- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੀ ਵਾਰ ਮੈਂ ਜਗਤਾਰ ਨੂੰ ਸਰਕਾਰੀ ਕਾਲਜ ਹੁਸ਼ਿਆਰਪੂਰ ਮਿਲਿਆ ਸੀ ਤੇ ਦੂਸਰੀ ਵਾਰ ਉਹਨਾਂ ਦੇ ਘਰੇ ਜਲੰਧਰ ਵਿਚ। ਹੁਸ਼ਿਆਰਪੁਰ ਉਹਨਾਂ ਨਾਲ ਮੇਰੀ ਮੁਲਾਕਾਤ ਮੇਰੇ ਦੋਸਤ ਕੌਮੀ ਖਿਡਾਰੀ ਦਰਸ਼ਨ ਸਿੰਘ ਮਾਨਸ਼ਾਹੀਆ ਕੋਚ ਨੇ ਕਰਵਾਈ ਸੀ। ਉਸ ਦਾ ਕੋਚਿੰਗ ਸੈਂਟਰ ਉਸੇ ਕਾਲਜ ਵਿਚ ਸੀ।

ਪਿਛਲੇ ਕੁਝ ਦਿਨਾਂ ਤੋਂ ਮੇਰੀ ਸੁਰਿਤ ਜਗਤਾਰ ਦੀ ਰੂਹ ਦੀ ਪਰਿਕਰਮਾ ਕਰ ਰਹੀ ਹੈ। ਇਸ ਦੀ ਖ਼ਾਸ ਵਜ੍ਹਾ ਹੈ। ਵਜ੍ਹਾ ਦੀ ਗੱਲ ਅੱਗੇ ਜਾ ਕੇ ਕਰਦੇ ਹਾਂ। ਜਗਤਾਰ ਦਾ ਜ਼ਿਕਰ ਆਇਆ। ਪਹਿਲਾਂ ਉਸ ਦੀ ਗੱਲ ਕਰ ਲਈਏ। ਇਹ ਸੁਭਾਵਕ ਹੀ ਹੈ ਕਿ ਤੁਸੀਂ ਪੁਛੋਂਗੇ ਕਿਹੜੇ ਜਗਤਾਰ ਦੀ ਗੱਲ। ਜਗਤਾਰ ਤਾਂ ਸਾਡੇ ਆਲੇ-ਦੁਆਲੇ ਹਜ਼ਾਰਾਂ ਹੀ ਨੇ। ਮਾਫ਼ ਕਰਨਾ ਮੈਂ ਦੁਨਿਆਵੀ ਭੀੜ ’ਚ ਘੁੰਮਦੇ ਫਿਰਦੇ ਜਗਤਾਰਾਂ ਦੀ ਗੱਲ ਨਹੀਂ ਕਰਦਾ। ਜਿਸ ਦਾ ਜ਼ਿਕਰ ਮੈਂ ਕਰ ਰਿਹਾ ਹਾਂ ਉਹ ਪੰਜਾਬੀ ਸਹਿਤ ਦੇ ਅੰਬਰ ਦਾ ਤਾਰਾ ਹੈ। ਪੰਜਾਬੀ ਕਾਵਿ ਸਾਹਿਤ ਦੀ ਅਮਰ ਰੂਹ। ‘ਹਰ ਮੋੜ ’ਤੇ ਸਲੀਬਾਂ’ ਵਾਲੀ ਜੁਝਾਰੂ ਕਵਿਤਾ ਲਿਖਣ ਵਾਲਾ ਜਗਤਾਰ। ਕਦੇ ਵੀ ਜਦੋਂ ਅਣਖੀ ਲੋਕ ਆਪਣੇ ਹੱਕਾਂ ਲਈ ਸੰਘਰਸ਼ ਕਰਨਗੇ ਤੇ ਲੜਨਗੇ, ਜਗਤਾਰ ਦੀ ਕਵਿਤਾ ‘ਹਰ ਮੋੜ ’ਤੇ ਸਲੀਬਾਂ’ ਉਹਨਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗੀ।
ਪਹਿਲੀ ਵਾਰ ਮੈਂ ਜਗਤਾਰ ਨੂੰ ਸਰਕਾਰੀ ਕਾਲਜ ਹੁਸ਼ਿਆਰਪੂਰ ਮਿਲਿਆ ਸੀ ਤੇ ਦੂਸਰੀ ਵਾਰ ਉਹਨਾਂ ਦੇ ਘਰੇ ਜਲੰਧਰ ਵਿਚ। ਹੁਸ਼ਿਆਰਪੁਰ ਉਹਨਾਂ ਨਾਲ ਮੇਰੀ ਮੁਲਾਕਾਤ ਮੇਰੇ ਦੋਸਤ ਕੌਮੀ ਖਿਡਾਰੀ ਦਰਸ਼ਨ ਸਿੰਘ ਮਾਨਸ਼ਾਹੀਆ ਕੋਚ ਨੇ ਕਰਵਾਈ ਸੀ। ਉਸ ਦਾ ਕੋਚਿੰਗ ਸੈਂਟਰ ਉਸੇ ਕਾਲਜ ਵਿਚ ਸੀ। ਹਲਕੇ ਜਿਹੇ ਸਾਂਵਲੇ ਰੰਗ ਤੇ ਗੂੜੇ ਨਾਭੀ ਰੰਗ ਦੀ ਮਾਵੇ ਵਾਲੀ ਪੱਗ ਬੰਨ੍ਹ ਕੇ ਰੱਖਣ ਵਾਲਾ ਜਗਤਾਰ ਧੀਮੀ ਸੁਰ ਵਿਚ ਬੋਲਦਾ ਸੀ ਪਰ ਉਸ ਦੀ ਸਧਾਰਣ ਗੱਲ ਵੀ ਕਵਿਤਾ ਵਰਗੀ ਹੁੰਦੀ ਸੀ। ਆਉ ਜਗਤਾਰ ਦੀ ਇਸ ਕਵਿਤਾ, ਜਿਸ ਦਾ ਪਾਠ ਸੰਘਰਸ਼ਾਂ ਸਮੇਂ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ ਤੇ ਕਈ ਸਦੀਆਂ ਚੱਲਦਾ ਰਹੇਗਾ, ਦੇ ਕੁਝ ਬੋਲ ਸਾਂਝੇ ਕਰ ਲਈਏ :
ਹਰ ਮੋੜ ’ਤੇ ਸਲੀਬਾਂ,
ਹਰ ਪੈਰ ’ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ,
ਸਾਡਾ ਵੀ ਦੇਖ ਜੇਰਾ।
ਜਗਤਾਰ ਦੀ ਮਿੱਠੀ ਯਾਦ ਆਉਣ ਤੇ ਉਸ ਦੀ ਇਹ ਅਮਰ ਕਵਿਤਾ ਦਾ ਜ਼ਿਕਰ ਕਰਨ ਦੀ ਵਜ੍ਹਾ ਹੈ ਵਿਨੇਸ਼ ਫੋਗਾਟ। ਔਰਤ ਜਾਤੀ ਲਈ ਵੱਡਾ ਮਾਣ, ਸਨਮਾਨ, ਹੌਂਸਲਾਂ ਤੇ ਦਲੇਰੀ ਬਣੀ ਹੋਈ ਵਿਨੇਸ਼ ਫੋਗਾਟ। ਅੰਤਰ ਰਾਸ਼ਟਰੀ ਕੁਸ਼ਤੀ ਮੁਕਬਾਲਿਆ ਦੀ ਸੁਪਰਸਟਾਰ ਵਿਨੇਸ਼। ਖੇਡ ਪ੍ਰਬੰਧਨ ਵਿਚ ਕੁਝ ਕਾਮੀ ਕਤੀਹੜਾ ਨੂੰ ਕੁਸ਼ਤੀ ਅਖਾੜੇ ਵਿਚ ਖੜ੍ਹ ਕੇ ਵੰਗਾਰਨ ਵਾਲੀ ਵਿਨੇਸ਼ ਫੋਗਾਟ।
ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ, ਵਿਨੇਸ਼ ਨੇ ਮੁੜ ਦਹਾੜ ਮਾਰੀ ਹੈ ਤੇ ਭਾਰਤੀ ਕੁਸ਼ਤੀ ਸੰਘ ਦੀਆਂ ਕੰਧਾਂ ਹਿਲਾ ਦਿੱਤੀਆਂ ਨੇ। ਭਾਵੇਂ ਵਿਨੇਸ਼ ਆਉਣ ਵਾਲੀਆਂ ਏਸ਼ੀਆਈ ਖੇਡਾਂ-2026 ਵਾਸਤੇ ਕੁਆਲੀਫਾਈ ਨਹੀਂ ਕਰ ਸਕੀ ਪਰ ਪਿਛਲੇ ਸ਼ਨਿਚਰਵਾਰ ਉਸ ਨੇ ਜੋ ਲਲਕਾਰਾ ਕੁਸ਼ਤੀ ਅਖਾੜੇ ਵਿਚ ਖੜ੍ਹ ਕੇ ਭਾਰਤੀ ਕੁਸ਼ਤੀ ਸੰਘ ਦੇ ਚੌਧਰੀਆਂ ਵੱਲ ਮੂੰਹ ’ਤੇ ਉਂਗਲ ਕਰ ਕੇ ਮਾਰਿਆ ਹੈ ਉਸ ਨੇ ਚੌਧਰੀਆਂ ਤੇ ਉਹਨਾਂ ਦੇ ਗੜਬਈਆਂ ਦੀ ਨੀਂਦ ਜ਼ਰੂਰ ਹਰਾਮ ਕਰ ਦਿੱਤੀ ਹੋਣੀ ਹੈ। ਏਸ਼ੀਆਈ ਖੇਡਾਂ ਵਾਸਤੇ ਟਰਾਇਲ ਵਿਚ ਵਿਨੇਸ਼ ਦੀ ਸੈਮੀ-ਫਾਈਨਲ ਵਿਚ ਮੀਨਾਕਸ਼ੀ ਹੱਥੋਂ ਹੋਈ ਵਿਵਾਦਿਤ ਹਾਰ ਤੋਂ ਬਾਅਦ, ਅਖਾੜੇ ਵਿਚ ਖੜ੍ਹੇ ਹੋ ਕੇ ਉਸ ਨੇ ਕੁਸ਼ਤੀ ਸੰਘ ਨਾਲ ਜੁੜੇ ਕੁਝ ਚੌਧਰੀਆਂ ਨੂੰ ਵੰਗਾਰਦੇ ਹੋਏ ਕਿਹਾ, ‘ਮੈਂ ਅਖਾੜੇ ਵਿਚ ਫਿਰ ਵਾਪਸ ਆਵਾਂਗੀ।’
ਕਈ ਦਿਨ ਲਗਾਤਾਰ ਅਦਾਲਤਾਂ ’ਚ ਸ਼ਕਤੀਸ਼ਾਲੀ ਭਾਰਤੀ ਕੁਸ਼ਤੀ ਸੰਘ ਦੇ ਚੌਧਰੀਆਂ ਖ਼ਿਲਾਫ਼ ਘੋਲ ਲੜਦੀ ਹੋਈ ਵਿਨੇਸ਼ ਆਪਣੀ ਹਿਕ ਦੇ ਜ਼ੋਰ ਨਾਲ ਏਸ਼ੀਆਈ ਖੇਡਾਂ ਵਾਸਤੇ ਟਰਾਇਲਾਂ ਵਿਚ ਸ਼ਾਮਿਲ ਹੋਈ ਸੀ। ਉਸ ਨੂੰ ਟਰਾਇਲ ਦੇਣ ਤੋਂ ਰੋਕਣ ਲਈ ਕੁਸ਼ਤੀ ਸੰਘ ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਨੇ ਵਿਨੇਸ਼ ਦੇ ਹੱਕ ਵਿਚ ਫੈ਼ਸਲਾ ਦਿੱਤਾ ਪਰ ਗੱਲ ਇੱਥੇ ਖ਼ਤਮ ਨਹੀਂ ਹੋਈ। ਸ਼ਨੀਵਾਰ (30 ਮਈ) ਨੂੰ ਸਵੇਰੇ ਵਿਨੇਸ਼ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਟ੍ਰਾਇਲ ਦੇਣ ਪਹੁੰਚੀ ਤਾਂ ਉਸ ਨੂੰ ਹੁਕਮ ਸੁਣਾ ਦਿੱਤਾ ਗਿਆ ਕੇ ਉਸ ਤਾਂ 50 ਕਿਲੋ ਭਾਰ ਵਾਲੇ ਕੁਸ਼ਤੀ ਮੁਕਾਬਲੇ ਵਿਚ ਹੀ ਟਰਾਇਲ ਦੇ ਸਕਦੀ ਹੈ ਕਿਉਂਕਿ ਉਸ ਨੇ 2024 ਵਿਚ ਪੈਰਿਸ ਓਲਿੰਪਿਕ ਖੇਡਾਂ ਵਿਚ ਇਸੇ 50 ਕਿਲੋਂ ਭਾਰ ਵਾਲੇ ਮੁਕਾਬਲੇ ਵਿਚ ਹਿੱਸਾ ਲਿਆ ਸੀ। ਵਿਨੇਸ਼ ਅੜ ਗਈ। ਉਸ ਨੇ ਕੁਸ਼ਤੀ ਮੁਕਾਬਲੇ ਦੇ ਰੈਫ਼ਰੀ ਤੇ ਜੱਜਾਂ ਨੂੰ ਕਿਹਾ ਕੇ ਅਦਾਲਤ ਨੇ ਉਹਨਾਂ ਨੂੰ ਮੇਰਾ ਟ੍ਰਾਇਲ ਲੈਣ ਦਾ ਹੁਕਮ ਦਿੱਤਾ ਹੈ। ਇਹ ਫੈ਼ਸਲਾ ਮੈਂ ਕਰਨਾ ਹੈ ਕੇ ਮੈਂ ਕਿਹੜੇ ਭਾਰ ਵਰਗ ਵਿਚ ਹਿੱਸਾ ਲੈਣਾ ਤੇ ਟਰਾਇਲ ਦੇਣੇ ਨੇ। ਵਿਨੇਸ਼ 53 ਕਿੱਲੋ ਵਰਗ ਵਿਚ ਟ੍ਰਾਇਲ ਦੇਣ ਲਈ ਤਿਆਰ ਹੋ ਕੇ ਆਈ ਸੀ ਕਿਉਂਕਿ ਉਸ ਦਾ ਭਾਰ ਟ੍ਰਾਇਲ ਤੋਂ ਪਹਿਲਾਂ 53 ਕਿਲੋ 900 ਗ੍ਰਾਮ ਸੀ। ਬੜੀ ਬਹਿਸ ਹੋਈ। ਕੁਸ਼ਤੀ ਸੰਘ ਵਾਲੇ ਕਹਿਣ ਲੱਗੇ ਕੇ ਅਦਾਲਤ ਦਾ ਹੁਕਮ ਦਿਖਾਓ ਕੇ ਉਸ ਨੂੰ 53 ਕਿਲੋ ਵਾਲੇ ਮੁਕਾਬਲੇ ਵਿਚ ਭਾਗ ਲੈਣ ਬਾਰੇ ਆਦੇਸ਼ ਹੋਇਆ ਹੈ। ਕਾਫ਼ੀ ਦੇਰ ਕਸ਼ਮਸ਼ ਚਲੀ। ਅਖ਼ੀਰ ਕੁਸ਼ਤੀ ਸੰਘ ਵਾਲਿਆਂ ਨੂੰ ਵਿਨੇਸ਼ ਅੱਗੇ ਝੁਕਣਾ ਪਿਆ।
