ਪਟਿਆਲਾ ਨੂੰ ਹਰਾ ਕੇ ਮੋਹਾਲੀ ਦੀ ਕ੍ਰਿਕਟ ਟੀਮ ਲਗਾਤਰ ਛੇਵੀਂ ਵਾਰ ਰਾਜ ਜੇਤੂ ਬਣੀ, ਸਾਫ਼ਟ ਟੈਨਿਸ ਮੁਕਾਬਲੇ 'ਚ ਦੂਜੇ ਸਥਾਨ ‘ਤੇ
ਫੇਜ਼ 5 ਦੇ ਮਿਲੇਨੀਅਮ ਸਕੂਲ 'ਚ ਹੋਏ ਸਾਫ਼ਟ ਟੈਨਿਸ ਦੇ 14 ਸਾਲ ਵਰਗ ਦੇ ਮੁੁੰਡਿਆਂ ਦਾ ਫਾਈਨਲ 'ਚ ਜਲੰਧਰ ਦੀ ਟੀਮ ਨੇ ਮੋਹਾਲੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਜਦਕਿ ਮੋਹਾਲੀ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।
Publish Date: Sat, 03 Oct 2026 03:20 PM (IST)
Updated Date: Sat, 03 Oct 2026 03:24 PM (IST)
ਰਣਜੀਤ ਸਿੰਘ ਰਾਣਾ ਪੰਜਾਬੀ ਜਾਗਰਣ ਮੋਹਾਲੀ : ਇੱਥੇ ਚੱਲ ਰਹੀਆਂ ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਮੁਕੰਮਲ ਹੋਏ ਕੁੜੀਆਂ ਦੇ 17 ਸਾਲ ਵਰਗ ਦੇ ਕੁੜੀਆਂ ਦੇ ਕ੍ਰਿਕਟ ਮੁਕਾਬਲੇ ਤੇ 14 ਸਾਲ ਵਰਗ ਦੇ ਮੁੰਡਿਆਂ ਦੇ ਸਾਫ਼ਟ ਟੈਨਿਸ ਮੁਕਾਬਲੇ ਮੁਕੰਮਲ ਹੋਏ। ਕ੍ਰਿਕਟ 'ਚ ਮੇਜ਼ਬਾਨ ਟੀਮ ਦਾ ਦਬਦਬਾ ਇਸ ਵਾਰ ਵੀ ਜਾਰੀ ਰਿਹਾ ਤੇ ਮੋਹਾਲੀ ਦੀਆਂ ਕੁੜੀਆ ਦੀ ਟੀਮ ਛੇਵੀਂ ਵਾਰ ਸੂਬਾ ਪੱਧਰੀ ਜੇਤੂ ਬਣੀ ਜਦਕਿ ਸਾਫ਼ਟ ਟੈਨਿਸ 'ਚ ਮੋਹਾਲੀ ਦੇ ਮੁੰਡੇ ਉਪ ਜੇਤੂ ਬਣੇ।
ਇਨ੍ਹਾਂ ਰਾਜ ਪੱਧਰੀ ਖੇਡਾਂ ਦੌਰਾਨ ਕੁੜੀਆਂ ਦੇ 17 ਸਾਲ ਵਰਗ ਦੇ ਕ੍ਰਿਕਟ ਮੈਚ ਚੱਪੜਚਿੜੀ ਦੇ ਚੈਂਪੀਅਨਜ਼ ਕ੍ਰਿਕਟ ਅਕੈਡਮੀ ਮੈਦਾਨ 'ਚ ਮੁਕੰਮਲ ਹੋਏ। ਫਾਈਨਲ ਮੈਚ ਮੋਹਾਲੀ ਤੇ ਪਟਿਆਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਮੋਹਾਲੀ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ ਛੇ ਵਿਕਟਾਂ ਗੁਆ ਕੇ 139 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਜਿਸ ਵਿਚ ਕਸ਼ਿਸ਼ ਦੀ 68 ਦੌੜਾਂ ਦੀ ਮਹੱਤਵਪੂਰਨ ਪਾਰੀ ਵੀ ਸ਼ਾਮਿਲ ਸੀ। ਪਟਿਆਲਾ ਦੀ ਹਰਨੂਰ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਜਵਾਬ ਖੇਡਦਿਆਂ ਪਟਿਆਲਾ ਦੀ ਟੀਮ 18.1 ਓਵਰਾਂ ਵਿੱਚ ਕੇਵਲ 88 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਮੋਹਾਲੀ ਟੀਮ ਵਲੋਂ ਵਧੀਆ ਗੇਂਦਬਾਜੀ ਕਰਦਿਆਂ ਸਹਿਜ ਅਤੇ ਕਸ਼ਿਸ਼ ਨੇ 3-3 ਵਿਕਟਾਂ ਲਈਆਂ। ਕੋਚ ਕ੍ਰਿਸ਼ਨ ਮਹਿਤਾ ਦੀ ਯੋਗ ਅਗਵਾਈ ਵਿੱਚ ਮੋਹਾਲੀ ਦੀ ਟੀਮ ਨੇ ਲਗਾਤਾਰ ਛੇਵੀਂ ਵਾਰ ਗੋਲਡ ਮੈਡਲ ਤੇ ਰਾਜ ਪੱਧਰੀ ਟਰਾਫ਼ੀ ਆਪਣੇ ਨਾਂ ਕੀਤੀ ਹੈ। ਇਸੇ ਦੌਰਾਨ ਤੀਜੇ ਤੇ ਚੌਥੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ 8 ਵਿਕਟਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
ਇਸੇ ਦੌਰਾਨ ਫੇਜ਼ 5 ਦੇ ਮਿਲੇਨੀਅਮ ਸਕੂਲ ਵਿੱਚ ਹੋਏ ਸਾਫ਼ਟ ਟੈਨਿਸ ਦੇ 14 ਸਾਲ ਵਰਗ ਦੇ ਮੁੁੰਡਿਆਂ ਦਾ ਫਾਈਨਲ ਵਿੱਚ ਜਲੰਧਰ ਦੀ ਟੀਮ ਨੇ ਮੋਹਾਲੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਜਦਕਿ ਮੋਹਾਲੀ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।
ਚੱਪੜਚਿੜੀ ਵਿਖੇ ਹੋਏ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਕ੍ਰਿਕਟ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਮੋਹਾਲੀ ਦੀ ਟੀਮ ਵਲੋਂ ਲਗਾਤਾਰ ਛੇਵੀਂ ਵਾਰ ਰਾਜ ਪੱਧਰੀ ਖੇਡਾਂ ਵਿੱਚ ਜਿੱਤ ਦਰਜ਼ ਕਰਕੇ ਕੌਮੀ ਖੇਡਾਂ ਵਿੱਚ ਪ੍ਰਵੇਸ਼ ਕਰਨ ਲਈ ਟੀਮ ਅਤੇ ਕੋਚ ਕ੍ਰਿਸ਼ਨ ਮਹਿਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਕੁਰ ਖਰਵੰਦਾ,ਰਵੀ ਪਾਂਡੇ,ਰਕੇਸ਼ ਕੁਮਾਰ,ਸੁਨੀਲ ਕੁਮਾਰ ਆਦਿ ਤੋਂ ਇਲਾਵਾ ਵੱਖ ਵੱਖ ਜ਼ਿਲਿ੍ਆਂ ਤੋਂ ਆਏ ਖੇਡ ਅਧਿਆਪਕ ਹਾਜ਼ਰ ਸਨ।