ਤੀਰਅੰਦਾਜ਼ੀ 'ਚ ਵਰਲਡ ਰਿਕਾਰਡ ਦੀ ਬਰਾਬਰੀ ਤੇ ਚੀਨ ਨੂੰ ਮਾਤ, ਜਾਣੋ ਏਸ਼ੀਅਨ ਗੇਮਜ਼ 'ਚ ਸੋਨਾ ਜਿੱਤਣ ਵਾਲੀਆਂ ਭਾਰਤ ਦੀਆਂ 'ਗੋਲਡਨ ਗਰਲਜ਼' ਬਾਰੇ
ਚਿਕਿਤਾ ਤਨਿਪਰਥੀ ਤੇਲੰਗਾਨਾ ਦੀ ਇਕ ਕੰਪਾਊਂਡ ਆਰਚਰ ਹਨ। ਇਕ ਕਿਸਾਨ ਪਰਿਵਾਰ ਨਾਲ ਸਬੰਧਤ ਚਿਕਿਤਾ ਨੂੰ ਉਨ੍ਹਾਂ ਦੇ ਪਿਤਾ ਨੇ ਹੀ ਤੀਰਅੰਦਾਜ਼ੀ ਤੋਂ ਜਾਣੂ ਕਰਵਾਇਆ ਅਤੇ ਉਹੀ ਉਨ੍ਹਾਂ ਦੇ ਪਹਿਲੇ ਮਾਰਗਦਰਸ਼ਕ ਬਣੇ। ਜਦੋਂ ਉਹ ਦੂਜੀ ਜਮਾਤ 'ਚ ਸਨ ਤਾਂ ਅਖ਼ਬਾਰ 'ਚ ਇਸ ਖੇਡ ਬਾਰੇ ਪੜ੍ਹਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਤੀਰਅੰਦਾਜ਼ੀ ਅਪਣਾਉਣ ਲਈ ਉਤਸ਼ਾਹਿਤ ਕੀਤਾ।
Publish Date: Wed, 30 Sep 2026 01:36 PM (IST)
Updated Date: Wed, 30 Sep 2026 01:40 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਜਾਪਾਨ ਦੇ ਆਇਚੀ ਸੂਬੇ ਦੀ ਰਾਜਧਾਨੀ ਨਾਗੋਆ 'ਚ ਚੱਲ ਰਹੀਆਂ ਏਸ਼ੀਅਨ ਗੇਮਜ਼ 2026 ਦੇ 11ਵੇਂ ਦਿਨ ਭਾਰਤ ਦੀ ਗੋਲਡਨ ਸ਼ੁਰੂਆਤ ਹੋਈ। ਸਵੇਰੇ-ਸਵੇਰੇ ਤੀਰਅੰਦਾਜ਼ੀ 'ਚ ਭਾਰਤ ਨੇ ਕੰਪਾਊਂਡ ਮਹਿਲਾ ਟੀਮ ਇਵੈਂਟ 'ਚ ਗੋਲਡ ਮੈਡਲ ਜਿੱਤਿਆ। ਪ੍ਰਿਥਿਕਾ ਪ੍ਰਦੀਪ ਅਤੇ ਜਯੋਤੀ ਸੁਰੇਖਾ ਵੇੰਨਮ ਤੋਂ ਫਾਈਨਲ 'ਚ ਇਕ ਵੀ ਤੀਰ ਨਹੀਂ ਖੁੰਝਿਆ। ਇਸੇ ਕਾਰਨ ਭਾਰਤ ਮਹਿਲਾ ਟੀਮ ਦੇ ਵਰਲਡ ਰਿਕਾਰਡ ਦੀ ਬਰਾਬਰੀ ਕਰ ਸਕਿਆ।
ਭਾਰਤ ਨੇ ਚੀਨ ਨੂੰ 238-234 ਨਾਲ ਹਰਾਇਆ ਅਤੇ ਕੰਪਾਊਂਡ ਇਵੈਂਟ 'ਚ ਮਹਿਲਾ ਟੀਮ ਦਾ ਗੋਲਡ ਮੈਡਲ ਬਰਕਰਾਰ ਰੱਖਿਆ। ਮੌਜੂਦਾ ਏਸ਼ੀਅਨ ਗੇਮਜ਼ 'ਚ ਭਾਰਤ ਦਾ ਇਹ ਸੱਤਵਾਂ ਗੋਲਡ ਮੈਡਲ ਹੈ। ਇਸ ਤੋਂ ਬਾਅਦ ਖੇਡ ਪ੍ਰੇਮੀਆਂ ਦੇ ਮਨ 'ਚ ਸਵਾਲ ਉੱਠ ਰਹੇ ਹਨ ਕਿ ਆਖਿਰ ਚਿਕਿਤਾ ਤਨਿਪਰਥੀ, ਪ੍ਰਿਥਿਕਾ ਪ੍ਰਦੀਪ ਅਤੇ ਜਯੋਤੀ ਸੁਰੇਖਾ ਵੇੰਨਮ ਕੌਣ ਹਨ?