ਜ਼ਿਕਰ ਯੋਗ ਹੈ ਟਰਾਇਲ ਲੈਂਦੇ ਸਮੇਂ ਵਿਨੇਸ਼ ਨੂੰ ਇਸ ਵਰਗ ਵਿਚ ਉਹਨਾਂ ਨਾਲ ਮੁਕਾਬਲਾ ਕਰਨ ਵਾਲੀ ਸੂਚੀ ਵਿਚ ਰੱਖਿਆ ਗਿਆ ਸੀ ਜਿਸ ਵਿਚ ਚੋਟੀ ਦੀਆਂ ਅੰਤਰਾਸ਼ਟਰੀ ਮੁਕਾਬਲਿਆਂ ਵਿਚ ਮਾਰਕਾ ਮਾਰ ਚੁੱਕੀਆਂ ਪਹਿਲਵਾਨਣੀਆਂ ਸਨ। ਜੋਯਤੀ ਖ਼ਿਲਾਫ਼ ਪਹਿਲਾ ਮੁਕਾਬਲਾ ਵਿਨੇਸ਼ ਨੇ ਸਹਿਜ ਨਾਲ ਹੀ 7-1 ਅੰਕਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ। ਕੁਆਟਰਫਾਈਨਲ ਵਿਚ ਉਸ ਦੀ ਕੁਸ਼ਤੀ ਨਿਸ਼ੂ ਨਾਲ ਹੋਈ। ਸ਼ੁਰੂ ਵਿਚ ਵਿਨੇਸ਼ ਕਾਫ਼ੀ ਪਛੜ ਗਈ ਸੀ ਤੇ 0-5 ਦੇ ਫ਼ਰਕ ਨਾਲ ਪਿੱਛੇ ਸੀ। ਚੌਧਰੀ ਖ਼ੁਸ਼ੀ ਵਿਚ ਖੀਵੇ ਹੋ ਰਹੇ ਸੀ। ਵਿਨੇਸ਼ ਦੇ ਪਤੀ ਪਹਿਲਵਾਨ ਸੋਮਵੀਰ ਨੇ ਰੌਲਾ ਪਾਇਆ ਕੇ ਵਿਨੇਸ਼ ਨਾਲ ਰੈਫਰ਼ੀ ਤੇ ਜੱਜ ਪੱਖਪਾਤ ਕਰ ਰਹੇ ਨੇ। ਇਸ ਦਾ ਅਸਰ ਹੋਇਆ। ਅਖ਼ੀਰ ਵਿਨੇਸ਼ ਇਹ ਮੁਕਬਲਾ ਵੀ ਜਿੱਤ ਗਈ। ਸੈਮੀਫਾਈਨਲ ਵਿਚ ਉਸ ਦੀ ਕੁਸ਼ਤੀ ਮੀਨਾਕਸ਼ੀ ਨਾਲ ਹੋਈ। ਇਸ ਮੁਕਾਬਲੇ ਸਮੇਂ ਵੀ ਪੱਖਪਾਤ ਵਾਲੀ ਗੱਲ ਮੁੜ ਉਭਰੀ। ਵਿਨੇਸ਼ ਹਾਰ ਗਈ। ਚੌਧਰੀਆਂ ਦੇ ਕਾਲਜੇ ਠੰਢ ਪੈ ਗਈ। ਤਾੜੀਆਂ ਮਾਰਨ ਲਈ ਉਹ ਆਪਣੇ ਨਾਲ ਆਪਣੇ ਪਿਆਦੇ ਵੀ ਲੈ ਕੇ ਆਏ ਸੀ। ਦੂਸਰੇ ਪਾਸੇ ਵਿਨੇਸ਼ ਨਾਲ ਉਸ ਦਾ ਪਤੀ ਤੇ ਦੋ ਚਾਰ ਸਮਰਥਕ ਸਨ। ਵਿਨੇਸ਼ ਲਲਕਾਰਾ ਮਾਰ ਕੇ ਕੁਸ਼ਤੀ ਅਖਾੜੇ ਵਿੱਚੋਂ ਬਾਹਰ ਗਈ। ਉਸ ਲਲਕਾਰੇ ਨੂੰ ਵੇਖ ਕੇ ਜਗਤਾਰ ਦੀ ਕਵਿਤਾ ‘ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ’ ਦੀਆਂ ਇਹ ਲਾਈਨਾਂ ਮੇਰੀ ਯਾਦ ਵਿਚ ਤਾਰੀਆਂ ਲਾਉਣ ਲੱਗੀਆਂ। ਫਾਈਨਲ ਮੁਕਾਬਲੇ ਵਿਚ ਮੀਨਾਕਸ਼ੀ ਤੇ ਅੰਤਿਮਾ ਦਾ ਪੇਚਾ ਪਿਆ। ਮੀਨਾਕਸ਼ੀ ਹਾਰ ਗਈ। ਉਸ ਨੇ ਵੀ ਪੱਖਪਾਤ ਦਾ ਦੋਸ਼ ਲਾਇਆ। ਤੇ ਉਹ ਵੀ ਜਾਂਦੀ ਹੋਈ ਭਾਰਤੀ ਕੁਸ਼ਤੀ ਸੰਘ ਦੇ ਚੌਧਰੀਆਂ ਨੂੰ ‘ਸਿੱਧੀਆਂ ਸੁਣਾ’ ਕੇ ਗਈ।
