ਮੈਸੀ ਦੀਆਂ ਨਜ਼ਰਾਂ ਵੱਡਾ ਰਿਕਾਰਡ ਬਣਾਉਣ ’ਤੇ, ਅਰਜਨਟੀਨਾ ਦੀਆਂ ਕੁਆਰਟਰ ਫਾਈਨਲ ’ਤੇ; ਕਈ ਖਿਡਾਰੀਆਂ ਦੀ ਫਿਟਨੈੱਸ ਬਣੀ ਚਿੰਤਾ ਦਾ ਵਿਸ਼ਾ
ਫੀਫਾ ਵਿਸ਼ਵ ਕੱਪ 2026 ਦੇ ਪ੍ਰੀ-ਕੁਆਰਟਰ ਫਾਈਨਲ ’ਚ ਮੰਗਲਵਾਰ ਨੂੰ ਅਰਜਨਟੀਨਾ ਦਾ ਸਾਹਮਣਾ ਮਿਸਰ ਨਾਲ ਹੋਵੇਗਾ। ਇਸ ਮੈਚ ’ਚ ਜਿੱਥੇ ਮੌਜੂਦਾ ਚੈਂਪੀਅਨ ਟੀਮ ਦੀਆਂ ਨਜ਼ਰਾਂ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ’ਤੇ ਹੋਣਗੀਆਂ, ਉੱਥੇ ਹੀ ਸਟਾਰ ਖਿਡਾਰੀ ਲਿਓਨ ਮੇਸੀ ਕੋਲ ਵਿਸ਼ਵ ਕੱਪ ਇਤਿਹਾਸ ’ਚ ਇਕ ਹੋਰ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ।
Publish Date: Tue, 07 Jul 2026 12:28 PM (IST)
Updated Date: Tue, 07 Jul 2026 12:31 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ। ਫੀਫਾ ਵਿਸ਼ਵ ਕੱਪ 2026 ਦੇ ਪ੍ਰੀ-ਕੁਆਰਟਰ ਫਾਈਨਲ ’ਚ ਮੰਗਲਵਾਰ ਨੂੰ ਅਰਜਨਟੀਨਾ ਦਾ ਸਾਹਮਣਾ ਮਿਸਰ ਨਾਲ ਹੋਵੇਗਾ। ਇਸ ਮੈਚ ’ਚ ਜਿੱਥੇ ਮੌਜੂਦਾ ਚੈਂਪੀਅਨ ਟੀਮ ਦੀਆਂ ਨਜ਼ਰਾਂ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ’ਤੇ ਹੋਣਗੀਆਂ, ਉੱਥੇ ਹੀ ਸਟਾਰ ਖਿਡਾਰੀ ਲਿਓਨ ਮੇਸੀ ਕੋਲ ਵਿਸ਼ਵ ਕੱਪ ਇਤਿਹਾਸ ’ਚ ਇਕ ਹੋਰ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ।
