- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਕੱਪ ਖ਼ਤਮ ਹੋਣ ਉਪਰੰਤ ਫੀਫਾ ਤਿੰਨ ਵੱਡੇ ਇਨਾਮ ਦਿੰਦੀ ਹੈ। ਗੋਲਡਨ ਬੂਟ, ਗੋਲਡਨ ਗਲੋਬ ਤੇ ਗੋਲਡਨ ਬਾਲ। ਗੋਲਡਨ ਬੂਟ ਕਿਸ ਨੂੰ ਮਿਲਦਾ ਹੈ, ਇਸ ਦਾ ਜ਼ਿਕਰ ਉੱਪਰ ਹੋ ਚੁੱਕਿਆ ਹੈ। ਗੋਲਡਨ ਗਲੋਬ ਟੂਰਨਾਮੈਂਟ ਦੇ ਵਧੀਆ ਗੋਲਕੀਪਰ ਨੂੰ ਮਿਲਦਾ ਹੈ ਤੇ ਗੋਲਡਨ ਬਾਲ ਵਧੀਆ ਖਿਡਾਰੀ ਨੂੰ ਮਿਲਦੀ ਹੈ।

ਤੁਹਾਨੂੰ ਸ਼ਾਇਦ ਅਟਪਟਾ ਲੱਗੇ ਕਿ ਲੋਕਾਂ ਦੇ ਰੱਬ ਬਦਲ ਰਹੇ ਨੇ ਪਰ ਮੈਨੂੰ ਇਹੀ ਲੱਗ ਰਿਹਾ ਹੈ, ਜਿਸ ਦਾ ਵਰਨਣ ਮੈਂ ਅਗਲੀਆਂ ਸਤਰਾਂ ’ਚ ਕਰ ਰਿਹਾ ਹਾਂ। ਤੁਸੀਂ ਸੋਚੋਗੇ ਕਿ ਲਿਖਿਆ ਫੁੱਟਬਾਲ ਬਾਰੇ ਜਾ ਰਿਹਾ, ਰੱਬ ਦਾ ਜ਼ਿਕਰ ਵਿਚ ਕਿਵੇਂ ਆ ਵੜਿਆ। ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਮਹਿਬੂਬ ਦੇ ਬਿਰਹਾ ’ਚ ਸੈਂਕੜੇ ਗੀਤ ਲਿਖੇ। ਇਕ ਤੋਂ ਦੂਸਰਾ ਚੜ੍ਹ ਕੇ ਹੈ ਉਸ ਦਾ ਗੀਤ। ਸ਼ਿਵ ਦਾ ਰੱਬ ਉਹ ਨਹੀਂ ਸੀ, ਜਿਸ ਨੂੰ ਕਰੋੜਾਂ ਲੋਕ ਪੂਜਦੇ ਨੇ। ਉਸ ਨੇ ਆਪਣੇ ‘ਰੱਬ’ ਬਾਰੇ ਗੀਤ ਲਿਖਿਆ, ਜੋ ਸੁਰਿੰਦਰ ਕੌਰ ਨੇ ਸ਼ਹਿਦ ਨਾਲੋਂ ਮਿੱਠੀ ਆਵਾਜ਼ ’ਚ ਗਾ ਕੇ ਅਮਰ ਕਰ ਦਿੱਤਾ ਹੈ। ਉਹ ਹੈ :
‘ਲੋਕੀਂ ਪੂਜਣ ਰੱਬ, ਮੈਂ ਤੇਰਾ ਬਿਰਹੜਾ,
ਸਾਨੂੰ ਸੌ ਮੱਕਿਆਂ ਦਾ ਹੱਜ, ਵੇ ਤੇਰਾ ਬਿਰਹੜਾ।’
ਸ਼ਿਵ ਦਾ ਰੱਬ ਆਪਣੀ ਮਹਿਬੂਬ ਦਾ ਵਿਛੋੜਾ ਸੀ ਤੇ ਇਹ ਵਿਛੋੜਾ ਉਸ ਨੂੰ ਸੌ ਮੱਕਿਆਂ ਦੇ ਹੱਜ ਬਰਾਬਰ ਸੀ। ਖੇਡਾਂ ਦੀ ਦੁਨੀਆ ’ਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੈ। ਬ੍ਰਾਜ਼ੀਲੀਆਂ ਦਾ ਰੱਬ ਪੇਲੇ ਹੈ। ਅਰਜਨਟੀਨਾ ਦਾ ਰੱਬ ਮੈਰਾਡੋਨਾ ਹੈ ਤੇ ਮੈਸੀ ਵੀ। ਫਰਾਂਸ ’ਚ ਮਾਬਾਪੇ ਕਿਸੇ ਵੀ ਰੱਬ ਤੋਂ ਘੱਟ ਨਹੀਂ। ਸਪੇਨੀਆਂ ਨੂੰ ਛੋਟੀ ਜਿਹੀ ਉਮਰ ਦਾ ਯਮਾਲ ਰੱਬ ਵਰਗਾ ਲੱਗਣ ਲੱਗ ਪਿਆ ਹੈ। ਇੰਗਲੈਂਡ ਦੇ ਲੋਕ ਬੈਕਮ ਨੂੰ ਰੱਬ ਵਾਂਗ ਹੀ ਵੇਖਦੇ ਹਨ। ਆਪਣੇ ਹੀ ਦੇਸ਼ ਦੇ ਗੱਲ ਕਰ ਲੈਂਦੇ ਹਾਂ। ਸਚਿਨ ਨੂੰ ਬਹੁਤੇ ਮੀਡੀਆ ਵਾਲੇ ‘ਗੌਡ ਆਫ ਕ੍ਰਿਕਟ’ ਲਿਖਦੇ ਨੇ ਤੇ ਸੰਬੋਧਨ ਕਰਦੇ ਹਨ। ਵਿਰਾਟ ਕੋਹਲੀ, ਜਿਸ ਨੂੰ ਕਿੰਗ ਕੋਹਲੀ ਵੀ ਕਿਹਾ ਜਾਂਦਾ ਹੈ, ਦਾ ਰੁਤਬਾ ਰੱਬ ਤੋਂ ਘੱਟ ਨਹੀਂ। ਤੁਸੀਂ ਸ਼ਾਇਦ ਉਹ ਲਮਹਾ ਦੇਖਿਆ ਹੋਵੇ ਜਦੋਂ ਇਕ ਅੱਲ੍ਹੜ ਉਮਰ ਦਾ ਮੁੰਡਾ ਚੱਲਦੇ ਮੈਚ ’ਚ ਮੈਦਾਨ ਵਿਚ ਵੜ ਜਾਂਦਾ ਹੈ ਤੇ ਕੋਹਲੀ ਦੇ ਪੈਰਾਂ ’ਚ ਲਿਟ ਜਾਂਦਾ ਹੈ। ਉਸ ਲੜਕੇ ਨੂੰ ਉਸ ਪਲ ਉਸ ਦਾ ਰੱਬ ਮਿਲ ਗਿਆ ਸੀ ਜਾਂ ਕਹਿ ਲਵੋ ਕੇ ਉਸ ਨੇ ਆਪਣੇ ਮਨ ਅੰਦਰ ਵਸਾਏ ਰੱਬ ਦੇ ਦਰਸ਼ਨ ਕਰ ਲਏ।
ਜੰਗ ਦੇ ਮੈਦਾਨਾਂ ’ਚ ਜੌਹਰ ਦਿਖਾਉਣ ਵਾਲੇ ਬਹੁਤ ਸਾਰੇ ਯੋਧੇ ਹੋਏ ਹਨ, ਜਿਨ੍ਹਾਂ ਨੂੰ ਹੁਣ ਸਦੀਆਂ ਬਾਅਦ ਵੀ ਭਗਵਾਨ ਦੇ ਰੂਪ ’ਚ ਯਾਦ ਕੀਤਾ ਜਾਂਦਾ ਹੈ, ਪੂਜਿਆ ਜਾਂਦਾ ਹੈ। ਦੁਨੀਆ ’ਚ ਕਰੋੜਾਂ ਲੋਕ ਨੇ, ਜਿਨ੍ਹਾਂ ਦੇ ਰੱਬ ਬਦਲ ਗਏ ਹਨ। ਉਹ ਆਪਣੇ ਸਮੇ ਦੇ ਨਾਇਕਾਂ ’ਚ ਹੀ ਆਪਣਾ ਰੱਬ ਵੇਖਦੇ ਹਨ ਤੇ ਉਨ੍ਹਾਂ ਦੇ ਦਰਸ਼ਨ ਕਰ ਕੇ ਉਨ੍ਹਾਂ ਨੂੰ ਧਾਰਮਿਕ ਸਥਾਨ ’ਚ ਮੱਥਾ ਟੇਕਣ ਵਰਗੀ ਸੰਤੁਸ਼ਟੀ ਮਹਿਸੂਸ ਹੁੰਦੀ ਹੈ। ਇਹ ਵੀ ਸੱਚ ਹੈ ਕਿ ਲੋਕ ਜਿਸ ਰੱਬ ’ਚ ਉਨ੍ਹਾਂ ਦੇ ਪਰਿਵਾਰਾਂ ਦੀ ਪੀੜ੍ਹੀ-ਦਰ-ਪੀੜੀ ਆਸਥਾ ਚੱਲੀ ਆ ਰਹੀ ਹੈ, ਉਸ ਨੂੰ ਵੀ ਮੰਨਦੇ ਤੇ ਪੂਜਦੇ ਨੇ ਪਰ ਉਹ ਆਪਣੇ ਰੱਬ ਆਪਣੇ ਨਾਇਕਾਂ ’ਚ ਵੀ ਵੇਖਦੇ ਹਨ, ਇਸ ਵਰਤਾਰੇ ਤੋਂ ਮੁੱਕਰਿਆ ਨਹੀਂ ਜਾ ਸਕਦਾ। ਜਿਵੇਂ ਰੱਬ ਦੇ ਨਾਂ ’ਤੇ ਲੜਾਈਆਂ ਹੁੰਦੀਆਂ ਹਨ, ਉਸੇ ਤਰ੍ਹਾਂ ਨਾਇਕਾਂ ਕਰਕੇ ਵੀ ਲੜਾਈਆਂ ਹੁੰਦੀਆਂ ਹਨ, ਬਹਿਸਾਂ ਹੁੰਦੀਆਂ ਹਨ। ਸਿਰ ਪਾਟ ਜਾਂਦੇ ਨੇ। ਆਸਥਾ ਦੀ ਗੱਲ ਹੈ। ਬਹੁਤ ਸਾਰੇ ਲੋਕ ਹਨ, ਜੋ ਸਚਿਨ ਤੇ ਕੋਹਲੀ ਖ਼ਿਲਾਫ਼ ਇਕ ਸ਼ਬਦ ਨਹੀਂ ਸੁਣ ਸਕਦੇ ਤੇ ਲੜ ਪੈਂਦੇ ਨੇ। ਤੁਸੀਂ ਕਦੇ ਉਨ੍ਹਾਂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਨਜ਼ਾਰਾ ਵੇਖਿਓ ਕਿ ਤੁਹਾਡੇ ਨਾਲ ਕੀ ਵਾਪਰਦੀ ਹੈ।
ਕੌਮਾਂ ਦੇ ਜਜ਼ਬਾਤ ਆਪਣੇ ਨਾਇਕਾਂ ਨਾਲ ਜੁੜ ਜਾਂਦੇ ਹਨ ਤੇ ਫਿਰ ਉਹ ਉਨ੍ਹਾਂ ’ਚ ਰੱਬ ਦੇਖਣ ਲੱਗ ਜਾਂਦੀਆਂ ਹਨ। ਕਈ ਵਾਰ ਕੌਮਾਂ ਦੇ ਜਜ਼ਬਾਤ ਇਸ ਕਦਰ ਜੁੜ ਜਾਂਦੇ ਹਨ ਕਿ ਜੇ ਉਨ੍ਹਾਂ ਦਾ ਨਾਇਕ ਥੋੜ੍ਹੀ ਜਿਹੀ ਵੀ ਗ਼ਲਤੀ ਕਰ ਦੇਵੇ, ਫਿਰ ਉਸ ਦੀ ਬੇਕਦਰੀ ਇਸ ਕਦਰ ਹੁੰਦੀ ਹੈ ਕਿ ਉਹ ਪਲਾਂ ’ਚ ਹੀ ਉਹ ਰੱਬ ਤੋਂ ਖ਼ਲਨਾਇਕ ਬਣ ਜਾਂਦਾ ਹੈ।
ਇਸ ਤਰ੍ਹਾਂ ਦਾ ਇਕ ਵਾਕਿਆ ਫੁੱਟਬਾਲ ਨਾਲ ਜੁੜਿਆ ਹੈ। ਅਸਲ ’ਚ ਉਹ ਘਟਨਾ ਫੁੱਟਬਾਲ ਦੀ ਹਰਮਨ ਪਿਆਰੀ ਖੇਡ ਦਾ ਕਾਲਾ ਅਧਿਆਇ ਹੈ। ਗੱਲ ਸਾਲ 1994 ਦੀ ਹੈ। ਉਸ ਸਾਲ ਦੀ 2 ਜੁਲਾਈ ਦੀ। ਕੋਲੰਬੀਆ ਦਾ ਪ੍ਰਸਿੱਧ ਰੱਖਿਆ ਪੰਕਤੀ ਦਾ ਖਿਡਾਰੀ ਐਂਦਰੇ ਐਸਕੋਬਾਰ ਨੂੰ 2 ਜੁਲਾਈ 1994 ਨੂੰ ਉਸ ਦੇ ਦੇਸ਼ ਦੇ ਇਕ ਵਿਅਕਤੀ ਨੇ ਮੈਂਡਲੀਨ ਕਲੱਬ ਦੇ ਬਾਹਰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਐਂਦਰੇ ਨੇ ਮੇਜ਼ਬਾਨ ਅਮਰੀਕਾ ਦੀ ਟੀਮ ਖ਼ਿਲਾਫ਼ ਫੱਟਬਾਲ ਵਰਲਡ ਕੱਪ ਵਿਚ 22 ਜੂਨ ਨੂੰ ਮੈਚ ਖੇਡਿਆ ਸੀ। ਹੋਇਆ ਇਹ ਕਿ ਗਰੁੱਪ ਸਟੇਜ ਦੇ ਇਸ ਮੈਚ ’ਚ ਡਿਫੈਂਡ ਕਰਦਿਆਂ ਐਂਦਰੇ ਤੋਂ ਬਾਲ ਆਪਣੇ ਹੀ ਗੋਲ ਵੱਲ ਮੁੜ ਗਈ ਸੀ ਤੇ ਆਪਣੀ ਹੀ ਟੀਮ ਦੇ ਸਿਰ ਗੋਲ ਹੋ ਗਿਆ ਸੀ। ਖੇਡ ਦੀ ਦੁਨੀਆ ’ਚ ਇਸ ਨੂੰ ‘ਸੈਲਫ ਗੋਲ’ ਕਿਹਾ ਜਾਂਦਾ ਹੈ। ਹੁਣ ਇਹ ਮੁਹਾਵਰਾ ਬਣ ਵੀ ਗਿਆ ਤੇ ਰਾਜਨੀਤੀ ’ਚ ਇਸ ਦੀ ਖ਼ੂਬ ਵਰਤੋਂ ਹੁੰਦੀ ਹੈ। ਕਈ ਵਾਰੀ ਕੋਈ ਨੇਤਾ ਅਜਿਹੇ ਬੇਸਮਝੀ ਵਾਲੇ ਬਿਆਨ ਦੇ ਬੈਠਦੇ ਹਨ ਕਿ ਉਹ ਬਿਆਨ ਉਨ੍ਹਾਂ ਦੇ ਆਪਣੇ ਹੀ ਗਲੇ ਦਾ ਫੰਦਾ ਬਣ ਜਾਂਦੇ ਹਨ। ਉਸ ਨੂੰ ਲੋਕ ਕਹਿੰਦੇ ਨੇ ਨੇਤਾ ਜੀ ਸੈਲਫ ਗੋਲ ਕਰ ਬੈਠੇ ਨੇ।