ਤੁਹਾਨੂੰ ਯਾਦ ਹੀ ਹੋਣਾ ਕੇ ਵਿਨੇਸ਼ ਪੈਰਿਸ ਓਲੰਪਿਕ ਵਿਚ 50 ਕਿਲੋ ਵਾਲੇ ਕੁਸ਼ਤੀ ਮੁਕਾਬਲੇ ਵਿਚ ਫਾਈਨਲ ਵਿਚ ਸੋਨੇ ਦਾ ਤਮਗਾ ਜਿੱਤ ਕੇ ਵੀ ਹਰ ਗਈ ਸੀ। 50 ਕਿਲੋ ਵਾਲੇ ਕੁਸ਼ਤੀ ਵਰਗ ਵਿਚ ਭਾਗ ਲੈਂਦਿਆਂ ਵਿਨੇਸ਼ ਨੇ ਪੈਰਿਸ ਓਲੰਪਿਕ ਵਿਚ ਚਾਰ ਵਾਰ ਵਿਸ਼ਵ ਕੁਸ਼ਤੀ ਮੁਕਬਾਲੇ ਜਿੱਤਣ ਵਾਲੀ ਤੇ ਟੋਕੀਓ ਓਲੀਪਿਕ ਖੇਡਾਂ ਵਿਚ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਯੁਈ ਸੁਸਾਕੀ ਨੂੰ ਹਰਾਇਆ ਸੀ ਪਰ ਜਦੋਂ ਵਿਨੇਸ਼ ਦਾ ਭਾਰ ਤੋਲਿਆ ਗਿਆ ਤਾਂ ਇਹ 100 ਗ੍ਰਾਮ ਵੱਧ ਪਾਇਆ ਗਿਆ। ਉਸ ਸਮੇਂ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ ਤੇ ਉਸ ਨੂੰ ਕੋਈ ਵੀ ਮੈਡਲ ਨਹੀਂ ਸੀ ਮਿਲਿਆ ਹਾਲਾਂਕਿ ਇਸ ਓਲੰਪਿਕ ਵਿਚ ਸੈਮੀ ਫਾਈਨਲ ਵਿਚ ਉਸ ਦਾ ਭਾਰ 49 ਕਿਲੋ 900 ਗ੍ਰਾਮ ਸੀ ਤੇ ਉਸ ਨੇ ਇਹ ਮੁਕਬਲਾ ਧੜੱਲੇ ਨਾਲ ਜਿੱਤਿਆ ਸੀ। ਘਟੋ ਘੱਟ ਉਹ ਚਾਂਦੀ ਦੇ ਤਮਗ਼ੇ ਦੀ ਤਾਂ ਹੱਕਦਾਰ ਸੀ ਪਰ ਅੰਤਰ-ਰਾਸ਼ਟਰੀ ਕੁਸ਼ਤੀ ਸੰਘ ਦੇ ਨਿਯਮ ਹੀ ਅਜੇਹੇ ਨੇ ਕੇ ਜੇਕਰ ਕੋਈ ਮੈਡਲ ਰਾਉਂਡ ਡਿਸਕੁਆਲੀਫਾਈ ਹੋ ਜਾਵੇ, ਫਿਰ ਉਸ ਨੂੰ ਕੋਈ ਮੈਡਲ ਨਹੀਂ ਮਿਲਦਾ। ਕਿਹਾ ਜਾਂਦਾ ਹੈ ਕੇ ਉਸ ਸਮੇਂ ਵੀ ਵਿਨੇਸ਼ ਕਿਸੇ ਵੱਡੀ ਅੰਦਰੂਨੀ ਸਾਜਿਸ਼ ਦਾ ਸ਼ਿਕਾਰ ਹੋਈ ਸੀ। ਵਿਨੇਸ਼ ਨੇ ਉਸ ਨੂੰ ਡਿਸਕੁਆਲੀਫਾਈ ਕਰਨ ਦੇ ਫੈ਼ਸਲੇ ਖ਼ਿਲਾਫ਼ ਅਪੀਲ ਕੀਤੀ ਸੀ ਪਰ ਇਹ ਓਲੰਪਿਕ ਦੇ ਸਾਲਸੀ ਕਮੇਟੀ ਨੇ ਇਹ ਅਪੀਲ ਠੁਕਰਾ ਦਿੱਤੀ ਸੀ ਤੇ ਫੈ਼ਸਲਾ ਉਸ ਦੇ ਖ਼ਿਲਾਫ਼ ਦੇ ਦਿੱਤਾ ਸੀ। ਓਲੰਪਿਕ ਤਾਂ 7 ਅਗਸਤ ਨੂੰ ਖ਼ਤਮ ਹੋ ਗਈ ਸੀ। ਵਿਨੇਸ਼ ਨੂੰ ਫੈ਼ਸਲੇ ਦੀ ਉਡੀਕ ਵਿਚ ਕਈ ਦਿਨ ਬਾਅਦ ਵਿਚ ਵੀ ਪੈਰਿਸ ਠਹਿਰਨਾ ਪਿਆ ਸੀ।