ਕੇਪ ਵਰਡੇ ਖਿਲਾਫ ਪਿਛਲੇ ਮੈਚ ’ਚ ਆਪਣੇ ਗੋਲ ਨਾਲ ਮੇਸੀ ਨੇ ਇਸ ਵਿਸ਼ਵ ਕੱਪ ’ਚ 7 ਗੋਲ ਪੂਰੇ ਕਰ ਲਏ ਹਨ ਤੇ 2 ਵੱਖ-ਵੱਖ ਵਿਸ਼ਵ ਕੱਪਾਂ ’ਚ 7 ਜਾਂ ਇਸ ਤੋਂ ਵੱਧ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਹਾਲਾਂਕਿ ਫਰਾਂਸ ਦੇ ਕਾਇਲੀਅਨ ਐਮਬਾਪੇ ਨੇ ਪੈਰਾਗੁਏ ਖਿਲਾਫ ਗੋਲ ਕਰ ਕੇ ਇਸ ਕਾਰਨਾਮੇ ਦੀ ਬਰਾਬਰੀ ਕਰ ਲਈ। ਹੁਣ ਜੇਕਰ ਮੇਸੀ ਮਿਸਰ ਖਿਲਾਫ ਗੋਲ ਕਰਦਾ ਹੈ ਤਾਂ ਉਹ 1930 ਤੋਂ ਬਾਅਦ ਇੱਕ ਵਿਸ਼ਵ ਕੱਪ ’ਚ 8 ਗੋਲ ਕਰਨ ਵਾਲਾ ਦੂਜਾ ਅਰਜਨਟੀਨਾ ਦਾ ਖਿਡਾਰੀ ਬਣ ਜਾਵੇਗਾ।
39 ਸਾਲਾ ਮੇਸੀ ਜੇਕਰ ਇਸ ਮੈਚ ’ਚ ਗੋਲ ਕਰਦਾ ਹੈ ਤਾਂ ਉਹ ਵਿਸ਼ਵ ਕੱਪ ਦੇ ਪਹਿਲੇ ਪੰਜ ਮੈਚਾਂ ’ਚ ਗੋਲ ਕਰਨ ਵਾਲਾ 6ਵਾਂ ਤੇ ਪਹਿਲਾ ਅਰਜਨਟੀਨੀ ਖਿਡਾਰੀ ਬਣ ਜਾਵੇਗਾ। ਇਸ ਤੋਂ ਪਹਿਲਾਂ ਇਹ ਉਪਲੱਬਧੀ ਫਰਾਂਸ ਦੇ ਜਸਟ ਫੋਂਟੇਨ, ਬ੍ਰਾਜ਼ੀਲ ਦੇ ਜੈਰਜਿਨਹੋ, ਜਰਮਨੀ ਦੇ ਗਰਡ ਮੂਲਰ, ਬ੍ਰਾਜ਼ੀਲ ਦੇ ਰਿਵਾਲਡੋ ਤੇ ਕੋਲੰਬੀਆ ਦੇ ਜੇਮਸ ਰੋਡਰਿਗਜ਼ ਨੇ ਹਾਸਲ ਕੀਤੀ ਹੈ। ਹਾਲਾਂਕਿ ਖਿਡਾਰੀਆਂ ਦੀ ਫਿਟਨੈੱਸ ਅਰਜਨਟੀਨਾ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਫੈਕੁੰਡੋ ਮੇਡੀਨਾ, ਐਨਜ਼ੋ ਫਰਨਾਂਡੇਜ਼ ਤੇ ਨਿਕੋਲਸ ਗੋਂਜ਼ਾਲੇਜ਼ ਕੇਪ ਵਰਡੇ ਖਿਲਾਫ ਵਾਧੂ ਸਮੇਂ ਦੇ ਮੈਚ ’ਚ ਕੜਵੱਲ ਤੇ ਸੱਟਾਂ ਤੋਂ ਪੀੜਤ ਦੇਖੇ ਗਏ ਸਨ।
ਕੋਚ ਲਿਓਨ ਸਕੋਲਾਨੀ ਨੇ ਕਿਹਾ ਕਿ ਟੀਮ ’ਚ ਆਖਰੀ ਮਿੰਟਾਂ ’ਚ ਕੋਈ ਬਦਲਾਅ ਨਹੀਂ ਬਚਿਆ ਤੇ ਖਿਡਾਰੀਆਂ ਨੇ ਜਿੱਤ ਲਈ ਆਪਣੀ ਪੂਰੀ ਤਾਕਤ ਲਾਈ। ਅਰਜਨਟੀਨਾ ਨੇ ਆਪਣੇ ਪਿਛਲੇ 10 ਲਗਾਤਾਰ ਵਿਸ਼ਵ ਕੱਪ ਮੈਚਾਂ ’ਚ ਘੱਟੋ-ਘੱਟ 2 ਗੋਲ ਕੀਤੇ ਹਨ, ਜੇਕਰ ਟੀਮ ਮਿਸਰ ਖਿਲਾਫ ਵੀ ਦੋ ਜਾਂ ਵੱਧ ਗੋਲ ਕਰਦੀ ਹੈ ਤਾਂ ਇਹ 1930 ਤੋਂ 1954 ਦੇ ਵਿਚਕਾਰ ਲਗਾਤਾਰ 11 ਵਿਸ਼ਵ ਕੱਪ ਮੈਚਾਂ ’ਚ ਦੋ-ਦੋ ਗੋਲ ਕਰਨ ਦੇ ਉਰੂਗਵੇ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗੀ।
ਦੂਜੇ ਪਾਸੇ ਮਿਸਰ ਨੇ ਆਸਟ੍ਰੇਲੀਆ ਨੂੰ ਪੈਨਲਟੀ ਸ਼ੂਟਆਊਟ ’ਚ 4-2 ਨਾਲ ਹਰਾ ਕੇ ਆਖਰੀ-16 'ਚ ਪ੍ਰਵੇਸ਼ ਕੀਤਾ। ਟੀਮ ਹੁਣ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਪਹੁੰਚਣ ਵਾਲੀ ਕੈਮਰੂਨ, ਸੇਨੇਗਲ, ਘਾਨਾ ਤੇ ਮੋਰੋਕੋ ਤੋਂ ਬਾਅਦ 5ਵੀਂ ਅਫ਼ਰੀਕੀ ਟੀਮ ਬਣਨ ਦਾ ਸੁਪਨਾ ਦੇਖ ਰਹੀ ਹੈ।
ਸਟਾਰ ਖਿਡਾਰੀ ਮੁਹੰਮਦ ਸਾਲਾਹ ਨੇ ਹੈਮਸਟ੍ਰਿੰਗ ਦੀ ਸਮੱਸਿਆ ਦੇ ਬਾਵਜੂਦ ਪਿਛਲੇ ਮੈਚ ’ਚ ਪੂਰੇ 120 ਮਿੰਟ ਖੇਡੇ ਤੇ ਪੈਨਲਟੀ ਸ਼ੂਟਆਊਟ ’ਚ ਗੋਲ ਵੀ ਕੀਤਾ। ਸਾਲਾਹ ਨੇ ਇਸ ਵਿਸ਼ਵ ਕੱਪ ’ਚ 16 ਗੋਲ ਦੇ ਮੌਕੇ ਬਣਾਏ ਹਨ ਤੇ ਜੇਕਰ ਉਹ ਦੋ ਹੋਰ ਮੌਕੇ ਬਣਾਉਂਦੇ ਹਨ ਤਾਂ ਉਹ ਅਫਰੀਕੀ ਖਿਡਾਰੀਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।
ਵਿਸ਼ਵ ਕੱਪ ’ਚ ਪਹਿਲੀ ਵਾਰ ਇੱਕ-ਦੂਜੇ ਦੇ ਹੋਣਗੇ ਸਾਹਮਣੇ
ਵਿਸ਼ਵ ਕੱਪ 'ਚ ਪਹਿਲੀ ਵਾਰ ਅਰਜਨਟੀਨਾ ਤੇ ਮਿਸਰ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਆਖਰੀ ਤੇ ਇੱਕੋ-ਇੱਕ ਮੁਲਾਕਾਤ 2008 ’ਚ ਕਾਹਿਰਾ ’ਚ ਇੱਕ ਦੋਸਤਾਨਾ ਮੈਚ ਵਿੱਚ ਹੋਈ ਸੀ, ਜਿਸ ’ਚ ਅਰਜਨਟੀਨਾ ਨੇ 2-0 ਨਾਲ ਜਿੱਤ ਦਰਜ ਕੀਤੀ ਸੀ। ਮੇਸੀ ਸੱਟ ਕਾਰਨ ਉਸ ਮੈਚ ’ਚ ਨਹੀਂ ਖੇਡਿਆ ਸੀ।