ਗੱਲ ਐਂਦਰੇ ਦੀ ਕਰ ਰਹੇ ਸੀ। ਕਾਤਲ ਨੇ ਉਸ ਦੇ ਛੇ ਗੋਲੀਆਂ ਮਾਰੀਆਂ ਤੇ ਹਰ ਫਾਇਰ ਕਰ ਕੇ ‘ਗੋਲ’ ਪੁਕਾਰਿਆ। ਐਂਦਰੇ ਉੱਥੇ ਹੀ ਮਰ ਗਿਆ। ਸਰਕਾਰਾਂ ਨੇ ਖੇਡਾਂ ਨੂੰ ਰਾਸ਼ਟਰਵਾਦੀ ਉਭਾਰ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਐਂਦਰੇ ਦਾ ਕਤਲ ਇਸ ਰਾਸ਼ਟਰਵਾਦੀ ਉਭਾਰ ਦਾ ਹੀ ਨਤੀਜਾ ਸੀ। ਪਾਕਿਸਤਾਨ ’ਚ ਵੀ ਇਹ ਸਿਲਸਲਾ ਕਈ ਸਾਲ ਤੋਂ ਜਾਰੀ ਹੈ। ਇਸ ਕਰਕੇ ਪਾਕਿਸਤਾਨ ਦੀ ਕ੍ਰਿਕਟ ਟੀਮ ਨਾਲ ਵੀ ਹਿੰਸਕ ਵਰਤਾਰਾ ਹੋ ਚੁੱਕਿਆ ਹੈ। ਭਾਵੇਂ ਕਤਲ ਨਹੀਂ ਹੋਇਆ ਪਰ ਕ੍ਰਿਕਟ ਖਿਡਾਰੀਆਂ ਦੇ ਘਰਾਂ ’ਤੇ ਇੱਟਾਂ-ਰੋੜਿਆਂ ਦੇ ਬਾਰਿਸ਼ ਕਈ ਸਾਲ ਪਹਿਲਾਂ ਹੋ ਚੁੱਕੀ ਹੈ। ਇਕ ਮਹੱਤਵਪੂਰਨ ਮੁਕਬਾਲੇ ’ਚ ਪਾਕਿਸਤਾਨ ਦੀ ਕ੍ਰਿਕਟ ਟੀਮ ਭਾਰਤ ਖ਼ਿਲਾਫ਼ ਖੇਡਦੀ ਹੋਈ ਮੈਚ ਹਾਰ ਗਈ ਸੀ। ਉਥੋਂ ਦੇ ਲੋਕਾਂ ਤੋਂ ਇਹ ਹਾਰ ਝੱਲੀ ਨਹੀਂ ਗਈ ਤੇ ਉਨ੍ਹਾਂ ਨੇ ਖਿਡਾਰੀਆਂ ਤੇ ਉਨ੍ਹਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਰੋੜਿਆਂ ਦੇ ਬਾਰਿਸ਼ ਕਰ ਦਿੱਤੀ ਸੀ। ਭਾਰਤ ਖ਼ਿਲਾਫ਼ ਮੈਚ ਹਾਰਨ ਤੋਂ ਬਾਅਦ ਉਥੋਂ ਦੇ ਲੋਕ ਟੀਵੀ ਤਾਂ ਅਕਸਰ ਤੋੜ ਦਿੰਦੇ ਹਨ, ਜਿਵੇਂ ਟੀਵੀ ਨੇ ਹਰਾ ਦਿੱਤੇ ਹੋਣ।
ਪਾਕਿਸਤਾਨ ਦਾ ਨਾਮੀ ਕ੍ਰਿਕਟ ਖਿਡਾਰੀ ਵਸੀਮ ਅਕਰਮ ਅਕਸਰ ਕਹਿੰਦਾ ਹੁੰਦਾ ਹੈ ਕਿ ਉਸ ਦੇ ਦੇਸ਼ ਦੇ ਕਈ ਖਿਡਾਰੀ ਭਾਰਤ ਖ਼ਿਲਾਫ਼ ਮੈਚ ਹਾਰਨ ਤੋਂ ਬਾਅਦ ਸਿੱਧੇ ਆਪਣੇ ਦੇਸ਼ ਨਹੀਂ ਆਉਂਦੇ। ਉਹ ਇੰਗਲੈਂਡ ਜਾਂ ਕਿਸੇ ਹੋਰ ਦੇਸ਼ ਚਲੇ ਜਾਂਦੇ ਹਨ। ਜਦੋਂ ਲੋਕਾਂ ਦੇ ਗੁੱਸਾ ਠੰਢਾ ਪੈ ਜਾਂਦਾ, ਫਿਰ ਚੁੱਪ-ਚੁਪੀਤੇ ਆਪਣੇ ਦੇਸ਼ ਪਰਤ ਆਉਂਦੇ ਹਨ। ਖੇਡ ਦੇ ਮੈਦਾਨ ’ਚ ਹੋਈ ਹਾਰ ਨੂੰ ਕਈ ਦੇਸ਼ਾਂ ਦੇ ਜਜ਼ਬਾਤੀ ਲੋਕ ਜੰਗ ਦੇ ਮੈਦਾਨ ’ਚ ਹੋਈ ਜਿੱਤ-ਹਾਰ ਵਾਂਗ ਦੇਖਦੇ ਹਨ। ਬੁੱਧਵਾਰ ਨੂੰ ਵੀ ਅਜਿਹਾ ਹੋਇਆ, ਉਹ ਭਾਵੇਂ ਹਿੰਸਕ ਨਹੀਂ ਸੀ। ਗੱਲ ਅਰਜਨਟਾਈਨਾ ਤੇ ਇੰਗਲੈਂਡ ਵਿਚ ਹੋਏ ਮੈਚ ਬਾਰੇ ਹੈ। ਇੰਗਲੈਂਡ ਨੂੰ 2-1 ਗੋਲਾਂ ਦੇ ਫ਼ਰਕ ਨਾਲ ਸੈਮੀਫਾਈਨਲ ਮੁਕਾਬਲੇ ’ਚ ਹਰਾ ਕੇ ਅਰਜਨਟਾਈਨਾ ਫਾਈਨਲ ਵਿਚ ਪਹੁੰਚ ਚੁੱਕਿਆ ਹੈ। ਸਾਲ 1986 ਵਿਚ ਮੈਰਾਡੋਨਾ (ਅਰਜਨਟਾਈਨਾ) ਦੀ ਟੀਮ ਨੇ ਇੰਗਲੈਂਡ ਨੂੰ ਵਰਲਡ ਕੱਪ ’ਚ ਖੇਡੇ ਗਏ ਅੱਗ ਵਰਗੇ ਤੱਤੇ ਮੈਚ ਵਿਚ ਹਰਾਇਆ ਸੀ। ਬੁੱਧਵਾਰ ਨੂੰ ਮੈਸੀ ਦੀ ਟੀਮ ਨੇ ਹਰਾਇਆ ਹੈ। ਉਸ ਸਮੇ ਦੋਵੇਂ ਗੋਲ ਮੈਰਾਡੋਨਾ ਨੇ ਕੀਤੇ ਸਨ ਤੇ ਬੁੱਧਵਾਰ ਨੂੰ ਹੋਏ ਦੋਵੇਂ ਗੋਲਾਂ ਵਿਚ ਮੈਸੀ ਦੀ ਭੂਮਿਕਾ ਅਹਿਮ ਸੀ। ਪਹਿਲੇ 30-35 ਮਿੰਟਾਂ ਦੌਰਾਨ ਤਾਂ ਇੰਝ ਲੱਗਿਆ ਕਿ ਮੈਚ ਨਹੀਂ, ਯੁੱਧ ਚੱਲ ਰਿਹਾ ਹੈ। ਖਿਡਾਰੀ ਬਾਲ ਨਾਲ ਘੱਟ ਤੇ ਜ਼ਿਆਦਾ ਇਕ-ਦੂਜੇ ਨਾਲ ਖੁੱਲ੍ਹੀ ਕਬੱਡੀ ਦੀ ਖੇਡ ਵਾਂਗ ਖੇਡ ਰਹੇ ਸੀ। ਇੰਗਲੈਂਡ ਦੀ ਟੀਮ ਨੇ 55ਵੇਂ ਮਿੰਟ ’ਚ ਗੋਲ ਕਰ ਕੇ ਅਰਜਨਟਾਈਨਾ ਉਪਰ ਲੀਡ ਹਾਸਿਲ ਕਰ ਲਈ ਸੀ ਪਰ ਅਰਜਨਟੀਨਾ ਦੀ ਟੀਮ ਨੇ ਇਸ ਤੋਂ ਬਾਅਦ ਖੇਡ ਨੂੰ ਤੇਜ਼ ਕਰ ਦਿੱਤਾ ਤੇ ਮੈਚ ਦੇ 75ਵੇਂ ਮਿੰਟ ਤੋਂ ਬਾਅਦ 6 ਮਿੰਟਾਂ ’ਚ ਦੋ ਗੋਲ ਕਰ ਕੇ ਇੰਗਲੈਂਡ ਉੱਪਰ ਬੜ੍ਹਤ ਹਾਸਿਲ ਕਰ ਲਈ। ਅਰਜਨਟੀਨਾ ਮੈਚ ਜਿੱਤ ਗਿਆ। ਇੰਗਲੈਂਡ ਨੇ ਗ਼ਲਤੀ ਇਹ ਕੀਤੀ ਕਿ ਉਹ ਲੀਡ ਹਾਸਿਲ ਕਰਨ ਤੋਂ ਬਾਅਦ ਉਸ ਦੀ ਡਿਫੈਂਸਿਵ ਖੇਡ ’ਤੇ ਉਤਰ ਆਈ ਤੇ ਉਸ ਦਾ ਹਮਲਾਵਰ ਰੁੱਖ ਠੰਢਾ ਪੈ ਗਿਆ। ਦੂਸਰੇ ਪਾਸੇ ਅਰਜਨਟੀਨਾ ਨੇ ਹਮਲੇ ’ਤੇ ਹਮਲਾ ਜਾਰੀ ਰੱਖਿਆ ਤੇ ਉਸ ਦੇ ਇਹ ਨੀਤੀ ਰਾਸ ਆ ਗਈ।
ਜਿਵੇਂ ਪਹਿਲਾਂ ਵੀ ਇਕ ਆਰਟੀਕਲ ’ਚ ਜ਼ਿਕਰ ਕੀਤਾ ਜਾ ਚੁੱਕਿਆ ਹੈ ਕੇ ਇੰਗਲੈਂਡ ਤੇ ਅਰਜਨਟੀਨਾ ਦੇ ਆਪਸੀ ਰਿਸ਼ਤੇ ਵੱਡੀ ਦੁਸ਼ਮਣੀ ਵਾਲੇ ਹਨ। ਇੰਗਲੈਂਡ ਦਾ ਅਰਜਨਟੀਨਾ ਦੇ ਇਕ ਟਾਪੂ ਫਾਲਕਲੈਂਡ ’ਤੇ ਕੋਈ ਤਿੰਨ ਸਦੀਆਂ ਪੁਰਾਣਾ ਕਬਜ਼ਾ ਹੈ। ਇਸ ਟਾਪੂ ਕਰਕੇ ਇੰਗਲੈਂਡ ਤੇ ਅਰਜਨਟੀਨਾ ’ਚ 1982 ਵਿਚ ਬੜੀ ਭਿਆਨਕ ਲੜਾਈ ਹੋਈ ਸੀ। ਅਰਜਨਟੀਨਾ ਦਾ ਭਾਰੀ ਨੁਕਸਾਨ ਹੋਇਆ। ਇਸ ਦੇ ਕੋਈ 600 ਦੇ ਕਰੀਬ ਫ਼ੌਜੀ ਤੇ ਦੂਸਰੇ ਲੋਕ ਲੜਾਈ ’ਚ ਮਾਰੇ ਗਏ ਸੀ। ਅਰਜਨਟੀਨਾ ਜੰਗ ਦੇ ਮੈਦਾਨ ’ਚ ਹਾਰ ਗਿਆ ਸੀ ਪਰ 1986 ’ਚ ਉਸ ਨੇ ਇਸ ਹਾਰ ਦਾ ਬਦਲਾ ਵਰਲਡ ਕੱਪ ਵਿਚ ਇੰਗਲੈਂਡ ਨੂੰ ਹਰਾ ਕੇ ਲਿਆ ਸੀ। ਉਸ ਤੋਂ ਬਾਅਦ ਮੈਰਾਡੋਨਾ ਅਰਜਨਟੀਨਾ ਦੇ ਲੋਕਾਂ ਲਈ ਰੱਬ ਬਣ ਗਿਆ ਸੀ।
