- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਕੀ ਸਿਰਫ਼ ਇਕ ਖੇਡ ਨਹੀਂ ਸਗੋਂ ਸਾਡੀ ਰੂਹ ਤੇ ਵਿਰਾਸਤ ਹੈ। ਇਹ ਸ਼ਬਦ ਹਨ ਹਾਕੀ ਜਗਤ ਦੇ ਦਿੱਗਜ ਤੇ ਅਰਜੁਨ ਐਵਾਰਡੀ ਓਲੰਪੀਅਨ ਕਰਨਲ ਬਲਬੀਰ ਸਿੰਘ ਦੇ, ਜਿਨ੍ਹਾਂ ਨੇ ਪੰਜਾਬੀ ਜਾਗਰਣ ਨਾਲ ਖ਼ਾਸ ਗੱਲਬਾਤ ਦੌਰਾਨ ਹਾਕੀ ਦੇ ਸੁਨਹਿਰੀ ਇਤਿਹਾਸ, ਖ਼ਾਸ ਕਰਕੇ ਜਲੰਧਰ ਦੇ ਇਤਿਹਾਸਕ ਪਿੰਡ ਸੰਸਾਰਪੁਰ ਦੇ ਯੋਗਦਾਨ ਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ।

ਹਾਕੀ ਸਿਰਫ਼ ਇਕ ਖੇਡ ਨਹੀਂ ਸਗੋਂ ਸਾਡੀ ਰੂਹ ਤੇ ਵਿਰਾਸਤ ਹੈ। ਇਹ ਸ਼ਬਦ ਹਨ ਹਾਕੀ ਜਗਤ ਦੇ ਦਿੱਗਜ ਤੇ ਅਰਜੁਨ ਐਵਾਰਡੀ ਓਲੰਪੀਅਨ ਕਰਨਲ ਬਲਬੀਰ ਸਿੰਘ ਦੇ, ਜਿਨ੍ਹਾਂ ਨੇ ਪੰਜਾਬੀ ਜਾਗਰਣ ਨਾਲ ਖ਼ਾਸ ਗੱਲਬਾਤ ਦੌਰਾਨ ਹਾਕੀ ਦੇ ਸੁਨਹਿਰੀ ਇਤਿਹਾਸ, ਖ਼ਾਸ ਕਰਕੇ ਜਲੰਧਰ ਦੇ ਇਤਿਹਾਸਕ ਪਿੰਡ ਸੰਸਾਰਪੁਰ ਦੇ ਯੋਗਦਾਨ ਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ।
ਹਾਕੀ ਦੀ ਮੱਕਾ ਸੰਸਾਰਪੁਰ
ਸੰਸਾਰਪੁਰ ’ਚ ਹਾਕੀ ਦੇ ਆਗਾਜ਼ ਦੀਆਂ ਤੰਦਾਂ ਬ੍ਰਿਟਿਸ਼ ਕਾਲ ਨਾਲ ਜੁੜਦੀਆਂ ਹਨ। ਜਦੋਂ ਜਲੰਧਰ ’ਚ ਛਾਉਣੀ ਬਣੀ ਤੇ ਪਿੰਡ ਦੀ ਜ਼ਮੀਨ ਐਕਵਾਇਰ ਕੀਤੀ ਗਈ ਤਾਂ ਅੰਗਰੇਜ਼ਾਂ ਨੇ ਉੱਥੇ ਪਰੇਡ ਗਰਾਊਂਡ, ਟ੍ਰੇਨਿੰਗ ਏਰੀਆ ਤੇ ਖੇਡ ਦੇ ਮੈਦਾਨ ਬਣਾਏ। ਪਹਿਲੇ ਵਿਸ਼ਵ ਯੁੱਧ ਤੋਂ ਵੀ ਪਹਿਲਾਂ ਜਲੰਧਰ ਬ੍ਰਿਗੇਡ ਦੀਆਂ ਦੋ ਟੀਮਾਂ ਮਾਨਚੈਸਟਰ ਗਾਰਡੀਅਨ ਤੇ 5 ਸਿੱਖ ਰੈਜੀਮੈਂਟ ਵਿਚਕਾਰ ਸੰਸਾਰਪੁਰ ਦੀ ਮੈਦਾਨ ’ਚ ਇਕ ਪੂਰਾ ਵਿਧੀਵਤ ਮੈਚ ਖੇਡਿਆ ਗਿਆ। ਪਿੰਡ ਦੇ ਬਜ਼ੁਰਗਾਂ ਨੇ ਜਦੋਂ ਡਰੈੱਸਾਂ ਪਾ ਕੇ ਅੰਪਾਇਰਾਂ ਦੀ ਨਿਗਰਾਨੀ ’ਚ ਇਹ ਮੈਚ ਦੇਖਿਆ ਤਾਂ ਉਨ੍ਹਾਂ ਦੇ ਮਨ ਵਿਚ ਹਾਕੀ ਪ੍ਰਤੀ ਅਜਿਹਾ ਜਜ਼ਬਾ ਜਾਗਿਆ, ਜੋ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਦਾ ਗਿਆ। ਸਾਰਾ ਪਿੰਡ ਹੀ ਕਈ ਪੀੜ੍ਹੀਆਂ ਤੋਂ ਹਾਕੀ ਖੇਡਦਾ ਆ ਰਿਹਾ ਹੈ। ਭਾਵੇਂ ਹੁਣ ਸੰਸਾਰਪੁਰ ਤੋਂ ਉੱਠ ਕੇ ਕਈ ਪਰਿਵਾਰ ਦੇਸ਼-ਵਿਦੇਸ਼ ਦੇ ਵੱਖ-ਵੱਖ ਕੋਨਿਆਂ ’ਚ ਜਾ ਵਸੇ ਹਨ ਪਰ ਫਿਰ ਵੀ ਸੰਸਾਰਪੁਰ ਦੇ ਦਿਲ ’ਚ ਅੱਜ ਵੀ ਹਾਕੀ ਵੱਸਦੀ ਹੈ।
ਇੱਕੋ ਹੀ ਪਿੰਡ ਤੋਂ 14 ਓਲੰਪੀਅਨ
ਸੰਸਾਰਪੁਰ ਦਾ ਨਾਂ ਵਿਸ਼ਵ ਹਾਕੀ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਇਸ ਪਿੰਡ ਨੇ ਕੁੱਲ 14 ਓਲੰਪੀਅਨ ਦਿੱਤੇ ਹਨ, ਜਿਨ੍ਹਾਂ ਵਿਚੋਂ 9 ਨੇ ਭਾਰਤ, 4 ਨੇ ਕੀਨੀਆ ਤੇ 1 ਨੇ ਕੈਨੇਡਾ ਵੱਲੋਂ ਓਲੰਪਿਕਸ ’ਚ ਭਾਗ ਲਿਆ। 1968 ਮੈਕਸੀਕੋ ਓਲੰਪਿਕਸ ’ਚ ਜਦੋਂ ਇੱਕੋ ਹੀ ਗਲੀ ਦੇ 7 ਖਿਡਾਰੀ ਮੈਕਸੀਕੋ ਓਲੰਪਿਕਸ ਖੇਡੇ (5 ਭਾਰਤ ਵੱਲੋਂ ਅਤੇ 2 ਕੀਨੀਆ ਵੱਲੋਂ) ਤਾਂ ਪੂਰੀ ਦੁਨੀਆ ’ਚ ਧਮਾਲਾਂ ਪੈ ਗਈਆਂ ਤੇ ਵਿਸ਼ਵ ਦੇ ਨਕਸ਼ੇ ’ਤੇ ਸੰਸਾਰਪੁਰ ਦਾ ਨਾਂ ਸੁਨਹਿਰੇ ਅੱਖਰਾਂ ਵਿਚ ਸਿਰਜਿਆ ਗਿਆ। 100 ਸਾਲ ਪਹਿਲਾਂ (1926) ਜਦੋਂ ਭਾਰਤੀ ਫ਼ੌਜ ਦੀ ਟੀਮ ਪਹਿਲੀ ਵਾਰ ਨਿਊਜ਼ੀਲੈਂਡ ਦੌਰੇ ’ਤੇ ਗਈ ਸੀ, ਉਸ ਵਿਚ ਸੰਸਾਰਪੁਰ ਦੇ ਸੂਬੇਦਾਰ ਠਾਕੁਰ ਸਿੰਘ (ਜੋ ਮੇਜਰ ਧਿਆਨ ਚੰਦ ਦੇ ਨਾਲ ਖੇਡੇ) ਸ਼ਾਮਲ ਸਨ।
