Asian Para Games 'ਚ ਮੋਨਾ ਅਗਰਵਾਲ ਦਾ ਧਮਾਕਾ ! ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨ ਤਮਗਾ, ਅਵਨੀ ਲੇਖਰਾ ਤਮਗੇ ਤੋਂ ਖੁੰਝੀ
ਮੋਨਾ ਨੇ 357.5 ਅੰਕਾਂ ਦੇ ਸਕੋਰ ਨਾਲ ਵਿਸ਼ਵ ਰਿਕਾਰਡ ਬਣਾਇਆ ਅਤੇ ਸੋਨ ਤਮਗੇ 'ਤੇ ਕਬਜ਼ਾ ਕੀਤਾ। ਚੀਨ ਦੀ ਸੂਈਪਿੰਗ ਝਾਂਗ ਦੂਜੇ ਸਥਾਨ 'ਤੇ ਰਹੀ। ਉਹ ਭਾਰਤੀ ਨਿਸ਼ਾਨੇਬਾਜ਼ ਤੋਂ 3.8 ਅੰਕ ਪਿੱਛੇ ਰਹੀ। ਇਸ ਤੋਂ ਪਹਿਲਾਂ ਮੋਨਾ ਨੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਮੁਕਾਬਲੇ 'ਚ ਵੀ ਸੋਨ ਤਮਗਾ ਜਿੱਤਿਆ ਸੀ।
Publish Date: Fri, 23 Oct 2026 01:44 PM (IST)
Updated Date: Fri, 23 Oct 2026 01:46 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਦੀ ਨਿਸ਼ਾਨੇਬਾਜ਼ ਮੋਨਾ ਅਗਰਵਾਲ ਨੇ ਆਈਚੀ-ਨਾਗੋਯਾ ਪੈਰਾ ਏਸ਼ੀਅਨ ਖੇਡਾਂ 'ਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਇਨ੍ਹਾਂ ਖੇਡਾਂ 'ਚ ਉਸ ਦਾ ਦੂਜਾ ਸੋਨ ਤਮਗਾ ਹੈ। ਮੋਨਾ ਨੇ ਸ਼ੁੱਕਰਵਾਰ ਨੂੰ 50 ਮੀਟਰ ਰਾਈਫਲ 3 ਪੋਜ਼ੀਸ਼ਨ ਮੁਕਾਬਲੇ 'ਚ ਸੋਨ ਤਮਗਾ ਆਪਣੇ ਨਾਂ ਕੀਤਾ।
ਮੋਨਾ ਨੇ 357.5 ਅੰਕਾਂ ਦੇ ਸਕੋਰ ਨਾਲ ਵਿਸ਼ਵ ਰਿਕਾਰਡ ਬਣਾਇਆ ਅਤੇ ਸੋਨ ਤਮਗੇ 'ਤੇ ਕਬਜ਼ਾ ਕੀਤਾ। ਚੀਨ ਦੀ ਸੂਈਪਿੰਗ ਝਾਂਗ ਦੂਜੇ ਸਥਾਨ 'ਤੇ ਰਹੀ। ਉਹ ਭਾਰਤੀ ਨਿਸ਼ਾਨੇਬਾਜ਼ ਤੋਂ 3.8 ਅੰਕ ਪਿੱਛੇ ਰਹੀ। ਇਸ ਤੋਂ ਪਹਿਲਾਂ ਮੋਨਾ ਨੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਮੁਕਾਬਲੇ 'ਚ ਵੀ ਸੋਨ ਤਮਗਾ ਜਿੱਤਿਆ ਸੀ।
ਅਵਨੀ ਲੇਖਰਾ ਨੇ ਕੀਤਾ ਨਿਰਾਸ਼, ਤਮਗੇ ਤੋਂ ਖੁੰਝੀ
ਇਸੇ ਮੁਕਾਬਲੇ 'ਚ ਹਿੱਸਾ ਲੈ ਰਹੀ ਪੈਰਾਲੰਪਿਕ ਤਮਗਾ ਜੇਤੂ ਅਵਨੀ ਲੇਖਰਾ ਬੇਹੱਦ ਕਰੀਬ ਪਹੁੰਚਣ ਦੇ ਬਾਵਜੂਦ ਤਮਗਾ ਜਿੱਤਣ 'ਚ ਨਾਕਾਮ ਰਹੀ। ਉਹ ਚੌਥੇ ਸਥਾਨ 'ਤੇ ਰਹੀ। ਪ੍ਰੋਨ ਪੋਜ਼ੀਸ਼ਨ ਤੋਂ ਬਾਅਦ ਅਵਨੀ ਚੋਟੀ ਦੇ ਦੋ ਨਿਸ਼ਾਨੇਬਾਜ਼ਾਂ 'ਚ ਸ਼ਾਮਲ ਸੀ, ਪਰ ਸਟੈਂਡਿੰਗ ਸੀਰੀਜ਼ ਦੌਰਾਨ ਉਹ ਪਿੱਛੇ ਰਹਿ ਗਈ।
ਅਵਨੀ ਨੇ ਇਸ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਤੀਰਅੰਦਾਜ਼ੀ 'ਚ ਖੁੰਝਿਆ ਕਾਂਸੀ ਦਾ ਤਮਗਾ
ਦੂਜੇ ਪਾਸੇ, ਤੀਰਅੰਦਾਜ਼ੀ 'ਚ ਭਾਰਤ ਦੇ ਹੱਥ ਕਾਂਸੀ ਦਾ ਤਮਗਾ ਲੱਗ ਸਕਦਾ ਸੀ, ਪਰ ਹਰਵਿੰਦਰ ਸਿੰਘ ਅਤੇ ਭਾਵਨਾ ਚੌਧਰੀ ਦੀ ਪੈਰਾ ਰਿਕਰਵ ਮਿਕਸਡ ਟੀਮ ਨੂੰ ਰੋਮਾਂਚਕ ਮੁਕਾਬਲੇ 'ਚ ਈਰਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੂੰ 4-5 ਦੇ ਫ਼ਰਕ ਨਾਲ ਕਰੀਬੀ ਹਾਰ ਮਿਲੀ। ਇਸ ਤਰ੍ਹਾਂ ਭਾਰਤੀ ਜੋੜੀ ਦੇ ਹੱਥੋਂ ਤਮਗਾ ਜਿੱਤਣ ਦਾ ਮੌਕਾ ਨਿਕਲ ਗਿਆ।