- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੇਨ ਵਰਲਡ ਕੱਪ ਜਿੱਤ ਗਿਆ ਹੈ, ਇਹ ਖ਼ਬਰ ਕਈ ਦਿਨ ਪੁਰਾਣੀ ਹੋ ਚੁੱਕੀ ਹੈ। ਤਸੱਲੀ ਇਸ ਗੱਲ ਦੀ ਹੈ ਕਿ ਵਧੀਆ ਟੀਮ ਵਰਲਡ ਕੱਪ ਜਿੱਤੀ ਹੈ। ਉਹ ਟੀਮ ਕੱਪ ਜਿੱਤੀ ਹੈ, ਜਿਸ ਖ਼ਿਲਾਫ਼ ਸਾਰੇ ਟੂਰਨਾਮੈਂਟ ਵਿਚ ਸਿਰਫ਼ ਇਕ ਹੀ ਗੋਲ ਹੋਇਆ ਸੀ। ਸਭ ਤੋਂ ਵੱਡੀ ਤੇ ਦਿਲਚਸਪ ਖ਼ਬਰ ਇਹ ਹੈ ਕਿ ਸਪੇਨ ਨੇ ਇਹ ਕੱਪ ਅਮਰੀਕਾ ਦੇ ਰਾਸ਼ਟਰਪਤੀ ਦੀ ਹਾਜ਼ਰੀ ’ਚ ਜਿੱਤਿਆ ਹੈ।

ਸਪੇਨ ਵਰਲਡ ਕੱਪ ਜਿੱਤ ਗਿਆ ਹੈ, ਇਹ ਖ਼ਬਰ ਕਈ ਦਿਨ ਪੁਰਾਣੀ ਹੋ ਚੁੱਕੀ ਹੈ। ਤਸੱਲੀ ਇਸ ਗੱਲ ਦੀ ਹੈ ਕਿ ਵਧੀਆ ਟੀਮ ਵਰਲਡ ਕੱਪ ਜਿੱਤੀ ਹੈ। ਉਹ ਟੀਮ ਕੱਪ ਜਿੱਤੀ ਹੈ, ਜਿਸ ਖ਼ਿਲਾਫ਼ ਸਾਰੇ ਟੂਰਨਾਮੈਂਟ ਵਿਚ ਸਿਰਫ਼ ਇਕ ਹੀ ਗੋਲ ਹੋਇਆ ਸੀ। ਸਭ ਤੋਂ ਵੱਡੀ ਤੇ ਦਿਲਚਸਪ ਖ਼ਬਰ ਇਹ ਹੈ ਕਿ ਸਪੇਨ ਨੇ ਇਹ ਕੱਪ ਅਮਰੀਕਾ ਦੇ ਰਾਸ਼ਟਰਪਤੀ ਦੀ ਹਾਜ਼ਰੀ ’ਚ ਜਿੱਤਿਆ ਹੈ। ਅਮਰੀਕਾ ਦੇ ਧਰਤੀ ਤੇ ਨਿਊ ਜਰਸੀ ਦੇ ਖੇਡ ਮੈਦਾਨ ਵਿਚ ਜਿੱਤਿਆ ਹੈ। ਸਪੇਨੀਆਂ ਨੇ ਇਹ ਕੱਪ ਜਿੱਤ ਕੇ ਟਰੰਪ ਦੀ ‘ਹਿੱਕ ਤੇ ਮੂੰਗ ਦਲਿਆ’ ਹੈ। ਸਪੇਨ ਤੇ ਅਮਰੀਕਾ ਦਾ ਫਸਵਾਂ ਟਕਰਾਓ ਕਈ ਵਰ੍ਹਿਆਂ ਤੋਂ ਚੱਲ ਰਿਹਾ ਹੈ ਤੇ ਅਰਜਨਟੀਨਾ ਇਸ ਵੇਲੇ ਅਮਰੀਕਾ ਦਾ ਸਭ ਤੋਂ ਵੱਡਾ ਹਮਾਇਤੀ ਹੈ। ਅਰਜਨਟੀਨਾ ਦਾ ਰਾਸ਼ਟਰਪਤੀ ਜੇਵੀਅਰ ਜੇਰਾਰਡੋ ਮਿਲੇਈ ਟਰੰਪ ਭਗਤ ਹੈ ਤੇ ਸੱਜੇ-ਪੱਖੀ ਰਾਜਨੀਤੀ ਦਾ ਧਾਰਨੀ ਹੈ।
ਮੈਸੀ ਦਾ ਖੱਬਾ ਪੈਰ ਨਹੀਂ ਦਿਖਾ ਸਕਿਆ ਜਲਵਾ
ਦੂਸਰੇ ਪਾਸੇ ਸਪੇਨ ਖੱਬੇ-ਪੱਖੀ ਰਾਜਨੀਤੀ ਤੋਂ ਪ੍ਰਭਾਵਿਤ ਹੈ। ਮੈਚ ਤੋਂ ਪਹਿਲਾਂ ਜਦੋਂ ਵਹਿਮੀ ਕਿਸਮ ਦੇ ਪ੍ਰਸ਼ਾਸਕ ਜੇਵੀਅਰ ਨੂੰ ਅਰਜਨਟੀਨਾ ਤੇ ਸਪੇਨ ਦੇ ਮੈਚ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਪੇਨ ਦੀ ਖੱਬੇ-ਪੱਖੀ ਰਾਜਨੀਤੀ ਖ਼ਿਲਾਫ਼ ਵਿਅੰਗਮਈ ਵਿਚਾਰਧਾਰਕ ਟਿੱਪਣੀ ਫੁੱਟਬਾਲ ਦੀ ਭਾਸ਼ਾ ’ਚ ਕਰਦਿਆਂ ਕਿਹਾ ਸੀ, ‘The only left that works is left foot of Messy’। ਉਸ ਦੇ ਕਹਿਣ ਦਾ ਭਾਵ ਸੀ ਕਿ ਖੱਬੇ-ਪੱਖੀ ਸੋਚ, ਰਾਜਨੀਤੀ ਖ਼ਤਮ ਹੋ ਚੁੱਕੀ ਹੈ ਤੇ ਹੁਣ ਸਿਰਫ਼ ਮੈਸੀ ਦੇ ਖੱਬੇ ਪੈਰ ਦਾ ਹੀ ਦੁਨੀਆ ’ਚ ਜਲਵਾ ਹੈ। ਇਹ ਗੱਲ ਵੱਖਰੀ ਹੈ ਕਿ ਫਾਈਨਲ ਵਿਚ ਸਪੇਨੀਆਂ ਨੇ ਅਜਿਹਾ ਜਾਲ ਵਿਛਾਇਆ ਕਿ ਮੈਸੀ ਦਾ ਖੱਬਾ ਪੈਰ ਆਪਣਾ ਉਹ ਜਲਵਾ ਨਹੀਂ ਦਿਖਾ ਸਕਿਆ, ਜਿਸ ਕਰਕੇ ਸੰਸਾਰ ’ਚ ਉਸ ਦੀ ਗੁੱਡੀ ਚੜ੍ਹੀ ਹੋਈ ਹੈ। ਜੇਵੀਅਰ ਵਹਿਮੀ ਇੰਨਾ ਹੈ ਕਿ ਉਹ ਆਪਣੀ ਟੀਮ ਦਾ ਫਾਈਨਲ ਮੈਚ ਦੇਖਣ ਇਸ ਕਰਕੇ ਅਰਜਨਟੀਨਾ ਤੋਂ ਨਹੀਂ ਆਇਆ ਕਿ ਉਸ ਨੂੰ ਵਹਿਮ ਸੀ ਕਿ ਜੇ ਉਹ ਉੱਥੇ ਗਿਆ ਤਾਂ ਉਸ ਦੀ ਟੀਮ ਫਾਈਨਲ ਮੈਚ ਹਾਰ ਜਾਵੇਗੀ।
ਵਹਿਮਾਂ-ਭਰਮਾਂ ਦੇ ਜ਼ਿਆਦਾ ਸ਼ਿਕਾਰ ਹੁੰਦੇ ਖਿਡਾਰੀ
ਦੂਸਰੇ ਪਾਸੇ ਸਪੇਨ ਦਾ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ ਫਾਈਨਲ ਮੈਚ ਦੇਖਣ ਪਹੁੰਚਿਆ ਹੋਇਆ ਸੀ। ਸਪੇਨ ਦਾ ਬਾਦਸ਼ਾਹ ਫੇਲਿਪ ਛੇਵਾਂ ਵੀ ਆਪਣੇ ਪੂਰੇ ਪਰਿਵਾਰ ਨਾਲ ਫਾਈਨਲ ਮੈਚ ਦੇਖਣ ਆਇਆ ਸੀ। ਆਪਣੇ ਦੇਸ਼ ਦੇ ਕਈ ਕ੍ਰਿਕਟ ਖਿਡਾਰੀ ਵੀ ਅਹਿਮ ਮੈਚਾਂ ਸਮੇਂ ਆਪਣੀ ਕੁਰਸੀ ਤੋਂ ਇਸ ਵਹਿਮ ਵਿਚ ਨਹੀਂ ਉੱਠਦੇ ਕਿ ਜੇ ਉੱਠੇ ਤਾਂ ਟੀਮ ਮੈਚ ਹਰ ਜਾਵੇਗੀ। ਪ੍ਰਸਿੱਧ ਕ੍ਰਿਕਟ ਖਿਡਾਰੀ ਤੇ ਆਸਟ੍ਰੇਲੀਆ ਦਾ ਸਾਬਕਾ ਕਪਤਾਨ ਸਟੀਵ ਵਾਹ ਹਮੇਸ਼ਾ ਖੇਡਣ ਸਮੇਂ ਲਾਲ ਰੰਗ ਦੀ ਲੀਰ ਆਪਣੀ ਜੇਬ ’ਚ ਰੱਖਦਾ ਸੀ। ਉਸ ਦਾ ਵਿਸ਼ਵਾਸ ਸੀ ਕਿ ਇਹ ਉਸ ਦੀ ਮੈਚ ਜਿੱਤਣ ’ਚ ਮਦਦ ਕਰਦੀ ਹੈ। ਖਿਡਾਰੀ ਵਹਿਮਾਂ-ਭਰਮਾਂ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਹਨ।
ਗਾਜਾ ਪੱਟੀ ਤੇ ਫਲਸਤੀਨ ’ਚ ਪਏ ਭੰਗੜੇ