ਨੈਸ਼ਨਲ ਪੱਧਰ ਦੀ ਤੈਰਾਕ ਰਹੀ ਜਯੋਤੀ
ਆਂਧਰਾ ਪ੍ਰਦੇਸ਼ ਦੇ ਚੱਲਾਪੱਲੀ 'ਚ 3 ਜੁਲਾਈ 1996 ਨੂੰ ਜਨਮੀ ਜਯੋਤੀ ਸੁਰੇਖਾ ਵੇੰਨਮ ਪਹਿਲਾਂ ਨੈਸ਼ਨਲ ਪੱਧਰ ਦੀ ਤੈਰਾਕ ਰਹੀ। ਜਯੋਤੀ ਨੇ ਛੋਟੀ ਉਮਰ 'ਚ ਹੀ ਤੀਰਅੰਦਾਜ਼ੀ ਅਪਣਾ ਲਈ ਅਤੇ ਤੇਜ਼ੀ ਨਾਲ ਅੱਗੇ ਵਧਦਿਆਂ ਦੁਨੀਆ ਦੀਆਂ ਬਿਹਤਰੀਨ ਕੰਪਾਊਂਡ ਤੀਰਅੰਦਾਜ਼ਾਂ 'ਚ ਆਪਣਾ ਨਾਮ ਬਣਾਇਆ। ਉਨ੍ਹਾਂ ਨੇ 2011 'ਚ ਸੀਨੀਅਰ ਇੰਟਰਨੈਸ਼ਨਲ ਪੱਧਰ 'ਤੇ ਡੈਬਿਊ ਕੀਤਾ ਅਤੇ ਉਦੋਂ ਤੋਂ ਏਸ਼ੀਅਨ ਗੇਮਜ਼, ਵਰਲਡ ਆਰਚਰੀ ਚੈਂਪੀਅਨਸ਼ਿਪ, ਆਰਚਰੀ ਵਰਲਡ ਕੱਪ, ਏਸ਼ੀਅਨ ਚੈਂਪੀਅਨਸ਼ਿਪ ਅਤੇ ਵਰਲਡ ਗੇਮਜ਼ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਉਨ੍ਹਾਂ ਨੇ 2023 ਏਸ਼ੀਅਨ ਗੇਮਜ਼ 'ਚ ਔਰਤਾਂ ਦੇ ਵਿਅਕਤੀਗਤ, ਮਹਿਲਾ ਟੀਮ ਅਤੇ ਮਿਕਸਡ ਟੀਮ ਇਵੈਂਟਸ 'ਚ ਤਿੰਨ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ। ਉਹ ਖੇਡਾਂ ਦੇ ਇੱਕੋ ਐਡੀਸ਼ਨ 'ਚ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਬਣੀ। ਆਪਣੇ ਇੰਟਰਨੈਸ਼ਨਲ ਕਰੀਅਰ ਦੌਰਾਨ ਜਯੋਤੀ ਨੇ ਕਈ ਇੰਟਰਨੈਸ਼ਨਲ ਮੈਡਲ ਜਿੱਤੇ ਹਨ। ਇਨ੍ਹਾਂ 'ਚ ਵਰਲਡ ਆਰਚਰੀ ਚੈਂਪੀਅਨਸ਼ਿਪ, ਆਰਚਰੀ ਵਰਲਡ ਕੱਪ, ਏਸ਼ੀਅਨ ਗੇਮਜ਼, ਏਸ਼ੀਅਨ ਚੈਂਪੀਅਨਸ਼ਿਪ ਅਤੇ ਵਰਲਡ ਗੇਮਜ਼ 'ਚ ਜਿੱਤੇ ਕਈ ਗੋਲਡ ਮੈਡਲ ਸ਼ਾਮਲ ਹਨ।
ਉਪਲਬਧੀਆਂ