ਬੁੱਧਵਾਰ ਦੀ ਰਾਤ ਨੂੰ ਵੀ ਮਾਹੌਲ ਕੁਝ ਇਸ ਤਰ੍ਹਾਂ ਦਾ ਹੀ ਸੀ। ਅਰਜਨਟੀਨਾ ਦੇ ਲੋਕ ਦਰਸ਼ਕ ਗੈਲਰੀ ’ਚ ਇਕ ਬੈਨਰ ਵਾਰ-ਵਾਰ ਲਹਿਰਾ ਰਹੇ ਸੀ। ਉਸ ’ਤੇ ਲਿਖਿਆ ਸੀ, ‘ਲਾਸ ਮਾਲਵਿਨਾਸ ਸਨ ਆਫ ਅਰਜਨਟਾਈਨਾ।’ ਇਸ ਦਾ ਮਤਲਬ ਹੈ ਕਿ ਲਾਸ ਮਾਲਵਿਨਾਸ ਅਰਜਨਟੀਨਾ ਦਾ ਪੁੱਤ ਹੈ। ਸਪੇਨੀ ਤੇ ਅਰਜਨਟੀਨਾ ਦੇ ਲੋਕ ਫਾਕਲੈਂਡ ਟਾਪੂ ਨੂੰ ‘ਲਾਸ ਮਾਲਵਿਨਾਸ’ ਕਹਿੰਦੇ ਹਨ। ਮੈਚ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਅਰਜਨਟੀਨਾ ਦਾ ਮਿਡਫੀਲਡਰ ਜਿਓਵਾਨੀ-ਲੋ-ਸਲਸੋ ਇਹ ਬੈਨਰ ਮੈਦਾਨ ’ਚ ਲੈ ਆਇਆ। ਉਸ ਤੋਂ ਇਹ ਬੈਨਰ ਫੜ ਕੇ ਅਰਜਨਟੀਨਾ ਦੀ ਰੱਖਿਆ ਪੰਕਤੀ ਦੇ ਖਿਡਾਰੀ ਨਿਕੋਲਸ ਨੇ ਪਰ੍ਹਾਂ ਰੱਖ ਦਿੱਤਾ ਪਰ ਕੁਝ ਦੇਰ ਬਾਅਦ ਉਸ ਨੇ ਇਸ ਨੂੰ ਗਰਾਉਂਡ ’ਚ ਵਿਛਾ ਦਿੱਤਾ। ਅਰਜਨਟੀਨਾ ਦੇ ਲੋਕਾਂ ਲਈ ਤਾਂ ਇਹ ਬਹੁਤ ਵੱਡੀ ਗੱਲ ਸੀ। ਉਨ੍ਹਾਂ ਨੇ ਮੈਸੀ-ਮੈਸੀ ਦੇ ਜੈਕਾਰੇ ਛੱਡ ਕੇ ਸਟੇਡੀਅਮ ਗੂੰਜਣ ਲਾ ਦਿੱਤਾ।
ਯਾਦ ਰਹੇ ਕੇ ਟੀਮ ਦੁਬਾਰਾ ਵਰਲਡ ਕੱਪ ਵਿਚ ਕੀਤੀ ਗਈ ਰਾਜਨੀਤਕ ਗਤੀਵਿਧੀ ਦਾ ਫੀਫਾ ਸਖ਼ਤ ਨੋਟਿਸ ਲੈਂਦੀ ਹੈ। ਰਾਜਨੀਤਕ ਗੱਲ ਜਾਂ ਬੈਨਰ ਚਿੰਨ੍ਹਾਤਮਿਕ ਰੂਪ ਵਿਚ ਵੀ ਕਿਸੇ ਵੀ ਟੀਮ ਦੁਬਾਰਾ ਖੇਡ ਦੌਰਾਨ ਨਹੀਂ ਵਰਤਿਆ ਜਾ ਸਕਦਾ। ਇਸ ਸਬੰਧੀ ਫੀਫਾ ਨੇ ਨਿਯਮ ਬਣਾਏ ਹੋਏ ਹਨ। ਲੱਗਦਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਅਰਜਨਟੀਨਾ ਦੀ ਟੀਮ ਖ਼ਿਲਾਫ਼ ਕਾਰਵਾਈ ਹੋਵੇਗੀ। ਹਾਲਾਂਕਿ ਹੁਣ ਤੱਕ ਦਾ ਪ੍ਰਭਾਵ ਇਹੀ ਹੈ ਕਿ ਫੀਫਾ ਦੇ ਅਧਿਕਾਰੀਆਂ ਨੇ ਇਸ ਵਰਲਡ ਕੱਪ ਵਿਚ ਅਰਜਨਟੀਨਾ ਪ੍ਰਤੀ ਰੁਖ਼ ਨਰਮ ਰੱਖਿਆ ਹੈ।