ਇਸ ਵਰਲਡ ਕੱਪ ਦਾ ਪਰਛਾਵੇਂ ਵਾਂਗ ਪਿੱਛਾ ਕਰਦੀ ਰਾਜਨੀਤੀ ਦੀ ਸਾਰੀ ਕਹਾਣੀ ਸ਼ਇਦ ਇਸ ਗੱਲ ਤੋਂ ਹੀ ਵਧੀਆ ਢੰਗ ਨਾਲ ਸਮਝ ਜਾਵੋ ਕਿ ਵਰਲਡ ਕੱਪ ਜਿੱਤਣ ਤੋਂ ਤੁਰੰਤ ਬਾਅਦ ਸਭ ਤੋਂ ਪਹਿਲਾਂ ਸਪੇਨ ਨੂੰ ਵਧਾਈ ਦੇਣ ਵਾਲਿਆਂ ਵਿਚ ਇਰਾਨ ਸੀ। ਜਿਸ ਦਿਨ ਸਪੇਨ ਵਰਲਡ ਕੱਪ ਜਿਤਿਆ, ਉਸ ਦਿਨ ਗਾਜਾ ਪੱਟੀ ਤੇ ਫਲਸਤੀਨ ’ਚ ਭੰਗੜੇ ਪਏ। ਗਾਜਾ ਪੱਟੀ ਦੇ ਲੋਕਾਂ ਨੇ ਸਾਰਾ ਮੈਚ ਵੱਡੀ ਸਕਰੀਨ ਲਾ ਕੇ ਵੇਖਿਆ ਤੇ ਸਪੇਨ ਦੀ ਜਿੱਤ ਦੇ ਜਸ਼ਨ ਇਜ਼ਰਾਇਲ ਵੱਲੋਂ ਗਾਜਾ ਪੱਟੀ ਵਿਚ ਇਮਾਰਤਾਂ ਦੀ ਕੀਤੀ ਤਬਾਹੀ ਦੇ ਢੇਰਾਂ ’ਤੇ ਖੜ੍ਹ ਕੇ ਮਨਾਏ ਗਏ। ਸਪੇਨ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੋਈ ਹੈ ਤੇ ਉਹ ਇਸ ਨੂੰ ਪ੍ਰਭੂ ਸੰਪੰਨ ਦੇਸ਼ ਮੰਨਦਾ ਹੈ।
ਵਰਲਡ ਕੱਪ ’ਤੇ ਰਾਜਨੀਤੀ ਦਾ ਰਿਹਾ ਸੰਘਣਾ ਪਰਛਾਵਾਂ
ਫਾਈਨਲ ਮੈਚ ਤੋਂ ਪਹਿਲਾਂ ਇਜ਼ਰਾਇਲ ਦੇ ਰਾਸ਼ਟਰਪਤੀ ਨਿਤਿਨਜਾਹੂ ਨੇ ਇਕ ਵੀਡੀਓ ਜਾਰੀ ਕਰ ਕੇ ਅਰਜਨਟੀਨਾ ਦੀ ਜਿੱਤ ਦੀ ਕਾਮਨਾ ਕੀਤੀ ਸੀ। ਟੂਰਨਾਮੈਂਟ ਦੌਰਾਨ ਇਹ ਦੋਸ਼ ਆਮ ਲੱਗਦੇ ਰਹੇ ਹਨ ਕਿ ਅਰਜਨਟੀਨਾ ਦੀ ਟੀਮ ਪ੍ਰਤੀ ਰੈਫਰੀ ਨਰਮ ਰਵੱਈਆ ਅਪਣਾ ਰਹੇ ਹਨ, ਉਸ ਟੀਮ ਵੱਲੋਂ ਕੀਤੇ ਸੰਗੀਨ ਫਾਊਲ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਚਰਚਾ ਦੁਨੀਆ ਭਰ ਦੇ ਮੀਡੀਆ ’ਚ ਰਹੀ। ਜਿਵੇਂ ਉਪਰ ਜ਼ਿਕਰ ਕੀਤਾ ਹੈ ਕਿ ਇਸ ਵਰਲਡ ਕੱਪ ’ਤੇ ਰਾਜਨੀਤੀ ਦਾ ਬਹੁਤ ਹੀ ਸੰਘਣਾ ਪਰਛਾਵਾਂ ਰਿਹਾ। ਸੈਮੀਫਾਈਨਲ ’ਚ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾਇਆ। ਇਨ੍ਹਾਂ ਦੋਵਾਂ ਦੇਸ਼ਾਂ ਦਾ ਵੀ ਆਪਸ ’ਚ ਵੈਰ ਹੈ। ਅਰਜਨਟੀਨਾ ਨੂੰ ਇੰਗਲੈਂਡ ਨੂੰ ਹਰਾ ਕੇ ਬੜੀ ਤਸੱਲੀ ਹੁੰਦੀ ਹੈ।
ਅਰਜਨਟੀਨਾ ਨੇ ਹਾਰ ਤੋਂ ਬਾਅਦ ਦਿਖਾਇਆ ਛੋਟਾਪਣ
