- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰੁੱਪ-ਜੀ ਵਿੱਚ ਬੈਲਜੀਅਮ ਦਾ ਸਾਹਮਣਾ ਈਰਾਨ ਨਾਲ ਹੋਵੇਗਾ। ਅਮਰੀਕਾ ਨਾਲ ਚੱਲ ਰਹੇ ਤਣਾਅ ਕਾਰਨ ਟੂਰਨਾਮੈਂਟ ਦੌਰਾਨ ਸਹੂਲਤਾਂ ਦੀ ਘਾਟ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਕਰ ਰਹੀ ਈਰਾਨ ਦੀ ਟੀਮ ਆਪਣੇ ਪਹਿਲੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨਾਲ 2-2 ਨਾਲ ਡਰਾਅ ਖੇਡ ਕੇ ਆਈ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਫੀਫਾ ਵਿਸ਼ਵ ਕੱਪ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਕੇਪ ਵਰਡੇ ਵਰਗੀ ਕਮਜ਼ੋਰ ਟੀਮ ਵਿਰੁੱਧ 0-0 ਨਾਲ ਡਰਾਅ ਖੇਡ ਕੇ ਸਦਮੇ ਵਿੱਚ ਆਈ 2010 ਦੀ ਚੈਂਪੀਅਨ ਟੀਮ ਸਪੇਨ ਹੁਣ ਇਸ ਨਿਰਾਸ਼ਾ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇਗੀ। ਐਤਵਾਰ ਨੂੰ ਸਪੇਨ ਦੀ ਟੀਮ ਇੱਕ ਹੋਰ ਕਮਜ਼ੋਰ ਮੰਨੀ ਜਾਣ ਵਾਲੀ ਟੀਮ ਸਾਊਦੀ ਅਰਬ ਦੇ ਖ਼ਿਲਾਫ਼ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੇਗੀ।
ਦੂਜੇ ਪਾਸੇ, ਉਰੂਗਵੇ ਦੇ ਖ਼ਿਲਾਫ਼ ਆਪਣੇ ਪਹਿਲੇ ਮੈਚ ਵਿੱਚ 1-1 ਨਾਲ ਡਰਾਅ ਖੇਡ ਕੇ ਆ ਰਹੀ ਸਾਊਦੀ ਅਰਬ ਦੀ ਟੀਮ ਵੀ ਸਪੇਨ ਨੂੰ ਹੈਰਾਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਅਮਰੀਕਾ ਦੇ ਅਟਲਾਂਟਾ ਵਿੱਚ ਹੋਣ ਵਾਲੇ ਇਸ ਮੁਕਾਬਲੇ ਵਿੱਚ ਸਪੇਨ ਦੇ ਸਟਾਰ ਖਿਡਾਰੀ ਲਾਮਿਨ ਯਮਾਲ ਹੈਮਸਟ੍ਰਿੰਗ ਦੀ ਸੱਟ ਤੋਂ ਉਭਰਨ ਦੀ ਪ੍ਰਕਿਰਿਆ ਦੇ ਚੱਲਦਿਆਂ ਸ਼ਾਇਦ ਪੂਰੇ ਮੈਚ ਲਈ ਉਪਲਬਧ ਨਾ ਹੋਣ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਿੰਨਾ ਵੀ ਸਮਾਂ ਮਿਲੇਗਾ, ਉਹ ਟੀਮ ਦੀ ਪੂਰੀ ਮਦਦ ਕਰਨਗੇ।
ਯਮਾਲ ਰਹੇ ਸਨ ਨਾਕਾਮ
18 ਸਾਲਾ ਯਮਾਲ ਲਗਪਗ ਦੋ ਮਹੀਨਿਆਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਕੇਪ ਵਰਡੇ ਖ਼ਿਲਾਫ਼ ਮੈਚ ਵਿੱਚ 25 ਮਿੰਟ ਖੇਡੇ ਸਨ ਪਰ ਗੋਲ ਦੇ ਸੁੱਕੇ ਨਾਲ ਜੂਝ ਰਹੀ ਆਪਣੀ ਟੀਮ ਲਈ ਸਕੋਰ ਨਹੀਂ ਕਰ ਸਕੇ ਸਨ। ਉਨ੍ਹਾਂ ਦਾ ਕਹਿਣਾ ਹੈ, "ਮੈਂ ਠੀਕ ਹਾਂ ਪਰ ਅਜੇ ਪੂਰਾ ਮੈਚ ਖੇਡਣਾ ਬਹੁਤ ਜਲਦੀ ਹੋਵੇਗਾ। ਮੈਨੇਜਰ ਜਿੰਨਾ ਸਮਾਂ ਚਾਹੁਣਗੇ, ਮੈਂ ਉੱਨੇ ਮਿੰਟ ਖੇਡ ਸਕਦਾ ਹਾਂ। ਭਾਵੇਂ ਤੁਹਾਨੂੰ ਪਤਾ ਹੋਵੇ ਕਿ ਤੁਸੀਂ 90 ਮਿੰਟ ਨਹੀਂ ਖੇਡ ਸਕਦੇ ਫਿਰ ਵੀ ਤੁਸੀਂ ਹਮੇਸ਼ਾ ਮੈਦਾਨ 'ਤੇ ਉਤਰ ਕੇ ਟੀਮ ਦੀ ਮਦਦ ਕਰਨਾ ਚਾਹੁੰਦੇ ਹੋ।"
ਬੈਲਜੀਅਮ ਦਾ ਸਾਹਮਣਾ ਕਰੇਗੀ ਈਰਾਨ ਦੀ ਟੀਮ
ਗਰੁੱਪ-ਜੀ ਵਿੱਚ ਬੈਲਜੀਅਮ ਦਾ ਸਾਹਮਣਾ ਈਰਾਨ ਨਾਲ ਹੋਵੇਗਾ। ਅਮਰੀਕਾ ਨਾਲ ਚੱਲ ਰਹੇ ਤਣਾਅ ਕਾਰਨ ਟੂਰਨਾਮੈਂਟ ਦੌਰਾਨ ਸਹੂਲਤਾਂ ਦੀ ਘਾਟ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਕਰ ਰਹੀ ਈਰਾਨ ਦੀ ਟੀਮ ਆਪਣੇ ਪਹਿਲੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨਾਲ 2-2 ਨਾਲ ਡਰਾਅ ਖੇਡ ਕੇ ਆਈ ਹੈ। ਉੱਥੇ ਹੀ, ਬੈਲਜੀਅਮ ਦੀ ਟੀਮ ਵੀ ਮਿਸਰ ਵਿਰੁੱਧ ਆਪਣੇ ਪਹਿਲੇ ਮੈਚ ਵਿੱਚ 1-1 ਦੇ ਡਰਾਅ ਨਾਲ ਸੰਤੋਖ ਕਰਕੇ ਇਸ ਮੈਚ ਵਿੱਚ ਉਤਰੇਗੀ। ਅਜਿਹੇ ਵਿੱਚ ਲਾਸ ਏਂਜਲਸ ਵਿੱਚ ਹੋਣ ਵਾਲੇ ਇਸ ਮੁਕਾਬਲੇ ਵਿੱਚ ਦੋਵੇਂ ਟੀਮਾਂ ਆਪਣੀ ਪਹਿਲੀ ਜਿੱਤ ਦਰਜ ਕਰਨ ਲਈ ਬੇਤਾਬ ਹੋਣਗੀਆਂ।
ਮਿਸਰ ਤੇ ਨਿਊਜ਼ੀਲੈਂਡ ਪਹਿਲੀ ਜਿੱਤ ਦੀ ਤਲਾਸ਼ 'ਚ
ਗਰੁੱਪ-ਜੀ ਦੇ ਇੱਕ ਹੋਰ ਮੁਕਾਬਲੇ ਵਿੱਚ ਕੈਨੇਡਾ ਦੇ ਵੈਨਕੂਵਰ ਵਿਖੇ ਨਿਊਜ਼ੀਲੈਂਡ ਅਤੇ ਮਿਸਰ ਦੀਆਂ ਟੀਮਾਂ ਵੀ ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਦਰਜ ਕਰਨਾ ਚਾਹੁਣਗੀਆਂ। ਇਹ ਜਿੱਤ ਇਨ੍ਹਾਂ ਟੀਮਾਂ ਨੂੰ ਲਗਪਗ ਨਾਕਆਊਟ ਸਟੇਜ 'ਤੇ ਪਹੁੰਚਾ ਦੇਵੇਗੀ। ਗਰੁੱਪ-ਜੀ ਦੀਆਂ ਚਾਰੇ ਟੀਮਾਂ ਦੇ ਆਪਣੇ ਪਹਿਲੇ ਮੈਚ ਡਰਾਅ ਹੋਣ ਕਾਰਨ ਮੁਕਾਬਲਾ ਬੇਹੱਦ ਫਸਵਾਂ ਬਣਿਆ ਹੋਇਆ ਹੈ। ਨਿਊਜ਼ੀਲੈਂਡ ਨੇ 2010 ਵਿੱਚ ਆਪਣੇ ਪਿਛਲੇ ਵਿਸ਼ਵ ਕੱਪ ਦੌਰਾਨ ਤਿੰਨੇ ਮੈਚ ਡਰਾਅ ਖੇਡੇ ਸਨ।
ਕੇਪ ਵਰਡੇ ਦੇ ਸਾਹਮਣੇ ਹੁਣ ਉਰੂਗਵੇ ਦੀ ਚੁਣੌਤੀ
ਸਪੇਨ ਨੂੰ ਹੈਰਾਨ ਕਰਕੇ ਟੂਰਨਾਮੈਂਟ ਵਿੱਚ ਸੁਰਖੀਆਂ ਬਟੋਰ ਚੁੱਕੀ ਕੇਪ ਵਰਡੇ ਦੀ ਟੀਮ ਹੁਣ ਗਰੁੱਪ-ਐੱਚ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਉਰੂਗਵੇ ਨਾਲ ਭਿੜੇਗੀ। ਦੂਜੇ ਪਾਸੇ, ਉਰੂਗਵੇ ਦੀ ਟੀਮ ਸਾਊਦੀ ਅਰਬ ਨਾਲ ਆਪਣਾ ਪਹਿਲਾ ਮੈਚ ਡਰਾਅ ਖੇਡਣ ਦੀ ਨਿਰਾਸ਼ਾ ਨੂੰ ਭੁਲਾ ਕੇ ਅਮਰੀਕਾ ਦੇ ਮਿਆਮੀ ਵਿੱਚ ਹੋਣ ਵਾਲੇ ਇਸ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਆਪਣੀ ਪੁਰਾਣੀ ਸ਼ਾਨ ਵਾਪਸ ਪਾਉਣ ਦੀ ਭਰਪੂਰ ਕੋਸ਼ਿਸ਼ ਕਰੇਗੀ।