ਖ਼ੈਰ ਹਾਲ ਦੀ ਘੜੀ ਮੈਸੀ ਦੀ ਚੜ੍ਹ ਮਚੀ ਹੈ। ਫਰਾਂਸ ਫਾਈਨਲ ਮੁਕਬਾਲੇ ਤੋਂ ਬਾਹਰ ਹੋ ਗਿਆ ਪਰ ਫਰਾਂਸ ਦੇ ਐਮਬਾਪੇ ਨੇ ਇਕ ਮੈਚ ਹੋਰ ਖੇਡਣਾ ਹੈ, ਉਹ ਹੈ ਤੀਜੇ ਸਥਾਨ ਲਈ ਮੈਚ। ਉਹ ਮੈਸੀ ਨਾਲ ਗੋਲਡਨ ਬੂਟ ਦਾ ਦਾਅਵੇਦਾਰ ਹੈ। ਗੋਲਡਨ ਬੂਟ ਉਸ ਖਿਡਾਰੀ ਨੂੰ ਮਿਲਦਾ ਹੈ, ਜੋ ਵਰਲਡ ਕੱਪ ਵਿਚ ਸਭ ਤੋਂ ਵੱਧ ਗੋਲ ਕਰਦਾ ਹੈ ਤੇ ਕਰਵਾਉਣ ’ਚ ਮਦਦ ਕਰਦਾ ਹੈ। ਮੈਸੀ ਤੇ ਐਮਬਾਪੇ ਦੋਵੇਂ ਹੀ ਅੱਠ-ਅੱਠ ਗੋਲ ਕਰ ਕੇ ਇਸ ਵੇਲੇ ਗੋਲਾਂ ਦੇ ਹਿਸਾਬ ਨਾਲ ਬਰਾਬਰੀ ’ਤੇ ਹਨ। ਜੇ ਮੈਸੀ ਨੇ ਫਾਈਨਲ ਵਿਚ ਸਪੇਨ ਖ਼ਿਲਾਫ਼ ਗੋਲ਼ ਕਰ ਦਿੱਤਾ ਤਾਂ ਫਿਰ ਗੋਲਡਨ ਬੂਟ ਉਸ ਦਾ ਹੋ ਹੀ ਜਾਵੇਗਾ। ਜੇ ਮੈਸੀ ਤੋਂ ਗੋਲ ਨਾ ਹੋਇਆ ਤਾਂ ਐਮਬਾਪੇ ਨੇ ਤੀਜੇ ਸਥਾਨ ਲਈ ਖੇਡੇ ਜਾਣ ਵਾਲੇ ਮੈਚ ’ਚ ਇੰਗਲੈਂਡ ਖ਼ਿਲਾਫ਼ ਗੋਲ ਕਰ ਦਿੱਤਾ ਤਾਂ ਗੋਲਡਨ ਬੂਟ ਉਸ ਨੂੰ ਮਿਲ ਸਕਦਾ ਹੈ।
ਹੁਣ ਮੈਸੀ ਤੇ ਯਮਾਲ ਵਿਚਕਾਰ ਫੀਫਾ ਵਰਲਡ ਕੱਪ ਦੇ ਫਾਈਨਲ ਮੈਚ ’ਚ ਹੋਣ ਵਾਲੇ ਪ੍ਰਦਰਸ਼ਨ ਦੀ ਗੱਲ ਚੱਲ ਰਹੀ ਹੈ। ਅਠਾਰਾਂ ਸਾਲ ਦਾ ਯਮਾਲ ਫਾਈਨਲ ’ਚ ਆਪਣੀ ਟੀਮ ਸਪੇਨ ਵੱਲੋਂ ਮੈਦਾਨ ਵਿਚ ਉਤਰੇਗਾ। ਉਹ 16 ਸਾਲ ਦੀ ਉਮਰ ’ਚ ਹੀ ਯੂਰਪੀਅਨ ਫੱਟਬਾਲ ਚੈਂਪੀਅਨ ਬਣ ਗਿਆ ਸੀ ਤੇ ਉਸ ਨੇ ਫਾਈਨਲ ’ਚ ਸਪੇਨ ਨੂੰ ਇਹ ਚੈਂਪੀਅਨਸ਼ਿਪ ਜਿੱਤਣ ਵਿਚ ਵੱਡੀ ਮਦਦ ਕੀਤੀ ਸੀ। ਆਪਣੇ ਇਸ ਪਹਿਲੇ ਵਰਲਡ ਕੱਪ ਵਿਚ ਉਹ ਜ਼ਿਆਦਾ ਗੋਲ ਨਹੀਂ ਕਰ ਸਕਿਆ ਪਰ ਲੋਕ ਉਸ ਦੀ ਖੇਡ ਨੂੰ ਦੇਖ ਕੇ ਦੰਗ ਰਹਿ ਜਾਂਦੇ। ਉਹ ਘਾਗ ਤੋਂ ਘਾਗ ਫੁੱਲਬੈਕਾਂ ਦੇ ਗੇੜੇ ਖਵਾ ਦਿੰਦਾ ਹੈ ਤੇ ਉਨ੍ਹਾਂ ਨੂੰ ਅਜਿਹੀ ਘਚਾਨੀ ਦਿੰਦਾ ਹੈ ਕਿ ਲੋਕ ਅਸ਼-ਅਸ਼ ਕਰ ਉੱਠਦੇ ਹਨ। ਯਮਾਲ ਵਰਗੇ ਖਿਡਾਰੀ ਇਸ ਖੇਡ ਨੂੰ ਖ਼ੂਬਸੂਰਤ ਬਣਾਉਂਦੇ ਹਨ ਤੇ ਲੋਕ ਇਸ ਦਾ ਲੁਤਫ਼ ਉਠਾਉਂਦੇ ਹਨ। ਕਈ ਅਜਿਹੇ ਖਿਡਾਰੀ ਵੀ ਹਨ, ਜੋ ਚੰਗੇ ਖਿਡਾਰੀਆਂ ਨੂੰ ਸੱਟ ਮਾਰਨ ਦੀ ਮਨਸ਼ਾ ਨਾਲ ਮੈਦਾਨ ’ਚ ਉਤਰਦੇ ਨੇ। ਇਰਲਿੰਗ ਹਾਲੈਂਡ ਨਾਲ ਇਹੀ ਹੋਇਆ। ਕਈ ਖਿਡਾਰੀ ਤਾ ਉਸ ਦੀ ਜਰਸੀ ਨੂੰ ਫੜ ਕੇ ਹੀ ਉਸ ਨੂੰ ਟੈੱਕਲ ਕਰਦੇ ਵੇਖੇ ਗਏ। ਸੋ ਸਭ ਦੀ ਨਜ਼ਰ ਇਸ ਵੇਲੇ ਯਮਾਲ ਤੇ ਮੈਸੀ ’ਤੇ ਹੈ।
