- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਸੀਸੀਆਈ ਤੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਹੋਣ ਵਾਲੇ ਅੰਡਰ-16 ਖਿਡਾਰੀਆਂ ਦੇ ਹੱਡੀ ਟੈਸਟਾਂ(ਬੋਨ ਟੈਸਟ) ’ਚ ਖਾਮੀਆਂ ਪਾਈਆਂ ਗਈਆਂ ਹਨ, ਜਿਸ ਨਾਲ ਉਮਰ ਨਿਰਧਾਰਤ ਕਰਨ ਦੀ ਪ੍ਰਕਿਰਿਆ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਅਭਿਸ਼ੇਕ ਤ੍ਰਿਪਾਠੀ, ਜਾਗਰਣ, ਨਵੀਂ ਦਿੱਲੀ : ਅੰਡਰ-16 ਕ੍ਰਿਕਟਰਾਂ ਦੀਆਂ ਹੱਡੀ ਟੈਸਟ ਰਿਪੋਰਟਾਂ ’ਚ ਖਾਮੀਆਂ ਸਾਹਮਣੇ ਆਉਣ ਤੋਂ ਬਾਅਦ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। 21 ਅਕਤੂਬਰ ਨੂੰ ‘ਦੈਨਿਕ ਜਾਗਰਣ’ ’ਚ ਇਸ ਵਿਸ਼ੇ ’ਤੇ ਇੱਕ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਬੀਸੀਸੀਆਈ ਨੂੰ ਕਈ ਸ਼ਿਕਾਇਤਾਂ ਮਿਲੀਆਂ, ਜਿਸ ਤੋਂ ਬਾਅਦ ਬੋਰਡ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਬੀਸੀਸੀਆਈ ਤੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਹੋਣ ਵਾਲੇ ਅੰਡਰ-16 ਖਿਡਾਰੀਆਂ ਦੇ ਹੱਡੀ ਟੈਸਟਾਂ(ਬੋਨ ਟੈਸਟ) ’ਚ ਖਾਮੀਆਂ ਪਾਈਆਂ ਗਈਆਂ ਹਨ, ਜਿਸ ਨਾਲ ਉਮਰ ਨਿਰਧਾਰਤ ਕਰਨ ਦੀ ਪ੍ਰਕਿਰਿਆ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਕੁਝ ਮਾਮਲਿਆਂ ’ਚ ਖਿਡਾਰੀਆਂ ਦੀ ਅੰਤਿਮ ਰੇਟਿੰਗ ਪਿਛਲੇ ਸਾਲ ਦਰਜ ਕੀਤੀ ਗਈ ਰੇਟਿੰਗ ਨਾਲੋਂ ਘੱਟ ਪਾਈ ਗਈ। ਇੱਕ ਖਿਡਾਰੀ 12 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਇੱਕ ਸਾਲ ਵੱਡਾ ਹੋਣ ਦੀ ਬਜਾਏ ਦੋ ਮਹੀਨੇ ਛੋਟਾ ਨਜ਼ਰ ਆਇਆ। ਅਜਿਹੀਆਂ ਬੇਨਿਯਮੀਆਂ ਸਿਰਫ਼ ਉੱਤਰ ਪ੍ਰਦੇਸ਼ ’ਚ ਹੀ ਨਹੀਂ, ਸਗੋਂ ਰਾਜਸਥਾਨ ਦੇ ਅੰਡਰ-16 ਖਿਡਾਰੀਆਂ ਦੀਆਂ ਹੱਡੀ ਟੈਸਟ ਰਿਪੋਰਟਾਂ ਵਿੱਚ ਵੀ ਦੇਖੀਆਂ ਗਈਆਂ ਹਨ। ਅੰਡਰ-16 ਖਿਡਾਰੀਆਂ ਲਈ ਹਰ ਸਾਲ ਹੱਡੀ ਟੈਸਟ ਕਰਵਾਏ ਜਾਂਦੇ ਹਨ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਹ ਸੂਬਾ ਪੱਧਰੀ ਅੰਡਰ-16 ਟੀਮਾਂ ’ਚ ਖੇਡਣ ਦੇ ਯੋਗ ਹਨ ਜਾਂ ਨਹੀਂ, ਇਹ ਕਦਮ ਆਧਾਰ ਕਾਰਡਾਂ ’ਤੇ ਜਨਮ ਮਿਤੀਆਂ ਨਾਲ ਛੇੜਛਾੜ (ਧੋਖਾਧੜੀ) ਦੇ ਪਿਛਲੇ ਮਾਮਲਿਆਂ ਨੂੰ ਦੇਖਦੇ ਹੋਏ ਚੁੱਕਿਆ ਗਿਆ ਸੀ। ਜਿਹੜੇ ਖਿਡਾਰੀ ਨਿਰਧਾਰਤ ਉਮਰ ਸੀਮਾ ਤੋਂ ਵੱਧ ਪਾਏ ਜਾਂਦੇ ਹਨ, ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਯੂਪੀਸੀਏ ਦੇ ਅੰਡਰ-16 ਖਿਡਾਰੀਆਂ ਦੀਆਂ ਰਿਪੋਰਟਾਂ ’ਚ ਪਾਈਆਂ ਗਈਆਂ ਖਾਮੀਆਂ ਨੇ ਇਸ ਪ੍ਰਕਿਰਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਦਾਹਰਨ ਵਜੋਂ, ਇੱਕ ਖਿਡਾਰੀ ਦੀ ਪਿਛਲੇ ਸਾਲ ਅੰਤਿਮ ਰੇਟਿੰਗ 15.9 ਸੀ; ਤਰਕਪੂਰਨ ਤੌਰ ’ਤੇ, ਇੱਕ ਸਾਲ ਬਾਅਦ ਉਸ ਦੀ ਰੇਟਿੰਗ ਲਗਪਗ 16.9 ਹੋਣੀ ਚਾਹੀਦੀ ਸੀ, ਪਰ 2026 ਦੀ ਰਿਪੋਰਟ ’ਚ ਅੰਤਿਮ ਰੇਟਿੰਗ 15.7 ਦਿਖਾਈ ਗਈ। ਦੂਜੇ ਸ਼ਬਦਾਂ ’ਚ 12 ਮਹੀਨੇ ਬੀਤ ਜਾਣ ਤੋਂ ਬਾਅਦ, ਇੱਕ ਸਾਲ ਵੱਡਾ ਹੋਣ ਦੀ ਬਜਾਏ, ਉਹ ਖਿਡਾਰੀ ਪਿਛਲੇ ਸਾਲ ਦਰਜ ਕੀਤੀ ਗਈ ਉਮਰ ’ਚ ਦੋ ਮਹੀਨੇ ਛੋਟਾ ਹੋ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਪਿਛਲੇ ਸਾਲ ਵੀ ਬੀਸੀਸੀਆਈ ਤੇ ਯੂਪੀਸੀਏ ਦੀ ਦੇਖ-ਰੇਖ ਹੇਠ ਹੱਡੀਆਂ ਦੀ ਉਮਰ (ਬੋਨ ਏਜ) ਦੇ ਟੈਸਟ ਕਰਵਾਏ ਸਨ। ਇੱਕ ਸੂਤਰ ਅਨੁਸਾਰ, ਜਿਸ ਸਲਾਹਕਾਰ ਨੇ ਇਸ ਵਾਰ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੋਵਾਂ ਥਾਵਾਂ ’ਤੇ ਹੱਡੀਆਂ ਦੀ ਉਮਰ ਦੇ ਟੈਸਟ ਕੀਤੇ ਹਨ, ਉਹ ਇੱਕੋ ਵਿਅਕਤੀ ਹੈ। ਹਾਲਾਂਕਿ, ਨਾ ਤਾਂ ਬੀਸੀਸੀਆਈ ਤੇ ਨਾ ਹੀ ਯੂਪੀਸੀਏ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇੱਕ ਸ਼ਿਕਾਇਤਕਰਤਾ ਨੇ ‘ਦੈਨਿਕ ਜਾਗਰਣ’ ਨੂੰ ਦੱਸਿਆ ਕਿ ਉਸ ਨੂੰ ਬੀਸੀਸੀਆਈ ਵੱਲੋਂ ਇੱਕ ਫੋਨ ਆਇਆ ਸੀ, ਜਿਸ ’ਚ ਦੱਸਿਆ ਗਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਸ਼ਿਕਾਇਤਕਰਤਾ ਦਾ ਸੁਝਾਅ ਹੈ ਕਿ ਜਿਨ੍ਹਾਂ ਖਿਡਾਰੀਆਂ ਦੀਆਂ ਰਿਪੋਰਟਾਂ ਸ਼ੱਕ ਦੇ ਘੇਰੇ ’ਚ ਹਨ, ਉਨ੍ਹਾਂ ਦੇ ਆਧਾਰ ਕਾਰਡ ਦੇ ਇਤਿਹਾਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਅਸਲੀ ਸੱਚਾਈ ਸਾਹਮਣੇ ਆ ਜਾਵੇਗੀ।