ਅਰਜਨਟੀਨਾ ਨੇ ਫਾਈਨਲ ਮੈਚ ’ਚ ਹੋਈ ਹਾਰ ਤੋਂ ਬਾਅਦ ਬਹੁਤ ਹੀ ਛੋਟਾਪਣ ਦਿਖਾਇਆ। ਉਸ ਨੇ ਸਪੇਨ ਨੂੰ ਵਧਾਈ ਤਾਂ ਕੀ ਦੇਣੀ ਸੀ ਸਗੋਂ ਇਨਾਮਾਂ ਦੀ ਵੰਡ ਵੇਲੇ ਸਪੇਨ ਦੀ ਟੀਮ ਵੱਲ ਪਿੱਠ ਕਰ ਲਈ। ਮੈਚ ਖ਼ਤਮ ਹੋਣ ਤੋਂ ਬਾਅਦ ਸਪੇਨ ਦੇ ਖਿਡਾਰੀਆਂ ਨੂੰ ਧੱਕੇ ਮਾਰੇ ਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ। ਇਸ ਦੀ ਫੀਫਾ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਟੂਰਨਾਮੈਂਟ ’ਚ ਸਭ ਤੋਂ ਭਾਵੁਕ ਉਹ ਲਮਹੇਂ ਸੀ, ਜਦੋ ਲੋਕਾਂ ਨੇ ਆਪਣੀਆਂ ਟੀਮਾਂ ਦੀ ਹਾਰ ਤੋਂ ਬਾਅਦ ਅਰਜਨਟੀਨਾ ਦੇ ਮੈਸੀ ਤੇ ਪੁਰਤਗਾਲ ਦੇ ਕ੍ਰਿਸਟੀਨ ਰੋਨਾਲਡੋ ਨੂੰ ਰੋਂਦਿਆਂ ਵੇਖਿਆ ਤੇ ਮੈਸੀ ਤੇ ਸਪੇਨ ਦੇ ਖਿਡਾਰੀ ਯਮਾਲ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਦਿਆਂ ਵੇਖਿਆ। ਮੈਚ ਹਾਰਨ ਤੋਂ ਬਾਅਦ ਮੈਸੀ ਗਰਾਊਂਡ ’ਚ ਇੱਕਲਾ ਬੈਠਾ ਸੀ। ਹਾਰ ਦਾ ਦੁੱਖ ਉਸ ਦੇ ਚਿਹਰੇ ਉੱਤੇ ਸਾਫ਼ ਦਿਖਾਈ ਦਿੰਦਾ ਸੀ। ਆਪਣੀ ਟੀਮ ਨਾਲ ਖੜ੍ਹਾ ਯਮਾਲ ਮੈਸੀ ਨੂੰ ਵੇਖ ਕੇ ਕਈ ਕਦਮ ਚੱਲ ਕੇ ਉਸ ਵੱਲ ਆਇਆ। ਮੈਸੀ ਉਸ ਨੂੰ ਵੇਖ ਖੜ੍ਹਾ ਹੋ ਗਿਆ ਤੇ ਉਸ ਨੂੰ ਗਲ ਲੱਗ ਕੇ ਮਿਲਿਆ। ਉਸ ਸਮੇਂ ਮੈਸੀ ਨੂੰ ਉਹ ਪਲ ਜ਼ਰੂਰ ਯਾਦ ਆਏ ਹੋਣੇ, ਜਦੋਂ ਉਸ ਨੇ ਛੇ ਮਹੀਨਿਆਂ ਦੇ ਯਮਾਲ ਨੂੰ ਬਾਰਸੀਲੋਨਾ ਵਿਚ ਯੂਐੱਨ ਦੇ ਇਕ ਪ੍ਰੋਗਰਾਮ ਤਹਿਤ ਇਸ਼ਨਾਨ ਕਰਵਾਇਆ ਸੀ। ਹੁਣ ਫੁੱਟਬਾਲ ਦੀ ਦੁਨੀਆ ’ਚ ਯਮਾਲ ਮੈਸੀ ਦੇ ਹਾਣ ਦਾ ਹੋ ਗਿਆ ਹੈ। ਉਸ ਦੀਆਂ ਸਿਫ਼ਤਾਂ ਹੋ ਰਹੀਆਂ ਹਨ। ਉਸ ਨੂੰ ਫੁੱਟਬਾਲ ਦੇ ਉਪਾਸ਼ਕ ਮੈਸੀ ਦਾ ਵਾਰਿਸ ਮੰਨ ਰਹੇ ਹਨ। ਇਹ ਗੱਲ ਹੈ ਵੀ ਠੀਕ ਕਿ ਇਸ ਵੇਲੇ ਜਿਸ ਫੁੱਟਬਾਲ ਦੇ ਖਿਡਾਰੀ ਨੂੰ ਖੇਡਦਿਆਂ ਵੇਖ ਕੇ ਜੀਅ ਨਹੀਂ ਭਰਦਾ, ਉਹ ਹੈ ਯਮਾਲ। ਉਸ ਦਾ ਸੂਰਜ ਫੁੱਟਬਾਲ ਦੇ ਅਸਮਾਨ ਤੋਂ ਉਸ ਵੇਲੇ ਚੜ੍ਹਨਾ ਸ਼ੁਰੂ ਹੋਇਆ ਹੈ, ਜਦੋਂ ਮੈਸੀ ਤੇ ਰੋਨਾਲਡੋ ਦਾ ਸੂਰਜ ਅਸਤ ਹੋਣ ਵੱਲ ਵੱਧ ਰਿਹਾ ਹੈ।
ਐਮਬਾਪੇ ਨੇ ਲਗਾਤਾਰ ਦੂਸਰੀ ਵਾਰ ਜਿੱਤਿਆ ਗੋਲਡਨ ਬੂਟ