ਪੈਰਿਸ ਓਲੰਪਿਕ ਵਿਚ ਫਾਈਨਲ ਵਿਚ ਪਹੁੰਚਣ ਤੋਂ ਪਹਿਲਾਂ ਵਿਨੇਸ਼ ਨੂੰ ਇਕ ਦਿਨ ਵਿਚ ਹੀ ਤਿੰਨ ਮੁਕਾਬਲੇ ਲੜਨੇ ਪਏ ਸੀ ਤੇ ਤਿੰਨਾਂ ਵਿਚ ਹੀ ਉਸ ਨੇ ਫਤਿਹ ਹਾਸਿਲ ਕੀਤੀ ਸੀ। ਉਸ ਸਮੇਂ ਵੀ ਭਾਰਤੀ ਕੁਸ਼ਤੀ ਸੰਘ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠੇ ਸਨ। ਕਿਹਾ ਗਿਆ ਸੀ ਕੇ ਸੰਘ ਵਾਲਿਆਂ ਨੂੰ ਡਰਾਅ ਕੱਢਣ ਸਮੇਂ ਪਤਾ ਨਹੀਂ ਲੱਗਿਆ ਕੇ ਉਸ ਦੇ ਇਕ ਸਟਾਰ ਪਹਿਲਵਾਨ ਨੂੰ ਇਕ ਦਿਨ ਵਿਚ ਤਿੰਨ ਮੁਕਾਬਲੇ ਲੜਨੇ ਪੈਣੇ ਨੇ ਤੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ। ਇਸ ਤਰ੍ਹਾਂ ਤਾਂ ਪੇਂਡੂ ਖੇਡ ਮੇਲਿਆਂ ਵਿਚ ਵੀ ਨਹੀਂ ਹੁੰਦਾ ਕਿ ਇਕ ਖਿਡਾਰੀ ਨੂੰ ਅਜਿਹੀ ਅਗਨੀ ਪ੍ਰੀਖਿਆ ਵਿੱਚੋਂ ਲੰਘਣ ਲਈ ਮਜਬੂਰ ਕੀਤਾ ਜਾਵੇ। ਓਲੰਪਿਕ ਵਿਚ ਅਜਿਹਾ ਕਿਵੇਂ ਹੋ ਗਿਆ। ਵਿਨੇਸ਼ ਪਹਿਲਾਂ ਏਸ਼ੀਆਈ ਅਤੇ ਕਾਮਨ ਵੈਲਥ ਖੇਡ ਮੁਕਬਾਲਿਆ ਗੋਲਡ ਮੈਡਲ ਜਿੱਤ ਚੁੱਕੀ ਹੈ ਪਰ ਓਲੰਪਿਕ ਵਾਲੇ ਗੋਲਡ ਮੈਡਲ ਦਾ ਤਾਂ ਜਲਵਾ ਹੀ ਵੱਖਰਾ ਹੁੰਦਾ ਹੈ। ਭਾਰਤ ਵਿਚ ਉਹ ਨੇ ਕੁਸ਼ਤੀ ਵਿਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਔਰਤ ਹੋਣਾ ਸੀ ਜੇਕਰ ਵੱਧ ਭਾਰ ਵਾਲਾ ਚੱਕਰ ਨਾ ਪੈਂਦਾ। ਫਾਈਨਲ ਤੋਂ ਪਹਿਲਾਂ ਉਸ ਦੇ ਭਾਰ ਵਿਚ ਯੱਕਲਖ਼ਤ ਵਾਧਾ ਹੋਇਆ ਤੇ ਇਸ ਮੁਕਾਬਲੇ ਤੋਂ ਪਹਿਲਾਂ ਉਹ ਸਾਰੀ ਰਾਤ ਭਾਰ ਘਟਾਉਣ ਲਈ ਵਰਜਿਸ਼ ਕਰਦੀ ਰਹੀ ਸੀ। ਸੱਚ ਇਹ ਹੈ ਕੇ ਉਹ ਪੈਰਿਸ ਓਲੰਪਿਕ ਵਿਚ ਵੀ 53ਕਿੱਲੋ ਵਾਲੀ ਕੈਟਾਗਰੀ ਵਿਚ ਹਿੱਸਾ ਲੈਣਾ ਚਾਹੁੰਦੀ ਸੀ ਪਰ ਉਸ ਨੂੰ ਇਸ ਵਰਗ ਵਿਚ ਟਰਾਇਲ ਦੇਣ ਦੀ ਕੁਸ਼ਤੀ ਸੰਘ ਨੇ ਇਜਾਜ਼ਤ ਨਹੀਂ ਸੀ ਦਿੱਤੀ। ਜਿਸ ਨੂੰ ਇਸ ਵਰਗ ਵਿਚ ਲਿਜਾਇਆ ਗਿਆ ਸੀ ਉਹ ਪਹਿਲੇ ਗੇੜ ਵਿਚ ਹੀ ਹਾਰ ਗਈ ਸੀ। ਵਿਨੇਸ਼ ਨੂੰ 50 ਕਿਲੋ ਵਾਲੀ ਕੈਟਾਗਰੀ ਵਿਚ ਟਰਾਇਲ ਦੇਣ ਲਈ ਫਿੱਟ ਹੋਣ ਲਈ ਉਸ ਸਮੇਂ ਭਾਰ ਘਟਾਉਣਾ ਪੈਣਾ ਸੀ। ਇਸ ਕਾਰਜ ਲਈ ਉਸ ਨੂੰ ਬੜੀ ਮੁਸ਼ੱਕਤ ਕਰਨੀ ਪਈ ਸੀ।