1966 ਏਸ਼ਿਆਈ ਖੇਡਾਂ ਬੈਂਕਾਕ ਵਿਖੇ ਪਾਕਿਸਤਾਨ ਨੂੰ ਹਰਾ ਕੇ ਜਦੋਂ ਭਾਰਤ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ’ਚ ਗੋਲਡ ਮੈਡਲ ਜਿੱਤਿਆ ਤਾਂ ਉਸ ਟੀਮ ਵਿਚ ਵੀ ਸੰਸਾਰਪੁਰ ਦੇ 4 ਖਿਡਾਰੀ ਸ਼ਾਮਲ ਸਨ। ਅੰਤਰਰਾਸ਼ਟਰੀ ਤੇ ਏਸ਼ੀਅਨ ਖੇਡਾਂ ’ਚ ਤਾਂ ਹੁਣ ਤੱਕ ਕਈ ਖਿਡਾਰੀ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ, ਜਿਸ ਦਾ ਮਾਣ ਸੰਸਾਰਪੁਰ ਦੀ ਸਰਜ਼ਮੀਨ ਨੂੰ ਹੈ।
ਤਿੰਨ ਪੀੜ੍ਹੀਆਂ ਨੇ ਖੇਡੀ ਹਾਕੀ
ਜ਼ਮੀਨਾਂ ਘੱਟ ਹੋਣ ਦੇ ਬਾਵਜੂਦ ਹਾਕੀ ਨੇ ਇਸ ਪਿੰਡ ਦੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦਿੱਤੀ। ਫ਼ੌਜ, ਪੰਜਾਬ ਪੁਲਿਸ, ਰੇਲਵੇ ਤੇ ਹੋਰ ਵਿਭਾਗਾਂ ’ਚ ਨੌਕਰੀਆਂ ਮਿਲਣ ਨਾਲ ਪਿੰਡ ਦਾ ਰਹਿਣ-ਸਹਿਣ ਬਦਲ ਗਿਆ। ਪਿੰਡ ਵਿਚ ਅਜਿਹਾ ਦੌਰ ਸੀ, ਜਦੋਂ ਲਗਾਤਾਰ ਤਿੰਨ ਪੀੜ੍ਹੀਆਂ ਨੇ ਇੱਕੋ ਸਮੇਂ ਹਾਕੀ ਖੇਡੀ। ਅੱਜ ਵੀ ਮਿੱਠਾਪੁਰ, ਜਿੱਥੋਂ ਓਲੰਪੀਅਨ ਪਰਗਟ ਸਿੰਘ ਵਰਗੇ ਦਿੱਗਜ ਨਿਕਲੇ ਤੇ ਖੁਸਰੋਪੁਰ ਵਰਗੇ ਗੁਆਂਢੀ ਪਿੰਡ ਹਾਕੀ ਦੀ ਇਸ ਮਸ਼ਾਲ ਨੂੰ ਰੋਸ਼ਨ ਰੱਖ ਰਹੇ ਹਨ।
ਖੇਡ ਦਾ ਪੱਧਰ ਸੁਧਾਰਨ ਤੇ ਨਵੀਂ ਪੀੜ੍ਹੀ ਲਈ ਸੁਝਾਅ
ਗੱਲਬਾਤ ਦੌਰਾਨ ਉਨ੍ਹਾਂ ਮੌਜੂਦਾ ਹਾਕੀ ਦੇ ਢਾਂਚੇ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ’ਚ ਹੋ ਰਹੇ ਟੂਰਨਾਮੈਂਟ ਚੰਗੀ ਸ਼ੁਰੂਆਤ ਹਨ ਪਰ ਇਨ੍ਹਾਂ ਦਾ ਮਿਆਰ ਏਸ਼ਿਆਈ ਪੱਧਰ ਤੋਂ ਵਧਾ ਕੇ ਵਿਸ਼ਵ ਪੱਧਰੀ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਛੋਟੇ ਬੱਚਿਆਂ ਤੇ ਨੌਜਵਾਨਾਂ ਨੂੰ ਵੱਡੀਆਂ ਟੀਮਾਂ ਦੇ ਮੈਚ ਦੇਖ ਕੇ ਸਿੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਜਿਸ ਤਰ੍ਹਾਂ ਓਡੀਸ਼ਾ ਤੇ ਦਿੱਲੀ ਹਾਕੀ ਨੂੰ ਵੱਡੇ ਪੱਧਰ ’ਤੇ ਪ੍ਰਮੋਟ ਕਰ ਰਹੇ ਹਨ, ਪੰਜਾਬ ਨੂੰ ਵੀ ਆਪਣੇ ਹਾਕੀ ਦੇ ਗੜ੍ਹ ਨੂੰ ਮੁੜ ਸੁਰਜੀਤ ਕਰਨ ਲਈ ਉੱਚ ਪੱਧਰੀ ਬੁਨਿਆਦੀ ਢਾਂਚਾ ਤੇ ਸਹੂਲਤਾਂ ਦੇਣੀਆਂ ਪੈਣਗੀਆਂ। ਸੰਸਾਰਪੁਰ ਦੀ ਕਹਾਣੀ ਸਿਰਫ਼ ਜਿੱਤਾਂ-ਹਾਰਾਂ ਦੀ ਕਹਾਣੀ ਨਹੀਂ ਸਗੋਂ ਮਿਹਨਤ, ਜਜ਼ਬੇ ਤੇ ਦੇਸ਼ ਪ੍ਰੇਮ ਦੀ ਅਮਰ ਗਾਥਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਭਾਰਤੀ ਹਾਕੀ ਮੁੜ ਆਪਣੇ ਸੁਨਹਿਰੀ ਯੁੱਗ ’ਤੇ ਪਹੁੰਚੇ ਤਾਂ ਸਾਨੂੰ ਆਪਣੇ ਇਨ੍ਹਾਂ ਇਤਿਹਾਸਕ ਪਿੰਡਾਂ ਦੀ ਹਾਕੀ ਰੂਹ ਨੂੰ ਮੁੜ ਸੁਰਜੀਤ ਕਰਨਾ ਪਵੇਗਾ।
ਆਧੁਨਿਕ ਭਾਰਤੀ ਹਾਕੀ ਦਾ ਸ਼ੰਖਨਾਦ ਮਿੱਠਾਪੁਰ
ਜੇ ਸੰਸਾਰਪੁਰ ਨੇ ਭਾਰਤੀ ਹਾਕੀ ਦੀ ਨੀਂਹ ਰੱਖੀ ਤਾਂ ਮਿੱਠਾਪੁਰ ਨੇ 21ਵੀਂ ਸਦੀ ’ਚ ਇਸ ਮਸ਼ਾਲ ਨੂੰ ਪੂਰੇ ਜਲੌਅ ਨਾਲ ਜਗਾਈ ਰੱਖਿਆ। 1952 ਵਿਚ ਸਰੂਪ ਸਿੰਘ ਦੇ ਅੰਤਰਰਾਸ਼ਟਰੀ ਪੱਧਰ ’ਤੇ ਖੇਡਣ ਤੋਂ ਬਾਅਦ ਮਿੱਠਾਪੁਰ ਵਿਚ ਹਾਕੀ ਦਾ ਦੌਰ ਸ਼ੁਰੂ ਹੋਇਆ। ਬਾਅਦ ’ਚ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਤੇ ਮਹਾਨ ਡਿਫੈਂਡਰ ਪਰਗਟ ਸਿੰਘ ਨੇ ਮਿੱਠਾਪੁਰ ਦਾ ਨਾਂ ਪੂਰੀ ਦੁਨੀਆ ’ਚ ਰੋਸ਼ਨ ਕੀਤਾ। ਮੌਜੂਦਾ ਦੌਰ ’ਚ ਟੋਕੀਓ 2020 ਓਲੰਪਿਕਸ ਵਿਚ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੀਤ ਕਪਤਾਨ ਮਨਪ੍ਰੀਤ ਸਿੰਘ, ਫਾਰਵਰਡ ਮਨਦੀਪ ਸਿੰਘ ਅਤੇ ਡਿਫੈਂਡਰ ਵਰੁਣ ਕੁਮਾਰ ਮਿੱਠਾਪੁਰ ਦੇ ਜੰਮਪਲ ਹਨ। ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਮਿੱਠਾਪੁਰ ਨੇ ਭਾਰਤੀ ਹਾਕੀ ਦੇ ਪੁਨਰ-ਜਾਗਰਣ ’ਚ ਵੱਡਾ ਯੋਗਦਾਨ ਪਾਇਆ।
