Sher-e-Punjab T20 League ਦਾ ਤੀਜਾ ਸੀਜ਼ਨ ਜਿੱਤ ਕੇ ਗੁਰੂ ਨਗਰੀ ਪੁੱਜੇ ‘ਅੰਮ੍ਰਿਤਸਰ ਸੂਰਮਾਜ਼’
ਸ਼ੇਰ–ਏ–ਪੰਜਾਬ T-20 ਲੀਗ ਦਾ ਇਹ ਸੀਜ਼ਨ 30 ਅਗਸਤ ਤੋਂ 13 ਸਤੰਬਰ ਤੱਕ ਕਰਵਾਇਆ ਗਿਆ। ਤੀਜੇ ਸੀਜ਼ਨ ਵਿੱਚ ਕੁੱਲ 27 ਮੈਚ ਖੇਡੇ ਗਏ, ਜਿਨ੍ਹਾਂ ਵਿੱਚ ਲੀਗ ਪੜਾਅ ਤੋਂ ਬਾਅਦ ਦੋ ਸੈਮੀਫ਼ਾਈਨਲ ਅਤੇ ਫ਼ਾਈਨਲ ਮੁਕਾਬਲਾ ਸ਼ਾਮਲ ਸੀ। ਲੀਗ ਵਿੱਚ ਪੰਜਾਬ ਦੇ ਛੇ ਸ਼ਹਿਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਛੇ ਟੀਮਾਂ—ਅੰਮ੍ਰਿਤਸਰ ਸੂਰਮਾਜ਼, ਬਠਿੰਡਾ ਰਾਇਲਜ਼, ਫ਼ਾਜ਼ਿਲਕਾ ਫਾਲਕਨਜ਼, ਜਲੰਧਰ ਵਾਰੀਅਰਜ਼, ਲੁਧਿਆਣਾ ਲਾਇਨਜ਼ ਅਤੇ ਮੋਹਾਲੀ ਕਿੰਗਜ਼—ਨੇ ਹਿੱਸਾ ਲਿਆ।
Publish Date: Sun, 20 Sep 2026 03:55 PM (IST)
Updated Date: Sun, 20 Sep 2026 03:58 PM (IST)
ਸਟਾਫ ਰਿਪੋਰਟਰ, ਅੰਮ੍ਰਿਤਸਰ : ਸ਼ੇਰ–ਏ–ਪੰਜਾਬ T-20 ਲੀਗ ਦੇ ਤੀਜੇ ਸੀਜ਼ਨ ਦਾ ਖ਼ਿਤਾਬ ਆਪਣੇ ਨਾਮ ਕਰਨ ਤੋਂ ਬਾਅਦ ‘ਅੰਮ੍ਰਿਤਸਰ ਸੂਰਮਾਜ਼’ ਦੀ ਸਮੁੱਚੀ ਟੀਮ ਵੱਲੋਂ ਗਾਂਧੀ ਗਰਾਊਂਡ, ਅੰਮ੍ਰਿਤਸਰ ਵਿਖੇ ਪਹਿਲੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਟੀਮ ਦੇ ਮਾਲਕ ਡਾ. ਸ਼ਾਹਬਾਜ਼ ਸਿੰਘ, ਸ੍ਰੀ ਅੰਕੁਰ ਅਗਰਵਾਲ ਅਤੇ ਅਜੇ ਕਵਾਤਰਾ ਨੇ ਸਮੁੱਚੀ ਟੀਮ, ਕੋਚਿੰਗ ਸਟਾਫ਼, ਸਹਾਇਕ ਸਟਾਫ਼ ਅਤੇ ਸਹਿਯੋਗੀਆਂ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ।
ਪ੍ਰੈੱਸ ਕਾਨਫ਼ਰੰਸ ਦੌਰਾਨ ਟੀਮ ਦੀ ਜਿੱਤ, ਟੂਰਨਾਮੈਂਟ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਅਤੇ ਚੈਂਪੀਅਨਸ਼ਿਪ ਤੱਕ ਦੇ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਅੰਮ੍ਰਿਤਸਰ ਦੱਖਣੀ ਡਾ. ਇੰਦਰਬੀਰ ਸਿੰਘ ਨਿੱਝਰ, ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ, ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਨੁਮਾਇੰਦੇ ਸੌਰਵ ਅਤੇ ਸਾਗਰ, ਐਸ.ਡੀ.ਐਮ. ਅੰਮ੍ਰਿਤਸਰ–II ਗੁਰਮੰਦਰ ਸਿੰਘ, ਟੀਮ ਦੇ ਕੋਚ ਸੰਦੀਪ ਸਾਂਵਲ ਅਤੇ ਮਨੀਸ਼ ਸ਼ਰਮਾ, ਟੀਮ ਮੈਨੇਜਰ ਲਵਲੀ ਅਰੋੜਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਮੌਜੂਦ ਸਨ।
ਸ਼ੇਰ–ਏ–ਪੰਜਾਬ T-20 ਲੀਗ ਦਾ ਇਹ ਸੀਜ਼ਨ 30 ਅਗਸਤ ਤੋਂ 13 ਸਤੰਬਰ ਤੱਕ ਕਰਵਾਇਆ ਗਿਆ। ਤੀਜੇ ਸੀਜ਼ਨ ਵਿੱਚ ਕੁੱਲ 27 ਮੈਚ ਖੇਡੇ ਗਏ, ਜਿਨ੍ਹਾਂ ਵਿੱਚ ਲੀਗ ਪੜਾਅ ਤੋਂ ਬਾਅਦ ਦੋ ਸੈਮੀਫ਼ਾਈਨਲ ਅਤੇ ਫ਼ਾਈਨਲ ਮੁਕਾਬਲਾ ਸ਼ਾਮਲ ਸੀ। ਲੀਗ ਵਿੱਚ ਪੰਜਾਬ ਦੇ ਛੇ ਸ਼ਹਿਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਛੇ ਟੀਮਾਂ—ਅੰਮ੍ਰਿਤਸਰ ਸੂਰਮਾਜ਼, ਬਠਿੰਡਾ ਰਾਇਲਜ਼, ਫ਼ਾਜ਼ਿਲਕਾ ਫਾਲਕਨਜ਼, ਜਲੰਧਰ ਵਾਰੀਅਰਜ਼, ਲੁਧਿਆਣਾ ਲਾਇਨਜ਼ ਅਤੇ ਮੋਹਾਲੀ ਕਿੰਗਜ਼—ਨੇ ਹਿੱਸਾ ਲਿਆ।
ਫ਼ਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇਨਜ਼ ਨੂੰ 8 ਵਿਕਟਾਂ ਨਾਲ ਹਰਾਇਆ। ਲੁਧਿਆਣਾ ਲਾਇਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 142 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਅੰਮ੍ਰਿਤਸਰ ਸੂਰਮਾਜ਼ ਨੇ 16.4 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ’ਤੇ 144 ਦੌੜਾਂ ਬਣਾਕੇ ਖ਼ਿਤਾਬ ਆਪਣੇ ਨਾਮ ਕਰ ਲਿਆ।
ਫ਼ਾਈਨਲ ਵਿੱਚ ਮਯੰਕ ਮਾਰਕੰਡੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 17 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਅਤੇ ਉਨ੍ਹਾਂ ਨੂੰ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ। ਬੱਲੇਬਾਜ਼ੀ ਵਿੱਚ ਸਹਿਜ ਧਵਨ ਨੇ ਨਾਬਾਦ 63 ਦੌੜਾਂ, ਰਾਹੁਲ ਕੁਮਾਰ ਨੇ ਨਾਬਾਦ 42 ਦੌੜਾਂ ਅਤੇ ਕਪਤਾਨ ਨਮਨ ਧੀਰ ਨੇ ਤੇਜ਼ 29 ਦੌੜਾਂ ਦੀ ਪਾਰੀ ਖੇਡੀ।
ਨਮਨ ਧੀਰ ਬਣੇ ‘ਪਲੇਅਰ ਆਫ਼ ਦਿ ਸੀਰੀਜ਼’
ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਮਨ ਧੀਰ ਨੂੰ ‘ਪਲੇਅਰ ਆਫ਼ ਦਿ ਸੀਰੀਜ਼’ ਚੁਣਿਆ ਗਿਆ। ਉਨ੍ਹਾਂ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਟੀਮ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਇਆ। ਖ਼ਾਸ ਤੌਰ ’ਤੇ ਸੈਮੀਫ਼ਾਈਨਲ ਵਿੱਚ ਉਨ੍ਹਾਂ ਦੀ ਧਮਾਕੇਦਾਰ ਪਾਰੀ ਨੇ ਅੰਮ੍ਰਿਤਸਰ ਸੂਰਮਾਜ਼ ਨੂੰ ਫ਼ਾਈਨਲ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਟੀਮ ਪ੍ਰਬੰਧਨ ਨੇ ਨਮਨ ਧੀਰ ਨੂੰ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਪ੍ਰਦਰਸ਼ਨ ਪੰਜਾਬ ਦੇ ਉੱਭਰਦੇ ਕ੍ਰਿਕਟਰਾਂ ਲਈ ਪ੍ਰੇਰਨਾ ਦਾ ਸਰੋਤ ਹੈ।
ਨੌਜਵਾਨ ਕ੍ਰਿਕਟਰਾਂ ਲਈ ਨਵਾਂ ਮੰਚ
ਇਸ ਮੌਕੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਮੌਕੇ ਦੇਣ ਲਈ ਖੇਡਾਂ ਪ੍ਰਤੀ ਅਨੁਕੂਲ ਮਾਹੌਲ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ੇਰ–ਏ–ਪੰਜਾਬ T-20 ਲੀਗ ਨੇ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਤੋਂ ਉੱਭਰ ਰਹੇ ਕ੍ਰਿਕਟਰਾਂ ਨੂੰ ਇੱਕ ਵੱਡਾ ਮੰਚ ਮੁਹੱਈਆ ਕਰਵਾਇਆ ਹੈ।
ਉਨ੍ਹਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਸ ਲੀਗ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੁਕਾਬਲਿਆਂ ਰਾਹੀਂ ਨੌਜਵਾਨ ਖਿਡਾਰੀਆਂ ਨੂੰ ਤਜਰਬੇਕਾਰ ਅਤੇ ਸਥਾਪਤ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਦਾ ਹੈ।