- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫ-46 ਕੈਟੇਗਰੀ ਉਨ੍ਹਾਂ ਖਿਡਾਰੀਆਂ ਲਈ ਹੁੰਦੀ ਹੈ, ਜਿਨ੍ਹਾਂ ਦੀ ਇੱਕ ਬਾਂਹ ਵਿੱਚ ਕੂਹਣੀ ਤੋਂ ਉੱਪਰ ਜਾਂ ਹੇਠਾਂ ਤੱਕ ਅੰਗ ਕੱਟਿਆ ਹੋਇਆ ਹੋਵੇ ਜਾਂ ਬਾਂਹ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਸਰੀਰਕ ਅਪੰਗਤਾ ਹੋਵੇ।

ਸਪੋਰਟਸ ਡੈਸਕ, ਨਵੀਂ ਦਿੱਲੀ: ਏਸ਼ੀਅਨ ਪੈਰਾ ਗੇਮਜ਼ ਵਿੱਚ ਬੁੱਧਵਾਰ ਨੂੰ ਸ਼ਾਟ ਪੁੱਟ ਐੱਫ-46 ਦੇ ਪੁਰਸ਼ ਫਾਈਨਲ ਵਿੱਚ ਭਾਰਤੀ ਖਿਡਾਰੀਆਂ ਦਾ ਇਤਿਹਾਸਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਨੇ ਪੂਰੇ ਪੋਡੀਅਮ 'ਤੇ ਕਬਜ਼ਾ ਕਰ ਲਿਆ। ਸਚਿਨ ਖਿਲਾਰੀ ਨੇ ਗੋਲਡ ਮੈਡਲ ਜਿੱਤਿਆ।
ਸਚਿਨ ਤੋਂ ਇਲਾਵਾ ਮੁਹੰਮਦ ਯਾਸਿਰ ਨੇ ਸਿਲਵਰ ਅਤੇ ਪ੍ਰਵੀਣ ਨੇ ਬ੍ਰੌਂਜ਼ ਮੈਡਲ ਆਪਣੇ ਨਾਂ ਕੀਤੇ। ਇਸ ਦੌਰਾਨ ਸਚਿਨ ਨੇ ਆਪਣੇ ਥਰੋਅ ਨਾਲ ਸ਼ਾਟ ਪੁੱਟ ਵਿੱਚ ਪੈਰਾ ਗੇਮਜ਼ ਦਾ ਨਵਾਂ ਰਿਕਾਰਡ ਵੀ ਬਣਾਇਆ।
ਸਚਿਨ ਨੇ ਬਣਾਇਆ ਪੈਰਾ ਗੇਮਜ਼ ਦਾ ਰਿਕਾਰਡ
ਸਚਿਨ ਦੇ ਸਾਰੇ ਥਰੋਅ 15 ਮੀਟਰ ਤੋਂ ਵੱਧ ਦੂਰ ਗਏ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਥਰੋਅ 15.87 ਮੀਟਰ ਰਿਹਾ। ਇਸ ਦੇ ਨਾਲ ਹੀ ਸਚਿਨ ਨੇ ਖੇਡਾਂ ਦਾ ਨਵਾਂ ਰਿਕਾਰਡ ਵੀ ਕਾਇਮ ਕਰ ਦਿੱਤਾ। ਸਚਿਨ ਨੇ ਆਪਣੇ ਆਖ਼ਰੀ ਯਤਨ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਥਰੋਅ ਸੁੱਟ ਕੇ ਇਤਿਹਾਸ ਰਚ ਦਿੱਤਾ।
ਸਚਿਨ ਦੇ ਸਾਥੀ ਯਾਸਿਰ ਨੇ ਤੀਜੇ ਯਤਨ ਵਿੱਚ 15.06 ਮੀਟਰ ਦੂਰ ਥਰੋਅ ਸੁੱਟ ਕੇ ਸਿਲਵਰ ਮੈਡਲ ਜਿੱਤਿਆ, ਜਦਕਿ ਪ੍ਰਵੀਣ 14.94 ਮੀਟਰ ਦੇ ਥਰੋਅ ਨਾਲ ਤੀਜੇ ਸਥਾਨ 'ਤੇ ਰਹੇ ਅਤੇ ਉਨ੍ਹਾਂ ਨੇ ਬ੍ਰੌਂਜ਼ ਮੈਡਲ ਆਪਣੇ ਨਾਂ ਕੀਤਾ।
ਸਚਿਨ ਦਾ ਜੈਵਲਿਨ ਤੋਂ ਸ਼ਾਟ ਪੁੱਟ ਤੱਕ ਦਾ ਸਫ਼ਰ
ਮਹਾਰਾਸ਼ਟਰ ਨਾਲ ਸਬੰਧਤ ਸਚਿਨ ਨੂੰ ਫਿਟਨੈੱਸ ਅਭਿਆਸ ਦੌਰਾਨ ਕੋਚ ਅਰਵਿੰਦ ਚਵਾਨ ਨੇ ਦੇਖਿਆ ਸੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਸਚਿਨ ਨੂੰ ਡਿਸਕਸ ਥਰੋਅ ਅਤੇ ਜੈਵਲਿਨ ਥਰੋਅ ਦੀ ਸਿਖਲਾਈ ਦਿੱਤੀ। ਇਸ ਤੋਂ ਬਾਅਦ ਸਾਲ 2012 ਵਿੱਚ ਆਲ ਇੰਡੀਆ ਯੂਨੀਵਰਸਿਟੀ ਸਟੇਟ ਚੈਂਪੀਅਨਸ਼ਿਪ ਵਿੱਚ ਸਚਿਨ ਨੇ ਗੋਲਡ ਮੈਡਲ ਜਿੱਤਿਆ ਸੀ।
ਸਚਿਨ ਨੇ ਫਿਰ ਸਾਲ 2017 ਵਿੱਚ ਜੈਪੁਰ ਵਿਖੇ ਹੋਈ ਪੈਰਾ ਨੈਸ਼ਨਲਜ਼ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਆਪਣੇ ਨਾਂ ਕੀਤਾ। ਪਰ ਨੈਸ਼ਨਲ ਚੈਂਪੀਅਨ ਬਣਨ ਤੋਂ ਬਾਅਦ ਮੋਢੇ 'ਤੇ ਲੱਗੀ ਸੱਟ ਕਾਰਨ ਉਨ੍ਹਾਂ ਨੇ ਖੇਡ ਛੱਡਣ ਬਾਰੇ ਸੋਚਿਆ ਸੀ। ਅਜਿਹੇ ਸਮੇਂ ਵਿੱਚ ਰਾਸ਼ਟਰੀ ਕੋਚ ਸਤਿਆ ਨਾਰਾਇਣ ਨੇ ਉਨ੍ਹਾਂ ਨੂੰ ਸ਼ਾਟ ਪੁੱਟ ਵਿੱਚ ਖੇਡਣ ਦੀ ਸਲਾਹ ਦਿੱਤੀ।
ਇਸ ਤੋਂ ਬਾਅਦ ਸਚਿਨ ਨੇ ਸ਼ਾਟ ਪੁੱਟ ਵਿੱਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਾਂ ਦਾ ਰਿਕਾਰਡ ਤੋੜ ਕੇ ਗੋਲਡ ਮੈਡਲ ਜਿੱਤਣ ਦੇ ਨਾਲ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ।
ਐੱਫ-46 ਕੈਟੇਗਰੀ ਕੀ ਹੈ?
ਐੱਫ-46 ਕੈਟੇਗਰੀ ਉਨ੍ਹਾਂ ਖਿਡਾਰੀਆਂ ਲਈ ਹੁੰਦੀ ਹੈ, ਜਿਨ੍ਹਾਂ ਦੀ ਇੱਕ ਬਾਂਹ ਵਿੱਚ ਕੂਹਣੀ ਤੋਂ ਉੱਪਰ ਜਾਂ ਹੇਠਾਂ ਤੱਕ ਅੰਗ ਕੱਟਿਆ ਹੋਇਆ ਹੋਵੇ ਜਾਂ ਬਾਂਹ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਸਰੀਰਕ ਅਪੰਗਤਾ ਹੋਵੇ।
ਇਸ ਕੈਟੇਗਰੀ ਦੇ ਖਿਡਾਰੀ ਖੜ੍ਹੇ ਹੋ ਕੇ ਹੀ ਮੁਕਾਬਲੇ ਵਿੱਚ ਹਿੱਸਾ ਲੈਂਦੇ ਹਨ ਅਤੇ ਨੇਜ਼ਾ ਜਾਂ ਗੋਲਾ ਸੁੱਟਣ ਵਰਗੇ ਮੁਕਾਬਲਿਆਂ ਦੌਰਾਨ ਤਾਕਤ ਲਗਾਉਣ ਲਈ ਆਪਣੀ ਕਮਰ ਅਤੇ ਲੱਤਾਂ ਦੀ ਸ਼ਕਤੀ ਦੀ ਵਰਤੋਂ ਕਰਦੇ ਹਨ।