ਜੇ ਮੈਸੀ ਦੇ ਹੁਣ ਤੱਕ ਫੁੱਟਬਾਲ ਦੇ ਸਫ਼ਰ ’ਤੇ ਝਾਤ ਮਾਰੀਏ ਤਾਂ ਮੈਸੀ ਇਕ ਤਰ੍ਹਾਂ ਨਾਲ ਮਾਊਂਟ ਐਵਰੈਸਟ ਦੀ ਚੋਟੀ ’ਤੇ ਖੜ੍ਹਾ ਹੈ। ਉਹ 2006 ਤੋਂ ਸ਼ੁਰੂ ਕਰ ਕੇ ਹੁਣ ਤੱਕ ਹੋਏ ਵਰਲਡ ਕੱਪਾਂ ਵਿਚ 34 ਮੈਚ ਖੇਡ ਚੁੱਕਿਆ ਹੈ ਤੇ 21 ਗੋਲ ਕਰ ਚੁੱਕਿਆ ਹੈ। ਉਹ 27 ਮੈਚਾਂ ਵਿਚ ਆਪਣੀ ਟੀਮ ਦੇ ਕਪਤਾਨੀ ਕਰ ਚੁੱਕਿਆ ਹੈ ਤੇ ਉਸ ਦੀ ਟੀਮ ਨੇ 23 ਮੈਚ ਜਿੱਤੇ ਹਨ। ਫਰਾਂਸ ਦਾ ਐਮਬਾਪੇ 22 ਗੋਲ਼ ਕਰ ਕੇ ਉਸ ਤੋਂ ਅਗੇ ਲੰਘ ਚੁੱਕਿਆ ਹੈ। ਇਸ ਵਰਲਡ ਕੱਪ ’ਚ ਸਭ ਤੋਂ ਵੱਧ ਗੋਲ ਕਰ ਕੇ ਐਮਬਾਪੇ ਨੇ ਲਗਾਤਾਰ ਦੂਸਰੀ ਬਾਰ ਗੋਲਡਨ ਬੂਟ ਜਿੱਤਿਆ ਹੈ। ਪਿਛਲੇ ਵਰਲਡ ਕੱਪ ’ਚ ਵੀ ਉਸ ਨੇ ਗੋਲਡਨ ਬੂਟ ਜਿੱਤਿਆ ਸੀ।
ਰੈਫਰੀਆਂ ਦੁਆਰਾ ਦਿੱਤੀ ਖੁੱਲ੍ਹ ਪਈ ਭਾਰੀ
ਇਸ ਵਰਲਡ ਕੱਪ ’ਚ ਅਰਜਨਟੀਨਾ ਦੀ ਟੀਮ ਨੂੰ ਰੈਫਰੀਆਂ ਦੁਆਰਾ ਦਿੱਤੀ ਖੁੱਲ੍ਹ ਹੀ ਇਸ ਟੀਮ ’ਤੇ ਭਾਰੀ ਪੈ ਗਈ। ਇਸ ਨੇ ਇਕ-ਦੋ ਮੈਚ ਤਾਂ ਸਰੇਆਮ ਦੂਸਰਿਆਂ ਟੀਮਾਂ ਨਾਲ ਧੱਕਾ ਕਰ ਕੇ, ਕਹਿਣ ਤੋਂ ਬਾਅਦ ਵੱਡੇ-ਵੱਡੇ ਫਾਊਲ ਮਾਰ ਕੇ ਜਿੱਤੇ ਸੀ। ਫਾਈਨਲ ਮੈਚ ਦੌਰਾਨ ਵੀ ਇਸ ਟੀਮ ਨੇ ਉਹੀ ਰੁਖ਼ ਅਪਣਾਇਆ ਪਰ ਇਸ ਮੈਚ ਵਿਚ ਉਹ ਜਾਦੂ ਨਹੀਂ ਚੱਲਿਆ। ਸਪੇਨ ਦੀ ਟੀਮ ਇਸ ਬਾਰੇ ਮਸ਼ਹੂਰ ਹੈ ਕਿ ਜੇ ਉਹ ਚਾਹੇ ਤਾਂ ਉਹ ਬਾਲ ਆਪਣੇ ਕੰਟਰੋਲ ’ਚ ਪੂਰੇ ਮੈਚ ਦੌਰਾਨ ਰੱਖ ਸਕਦੀ ਹੈ। ਉਸ ਟੀਮ ਕੋਲ ਇਹ ਸਭ ਤੋਂ ਵੱਡਾ ਗੁਰ ਹੈ ਕਿ ਉਹ ਵਿਰੋਧੀ ਟੀਮ ਨੂੰ ਕਈ-ਕਈ ਮਿੰਟ ਬਾਲ ਦੇ ਪੈਰ ਹੀ ਨਹੀਂ ਲਾਉਣ ਦਿੰਦੀ। ਵਿਰੋਧੀ ਟੀਮ ਦੀ ਫਾਰਵਰਡ ਲਾਈਨ ਨੂੰ ਇਸ ਹੱਦ ਤੱਕ ਖਿਝਾ ਦਿੰਦੀ ਹੈ ਕਿ ਉਸ ਟੀਮ ਦੇ ਪਲੇਅਰ ਅੱਕ ਜਾਂਦੇ ਹਨ। ਸਪੇਨ ਨੇ ਅਰਜਨਟੀਨਾ ਦੀ ਟੀਮ ਨੂੰ ਆਪਣੇ ਗੋਲ ਤੇ ਨਿਸ਼ਾਨਾ ਸਾਧਨ ਦੇ ਦੋ-ਤਿੰਨ ਹੀ ਮੌਕੇ ਦਿੱਤੇ। ਦੂਸਰੀ ਗੱਲ ਸੀ ਕਿ ਅਰਜਨਟੀਨਾ ਦੀ ਟੀਮ ਦਾ ਸਾਰਾ ਦਾਰੋਮਦਾਰ ਮੈਸੀ ’ਤੇ ਸੀ।
ਅਰਜਨਟੀਨਾ ’ਤੇ ਭਾਰੂ ਰਹੀ ਸਪੇਨ ਦੀ ਟੀਮ