ਹਾਕੀ ਦੇ ਨਕਸ਼ੇ ’ਤੇ ਖ਼ਾਸ ਪਛਾਣ ਰੱਖਦਾ ਖੁਸਰੋਪੁਰ
ਸੰਸਾਰਪੁਰ ਤੇ ਮਿੱਠਾਪੁਰ ਦੇ ਨਾਲ ਲੱਗਦਾ ਪਿੰਡ ਖੁਸਰੋਪੁਰ ਵੀ ਹਾਕੀ ਦੇ ਨਕਸ਼ੇ 'ਤੇ ਆਪਣੀ ਖਾਸ ਪਛਾਣ ਰੱਖਦਾ ਹੈ। 1980 ਦੀ ਮਾਸਕੋ ਓਲੰਪਿਕ ਗੋਲਡ ਮੈਡਲ ਜੇਤੂ ਭਾਰਤੀ ਟੀਮ ਦੇ ਅਹਿਮ ਮੈਂਬਰ ਅਮਰਜੀਤ ਸਿੰਘ ਰਾਣਾ ਖੁਸਰੋਪੁਰ ਦੇ ਰਹਿਣ ਵਾਲੇ ਸਨ। ਮੌਜੂਦਾ ਭਾਰਤੀ ਹਾਕੀ ਟੀਮ ਦਾ ਸਟਾਰ ਮਿਡਫੀਲਡਰ ਤੇ ‘ਐੱਫਆਈਐੱਚ ਪਲੇਅਰ ਆਫ਼ ਦ ਈਅਰ’ ਹਾਰਦਿਕ ਸਿੰਘ ਖੁਸਰੋਪੁਰ ਤੋਂ ਹੈ। ਹਾਰਦਿਕ ਦਾ ਪਰਿਵਾਰ ਪੀੜ੍ਹੀ-ਦਰ-ਪੀੜ੍ਹੀ ਹਾਕੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਦਾਦਾ ਪ੍ਰੀਤਮ ਸਿੰਘ ਰਾਏ (ਨੇਵੀ ਕੋਚ), ਪਿਤਾ ਵਰਿੰਦਰਪ੍ਰੀਤ ਸਿੰਘ ਰਾਏ ਤੇ ਚਾਚਾ ਜੁਗਰਾਜ ਸਿੰਘ (ਮਸ਼ਹੂਰ ਡਰੈਗ-ਫਲਿੱਕਰ) ਨੇ ਖੁਸਰੋਪੁਰ ਦੀ ਹਾਕੀ ਪਰੰਪਰਾ ਨੂੰ ਜਿਉਂਦਾ ਰੱਖਿਆ।
ਜਲੰਧਰ ਦਾ ਇਹ ਹਾਕੀ ਤਿਕੋਣ (ਸੰਸਾਰਪੁਰ-ਮਿੱਠਾਪੁਰ-ਖੁਸਰੋਪੁਰ) ਭਾਰਤੀ ਖੇਡ ਇਤਿਹਾਸ ਦਾ ਅਟੁੱਟ ਅੰਗ ਹੈ। ਪੂਰਵਜ਼ਾਂ ਦੀ ਵਿਰਾਸਤ ਤੇ ਮੌਜੂਦਾ ਖਿਡਾਰੀਆਂ (ਜਿਵੇਂ ਮਨਪ੍ਰੀਤ, ਹਾਰਦਿਕ ਤੇ ਮਨਦੀਪ) ਦੀ ਮਿਹਨਤ ਇਹ ਸਾਬਿਤ ਕਰਦੀ ਹੈ ਕਿ ਪੰਜਾਬ ਦੀ ਮਿੱਟੀ ’ਚ ਹਾਕੀ ਅੱਜ ਵੀ ਜਿਉਂਦੀ ਹੈ, ਬਸ ਲੋੜ ਹੈ ਇਸ ਨੂੰ ਸਹੀ ਸਰਪ੍ਰਸਤੀ ਤੇ ਆਧੁਨਿਕ ਢਾਂਚਾ ਦੇਣ ਦੀ।
- ਤੇਜਿੰਦਰ ਕੌਰ ਥਿੰਦ