ਪੈਰਿਸ ਓਲੰਪਿਕ ਵਿਚ ਉਸ ਨਾਲ ਵਾਪਰੇ ਭਾਣੇ ਤੋਂ ਬਾਅਦ ਵਿਨੇਸ਼ ਨੇ ਆਪਣੀ ਕੈਂਸਰ ਤੋਂ ਪੀੜਤ ਮਾਂ ਨੂੰ ਬਹੁਤ ਹੀ ਸਵੰਦੇਨਾ ਭਰਭੂਰ ਖ਼ਤ ਲਿਖਿਆ ਸੀ। ਉਸ ਦੀਆਂ ਕੁਝ ਸਤਰਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਨੇ, ‘ਮਾਂ ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ। ਕਿਰਪਾ ਕਰ ਕੇ ਮੈਨੂੰ ਮਾਫ਼ ਕਰ ਦਿਓ। ਤੁਹਾਡੇ ਸੁਪਨੇ ਤੇ ਮੇਰੀ ਹਿੰਮਤ ਸਭ ਕੁਝ ਟੁੱਟ ਗਿਆ ਹੈ। ਮੇਰੇ ਕੋਲ ਹੁਣ ਹੋਰ ਤਾਕਤ ਨਹੀਂ। ਕੁਸ਼ਤੀ ਨੂੰ ਅਲਵਿਦਾ। ਮੈਂ ਤੁਹਾਡੀ ਸਾਰੀਆਂ ਦੀ ਸ਼ੁਕਰਗੁਜਾਰ ਹਾਂ।’ ਜਦੋਂ ਪੈਰਿਸ ਤੋਂ ਵਿਨੇਸ਼ ਦੇਸ਼ ਵਾਪਿਸ ਪਰਤੀ, ਉਸ ਸਮੇਂ ਲੋਕਾਂ ਨੇ ਜੋ ਸਨਮਾਨ ਉਸ ਨੂੰ ਦਿੱਤਾ ਉਹ ਆਪਣੇ ਆਪ ਵਿਚ ਇਕ ਯਾਦਗਾਰ ਬਣ ਗਿਆ ਹੈ। ਉਸ ਨੂੰ ਗੱਡੀਆਂ ਦੇ ਵੱਡੇ ਕਾਫ਼ਲੇ ਵਿਚ ਪਿੰਡ ਲਿਆਂਦਾ ਗਿਆ ਸੀ। ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਉਸ ਦੇ ਸਨਮਾਨ ਵਿਚ ਵੱਡੇ ਸਮਾਗਮ ਕੀਤੇ ਸਨ। ਉਸ ਨਾਲ ਪੰਜਾਬ ਦੇ ਲੋਕਾਂ ਨੇ ਵੀ ਬੜਾ ਮੋਹ ਜਿਤਾਇਆ ਸੀ ਤੇ ਉਸ ਨੂੰ ਸਨਮਾਨਿਆ ਸੀ। ਲੋਕ ਸਮਝਦੇ ਸੀ ਕੇ ਪੈਰਿਸ ਵਿਚ ਉਸ ਨਾਲ ਧੱਕਾ ਹੋਇਆ ਹੈ। ਲੋਕਾਂ ਨੇ ਉਸ ਦੇ ਡਿੱਗੇ ਹੋਏ ਮਨੋਬਲ ਨੂੰ ਮੁੜ ਬਹਾਲ ਕਰਨ ਵਿਚ ਪੂਰਾ ਜ਼ੋਰ ਲਾਇਆ।
ਕਿਸਾਨ ਪਰਿਵਾਰ ਵਿਚ ਜਨਮੀ ਵਿਨੇਸ਼ ਦਾ ਇਕ ਭਰਾ ਤੇ ਇਕ ਭੈਣ ਹੈ। ਪਿਤਾ ਹਰਿਆਣਾ ਰੋਡਵੇਜ਼ ਵਿਚ ਡਰਾਈਵਰ ਸੀ। ਉਸ ਦਾ ਪਿੰਡ ਵਿਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਕਤਲ ਹੋ ਗਿਆ ਸੀ। ਪਹਿਲਾਂ ਮਾਂ ਨੇ ਤਿੰਨੇ ਬੱਚੇ ਬੜਾ ਸੰਘਰਸ਼ ਕਰ ਕੇ ਪਾਲੇ। ਵਿਨੇਸ਼ ਨੂੰ ਪਹਿਲਵਾਨ ਬਣਾਉਣ ਦੀ ਜਿੰਮੇਵਾਰੀ ਉਸ ਦੇ ਤਾਉ ਮਹਾਂਵੀਰ ਨੇ ਨਿਭਾਈ। ਲੜਕੀਆਂ ਵਾਰੇ ਹਰਿਆਣਵੀ ਧਾਰਨਾਵਾਂ ਦੀ ਪ੍ਰਵਾਹ ਨਾ ਕਰਦੇ ਹੋਏ ਤਾਉ ਨੇ ਆਪਣੀਆਂ ਬੇਟੀਆਂ ਗੀਤਾ, ਬਬੀਤਾ, ਪ੍ਰਿਯੰਕਾ ਤੇ ਵਿੰਕਲ ਨੂੰ ਵੀ ਪਹਿਲਵਾਨ ਬਣਾਇਆ। ਜੇਕਰ ਤੁਸੀਂ ਦੰਗਲ ਫਿਲਮ ਦੇਖੀ ਹੈ ਤਾਂ ਤੁਹਾਨੂੰ ਇਸ ਪਰਿਵਾਰ ਬਾਰੇ ਜ਼ਰੂਰ ਪਤਾ ਹੋਣਾ ਹੈ।
