ਭਾਰਤ ਨਾਲ ਟੱਕਰ ਲੈਣੀ ਪਾਕਿਸਤਾਨ ਨੂੰ ਪਈ ਮਹਿੰਗੀ! ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਹੋਇਆ ਬਾਹਰ, ਬੰਗਲਾਦੇਸ਼ ਨੂੰ ਮਿਲੀ ਐਂਟਰੀ
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਦਕਿ ਫਾਈਨਲ ਮੁਕਾਬਲਾ 5 ਨਵੰਬਰ ਨੂੰ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਤੋਂ ਇਲਾਵਾ ਮਲੇਸ਼ੀਆ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ।
Publish Date: Fri, 09 Oct 2026 01:58 PM (IST)
Updated Date: Fri, 09 Oct 2026 02:00 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਨੇ ਭਾਰਤ 'ਚ ਹੋਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਆਪਣੇ ਮੈਚ ਨਿਊਟ੍ਰਲ ਵੈਨਿਊ 'ਤੇ ਕਰਵਾਉਣ ਦੀ ਮੰਗ ਕੀਤੀ ਸੀ। ਹਾਲਾਂਕਿ, ਭਾਰਤ ਨੇ ਪਾਕਿਸਤਾਨ ਦੀ ਇਸ ਮੰਗ ਨੂੰ ਠੁਕਰਾ ਦਿੱਤਾ, ਜਿਸ ਕਾਰਨ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਹੁਣ ਉਸ ਦੀ ਥਾਂ ਬੰਗਲਾਦੇਸ਼ ਨੂੰ ਟੂਰਨਾਮੈਂਟ 'ਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਨੇ ਠੁਕਰਾਈ ਪਾਕਿਸਤਾਨ ਦੀ ਮੰਗ
ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਨੇ ਏਸ਼ੀਅਨ ਹਾਕੀ ਫੈਡਰੇਸ਼ਨ (AHF) ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਭਾਰਤ ਤੋਂ ਬਾਹਰ ਕਰਵਾਉਣ ਦੀ ਮੰਗ ਕੀਤੀ ਸੀ। ਪਰ ਭਾਰਤ ਨੇ ਨਿਊਟ੍ਰਲ ਵੈਨਿਊ 'ਤੇ ਮੈਚ ਕਰਵਾਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ।
ਭਾਰਤ ਦਾ ਕਹਿਣਾ ਹੈ ਕਿ ਟੂਰਨਾਮੈਂਟ ਦਾ ਆਯੋਜਨ ਤੈਅ ਸ਼ਡਿਊਲ ਮੁਤਾਬਕ ਹੀ ਹੋਵੇਗਾ। ਦੂਜੇ ਪਾਸੇ, ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਲਈ ਖਿਡਾਰੀਆਂ ਦਾ ਸਨਮਾਨ ਅਤੇ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਭਾਰਤ ਵੱਲੋਂ ਆਪਣਾ ਰੁਖ਼ ਸਪੱਸ਼ਟ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਨੂੰ ਟੂਰਨਾਮੈਂਟ 'ਚ ਸ਼ਾਮਲ ਕਰ ਲਿਆ ਗਿਆ ਹੈ।
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਚੈਂਪੀਅਨਜ਼ ਟਰਾਫੀ
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਦਕਿ ਫਾਈਨਲ ਮੁਕਾਬਲਾ 5 ਨਵੰਬਰ ਨੂੰ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਤੋਂ ਇਲਾਵਾ ਮਲੇਸ਼ੀਆ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ।
ਚੈਂਪੀਅਨਜ਼ ਟਰਾਫੀ ਦੇ ਮੈਚ ਜਲੰਧਰ ਅਤੇ ਮੋਹਾਲੀ 'ਚ ਖੇਡੇ ਜਾਣਗੇ। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ 'ਚ ਸਾਰੇ ਲੀਗ ਮੈਚ ਕਰਵਾਏ ਜਾਣਗੇ। ਉੱਥੇ ਹੀ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਇੰਟਰਨੈਸ਼ਨਲ ਹਾਕੀ ਸਟੇਡੀਅਮ 'ਚ ਨਾਕਆਊਟ ਮੁਕਾਬਲੇ ਹੋਣਗੇ।
ਏਸ਼ੀਅਨ ਚੈਂਪੀਅਨਜ਼ ਟਰਾਫੀ 'ਚ ਭਾਰਤ ਦਾ ਰਿਹਾ ਹੈ ਦਬਦਬਾ
ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਸਾਲ 2011 'ਚ ਹੋਈ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਟੂਰਨਾਮੈਂਟ 'ਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਭਾਰਤ ਹੁਣ ਤੱਕ ਪੰਜ ਵਾਰ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ ਜਿੱਤ ਚੁੱਕਾ ਹੈ। ਇਸ ਤੋਂ ਇਲਾਵਾ, ਸਾਲ 2018 'ਚ ਮੀਂਹ ਕਾਰਨ ਫਾਈਨਲ ਰੱਦ ਹੋਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਨੇ ਸਾਂਝੇ ਤੌਰ 'ਤੇ ਟਰਾਫੀ ਜਿੱਤੀ ਸੀ।
ਭਾਰਤ ਪਿਛਲੇ ਦੋ ਐਡੀਸ਼ਨਾਂ ਤੋਂ ਆਪਣੇ ਖ਼ਿਤਾਬ ਦਾ ਬਚਾਅ ਕਰਦਾ ਆ ਰਿਹਾ ਹੈ। ਪਿਛਲੇ ਸਾਲ ਭਾਰਤੀ ਟੀਮ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ ਸੀ। ਪ੍ਰਸ਼ੰਸਕਾਂ ਨੂੰ ਇਸ ਵਾਰ ਵੀ ਭਾਰਤ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਲਗਾਤਾਰ ਚੌਥੀ ਵਾਰ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਟੂਰਨਾਮੈਂਟ 'ਚ ਉਤਰੇਗੀ।