ਸ਼ਨਿਚਰਵਾਰ ਸਵੇਰੇ ਹੋਵੇਗਾ ਤੀਸਰੇ ਸਥਾਨ ਲਈ ਮੁਕਾਬਲਾ
ਫਾਈਨਲ ਤੋਂ ਪਹਿਲਾਂ ਤੀਸਰੇ ਸਥਾਨ ਲਈ ਮੁਕਾਬਲਾ ਫਰਾਂਸ ਤੇ ਇੰਗਲੈਂਡ ਦੀ ਟੀਮ ਵਿਚਕਾਰ ਸ਼ਨਿਚਰਵਾਰ ਨੂੰ ਸਵੇਰੇ ਹੋਵੇਗਾ ਤੇ ਵਰਲਡ ਕੱਪ ਲਈ ਫਾਈਨਲ ਮੁਕਾਬਲਾ ਅੱਧੀ ਰਾਤ ਤੋਂ ਬਾਅਦ 12.30 ਮਿੰਟ ’ਤੇ (ਭਾਰਤੀ ਸਮੇ ਅਨੁਸਾਰ ਸੋਮਵਾਰ ਨੂੰ ਸਵੇਰੇ) ਸ਼ੁਰੂ ਹੋਵੇਗਾ। ਅਸਲ ਵਿਚ ਤੀਜੇ ਸਥਾਨ ਲਈ ਖੇਡਣ ਵਾਲੀਆਂ ਟੀਮਾਂ ’ਚ ਕੋਈ ਜ਼ਿਆਦਾ ਉਤਸ਼ਾਹ ਨਹੀਂ ਹੁੰਦਾ ਕਿਉਂਕਿ ਤੀਜੇ ਸਥਾਨ ਵਾਲੀਆਂ ਟੀਮਾਂ ਦੇ ਫਾਈਨਲ ’ਚ ਖੇਡਣ ਦਾ ਸੁਪਨਾ ਇਕ-ਦੋ ਦਿਨ ਪਹਿਲਾਂ ਹੀ ਸੈਮੀਫਾਈਨਲ ’ਚ ਚਕਨਾਚੂਰ ਹੋਇਆ ਹੁੰਦਾ ਹੈ।
ਵਰਲਡ ਕੱਪ ਖ਼ਤਮ ਹੋਣ ਉਪਰੰਤ ਫੀਫਾ ਤਿੰਨ ਵੱਡੇ ਇਨਾਮ ਦਿੰਦੀ ਹੈ। ਗੋਲਡਨ ਬੂਟ, ਗੋਲਡਨ ਗਲੋਬ ਤੇ ਗੋਲਡਨ ਬਾਲ। ਗੋਲਡਨ ਬੂਟ ਕਿਸ ਨੂੰ ਮਿਲਦਾ ਹੈ, ਇਸ ਦਾ ਜ਼ਿਕਰ ਉੱਪਰ ਹੋ ਚੁੱਕਿਆ ਹੈ। ਗੋਲਡਨ ਗਲੋਬ ਟੂਰਨਾਮੈਂਟ ਦੇ ਵਧੀਆ ਗੋਲਕੀਪਰ ਨੂੰ ਮਿਲਦਾ ਹੈ ਤੇ ਗੋਲਡਨ ਬਾਲ ਵਧੀਆ ਖਿਡਾਰੀ ਨੂੰ ਮਿਲਦੀ ਹੈ। ਇਹ ਇਨਾਮਾਂ ਦਾ ਫ਼ੈਸਲਾ ਫੀਫਾ ਵੱਲੋਂ ਸਥਾਪਿਤ ਕਮੇਟੀ ਕਰਦੀ ਹੈ। ਸ਼ਾਇਦ ਇਸ ਵਾਰ ਵਧੀਆ ਗੋਲਕੀਪਰ ਦੇ ਇਨਾਮ ਕੇਪ ਵਰਦੇ ਦੀ ਟੀਮ ਦੇ ਗੋਲ਼ ਕੀਪਰ ਵਜਨੀਹੋ ਨੂੰ ਮਿਲ ਜਾਵੇ। ਭਾਵੇਂ ਉਸ ਦੀ ਟੀਮ ਕੁਆਰਟਰ ਫਾਈਨਲ ਵਿਚ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ ਪਰ ਵਜਨੀਹੋ ਇਸ ਵਰਲਡ ਕੱਪ ’ਤੇ ਆਪਣੀ ਛਾਪ ਛੱਡ ਕੇ ਗਿਆ ਹੈ। ਸੱਚ ਤਾਂ ਇਹ ਹੈ ਇਸ ਕੱਪ ’ਚ 4-5 ਗੋਲ ਕੀਪਰਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।
- ਸਰਬਜੀਤ ਧਾਲੀਵਾਲ