ਪੈਰਿਸ ਓਲੰਪਿਕ ਤੋਂ ਬਾਅਦ ਪੂਰੀ ਤਰ੍ਹਾਂ ਅੰਦਰੋਂ ਟੂਟੀ ਹੋਈ ਵਿਨੇਸ਼ ਨੇ ਪਿਛਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਤੇ ਜਿੱਤ ਹਾਸਿਲ ਕੀਤੀ। ਉਸ ਨੇ ਵਿਆਹ ਵੀ ਕਰ ਲਿਆ ਤੇ ਉਸ ਦੇ ਇਕ ਬੱਚਾ ਵੀ ਹੈ। ਭਾਰਤੀ ਕੁਸ਼ਤੀ ਸੰਘ ਦੇ ਕੁਝ ਚੌਧਰੀ ਇਸ ਲਈ ਉਸ ਦਾ ਵਿਰੋਧ ਕਰਦੇ ਸੀ ਕਿ ਉਸ ਦੇ ਤਾਂ ਹੁਣ ਬੱਚਾ ਵੀ ਹੈ ਤੇ ਉਹ ਖੇਡਾਂ ਵਿਚ ਭਾਗ ਨਹੀਂ ਲੈ ਸਕਦੀ। ਪਰ ਜਿਨ੍ਹਾਂ ਦੇ ‘ਸੀਨੇ ਖਿੱਚ ਪੈਂਦੀ ਹੋਵੇ’ ਉਹ ਇਹੋ ਜਿਹੀਆਂ ਗੱਲਾਂ ਦੀ ਕੀ ਪਰਵਾਹ ਕਰਦੇ ਨੇ।
ਵਿਨੇਸ਼ ਉਹ ਪਹਿਲਵਾਨ ਹੈ ਜਿਸ ਨੇ ਕੁਸ਼ਤੀ ਸੰਘ ਦੇ ਇਕ ਰਾਜਨੀਤਕ ਤੌਰ ’ਤੇ ਸ਼ਕਤੀਸ਼ਾਲੀ ਚੌਧਰੀ ਦੇ ਖ਼ਿਲਾਫ਼ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਸਨ ਤੇ ਉਸ ਦੇ ਖ਼ਿਲਾਫ਼ ਜਨਤਕ ਸੰਘਰਸ਼ ਵਿੱਢਿਆ ਸੀ ਤੇ ਚੌਧਰੀ ਦੀ ਗੋਡੀ ਲਵਾ ਦਿੱਤੀ ਸੀ। ਲੱਗਦਾ ਹੈ ਕੇ ਇਸੇ ਖ਼ਾਰ ’ਚ ਹੁਣ ਵਿਨੇਸ਼ ਦੇ ਰਾਹ ਵਿਚ ਕੰਡੇ ਵਿਛਾਏ ਗਏ ਸੀ। ਮੁੜ ਯਾਦ ਆ ਰਹੀਆਂ ਨੇ ਜਗਤਾਰ ਦੀਆਂ ਇਹ ਲਾਈਨਾਂ :
ਜਿੰਨਾ ਕਿਸੇ ਮਿਟਾਇਆ,
ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ,
ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ,
ਖ਼ਾਮੋਸ਼ ਖ਼ੂਨ ਮੇਰਾ।
ਵਿਨੇਸ਼ ਦੇ ਸਵੈਮਾਨ ਨੇ ਇਕ ਵੱਡੀ ਅੰਗੜਾਈ ਲਈ ਹੈ। ਉਸ ਦੇ ਦੇ ਖ਼ੂਨ ਨੇ ਆਪਣੀ ਖ਼ਾਮੋਸ਼ੀ ਤੋੜੀ ਹੈ। ਇਕ ਵਾਰ ਫਿਰ ਉਹ ਮੈਦਾਨ ਵਿਚ ਡੱਟ ਗਈ ਹੈ। ਉਸ ਦੀ ਲਲਕਾਰ ਵਿਚ ਮੈਨੂੰ ‘ਅਸੀਂ ਜਿੱਤਾਂ ਗਏ ਜ਼ਰੂਰ, ਜਾਰੀ ਜੰਗ ਰਾਖਿਓ’ ਦੀ ਗੂੰਜ ਕੰਨਾਂ ਵਿਚ ਪੈ ਰਹੀ ਹੈ।
-ਸਰਬਜੀਤ ਧਾਲੀਵਾਲ