ਵਰਲਡ ਆਰਚਰੀ ਚੈਂਪੀਅਨਸ਼ਿਪ: 1 ਗੋਲਡ (ਟੀਮ - 2023), 4 ਸਿਲਵਰ (ਵਿਅਕਤੀਗਤ - 2021; ਟੀਮ - 2025, 2021, 2017), 3 ਬ੍ਰੌਨਜ਼ (ਵਿਅਕਤੀਗਤ - 2023, 2019; ਟੀਮ - 2019)
ਅਰਜੁਨ ਐਵਾਰਡ: 2017
ਵਰਲਡ ਆਰਚਰੀ ਯੂਨੀਵਰਸਿਟੀ ਚੈਂਪੀਅਨਸ਼ਿਪ: 1 ਗੋਲਡ (ਟੀਮ - 2016)
ਵਰਲਡ ਆਰਚਰੀ ਯੂਥ ਚੈਂਪੀਅਨਸ਼ਿਪ: 1 ਬ੍ਰਾਂਜ਼ (ਟੀਮ - 2013)
ਵਰਲਡ ਕੱਪ ਫਾਈਨਲ: 2 ਸਿਲਵਰ (ਵਿਅਕਤੀਗਤ - 2025; ਟੀਮ - 2018)
ਵਰਲਡ ਕੱਪ ਸਟੇਜ: 11 ਗੋਲਡ (ਵਿਅਕਤੀਗਤ - 2024, 2023; ਟੀਮ - 2026, 2025, 2024, 2024, 2024, 2023, 2023, 2023, 2022), 8 ਸਿਲਵਰ (ਵਿਅਕਤੀਗਤ - 2025, 2022; ਟੀਮ - 2026, 2025, 2025, 2024, 2018, 2018), 7 ਬ੍ਰਾਂਜ਼ (ਵਿਅਕਤੀਗਤ - 2023; ਟੀਮ - 2025, 2023, 2018, 2018, 2018, 2018)
ਯੂਨੀਵਰਸਿਆਡ: 1 ਸਿਲਵਰ (ਟੀਮ - 2015)
ਵਰਲਡ ਗੇਮਜ਼: 1 ਬ੍ਰਾਂਜ਼ (ਟੀਮ - 2022)
ਏਸ਼ੀਅਨ ਗੇਮਜ਼: 2 ਗੋਲਡ (ਵਿਅਕਤੀਗਤ - 2023; ਟੀਮ - 2023), 1 ਸਿਲਵਰ (ਟੀਮ - 2018)
ਏਸ਼ੀਅਨ ਆਊਟਡੋਰ ਚੈਂਪੀਅਨਸ਼ਿਪ: 7 ਗੋਲਡ (ਵਿਅਕਤੀਗਤ - 2025, 2021, 2015; ਟੀਮ - 2025, 2023, 2019, 2017), 5 ਸਿਲਵਰ (ਵਿਅਕਤੀਗਤ - 2023; ਟੀਮ - 2021, 2019, 2017, 2015), 2 ਬ੍ਰਾਂਜ਼ (ਵਿਅਕਤੀਗਤ - 2017; ਟੀਮ - 2011)
ਏਸ਼ੀਅਨ ਗ੍ਰਾਂ ਪ੍ਰੀ ਸਰਕਿਟ: 2 ਗੋਲਡ (ਵਿਅਕਤੀਗਤ - 2015; ਟੀਮ - 2016), 2 ਸਿਲਵਰ (ਟੀਮ - 2016, 2015)
ਕਿਸਾਨ ਪਰਿਵਾਰ ਤੋਂ ਹਨ ਚਿਕਿਤਾ ਤਨਿਪਰਥੀ
ਚਿਕਿਤਾ ਤਨਿਪਰਥੀ ਤੇਲੰਗਾਨਾ ਦੀ ਇਕ ਕੰਪਾਊਂਡ ਆਰਚਰ ਹਨ। ਇਕ ਕਿਸਾਨ ਪਰਿਵਾਰ ਨਾਲ ਸਬੰਧਤ ਚਿਕਿਤਾ ਨੂੰ ਉਨ੍ਹਾਂ ਦੇ ਪਿਤਾ ਨੇ ਹੀ ਤੀਰਅੰਦਾਜ਼ੀ ਤੋਂ ਜਾਣੂ ਕਰਵਾਇਆ ਅਤੇ ਉਹੀ ਉਨ੍ਹਾਂ ਦੇ ਪਹਿਲੇ ਮਾਰਗਦਰਸ਼ਕ ਬਣੇ। ਜਦੋਂ ਉਹ ਦੂਜੀ ਜਮਾਤ 'ਚ ਸਨ ਤਾਂ ਅਖ਼ਬਾਰ 'ਚ ਇਸ ਖੇਡ ਬਾਰੇ ਪੜ੍ਹਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਤੀਰਅੰਦਾਜ਼ੀ ਅਪਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ 2018 'ਚ ਰਸਮੀ ਤੌਰ 'ਤੇ ਆਪਣਾ ਤੀਰਅੰਦਾਜ਼ੀ ਦਾ ਸਫਰ ਸ਼ੁਰੂ ਕੀਤਾ ਅਤੇ ਸਮੇਂ ਦੇ ਨਾਲ ਇਹ ਖੇਡ ਉਨ੍ਹਾਂ ਦੀ ਸ਼ੁਰੂਆਤੀ ਦਿਲਚਸਪੀ ਤੋਂ ਬਦਲ ਕੇ ਇੱਕ ਡੂੰਘੇ ਜਨੂੰਨ 'ਚ ਬਦਲ ਗਈ। ਉਨ੍ਹਾਂ ਦੇ ਪਰਿਵਾਰ ਦੇ ਉਤਸ਼ਾਹ ਅਤੇ ਸਹਿਯੋਗ ਨੇ ਉਨ੍ਹਾਂ ਨੂੰ ਦ੍ਰਿੜ ਇਰਾਦੇ ਨਾਲ ਇਸ ਖੇਡ ਨੂੰ ਅੱਗੇ ਵਧਾਉਣ ਦਾ ਆਧਾਰ ਦਿੱਤਾ। 2021 'ਚ ਚਿਕਿਤਾ ਨੇ ਪੇਸ਼ੇਵਰ ਤੌਰ 'ਤੇ ਤੀਰਅੰਦਾਜ਼ੀ ਸ਼ੁਰੂ ਕੀਤੀ, ਜੋ ਇੱਕ ਮੁਕਾਬਲੇਬਾਜ਼ ਐਥਲੀਟ ਵਜੋਂ ਉਨ੍ਹਾਂ ਦੇ ਵਿਕਾਸ ਦਾ ਮਹੱਤਵਪੂਰਨ ਪੜਾਅ ਸੀ।
ਉਨ੍ਹਾਂ 2025 'ਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ ਅਤੇ ਬਾਅਦ 'ਚ ਭਾਰਤ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਦੀ ਇਕ ਅਹਿਮ ਮੈਂਬਰ ਬਣ ਗਈ। ਉਨ੍ਹਾਂ ਦੀ ਸਭ ਤੋਂ ਵੱਡੀ ਉਪਲਬਧੀ ਵਿਨੀਪੈਗ 'ਚ ਹੋਈ 2025 ਵਰਲਡ ਆਰਚਰੀ ਯੂਥ ਚੈਂਪੀਅਨਸ਼ਿਪ 'ਚ ਮਿਲੀ, ਜਿੱਥੇ ਉਨ੍ਹਾਂ ਨੇ ਅੰਡਰ-21 ਮਹਿਲਾ ਵਿਅਕਤੀਗਤ ਗੋਲਡ ਮੈਡਲ ਜਿੱਤਿਆ ਅਤੇ ਇਸ ਮੁਕਾਬਲੇ ਦੇ ਇਤਿਹਾਸ 'ਚ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਉਨ੍ਹਾਂ ਨੇ 2025 ਆਰਚਰੀ ਵਰਲਡ ਕੱਪ ਸਰਕਿਟ 'ਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਅੰਤਰਰਾਸ਼ਟਰੀ ਮੰਚ 'ਤੇ ਦੇਸ਼ ਦੇ ਸ਼ਾਨਦਾਰ ਪ੍ਰਦਰਸ਼ਨ 'ਚ ਯੋਗਦਾਨ ਪਾਇਆ।
ਉਪਲਬਧੀਆਂ
ਵਰਲਡ ਆਰਚਰੀ ਯੂਥ ਚੈਂਪੀਅਨਸ਼ਿਪ: 1 ਗੋਲਡ (ਵਿਅਕਤੀਗਤ - 2025)
ਵਰਲਡ ਕੱਪ ਸਟੇਜ: 2 ਸਿਲਵਰ (ਟੀਮ - 2026, 2025)
ਏਸ਼ੀਅਨ ਗ੍ਰਾਂ ਪ੍ਰੀ ਸਰਕਿਟ: 1 ਗੋਲਡ (ਟੀਮ - 2026), 1 ਸਿਲਵਰ (ਟੀਮ - 2026), 1 ਬ੍ਰਾਂਜ਼ (ਟੀਮ - 2025)
ਪ੍ਰਿਥਿਕਾ ਪ੍ਰਦੀਪ ਨੇ ਸ਼ੌਕ ਵਜੋਂ ਅਪਣਾਈ ਤੀਰਅੰਦਾਜ਼ੀ
ਪ੍ਰਿਥਿਕਾ ਪ੍ਰਦੀਪ ਨੇ ਸਕੂਲ 'ਚ ਪੜ੍ਹਦੇ ਹੋਏ ਤੀਰਅੰਦਾਜ਼ੀ ਦਾ ਸਫਰ ਸ਼ੁਰੂ ਕੀਤਾ। ਸ਼ੁਰੂਆਤ 'ਚ ਉਨ੍ਹਾਂ ਨੇ 5ਵੀਂ ਜਮਾਤ 'ਚ ਇਸ ਨੂੰ ਇੱਕ ਸ਼ੌਕ ਵਜੋਂ ਅਪਣਾਇਆ ਸੀ। ਉਹ ਤੀਰਅੰਦਾਜ਼ੀ ਵੱਲ ਇਸ ਲਈ ਆਕਰਸ਼ਿਤ ਹੋਈ ਕਿਉਂਕਿ ਇਹ ਉਨ੍ਹਾਂ ਲਈ ਨਵੀਂ ਅਤੇ ਦਿਲਚਸਪ ਸੀ ਅਤੇ ਜੋ ਚੀਜ਼ ਸ਼ੁਰੂ 'ਚ ਮਨੋਰੰਜਨ ਲਈ ਸੀ, ਉਹ ਹੌਲੀ-ਹੌਲੀ ਇਸ ਖੇਡ ਪ੍ਰਤੀ ਡੂੰਘੇ ਜਨੂੰਨ 'ਚ ਬਦਲ ਗਈ।
