍ਹਤੀ ਗੁਰੂ ਸਾਹਿਬਾਨ ਤੋਂ ਮਿਲੀ ਹੈ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਮੱਲ ਅਖਾੜਾ ਸ਼ੁਰੂ ਕੀਤਾ ਗਿਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਲਵਾਰਬਾਜ਼ੀ ਤੇ ਤੀਰਅੰਦਾਜ਼ੀ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤਲਵਾਰਬਾਜ਼ੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜਸਵਾਰੀ, ਤੀਰਅੰਦਾਜ਼ੀ ਤੇ ਤਲਵਾਰਬਾਜ਼ੀ ਵਿੱਚ ਬਹੁਤ ਨਿਪੁੰਨ ਸਨ। ਦਸਮੇਸ਼ ਪਿਤਾ ਵੱਲੋਂ ਖਾਲਸੇ ਨੂੰ ਯੁੱਧ ਕਲਾ ਵਿੱਚ ਨਿਪੁੰਨ ਕਰਨ ਲਈ ਹੀ ਹੋਲਾ ਮਹੱਲਾ ਸ਼ੁਰੂ ਕੀਤਾ ਗਿਆ ਸੀ। ਮੁਗਲ ਧਾੜਵੀ ਪੰਜਾਬ ਵਿੱਚੋਂ ਹੀ ਗੁਜ਼ਰ ਕੇ ਹਿੰਦੋਸਤਾਨ ਆਉਂਦੇ ਸਨ ਜਿਸ ਕਾਰਨ ਧਾੜਵੀਆਂ ਦਾ ਮੁਕਾਬਲਿਆਂ ਕਰਦਿਆਂ ਪੰਜਾਬੀ ਕੌਮ ਨੇ ਯੁੱਧ ਕਲਾ ਰਾਹੀਂ ਆਪਣਾ ਲੋਹਾ ਮਨਵਾਇਆ। ਤੱਤੀਆਂ ਲੂੰਆਂ ਅਤੇ ਠਰਦੀਆਂ ਰਾਤਾਂ ਵਾਲੇ ਖਿੱਤੇ ਦੇ ਜੰਮਪਲ ਪੰਜਾਬੀਆਂ ਨੂੰ ਭੂਗੋਲਿਕ ਸਥਿਤੀਆਂ ਨੇ ਵੀ ਹੋਰ ਮਜ਼ਬੂਤ ਕੀਤਾ। ਇਹੋ ਕਾਰਨ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਫੇਰ ਆਜ਼ਾਦ ਭਾਰਤ ਵਿੱਚ ਭਾਰਤੀ ਸੈਨਾਵਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਾ ਹੈ। ਇਤਿਹਾਸਕ, ਧਾਰਮਿਕ, ਭੂਗੋਲਿਕ ਸਥਿਤੀਆਂ ਨੇ ਪੰਜਾਬੀਆਂ ਨੂੰ ਖੇਡਾਂ ਵਿੱਚ ਹੋਰ ਵੀ ਮੱਲਾਂ ਮਾਰਨ ਲਈ ਤਿਆਰ ਕੀਤਾ।
-ਨਵਦੀਪ ਸਿੰਘ ਗਿੱਲ (97800-36216)