ਇਸ ਗੱਲ ’ਚ ਵੀ ਕੋਈ ਸ਼ੱਕ ਨਹੀਂ ਕਿ ਮੈਸੀ ਨੇ ਆਪਣੀ ਅਰਜਨਟੀਨਾ ਦੀ ਟੀਮ ਤੋਂ ਫਾਈਨਲ ਤੱਕ ਲਿਆਉਣ ’ਚ ਵੱਡੀ ਭੂਮਿਕਾ ਨਿਭਾਈ ਸੀ ਜਾਂ ਕਹਿ ਲਵੋ ਕਿ ਸਿਰਫ਼ ਉਸ ਕਰਕੇ ਹੀ ਟੀਮ ਫਾਈਨਲ ਵਿਚ ਪਹੁੰਚੀ ਸੀ। ਉਸ ਨੇ ਘੱਟੋ-ਘੱਟ ਦੋ ਮੈਚਾਂ ਵਿਚ ਤਾਂ ਅਰਜਨਟੀਨਾ ਦੀ ਪਿੱਛੇ ਚੱਲ ਰਹੀ ਟੀਮ ਨੂੰ ਖੇਡ ਦੇ ਆਖ਼ਰੀ ਪਲਾਂ ’ਚ ਆਪਣੇ ਯਤਨਾਂ ਸਦਕਾ ਜਿੱਤ ਦਿਵਾਈ ਸੀ ਪਰ ਮੈਸੀ ਪ੍ਰਤੀ ਸਪੇਨ ਨੇ ਫਾਈਨਲ ਮੈਚ ਵਿਚ ਅਜਿਹੀ ਰਣਨੀਤੀ ਅਪਣਾਈ ਕਿ ਉਸ ਨੂੰ ਜਾਮ ਕਰ ਕੇ ਰੱਖ ਦਿੱਤਾ। ਸਪੇਨ ਦੀ ਟੀਮ ਦੀ ਖ਼ਾਸੀਅਤ ਇਹ ਹੈ ਕਿ ਉਹ ਕਿਸੇ ਇਕ ਖਿਡਾਰੀ ਦੇ ਦਮ ’ਤੇ ਨਹੀਂ ਖੇਡਦੀ। ਉਹ ਪੂਰੀ ਟੀਮ ਵਾਂਗ ਖੇਡਦੀ ਹੈ ਤੇ ਉਸ ਦੇ ਸਾਰੇ ਹੀ ਖਿਡਾਰੀ ਮੈਚ ਦੌਰਾਨ ਆਪਣੀ ਭੂਮਿਕਾ ਨਿਭਾਉਂਦੇ ਹਨ। ਭਾਵੇਂ ਉਸ ਟੀਮ ਵਿਚ ਹੁਣ ਯਮਾਲ ਦੀ ‘ਹੀਰੋ ਵਰਸ਼ਿਪ’ ਵਾਲੀ ਸਥਿਤੀ ਬਣਦੀ ਜਾ ਰਹੀ ਹੈ ਪਰ ਉਹ ਟੀਮ ਵਿਚ ਇਸ ਤਰ੍ਹਾਂ ਦਾ ਰਿਵਾਜ ਨਹੀਂ ਹੈ। ਉਹ ਕਿਸੇ ਵੀ ਵਿਅਕਤੀਗਤ ਖਿਡਾਰੀ ਨੂੰ ਨਾਇਕ ਮੰਨ ਕੇ ਨਹੀਂ ਚੱਲਦੀ। ਪੂਰੇ ਸਮੇ ਵਿਚ ਦੋਵੇਂ ਟੀਮਾਂ ਬਰਾਬਰ ਰਹੀਆਂ ਹਾਲਾਂਕਿ ਸਪੇਨ ਪੂਰੀ ਤਰ੍ਹਾਂ ਅਰਜਨਟੀਨਾ ’ਤੇ ਭਾਰੂ ਰਹੀ। ਇਕ ਸਮੇਂ ਤਾਂ ਇਹ ਮੈਚ ਇਕ ਪਾਸੜ ਜਿਹਾ ਲੱਗਣ ਲਗ ਪਿਆ ਸੀ। ਮੈਚ ਦਾ ਐਕਸਟਰਾ ਟਾਈਮ ਚੱਲ ਰਿਹਾ ਸੀ, ਜਦੋਂ 106ਵੇਂ ਮਿੰਟ ਵਿਚ ਗੋਲ ਫੇਰਾਨ ਟੋਰੇਸ ਨੇ ਕੀਤਾ। ਉਹ ਇਕ ਪੇਸ਼ੇਵਰ ਖਿਡਾਰੀ ਹੈ ਤੇ ਐੱਫਸੀ ਬਾਰਸੀਲੋਨਾ ਵੱਲੋਂ ਖੇਡਦਾ ਹੈ। ਮੈਚ ਵਿਚ ਉਹ ਸਪੇਨ ਦੇ ਇਕ ਖਿਡਾਰੀ ਦੇ ਬਦਲ ਵਜੋਂ ਆਇਆ ਸੀ। ਉਹ ਗੋਲ ਕਰ ਗਿਆ ਤੇ ਸਟਾਰ ਬਣ ਗਿਆ। ਯਮਾਲ ਨੇ ਸੱਜੇ ਪਾਸੇ ਤੋਂ ਪੋਰੀਸ ਨੂੰ ਇਕ ਕਰਾਸ ਪਾਸ ਦਿੱਤਾ। ਇਸ ਤੋਂ ਪਹਿਲਾਂ ਕੇ ਅਰਜਨਟੀਨਾ ਦਾ ਖਿਡਾਰੀ ਪੋਰੀਸ ਦੇ ਨਜ਼ਦੀਕ ਆਵੇ, ਉਸ ਨੇ ਪਹਿਲ ਕਰਦਿਆਂ ਉੱਚੀ ਕਿੱਕ ਸਿੱਧੀ ਗੋਲ ਦੇ ਕੋਲ ਖੜ੍ਹੇ ਨੀਕੋ ਵਿਲੀਅਮ ਵੱਲ ਨੂੰ ਮਾਰੀ। ਨੀਕੋ ਬਿਲਕੁਲ ਗੋਲਕੀਪਰ ਦੇ ਕੋਲ ਖੜ੍ਹਾ ਸੀ। ਨੀਕੋ ਨੇ ਆਪਣੇ ਸਿਰ ਨਾਲ ਬਾਲ ਨੂੰ ਟੋਰੇਸ ਵੱਲ ਮੋੜ ਦਿੱਤਾ। ਉਸ ਦੇ ਨੇੜੇ ਉਸ ਸਮੇ ਕੋਈ ਅਰਜਨਟੀਨਾ ਦਾ ਖਿਡਾਰੀ ਨਹੀਂ ਸੀ। ਇਸ ਤੋਂ ਪਹਿਲਾਂ ਕਿ ਅਰਜਨਟੀਨਾ ਦੇ ਖਿਡਾਰੀ ਵੇਲਾ ਸੰਭਾਲਦੇ, ਟੋਰੇਸ ਨੇ ਫੁਰਤੀ ਦਿਖਾਉਂਦਿਆਂ ਬਾਲ ਗੋਲ ਦੇ ਅੰਦਰ ਇਸ ਦੇ ਛੱਤ ’ਚ ਮਾਰੀ। ਉਸ ਨੇ ਕਿੱਕ ਇਨੀ ਜ਼ੋਰ ਨਾਲ ਮਾਰੀ ਸੀ ਕਿ ਕਿਸੇ ਖਿਡਾਰੀ ਨੂੰ ਵੀ ਰੋਕਣ ਦਾ ਥੋੜ੍ਹਾ ਜਿਹਾ ਮੌਕਾ ਨਹੀਂ ਮਿਲਿਆ। ਅਖ਼ੀਰ ਅਰਜਨਟੀਨਾ ਦਾ ਗੋਲਕੀਪਰ ਬਾਜ਼ੀ ਹਾਰ ਗਿਆ ਸੀ। ਉਸ ਨੇ ਇਸ ਮੈਚ ਵਿਚ ਅਰਜਨਟੀਨਾ ਦੀ 106ਵੇਂ ਮਿੰਟ ਤੱਕ ਬੜੀ ਲਾਜ ਰੱਖੀ, ਨਹੀਂ ਤਾਂ ਸ਼ਇਦ ਉਸ ਦੀ ਟੀਮ 2/3 ਗੋਲਾਂ ਨਾਲ ਮੈਚ ਦੇ ਨਿਰਧਾਰਤ ਸਮੇਂ ਵਿਚ ਹੀ ਹਾਰ ਜਾਂਦੀ। ਇਹ ਉਹੀ ਟੋਰੇਸ ਹੈ, ਜੋ ਕਿਸੇ ਸਮੇ ਕਲਕੱਤੇ ਵਿਚ ਜੂਨੀਅਰ ਵਰਡਲ ਕੱਪ ਦੇ ਮੈਚ ਵਿਚ ਖੇਡਿਆ ਸੀ। ਉਸ ਮੈਚ ’ਚ ਉਸ ਦੀ ਟੀਮ ਇੰਗਲੈਂਡ ਨੂੰ 5-2 ਗੋਲਾਂ ਦੇ ਫ਼ਰਕ ਨਾਲ ਹਾਰ ਗਈ ਸੀ।
ਸ਼ੱਕ ਦੇ ਘੇਰੇ ’ਚ ਰਹੀ ਰੈਫਰੀਆਂ ਦੀ ਨਿਰਪੱਖਤਾ
ਇਸ ਵਰਲਡ ਕੱਪ ਦੇ ਬਹੁਤ ਸਾਰੇ ਅਜਿਹੇ ਪਹਿਲੂ ਰਹੇ, ਜਿਸ ਕਾਰਨ ਫੁੱਟਬਾਲ ਦੀ ਆਮ ਲੋਕਾਂ ਦੀ ਖੇਡ ਨੂੰ ਨੁਕਸਾਨ ਪਹੁੰਚਿਆ ਹੈ। ਇਸ ਟੂਰਨਾਮੈਂਟ ’ਚ ਤਕਨਾਲੋਜੀ ਦੀ ਭਰਪੂਰ ਵਰਤੋਂ ਹੋਈ ਪਰ ਲੋਕਾਂ ਨੂੰ ਲੱਗਿਆ ਕਿ ਇਸ ਦੀ ਦੁਰਵਰਤੋਂ ਜ਼ਿਆਦਾ ਹੋਈ ਹੈ ਤੇ ਇਸ ਨੇ ਘੱਟੋ-ਘੱਟ ਇਜ਼ਿਪਟ (Egypt ) ਦੀ ਟੀਮ ਨੂੰ ਹਰਾਉਣ ਵਿਚ ਭੂਮਿਕਾ ਨਿਭਾਈ। ਰੈਫਰੀਆਂ ਦੀ ਨਿਰਪੱਖਤਾ ਸ਼ੱਕ ਦੇ ਘੇਰੇ ਵਿਚ ਰਹੀ। ਕਈ ਦੇਸ਼ਾਂ ਦੇ ਲੋਕਾਂ ਨੂੰ ਵੀਜ਼ੇ ਨਹੀਂ ਦਿੱਤੇ ਗਏ। ਇਰਾਨ ਦੀ ਟੀਮ ਨੂੰ ਅਮਰੀਕਾ ਵਿਚ ਰਾਤ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਉਸ ਨੂੰ ਗੁਆਂਢੀ ਦੇਸ਼ ਮੈਕਸੀਕੋ ਆਪਣਾ ਠਿਕਾਣਾ ਬਣਾਉਣਾ ਪਿਆ। ਅਮਰੀਕਾ ਦੇ ਰਾਸ਼ਟਰਪਤੀ ਨੇ ਸਰੇਆਮ ਫੀਫਾ ਦੀ ਬਾਂਹ ਮਰੋੜ ਕੇ ਬਾਲੋਗੰਨ ਦਾ ਲਾਲ ਕਾਰਡ ਅਗਲੇ ਮੈਚ ਵਾਸਤੇ ਮਨਸੂਖ਼ ਕਰਵਾਇਆ। ਫੀਫਾ ਦੇ ਸਾਬਕਾ ਪ੍ਰਧਾਨ ਸੈੱਪ ਬਲੈੱਟਰ ਨੇ ਇਸ ਵਰਲਡ ਕੱਪ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਫੁੱਟਬਾਲ ਕੱਪ ਰਾਜਨੀਤੀ ਦੀ ਲਪੇਟ ਵਿਚ ਆ ਗਿਆ ਹੈ। ਇਸ ਨਾਲ ਫੁੱਟਬਾਲ ਦੀ ਖੇਡ ਤੇ ਇਸ ਨਾਲ ਜੁੜੀ ਵਿਸ਼ਵਾਸਯੋਗਤਾ ਨੂੰ ਵੱਡਾ ਨੁਕਸਾਨ ਪਹੰਚਿਆ ਹੈ। ਉਸ ਨੇ ਫੁੱਟਬਾਲ ਨਾਲ ਸਬੰਧਿਤ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਰਾਜਨੀਤੀ ਦੀ ਚੁੰਗਲ ਵਿੱਚੋਂ ਕੱਢੋ। ਹੁਣ ਇਹ ਚਾਰ ਸਾਲਾਂ ਬਾਅਦ 2030 ਵਿਚ ਸਪੇਨ, ਪੁਰਤਗਾਲ ਤੇ ਮੋਰਾਕੋ ’ਚ ਹੋਵੇਗਾ। ਸਪੇਨ ਉਸ ਸਾਲ ਆਪਣਾ ਵਰਲਡ ਕੱਪ ਟਾਈਟਲ ਡਿਫੈਂਡ ਕਰੇਗਾ। ਸਾਲ 2030 ਵਿਚ ਵਰਲਡ ਕੱਪ ਦੀ ਉਮਰ 100 ਸਾਲ ਹੋ ਜਾਵੇਗੀ ਤੇ ਉਹ ਇਸ ਕੱਪ ਲਈ ਰੰਗਲੇ ਜਸ਼ਨਾਂ ਦਾ ਸਾਲ ਹੋਵੇਗਾ।
ਪੰਜਾਬ ਨੂੰ ਜ਼ਰੂਰ ਦੇਣਾ ਚਾਹੀਦਾ ਇਸ ਪਾਸੇ ਧਿਆਨ
ਆਪਣੇ ਦੇਸ਼ ਦੀ ਗੱਲ ਵੀ ਕਰ ਲੈਣੀ ਚਾਹੀਦੀ ਹੈ। ਪੰਜਾਬ, ਬੰਗਾਲ ਤੇ ਕੇਰਲਾ ਤੋਂ ਇਲਾਵਾ ਨੌਰਥ ਈਸਟ ਰਾਜਾਂ ਦੇ ਲੋਕ ਫੁੱਟਬਾਲ ਨੂੰ ਬਹੁਤ ਪਿਆਰ ਕਰਦੇ ਹਨ। ਇਨ੍ਹਾਂ ਰਾਜਾਂ ’ਚ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਇੱਥੇ ਅਕੈਡਮੀਆਂ ਖੋਲ੍ਹਣ ਦੀ ਜ਼ਰੂਰਤ ਹੈ। ਸਪੇਨ ਵਿਚ ਫੁੱਟਬਾਲ ਦੇ ਵੱਡੇ ਰੀਅਲ ਮੈਡ੍ਰਿਡ ਤੇ ਐੱਫਸੀ ਬਾਰਸੀਲੋਨਾ ਵਰਗੇ ਕਲੱਬ ਹਨ ਤੇ ਕਲੱਬਾਂ ਕਰਕੇ ਹੀ ਉਥੇ ਫੁੱਟਬਾਲ ਚੱਲਦੀ ਹੈ। ਪੰਜਾਬ ’ਚ ਪੰਜ ਦਹਾਕੇ ਪਹਿਲਾਂ ਜੇਸੀਟੀ ਬਹੁਤ ਮਸ਼ਹੂਰ ਫੁੱਟਬਾਲ ਕਲੱਬ ਰਿਹਾ ਹੈ। ਇਸ ਤਰ੍ਹਾਂ ਲੀਡਰਜ਼ ਕਲੱਬ ਰਿਹਾ ਹੈ। ਬੰਗਾਲ ਵਿਚ ਮੋਹਨ ਬੇਗਾਨ ਵਰਗੇ ਕਲੱਬ ਹਨ। ਪੰਜਾਬ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
- ਸਰਬਜੀਤ ਧਾਲੀਵਾਲ