ਉਨ੍ਹਾਂ ਦੇ ਵਧਦੇ ਜਨੂੰਨ ਅਤੇ ਸਮਰੱਥਾ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਤੀਰਅੰਦਾਜ਼ੀ ਨੂੰ ਹੋਰ ਗੰਭੀਰਤਾ ਨਾਲ ਲੈਣ ਲਈ ਉਤਸ਼ਾਹਿਤ ਕੀਤਾ ਅਤੇ 6ਵੀਂ ਜਮਾਤ ਤੋਂ ਹੀ ਉਨ੍ਹਾਂ ਨੂੰ ਪ੍ਰੋਫੈਸ਼ਨਲ ਕੋਚਿੰਗ ਕਲਾਸ 'ਚ ਦਾਖ਼ਲਾ ਦਿਵਾਇਆ। ਉਨ੍ਹਾਂ ਦੇ ਮਾਤਾ-ਪਿਤਾ ਦੇ ਸਹਿਯੋਗ ਨੇ ਉਨ੍ਹਾਂ ਨੂੰ ਸਕੂਲ ਪੱਧਰ ਦੇ ਸ਼ੌਕੀਨ ਖਿਡਾਰੀ ਤੋਂ ਇੱਕ ਮੁਕਾਬਲੇਬਾਜ਼ ਐਥਲੀਟ ਬਣਨ 'ਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਨੇ 2025 'ਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ ਅਤੇ ਉਦੋਂ ਤੋਂ ਉਹ ਭਾਰਤ ਦੀ ਕੰਪਾਊਂਡ ਮਹਿਲਾ ਟੀਮ ਦੀ ਇੱਕ ਅਹਿਮ ਮੈਂਬਰ ਬਣ ਗਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੇ ਕੰਪਾਊਂਡ ਤੀਰਅੰਦਾਜ਼ੀ, ਖਾਸ ਕਰਕੇ ਟੀਮ ਇਵੈਂਟਸ 'ਚ ਭਾਰਤ ਦੀ ਸਫਲਤਾ 'ਚ ਯੋਗਦਾਨ ਪਾਇਆ ਹੈ। ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਇਸ ਤੋਂ ਪਹਿਲਾਂ ਤੱਕ ਪ੍ਰਿਥਿਕਾ ਨੇ 7 ਅੰਤਰਰਾਸ਼ਟਰੀ ਮੈਡਲ ਜਿੱਤੇ। ਇਨ੍ਹਾਂ 'ਚ 1 ਗੋਲਡ, 5 ਸਿਲਵਰ ਅਤੇ 1 ਬ੍ਰਾਂਜ਼ ਸ਼ਾਮਲ ਹੈ।
ਉਪਲਬਧੀਆਂ
ਵਰਲਡ ਆਰਚਰੀ ਯੂਥ ਚੈਂਪੀਅਨਸ਼ਿਪ: 2 ਸਿਲਵਰ (ਵਿਅਕਤੀਗਤ - 2025; ਟੀਮ - 2025)
ਵਰਲਡ ਕੱਪ ਸਟੇਜ: 2 ਸਿਲਵਰ (ਟੀਮ - 2026, 2025), 1 ਬ੍ਰਾਂਜ਼ (ਵਿਅਕਤੀਗਤ - 2026)
ਏਸ਼ੀਅਨ ਆਊਟਡੋਰ ਚੈਂਪੀਅਨਸ਼ਿਪ: 1 ਗੋਲਡ (ਟੀਮ - 2025), 1 ਸਿਲਵਰ (ਵਿਅਕਤੀਗਤ - 2025)